image caption: ਤਸਵੀਰ: ਮੈਂਡੀ ਤੱਖਰ ਦਾ ਪੰਜਾਬ ਟਾਈਮਜ਼ ਦੇ ਦਫਤਰ ਵਿਖੇ ਸਨਮਾਨ

ਨਵੀਂ ਫਿਲਮ 'ਸਾਕ' ਅਗਲੇ ਮਹੀਨੇ ਸਤੰਬਰ 'ਚ ਹੋਵੇਗੀ ਰਿਲੀਜ਼-ਮੈਂਡੀ ਤੱਖਰ

   ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਬੀਤੇ ਸਮੇਂ ਤੋਂ ਚਰਚਾ ਵਿੱਚ ਚੱਲ ਰਹੀ ਫਿਲਮ 'ਸਾਕ' ਦਾ ਪੋਸਟਰ ਬੀਤੇ ਦਿਨੀਂ ਨਿਰਮਾਤਾ ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰ ਪ੍ਰੀਤ ਮਿਨਹਾਸ ਵੱਲੋਂ ਰਿਲੀਜ਼ ਕੀਤਾ ਗਿਆ । ਮਿਨਹਾਸ ਫਿਲਮਜ਼ ਪ੍ਰਾਈਵੇਟ ਲਿਮਟਿਡ ਅਤੇ ਮਿਨਹਾਸ ਲਾਅਰਜ਼ ਪ੍ਰਾਈਵੇਟ ਦੇ ਬੈਨਰ ਥੱਲੇ ਬਣੀ ਫਿਲਮ ਦੀ ਇੱਕ ਝਲਕ ਸਾਹਮਣੇ ਆਉਣ ਨਾਲ ਇਹ ਲੋਕਾਂ ਲਈ ਖਿੱਚ ਦਾ ਕੇਂਦਰ ਬਣਦੀ ਜਾ ਰਹੀ ਹੈ । ਇਸ ਭਰਵੇਂ ਹੁੰਘਾਰੇ ਤੋਂ ਬਾਅਦ 'ਸਾਕ' ਦੀ ਟੀਮ ਪ੍ਰਮੋਸ਼ਨ ਲਈ ਦਿਨ ਰਾਤ ਕੰਮ ਵਿੱਚ ਜੁੱਟ ਗਈ ਹੈ ।
   ਇਸੇ ਪ੍ਰਮੋਸ਼ਨ ਦੇ ਪ੍ਰੋਗਰਾਮ ਤਹਿਤ ਇਹਨੀਂ ਦਿਨੀਂ ਫ਼ਿਲਮ ਦੀ ਹੀਰੋਇਨ ਮੈਂਡੀ ਤੱਖਰ ਇੰਗਲੈਂਡ ਵਿੱਚ ਪਹੁੰਚੀ ਹੋਈ ਹੈ । ਮੈਂਡੀ ਨੇ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ, ਯਾਦ ਰਹੇ ਮੈਂਡੀ ਤੱਖਰ ਹੁਣ ਤੱਕ ਦਰਜਨ ਤੋਂ ਵਧੇਰੇ ਪੰਜਾਬੀ ਫ਼ਿਲਮਾਂ ਕਰ ਚੁੱਕੀ ਹੈ । ਤੇ ਉਸ ਦੇ ਨਾਲ ਨਵੇਂ ਪੰਜਾਬੀ ਸਟਾਰ ਜੋਬਨਪ੍ਰੀਤ ਸਿੰਘ ਨੇ ਇਸ ਫ਼ਿਲਮ ਰਾਹੀਂ ਇੰਡਸਟਰੀ ਵਿਚ ਪਹਿਲੀ ਵਾਰ ਕਦਮ ਰੱਖਿਆ ਹੈ ।
  ਫ਼ਿਲਮ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਲਮ ਦੀ ਹੀਰੋਇਨ ਮੈਂਡੀ ਤੱਖਰ ਨੇ ਦੱਸਿਆ ਕਿ ਇਹ ਫ਼ਿਲਮ ੧੯੭੦ ਦੇ ਦਹਾਕੇ ਦੇ ਆਸ ਪਾਸ ਘੁੰਮਦੀ ਹੈ । ਜਿੱਥੇ ਇਕ ਫੌਜੀ ਦੀ ਜ਼ਿੰਦਗੀ ਦੇ ਸਾਰੇ ਰੰਗਾਂ ਨੂੰ ਇੱਕ ਮਾਲਾ ਵਿੱਚ ਪਰੋ ਕੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਜੈ ਦੇਵ ਕੁਮਾਰ, ਉਂਕਾਰ ਸਿੰਘ ਮਿਨਹਾਸ ਦਾ ਸੰਗੀਤ ਤੇ ਹਾਲੀਵੁੱਡ ਦੇ ਕਲਾਕਾਰਾਂ ਦੀ ਆਵਾਜ਼ ਦਰਸ਼ਕਾਂ ਨੂੰ ਕੀਲ ਲੈਣਗੇ । ਮੈਂਡੀ ਨੇ ਹੋਰ ਦੱਸਿਆ ਕਿ ਇਸ ਫ਼ਿਲਮ ਵਿੱਚ ਦੇਸ਼ ਦੇ ਰਾਖੇ ਫੌਜੀ ਦੇ ਜੀਵਨ ਅਤੇ ਉਸ ਪ੍ਰਤੀ ਲੋਕਾਂ ਦੀ ਸੋਚ ਨੂੰ ਉਜਾਗਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ । ਬਾਕੀ ਤਾਂ ਸਿਨੇਮਾ ਦੇ ਪਰਦੇ ਤੇ ਜਾ ਕੇ ਪਤਾ ਚੱਲੇਗਾ ਕਿ ਇਸ ਫ਼ਿਲਮ ਵਿੱਚ ਕਲਾਕਾਰਾਂ ਨੇ ਕਿੰਨੇ ਕੁ ਰੰਗ ਭਰੇ ਹਨ।  ਬਾਲੀਵੁੱਡ ਦੀ ਜਾਣੀ ਪਛਾਣੀ ਹਸਤੀ ਮੁੱਕਲ ਦੇਵ, ਪਾਲੀਵੁੱਡ ਤੋਂ ਮਨਪ੍ਰੀਤ ਜਵੰਦਾ, ਦਿਲਾਵਰ ਸਿੱਧੂ, ਮਹਾਂਵੀਰ ਭੁੱਲਰ, ਗੁਰਪ੍ਰੀਤ ਬਰਾੜ ਅਤੇ ਹੋਰ ਕਲਾਕਾਰ ਨਜ਼ਰ ਆਉਣਗੇ।  ਇਸ ਮੌਕੇ ਮੈਂਡੀ ਤੱਖਰ ਨਾਲ ਪੰਜਾਬ ਟਾਈਮਜ਼ ਦੇ ਦਫ਼ਤਰ ਵਿਖੇ ਹਰਜਿੰਦਰ ਸਿੰਘ ਮੰਡੇਰ ਵੱਲੋਂ ਕੀਤੀ ਗਈ ਇੰਟਰਵਿਊ ਅਗਲੇ ਹਫ਼ਤੇ ਪਾਠਕਾਂ ਦੇ ਰੂਬਰੂ ਕੀਤੀ ਜਾਵੇਗੀ ।