image caption: ਰਜਿੰਦਰ ਸਿੰਘ ਪੁਰੇਵਾਲ

ਅੱਤਵਾਦੀ ਗਿਰੋਹ ਤੇ ਭਾਜਪਾ ਸਰਕਾਰ ਵਿਚ ਕੋਈ ਅੰਤਰ ਨਹੀਂ ਹੋਵੇਗਾ।

     ਉੱਤਰ ਪ੍ਰਦੇਸ਼ ਦੇ ਊਨਾਓ ਵਿਚ ਸਮੂਹਿਕ ਬਲਾਤਕਾਰ ਪੀੜਤ ਇਕ ਮੁਟਿਆਰ ਦੀ ਕਾਰ ਦੇ ਟਰੱਕ ਨਾਲ ਟਕਰਾਉਣ ਨਾਲ ਵਾਪਰੇ ਹਾਦਸੇ ਨੇ ਭਾਰਤ ਦੇ ਸਿਆਸੀ ਦਰਿੰਦਗੀ ਵਾਲੀ ਅਸਲ ਤਸਵੀਰ ਉਜਾਗਰ ਕਰ ਦਿੱਤੀ ਹੈ। ਭਾਵੇਂ ਇਸ ਘਟਨਾ ਵਿਚ ਬਲਾਤਕਾਰ ਪੀੜਤਾ ਅਤੇ ਉਸ ਦਾ ਵਕੀਲ ਬੇਸ਼ੱਕ ਬਚ ਗਏ ਹਨ ਪਰ ਪੀੜਤਾ ਦੀ ਚਾਚੀ, ਮਾਸੀ ਅਤੇ ਕਾਰ ਦਾ ਡਰਾਈਵਰ ਮਾਰੇ ਗਏ ਹਨ। ਰੌਲਾ ਪੈਣ ਤੇ ਵਿਧਾਇਕ ਉਤੇ ਕਤਲ ਦਾ ਮਾਮਲਾ ਦਰਜ ਤਾਂ ਹੋ ਗਿਆ ਅਤੇ ਸੀ.ਬੀ.ਆਈ. ਕੋਲੋਂ ਜਾਂਚ ਕਰਵਾਉਣ ਦੀ ਗੱਲ ਵੀ ਆਖੀ ਜਾ ਰਹੀ ਹੈ। ਇਸ ਪੀੜਤ ਪਰਿਵਾਰ ਨੂੰ ਡਰਾਉਣ ਦੇ ਲਈ ਤੇ ਐਮ ਐਲ ਏ ਵਿਰੁੱਧ ਸ਼ਿਕਾਇਤ ਵਾਪਸ ਲੈਣ ਲਈ ਕਈ ਕੇਸ ਵੀ ਦਰਜ ਕੀਤੇ ਗਏ ਜਿਨ੍ਹਾਂ ਵਿਚੋਂ ਇਕ ਕੇਸ ਇਹ ਹੈ ਕਿ ਪਰਿਵਾਰ ਨੇ ਪੀੜਤ ਨੂੰ ਨਾਬਾਲਗ ਦੱਸਣ ਲਈ ਕਾਗਜ਼ ਬਣਾਉਣ ਵਿਚ ਧੋਖਾਧੜੀ ਕੀਤੀ ਹੈ। ਵੱਡਾ ਦੁਖਾਂਤ ਇਹ ਹੈ ਕਿ ਇਸ ਦੋਸ਼ੀ ਕੁਲਦੀਪ ਸੈਂਗਰ ਵਿਧਾਇਕ ਦੀ ਮਦਦ ਉੱਤਰ ਪ੍ਰਦੇਸ਼ ਦੀ ਪੁਲਿਸ ਕਰ ਰਹੀ ਹੈ ਤਾਂ ਸੀਬੀਆਈ ਵਰਗਾ 'ਪਾਲਤੂ ਤੋਤਾ' ਉਸ ਦਾ ਕੀ ਵਿਗਾੜ ਸਕਦਾ ਹੈ? ਇਸ ਤਰ੍ਹਾਂ ਜਾਪਦਾ ਹੈ ਕਿ ਹਾਈਕਮਾਂਡ ਭਾਜਪਾ ਵੀ ਇਸ ਪਾਪੀ ਵਿਧਾਇਕ ਨੂੰ ਬਚਾਉਣਾ ਚਾਹੁੰਦੀ ਹੈ। ਯੋਗੀ ਆਦਿਤਿਆਨਾਥ ਦੇ ਸ਼ਾਸਨਕਾਲ ਵਿਚ ਉੱਤਰ ਪ੍ਰਦੇਸ਼ ਜੰਗਲ ਰਾਜ ਬਣ ਚੁੱਕਾ ਹੈ। ਜੇ ਐਮ ਐਲ ਏ ਵਰਗੇ ਗੁੰਡੇ ਤੇ ਬਲਾਤਕਾਰੀ ਬਣ ਜਾਣ ਤੇ ਉਹਨਾਂ ਉੱਪਰ ਅਜਿਹੇ ਦੋਸ਼ ਲੱਗਣ ਤਾਂ ਸਮਾਜ ਦਾ ਕੌਣ ਰਾਖਾ ਹੋਵੇਗਾ?

