image caption: Gurmukh Singh OBE

ਸਿੱਧੂ ਤੇ ਕੈਪਟਨ ਦੀ ਜੰਗ ਫਾਇਦਾ ਭਾਜਪਾ ਨੂੰ

    ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸਿਆਸੀ ਜੰਗ ਪਿਛਲੇ ਦਿਨਾਂ ਤੋਂ ਤੇਜ਼ ਹੋ ਗਈ ਹੈ ਤੇ ਇਸ ਸਿਆਸੀ ਜੰਗ ਦਾ ਫਾਇਦਾ ਸਿੱਧਾ ਭਾਜਪਾ ਨੂੰ ਹੋਵੇਗਾ, ਕਿਉਂਕਿ ਭਾਜਪਾ ਕੇਂਦਰ ਵਿਚ ਹੈ ਤੇ ਉਹ ਇਸ ਸਮੇਂ ਦੌਰਾਨ ਕੈਪਟਨ ਜਾਂ ਸਿੱਧੂ ਨੂੰ ਆਪਣੇ ਖੇਮੇ ਵਿਚ ਲਿਜਾ ਕੇ ਕਾਂਗਰਸ ਨੂੰ ਲੀਰੋ ਲੀਰ ਕਰ ਸਕਦੀ ਹੈ। ਇਹ ਗੱਲ ਆਮ ਕਰਕੇ ਪੰਜਾਬ ਦੇ ਸਿਆਸੀ ਮਾਹਿਰ ਕਹਿ ਰਹੇ ਹਨ। ਕਰਨਾਟਕਾ ਵਿਚ ਜੋ ਭਾਜਪਾ ਕਾਂਗਰਸ ਨੂੰ ਲੀਰੋ ਲੀਰ ਕਰਨ ਲਈ ਤਜ਼ਰਬਾ ਦੁਹਰਾ ਰਹੀ ਹੈ, ਉਹ ਭਾਰਤੀ ਭ੍ਰਿਸ਼ਟ ਸਿਆਸਤ ਦਾ ਇਕ ਹਿੱਸਾ ਹੈ, ਜਿਥੇ ਨੈਤਿਕਤਾ ਗਾਇਬ ਹੈ ਤੇ ਭ੍ਰਿਸ਼ਟਾਚਾਰ ਸ਼ੁਰੂ ਹੁੰਦਾ ਹੈ। ਕਾਂਗਰਸ ਦੀ ਦੇਸ ਵਿਚ ਏਨੀ ਮਾੜੀ ਹਾਲਤ ਹੈ ਕਿ ਰਾਹੁਲ ਗਾਂਧੀ ਨੂੰ ਬਦਨਾਮੀ ਤੋਂ ਬਚਣ ਦੇ ਲਈ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਿਆ ਤੇ ਉਹ ਵਾਪਸ ਪ੍ਰਧਾਨਗੀ ਕਰਨ ਨੂੰ ਤਿਆਰ ਨਹੀਂ। ਕਰਨਾਟਕ ਵਿੱਚ ਕਾਂਗਰਸ ਦੇ 10 ਵਿਧਾਇਕ ਅਸਤੀਫ਼ਾ ਦੇ ਚੁੱਕੇ ਹਨ ਤੇ ਭਾਜਪਾ ਖੇਮੇ ਵਿੱਚ ਰਲਣ ਲਈ ਕਾਹਲੇ ਹਨ। ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਉਨ੍ਹਾਂ ਦੇ ਵਾਪਸ ਮੁੜਨ ਲਈ ਤਰਲੇ ਕੱਢ ਰਹੀ ਹੈ, ਪਰ ਉਹ ਪੈਰਾਂ ਉੱਤੇ ਪਾਣੀ ਨਹੀਂ ਪੈਣ ਦੇ ਰਹੇ। ਕਰਨਾਟਕ ਦਾ ਨਾਟਕ ਹਾਲੇ ਚੱਲ ਹੀ ਰਿਹਾ ਸੀ ਕਿ ਗੋਆ ਦੇ 15 ਵਿੱਚੋਂ 10 ਕਾਂਗਰਸੀ ਵਿਧਾਇਕ ਭਾਜਪਾ ਨਾਲ ਜਾ ਮਿਲੇ ਤੇ ਕੁਝ ਨੇ ਮੰਤਰੀਆਂ ਦੇ ਅਹੁਦੇ ਹਾਸਲ ਕਰ ਲਏ। ਇਸ ਦੌਰਾਨ ਬੰਗਾਲ ਦੇ ਭਾਜਪਾ ਆਗੂ ਮੁਕੁਲ ਰਾਹੇ ਨੇ ਇਹ ਦਾਅਵਾ ਕਰ ਦਿੱਤਾ ਹੈ ਕਿ ਕਾਂਗਰਸ ਤੇ ਟੀ ਐੱਮ ਸੀ ਦੇ 107 ਵਿਧਾਇਕ ਉਨ੍ਹਾ ਦੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਨ। ਰਾਜਸਥਾਨ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਵਿੱਚ ਜੰਗ ਜਾਰੀ ਹੈ। ਅਸ਼ੋਕ ਗਹਿਲੋਤ ਨੇ ਜਨਤਕ ਤੌਰ ਉੱਤੇ ਕਹਿ ਦਿੱਤਾ ਹੈ ਕਿ ਉਹ ਲੋਕਾਂ ਦੀ ਇੱਛਾ ਕਾਰਨ ਮੁੱਖ ਮੰਤਰੀ ਬਣੇ ਹਨ। ਇਹ ਬਿਆਨ ਸਿੱਧਾ ਕੇਂਦਰੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲਾ ਸੀ। ਮੱਧ ਪ੍ਰਦੇਸ਼ ਵਿੱਚ ਹਾਲਤ ਇਹ ਹੈ ਕਿ ਹਰ ਮੰਤਰੀ ਨੂੰ 4-4 ਵਿਧਾਇਕਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਤਾਂ ਜੋ ਉਹ ਛੜੱਪਾ ਮਾਰ ਕੇ ਭਾਜਪਾ ਦਾ ਪੱਲਾ ਲਾ ਫੜ ਲੈਣ।
ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਅਗਲੇ ਉਪ ਮੁੱਖ ਮੰਤਰੀ ਬਣਨ ਦੀਆਂ ਚਰਚਾਵਾਂ ਦੌਰਾਨ ਸਿੱਧੂ ਕਾਂਗਰਸ ਵਿਚ ਸ਼ਾਮਲ ਹੋ ਗਏ ਪਰ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਸਭ ਤੋਂ ਅਹਿਮ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੰਦਰਖਾਤੇ ਖਿੱਚੋਤਾਣ ਜਾਰੀ ਰਹਿਣ ਲੱਗ ਪਈ। ਪਰ ਸਿੱਧੂ ਅਤੇ ਕੈਪਟਨ ਦਰਮਿਆਨ ਪਹਿਲਾ ਵਿਵਾਦ ਉਦੋਂ ਸਾਹਮਣੇ ਆਇਆ ਜਦੋਂ ਸਿੱਧੂ ਕੈਪਟਨ ਦੀ ਇੱਛਾ ਦੇ ਵਿਰੁੱਧ ਇਮਰਾਨ ਖ਼ਾਨ ਦੇ ਤਾਜਪੋਸ਼ੀ ਸਮਾਗਮ ਵਿਚ ਭਾਗ ਲੈਣ ਪਾਕਿਸਤਾਨ ਚਲੇ ਗਏ ਸਨ। ਪਾਕਿ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨਾਲ ਸਿੱਧੂ ਦੀ ਜੱਫੀ ਕਾਰਨ ਕੈਪਟਨ ਅਮਰਿੰਦਰ ਸਿੰਘ ਭੜਕ ਗਏ। ਇਹ ਗੱਲ ਉਦੋਂ ਹੋਰ ਵਿਗੜ ਗਈ, ਜਦੋਂ ਹੈਦਰਾਬਾਦ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਕੈਪਟਨ ਦੀ ਇੱਛਾ ਦੇ ਵਿਰੁੱਧ ਪਾਕਿਸਤਾਨ ਕਿਉਂ ਗਏ ਤਾਂ ਉਨ੍ਹਾਂ ਦੋ-ਟੁੱਕ ਕਿਹਾ ਕਿ 'ਅਮਰਿੰਦਰ ਸਿੰਘ ਤਾਂ ਫ਼ੌਜ ਦੇ ਕੈਪਟਨ ਹਨ, ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ। ਇਸ ਕਾਰਨ ਸਿੱਧੂ ਕੈਪਟਨ ਤੇ ਕੈਪਟਨ ਦੇ ਸਾਥੀਆਂ ਦੇ ਨਿਸ਼ਾਨੇ 'ਤੇ ਆ ਗਏ। ਸਿੱਧੂ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਲੋਕ ਸਭਾ ਦੀ ਟਿਕਟ ਦਿਵਾਉਣਾ ਚਾਹੁੰਦੇ ਸਨ ਪਰ ਏਦਾਂ ਨਹੀਂ ਹੋਇਆ। ਸਿੱਧੂ ਨੇ ਇਸ ਦਾ ਦੋਸ਼ ਕੈਪਟਨ ਤੇ ਆਸ਼ਾ ਕੁਮਾਰੀ ਸਿਰ ਮੜ੍ਹਿਆ। ਇਸ ਕਾਰਨ ਸਿੱਧੂ ਨੇ ਲੋਕ ਸਭਾ ਚੋਣਾਂ ਵੇਲੇ ਪੰਜਾਬ ਵਿਚ ਚੋਣ ਪ੍ਰਚਾਰ ਤੋਂ ਦੂਰੀ ਬਣਾ ਕੇ ਰੱਖੀ ਸੀ ਪਰ ਪ੍ਰਿਅੰਕਾ ਗਾਂਧੀ ਦੀ ਪਹਿਲ ਤੋਂ ਬਾਅਦ ਬਠਿੰਡਾ ਵਿਚ ਇਕ ਰੈਲੀ ਦੌਰਾਨ ਸਿੱਧੂ ਨੇ ਕਹਿ ਦਿੱਤਾ ਸੀ ਕਿ ਕੁਝ ਕਾਂਗਰਸੀ ਅਕਾਲੀਆਂ ਨਾਲ ਫਰੈਂਡਲੀ ਮੈਚ ਖੇਡ ਰਹੇ ਹਨ। ਇਹ ਅਸਲ ਵਿਚ ਕੈਪਟਨ ਅਮਰਿੰਦਰ ਸਿੰਘ 'ਤੇ ਸਿੱਧੇ ਦੋਸ਼ ਸਨ। ਦੂਜੇ ਪਾਸੇ ਕੈਪਟਨ ਨੇ ਕਿਹਾ ਸੀ ਕਿ ਸਿੱਧੂ ਉਨ੍ਹਾਂ ਦੀ ਥਾਂ ਲੈਣਾ ਚਾਹੁੰਦੇ ਹਨ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਿੱਧੂ ਦਾ ਵਿਭਾਗ ਬਦਲ ਦਿੱਤਾ ਗਿਆ ਤੇ ਬਿਜਲੀ ਮੰਤਰੀ ਦੀ ਕੁਰਸੀ ਸੌਂਪ ਦਿੱਤੀ। ਪਰ ਸਿੱਧੂ ਨੇ ਇਹ ਮਹਿਕਮਾ ਸੰਭਾਲਣ ਤੋਂ ਇਨਕਾਰ ਕਰ ਦਿੱਤਾ। ਹਾਈਕਮਾਂਡ ਆਪਣੀ ਕਮਜ਼ੋਰੀ ਕਾਰਨ ਸਿੱਧੂ ਤੇ ਕੈਪਟਨ ਵਿਵਾਦ ਵਿਚ ਦਖਲ ਨਾ ਦੇ ਸਕੀ। ਅਜਿਹੇ ਵਿਚ ਸਿੱਧੂ-ਕੈਪਟਨ ਦੀ ਲੜਾਈ ਸਿੱਧੂ ਦੇ ਅਸਤੀਫ਼ੇ ਨਾਲ ਨਵੇਂ ਦੌਰ ਵਿਚ ਪਹੁੰਚ ਗਈ। ਆਖਰ ਨਵਜੋਤ ਸਿੱਧੂ ਨੂੰ 10 ਜੂਨ ਨੂੰ ਰਾਹੁਲ ਗਾਂਧੀ ਨੂੰ ਭੇਜੇ ਅਸਤੀਫ਼ੇ ਨੂੰ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਬਾਅਦ ਜਨਤਕ ਕਰਕੇ ਮੁੱਖ ਮੰਤਰੀ ਨੂੰ ਆਪਣਾ ਅਸਤੀਫਾ ਭੇਜਣਾ ਪਿਆ।
ਕੈਪਟਨ ਨੇ ਇਸ ਬਾਰੇ ਇਹ ਪ੍ਰਤੀਕਰਮ ਪ੍ਰਗਟਾਇਆ ਹੈ ਕਿ ਸਿੱਧੂ ਦਾ ਅਸਤੀਫ਼ਾ ਮਿਲਣ ਤੋਂ ਬਾਅਦ ਮੈਂ ਇਸ ਸਬੰਧ ਵਿਚ ਕਦਮ ਚੁੱਕਾਂਗਾ। ਮੈਂ ਕੈਬਨਿਟ ਵਿਚ ਫੇਰਬਦਲ ਦੌਰਾਨਸਿੱਧੂ ਨੂੰ ਮਹੱਤਵਪੂਰਨ ਵਿਭਾਗ ਦਿੱਤਾ ਸੀ, ਪਰ ਹੁਣ ਅਸਤੀਫ਼ਾ ਦੇਣ ਦਾ ਫੈਸਲਾ ਉਨ੍ਹਾਂ ਦਾ ਹੈ।
