image caption:

ਵਿਦੇਸ਼ ਮੰਤਰਾਲੇ ਨੇ ਕਿਹਾ- ਕਰਤਾਰਪੁਰ ਸਾਹਿਬ ਲਾਂਘਾ ਪ੍ਰਾਜੈਕਟ ਲਈ ਭਾਰਤ ਪੂਰੀ ਤਰ੍ਹਾਂ ਵਚਨਬੱਧ

ਨਵੀਂ ਦਿੱਲੀ - ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਪ੍ਰਾਜੈਕਟ ਲਈ ਭਾਰਤ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਚਾਹੁੰਦਾ ਹੈ ਕਿ ਇਸ ਦਾ ਕੰਮ ਤੇਜ਼ੀ ਨਾਲ ਪੂਰਾ ਹੋਵੇ। ਮੰਤਰਾਲੇ ਨੇ ਮੀਡੀਆ 'ਚ ਆਈ ਰਿਪੋਰਟ ਤੋਂ ਬਾਅਦ ਇਹ ਗੱਲ ਕਹੀ। ਮੀਡੀਏ ਵਿਚ ਕਿਹਾ ਗਿਆ ਹੈ ਕਿ ਕਰਤਾਰਪੁਰ ਲਾਂਘੇ ਦੇ ਨਿਰਮਾਣ ਵਿਚ ਭਾਰਤ ਪਿੱਛੇ ਚੱਲ ਰਿਹਾ ਹੈ। ਇਸ ਦਰਮਿਆਨ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ 14 ਜੁਲਾਈ ਨੂੰ ਭਾਰਤ ਤੇ ਪਾਕਿਸਤਾਨ ਦੇ ਮਾਹਿਰ ਕਰਤਾਰਪੁਰ ਲਾਂਘੇ ਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਲਈ ਸਮਝੌਤਾ ਖਰੜੇ 'ਤੇ ਗੱਲਬਾਤ ਕਰਨਗੇ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, 'ਅਸੀਂ ਇਸ ਪ੍ਰਰਾਜੈਕਟ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਅਸੀਂ ਚਾਹੁੰਦੇ ਹਾਂ ਕਿ ਕੰਮ ਤੇਜ਼ੀ ਨਾਲ ਪੂਰਾ ਹੋ ਜਾਵੇ।' ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀ ਭਾਵਨਾ ਤੇ ਕਰਤਾਰਪੁਰ ਸਾਹਿਬ ਲਈ ਤੀਰਥ ਯਾਤਰਾ ਤੋਂ ਜਾਣੂ ਹੈ। ਕੁਮਾਰ ਨੇ ਕਿਹਾ ਕਿ ਦੋਵੇਂ ਮਹੱਤਵਪੂਰਨ ਪਹਿਲੂ ਅਤਿ ਆਧੁਨਿਕ ਯਾਤਰੀ ਟਰਮੀਨਲ ਤੇ ਫੋਰ ਲੇਨ ਰਾਜ ਮਾਰਗ ਸਮੇਂ ਸਿਰ ਪੂਰੇ ਹੋ ਜਾਣਗੇ। ਫੋਰ ਲੇਨ ਰਾਜ ਮਾਰਗ ਤੋਂ ਕਰਤਾਰਪੁਰ ਲਾਂਘੇ ਦਾ ਜ਼ੀਰੋ ਪੁਆਇੰਟ ਜੁੜੇਗਾ।

ਬੁਲਾਰੇ ਨੇ ਕਿਹਾ ਕਿ ਇਕ ਕੰਮ ਸਤੰਬਰ ਤਕ ਪੂਰਾ ਹੋ ਜਾਵੇਗਾ ਤੇ ਦੂਜਾ ਅਕਤੂਬਰ 'ਚ ਪੂਰਾ ਹੋ ਜਾਣਾ ਚਾਹੀਦਾ ਹੈ। ਇਸ ਦਿ੍ਸ਼ਟੀ ਤੋਂ ਸਾਡਾ ਕੰਮ ਹੌਲੀ ਚੱਲਣ ਦੀਆਂ ਖ਼ਬਰਾਂ ਸਹੀ ਨਹੀਂ ਹਨ।

ਲਾਂਘੇ ਦੀ ਰੂਪ-ਰੇਖਾ ਤੈਅ ਕਰਨ ਸਬੰਧੀ 14 ਮਾਰਚ ਨੂੰ ਅਟਾਰੀ-ਵਾਹਗਾ ਸਰਹੱਦ 'ਤੇ ਭਾਰਤ ਵੱਲ ਪਹਿਲੀ ਮੀਟਿੰਗ ਹੋਈ ਸੀ। ਪਾਕਿਸਤਾਨ ਵੱਲ ਅਗਲੀ ਮੀਟਿੰਗ ਵਾਹਗਾ ਸਰਹੱਦ 'ਤੇ 14 ਜੁਲਾਈ ਨੂੰ ਹੋਵੇਗੀ।

ਰਵੀਸ਼ ਕੁਮਾਰ ਨੇ ਕਿਹਾ ਕਿ ਸਾਡੀ ਇੱਛਾ ਮੀਟਿੰਗ ਵਿਚ ਮੂਲ ਰੂਪ ਨਾਲ ਜੋ ਵੀ ਮਤਭੇਦ ਹਨ ਉਨ੍ਹਾਂ ਨੂੰ ਦੱਸਣ ਦੀ ਹੈ। ਇਸ ਮਹੀਨੇ 14 ਤਰੀਕ ਨੂੰ ਜਦੋਂ ਅਸੀਂ ਮਿਲਾਂਗੇ ਉਦੋਂ ਪਾਕਿਸਤਾਨ ਨਾਲ ਉਨ੍ਹਾਂ ਮੁੱਦਿਆਂ ਨੂੰ ਉਠਾਵਾਂਗੇ। ਭਾਰਤ ਨੇ ਪਹਿਲਾਂ ਪਾਕਿਸਤਾਨ ਨੂੰ ਆਪਣੀ ਚਿੰਤਾ ਤੋਂ ਜਾਣੂ ਕਰਵਾ ਦਿੱਤਾ ਸੀ। ਕਰਤਾਰਪੁਰ ਪਰਾਜੈਕਟ ਲਈ ਇਸਲਾਮਾਬਾਦ ਵੱਲੋਂ ਬਣਾਈ ਗਈ ਕਮੇਟੀ 'ਚ ਕਿ ਖ਼ਾਲਿਸਤਾਨ ਵੱਖਵਾਦੀ ਦੀ ਮੌਜੂਦਗੀ 'ਤੇ ਭਾਰਤ ਨੇ ਇਤਰਾਜ਼ ਪ੍ਰਗਟਾਇਆ ਸੀ।