ਹੈਰਾਨੀ ਇਸ ਗੱਲ ਦੀ ਹੈ ਕਿ ਇਸ ਪੀੜਤਾ ਦਾ ਵੀ ਪਿਛਲੇ ਇਕ ਸਾਲ ਵਿਚ ਬਿਆਨ ਨਹੀਂ ਲਿਆ ਗਿਆ। ਜੇ ਅੱਜ ਇਹ 17 ਸਾਲ ਦੀ ਬੱਚੀ ਮਰ ਜਾਂਦੀ ਹੈ ਤਾਂ ਉਹ ਵਿਧਾਇਕ ਬਰੀ ਹੋ ਜਾਵੇਗਾ, ਕਿਉਂਕਿ ਉਸ ਵਿਰੁਧ ਪੀੜਤਾ ਦਾ ਬਿਆਨ ਹੀ ਫ਼ਾਈਲ ਵਿਚ ਨਹੀਂ ਹੋਵੇਗਾ ਤਾਂ ਸਜ਼ਾ ਕਿਵੇਂ ਸੰਭਵ ਹੈ?

ਇਹ ਕਾਂਡ 2017 ਦੌਰਾਨ ਵਾਪਰਿਆ ਸੀ। ਜਦੋਂ 11 ਜੂਨ ਨੂੰ ਊਨਾਓ ਦੀ ਇਕ ਲੜਕੀ ਨੇ ਊਨਾਓ ਜ਼ਿਲ੍ਹੇ ਦੇ ਬਾਂਗਰਮਾਊ ਖੇਤਰ ਤੋਂ ਭਾਜਪਾ ਦੇ  ਵਿਧਾਇਕ ਕੁਲਦੀਪ ਸਿੰਘ ਸੈਂਗਰ  'ਤੇ ਦੋਸ਼ ਲਗਾਇਆ ਕਿ ਨੌਕਰੀ ਲਗਾਉਣ ਦਾ ਝਾਂਸਾ ਦੇ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਲੰਮੀ ਜੱਦੋ-ਜਹਿਦ ਤੋਂ ਬਾਅਦ ਇਸ ਦੋਸ਼ ਵਿਚ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੈਂਗਰ ਅਤੇ ਇਕ ਔਰਤ ਸ਼ਸ਼ੀ ਸਿੰਘ, ਸ਼ੁਭਮ, ਨਰੇਸ਼ ਤਿਵਾੜੀ ਅਤੇ ਬ੍ਰਜੇਸ਼ ਯਾਦਵ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ਸ਼ੀ ਸਿੰਘ 'ਤੇ ਦੋਸ਼ ਹੈ ਕਿ ਉਹ ਪੀੜਤ ਲੜਕੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਵਿਧਾਇਕ ਕੋਲ ਲੈ ਕੇ ਗਈ ਸੀ। ਸ਼ੁਭਮ ਇਸ ਔਰਤ ਦਾ ਬੇਟਾ ਹੈ ਅਤੇ ਨਰੇਸ਼ ਤਿਵਾੜੀ ਵਿਧਾਇਕ ਦਾ ਡਰਾਈਵਰ ਹੈ। ਬ੍ਰਜੇਸ਼ ਯਾਦਵ ਉਹ ਪਾਤਰ ਹੈ, ਜਿਸ ਦੇ ਘਰ ਤੋਂ ਬਲਾਤਕਾਰ ਤੋਂ ਬਾਅਦ ਪੀੜਤਾ ਨੂੰ ਬਰਾਮਦ ਕੀਤਾ ਗਿਆ। ਇਸ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ ਨੂੰ ਸੌਂਪ ਦਿੱਤਾ ਗਿਆ ਸੀ ਅਤੇ ਸੀ.ਬੀ.ਆਈ. ਦੀ ਮੁਢਲੀ ਜਾਂਚ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਸੀ।

