image caption:

ਕ੍ਰਿਕਟਰ ਹਰਭਜਨ ਸਿੰਘ ਦੇ ਕੇਸ ਵਿੱਚ ਪੰਜਾਬ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ

ਚੰਡੀਗੜ੍ਹ- ਪੰਜਾਬ ਸਰਕਾਰ ਨੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੇ ਇਨ੍ਹਾਂ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ ਕਿ ਰਾਜ ਦੇ ਖੇਡ ਵਿਭਾਗ ਦੀ ਪ੍ਰਸ਼ਾਸਨਿਕ ਦੇਰੀ ਉਨ੍ਹਾਂ ਨੂੰ ਵੱਕਾਰੀ ਖੇਡ ਰਤਨ ਪੁਰਸਕਾਰ ਨਾ ਮਿਲਣ ਸਕਣ ਦਾ ਕਾਰਨ ਹੈ। ਖੇਡ ਰਤਨ ਪੁਰਸਕਾਰ ਦੇ ਲਈ ਇਸ ਕ੍ਰਿਕਟਰ ਦੀ ਨਾਮਜ਼ਦਗੀ ਨੂੰ ਕੇਂਦਰੀ ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰਾਲੇ ਨੇ ਇਸ ਆਧਾਰ 'ਤੇ ਰੱਦ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਦਸਤਾਵੇਜ਼ ਲੇਟ ਪਹੁੰਚੇ ਹਨ। ਹਰਭਜਨ ਸਿੰਘ ਨੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਇਸ ਵਿੱਚ ਦਖਲ ਦੀ ਅਪੀਲ ਕੀਤੀ ਤੇ ਮੰਤਰੀ ਨੇ ਇਸ ਕ੍ਰਿਕਟਰ ਦੇ ਦਸਤਾਵੇਜ਼ ਕੇਂਦਰ ਨੂੰ ਦੇਰ ਨਾਲ ਭੇਜਣ ਦੇ ਮਾਮਲੇ ਦੀ ਜਾਂਚ ਦਾ ਹੁਕਮ ਦਿੱਤਾ ਹੈ। ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ, ਮੈਂ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਡਾਇਰੈਕਟਰ (ਖੇਡ) ਨੂੰ ਸੌਂਪੀ ਹੈ।
ਆਪਣੇ ਟਵਿੱਟਰ ਹੈਂਡਲ ਉੱਤੇ ਪਾਏ ਵੀਡੀਓ ਵਿੱਚ ਹਰਭਜਨ ਸਿੰਘ ਨੇ ਦਾਅਵਾ ਕੀਤਾ ਸੀ ਕਿ ਇਸ ਪੁਰਸਕਾਰ ਦੀ ਨਾਮਜ਼ਦਗੀ ਦੇ ਲਈ ਉਨ੍ਹਾਂ ਨੇ ਆਪਣਾ ਫਾਰਮ ਪੰਜਾਬ ਖੇਡ ਵਿਭਾਗ ਨੂੰ ਸਮੇਂ ਸਿਰ ਜਮ੍ਹਾ ਕਰਵਾ ਦਿੱਤਾ ਸੀ। ਹਰਭਜਨ ਨੇ ਕਿਹਾ, ਮੈਨੂੰ ਮੀਡੀਆ ਤੋਂ ਪਤਾ ਲੱਗਾ ਕਿ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਪੰਜਾਬ ਸਰਕਾਰ ਨੇ ਮੇਰੇ ਨਾਂਅ ਦੀ ਸਿਫਾਰਸ਼ ਕਰਨ ਵਾਲੀ ਜੋ ਫਾਈਲ ਕੇਂਦਰ ਨੂੰ ਭੇਜੀ, ਉਸ ਨੂੰ ਇਹ ਕਾਰਨ ਦੱਸ ਕੇ ਰੱਦ ਕਰ ਦਿੱਤਾ ਗਿਆ ਕਿ ਇਹ ਦਸਤਾਵੇਜ਼ ਕਾਫੀ ਦੇਰ ਨਾਲ ਪਹੁੰਚੇ ਹਨ ਅਤੇ ਮੈਨੂੰ ਪਤਾ ਲੱਗਾ ਹੈ ਕਿ ਇਸ ਦੇਰ ਕਾਰਨ ਇਸ ਵਾਰ ਪੁਰਸਕਾਰ ਦੇ ਲਈ ਮੇਰੇ ਨਾਂਅ 'ਤੇ ਵਿਚਾਰ ਨਹੀਂ ਕੀਤਾ ਜਾਏਗਾ ਅਤੇ ਇਸ ਦੇ ਕਾਰਨ ਇਸ ਵਾਰ ਮੈਨੂੰ ਪੁਰਸਕਾਰ ਨਹੀਂ ਮਿਲੇਗਾ।
ਹਰਭਜਨ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸੰਬੰਧਤ ਦਸਤਾਵੇਜ਼ 20 ਮਾਰਚ ਨੂੰ ਜਮ੍ਹਾ ਕਰਾ ਦਿੱਤੇ ਸਨ, ਉਨ੍ਹਾਂ ਦੀ ਸਮਝ ਨਹੀਂ ਆਇਆ ਕਿ ਉਨ੍ਹਾਂ ਦੇ ਦਸਤਾਵੇਜ਼ ਕੇਂਦਰ ਸਰਕਾਰ ਕੋਲ ਭੇਜਣ ਵਿੱਚ ਦੇਰ ਕਿਸ ਨੇ ਕੀਤੀ ਸੀ, ਜਿਸ ਦੇ ਕਾਰਨ ਉਨ੍ਹਾਂ ਨੇ ਇਸ ਨੂੰ ਰੱਦ ਕਰ ਦਿੱਤਾ। ਉਸ ਨੇ ਮੰਤਰੀ ਨੂੰ ਕਿਹਾ ਕਿ ਅਗਲੇ ਸਾਲ ਉਨ੍ਹਾਂ ਦੇ ਨਾਮਜ਼ਦਗੀ ਦਸਤਾਵੇਜ਼ ਫਿਰ ਭੇਜੇ ਜਾਣ, ਪਰ ਜੇ ਇੰਝ ਹੀ ਦੇਰ ਹੁੰਦੀ ਰਹੀ ਤਾਂ ਖਿਡਾਰੀ ਪਿੱਛੇ ਰਹਿ ਜਾਣਗੇ, ਜੋ ਸਹੀ ਨਹੀਂ ਹੈ ਤੇ ਉਮੀਦ ਕਰਦਾ ਹਾਂ ਕਿ ਤੁਸੀਂ (ਸੋਢੀ) ਮਾਮਲੇ ਵਿੱਚ ਕਾਰਵਾਈ ਕਰਨਗੇ ਅਤੇ ਦੋਬਾਰਾ ਮੇਰੇ ਨਾਂਅ ਦੀ ਸਿਫਾਰਸ਼ ਭੇਜਣਗੇ।