ਅੱਗੋਂ ਸਿੱਧੂ ਕੀ ਫ਼ੈਸਲਾ ਲੈਂਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਸਾਰਿਆਂ ਦੀਆਂ ਨਜ਼ਰਾਂ ਕੈਪਟਨ ਦੇ ਕਦਮ ਤੇ ਸਿੱਧੂ ਦੇ ਅਗਲੇ ਕਦਮ 'ਤੇ ਹਨ। ਪਰ ਭਾਜਪਾ ਤੇ ਕੈਪਟਨ ਦੀ ਨੇੜਤਾ ਦਸ ਰਹੀ ਹੈ ਕਿ ਪੰਜਾਬ ਵਿਚ ਕੁਝ ਵੀ ਵਾਪਰ ਸਕਦਾ ਹੈ ਤੇ ਕਾਂਗਰਸ ਇਥੋਂ ਸਮੇਟੀ ਜਾ ਸਕਦੀ ਹੈ। ਕਾਂਗਰਸੀਆਂ ਵਿਚ 'ਜੀ ਹਜ਼ੂਰੀ' ਦਾ ਸਭਿਆਚਾਰ ਹਾਵੀ ਹੈ, ਇਸ ਲਈ ਸਿੱਧੂ ਦੀ ਹਰਕਤ ਕੈਪਟਨ ਦੇ ਸਾਥੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ। ਸਿੱਧੂ ਆਪਣੀ ਤਾਕਤ ਉੱਪਰ ਵਿਸ਼ਵਾਸ ਕਰਦੇ ਹੋਏ, ਕਿਸੇ ਵੀ ਅਹੁਦੇ ਲਈ ਆਪਣੇ ਆਪ ਨੂੰ ਕਾਬਲ ਸਮਝਦੇ ਹਨ ਅਤੇ ਆਪਣੇ ਕੰਮ ਉਤੇ ਲਗਾਇਆ ਗਏ ਦੋਸ਼ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਇਹ ਗੱਲ ਬਿਲਕੁਲ ਸਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬੀ ਹੱਕਾਂ ਦੇ ਰਾਖੇ ਨਹੀਂ ਰਹੇ ਤੇ ਉਹ ਮੋਦੀ ਦਰਬਾਰ ਅੱਗੇ ਪੂਰੀ ਤਰ੍ਹਾਂ ਝੁਕੇ ਹੋਏ ਹਨ। ਇਥੋਂ ਤੱਕ ਉਹ ਪੰਜਾਬ ਦੇ ਪਾਣੀਆਂ ਦੇ ਮੱਸਲੇ ਨੂੰ ਦ੍ਰਿੜ੍ਹਤਾ ਨਾਲ ਨਹੀਂ ਉਠਾ ਸਕੇ ਤੇ ਨਾ ਹੀ ਰਿਪੇਰੀਅਨ ਕਾਨੂੰਨਾਂ 'ਤੇ ਪਹਿਰਾ ਦੇ ਸਕੇ ਹਨ। ਜਿਹੜੀ ਉਹਨਾਂ ਦੇ ਭਾਸ਼ਣਾਂ ਵਿਚ ਦ੍ਰਿੜਤਾ ਹੁੰਦੀ ਸੀ, ਉਹ ਹੁਣ ਗਾਇਬ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ਼ ਤੇ ਨਸ਼ਿਆਂ ਦੇ ਮੁੱਦੇ 'ਤੇ ਕੈਪਟਨ ਬੁਰੀ ਤਰ੍ਹਾਂ ਫੇਲ ਹੋਏ ਹਨ। ਕੈਪਟਨ ਸਰਕਾਰ 2017 ਵਿਚ 'ਪੰਜਾਬ ਬਚਾਉਣ' ਦੀ ਮੁਹਿੰਮ ਸ਼ੁਰੂ ਕਰਕੇ ਵਾਪਸ ਆਈ ਸੀ ਪਰ ਢਾਈ ਸਾਲਾਂ ਵਿਚ ਉਹ ਪੰਜਾਬੀਆਂ ਵਿਚ ਆਪਣਾ ਅਕਸ ਘਟਾ ਚੁੱਕੀ ਹੈ।


ਰਜਿੰਦਰ ਸਿੰਘ ਪੁਰੇਵਾਲ