ਇਸ ਤੋਂ ਬਾਅਦ ਵਿਧਾਇਕ ਨੇ ਉਸ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਧਮਕਾਉਣ ਅਤੇ ਦੋਸ਼ ਵਾਪਸ ਲੈਣ ਦਾ ਦਬਾਅ ਬਣਾਇਆ। ਜਦ ਗੱਲ ਨਹੀਂ ਬਣੀ ਤਾਂ ਪੁਲਿਸ ਅਤੇ ਪ੍ਰਸ਼ਾਸਨਿਕ ਤੰਤਰ ਤਹਿਤ ਪੀੜਤਾ ਦੇ ਪਿਤਾ ਨੂੰ ਝੂਠੇ ਦੋਸ਼ਾਂ ਤਹਿਤ ਜੇਲ੍ਹ ਭਿਜਵਾ ਕੇ ਕਤਲ ਕਰਵਾ ਦਿੱਤਾ ਗਿਆ। ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੁੰਦੀ ਦੇਖ ਕੇ ਪੀੜਤ ਲੜਕੀ ਨੇ ਲਖਨਊ ਵਿਚ ਮੁੱਖ ਮੰਤਰੀ ਰਿਹਾਇਸ਼ ਸਾਹਮਣੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਉਪਰੰਤ ਹੀ ਵਿਧਾਇਕ ਤੇ ਹੋਰ ਦੋਸ਼ੀ ਫੜ੍ਹੇ ਗਏ ਸਨ। ਵਿਧਾਇਕ ਦੀ ਸਰਕਾਰ ਤੱਕ ਪਹੁੰਚ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਸਾਕਸ਼ੀ ਮਹਾਰਾਜ ਸੰਸਦ ਮੈਂਬਰ ਬਣਨ ਤੋਂ ਬਾਅਦ ਉਨਾਉ ਦੇ ਵਿਧਾਇਕ ਨੂੰ ਜੇਲ ਵਿਚ ਮਦਦ ਅਤੇ ਸਾਥ ਦੇਣ ਬਦਲੇ ਸ਼ੁਕਰਾਨਾ ਅਦਾ ਕਰਨ ਗਏ ਸਨ। ਕੁਲਦੀਪ ਸੇਂਗਰ ਬਾਰੇ ਭਾਜਪਾ ਨੇ ਵੱਖ ਵੱਖ ਤਰ੍ਹਾਂ ਦੇ ਬਿਆਨ ਦਿੱਤੇ ਹਨ। ਕਿਸੇ ਨੇ ਇਹ ਕਿਹਾ ਹੈ ਕਿ ਉਸ ਦੇ ਵਿਰੁੱਧ ਕਾਰਵਾਈ ਕੀਤੇ ਜਾਣ ਬਾਰੇ ਸੋਚਿਆ ਜਾ ਰਿਹਾ ਹੈ ਅਤੇ ਕਿਸੇ ਨੇ ਕਿਹਾ ਹੈ ਕਿ ਉਸ ਨੂੰ ਕਾਫ਼ੀ ਦੇਰ ਪਹਿਲਾਂ ਮੁਅੱਤਲ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਦਰਿੰਦਾ ਹਾਲੇ ਵੀ ਭਾਜਪਾ ਵਿਚ ਸ਼ਾਮਲ ਹੈ। ਪੂਰੇ ਭਾਰਤ ਵਿਚ ਇਸ ਘਟਨਾ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ, ਪਰ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਚੁੱਪ ਕਰਕੇ ਬੈਠੇ ਹਨ। ਜੇਕਰ ਅਜਿਹੇ ਕਾਂਡ ਵਾਪਰਦੇ ਰਹੇ ਤਾਂ ਅੱਤਵਾਦੀ ਗਿਰੋਹ ਤੇ ਭਾਜਪਾ ਸਰਕਾਰ ਵਿਚ ਕੋਈ ਅੰਤਰ ਨਹੀਂ ਹੋਵੇਗਾ। 

ਰਜਿੰਦਰ ਸਿੰਘ ਪੁਰੇਵਾਲ