image caption: ਰਜਿੰਦਰ ਸਿੰਘ ਪੁਰੇਵਾਲ

ਕਸ਼ਮੀਰੀ ਬੀਬੀਆਂ ਤੇ ਪ੍ਰਦੂਸ਼ਿਤ ਮਾਨਸਿਕਤਾ ਵਾਲੇ ਭਗਵੇਂਵਾਦੀ ਲੀਡਰ

     ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਤੇ ਉਸ ਦੇ ਦੋ ਟੋਟੇ ਕਰ ਦੇਣ ਤੋਂ ਬਾਅਦ ਪ੍ਰਦੂਸ਼ਿਤ ਮਾਨਸਿਕਤਾ ਵਾਲੇ ਭਗਵੇਂਵਾਦੀ ਲੀਡਰ ਕਸ਼ਮੀਰ ਉੱਪਰ ਆਪਣੀ ਜਿੱਤ ਇਸ ਤਰ੍ਹਾਂ ਦਿਖਾ ਰਹੇ ਸਨ ਜਿਵੇਂ ਕਿ ਉਹਨਾਂ ਨੇ ਕਿਸੇ ਦੁਸ਼ਮਣ ਉੱਪਰ ਜਿੱਤ ਪ੍ਰਾਪਤ ਕੀਤੀ ਹੁੰਦੀ ਹੈ ਤੇ ਹਵਸੀ ਮਾਨਸਿਕਤਾ ਵਾਲੇ ਰਾਜਿਆਂ ਵਾਂਗ ਉਹ ਕਸ਼ਮੀਰ ਦੀਆਂ ਲੜਕੀਆਂ ਦੀ ਪੱਤ ਉਤਾਰਨ ਦੀ ਕੋਸ਼ਿਸ਼ ਵਿਚ ਹਨ। ਸੋਸ਼ਲ ਮੀਡੀਆ ਪੂਰਾ ਭਗਵੇਂ ਹਵਸੀ ਮਾਨਸਿਕਤਾ ਨਾਲ ਭਰਿਆ ਹੋਇਆ ਸੀ ਤੇ ਉਹ ਕਸ਼ਮੀਰੀ ਲੜਕੀਆਂ ਉੱਪਰ ਘਟੀਆ ਟਿੱਪਣੀ ਕਰ ਰਹੇ ਸਨ ਤੇ ਇਹ ਇਕ ਵਿਉਂਤਬੰਦੀ ਅਨੁਸਾਰ ਟਿੱਪਣੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਸਨ। ਇਸ ਵਿਚ ਸਾਧਾਰਨ ਭਗਵੇਂਵਾਦੀ ਸ਼ਾਮਲ ਨਹੀਂ ਸਨ, ਸਗੋਂ ਭਾਜਪਾ ਵਿÎਧਾਇਕ ਵਿਕਰਮ ਸੈਣੀ, ਸਾਧਵੀ ਪ੍ਰਾਚੀ, ਹਰਿਆਣੇ ਦਾ ਮੁੱਖ ਮੰਤਰੀ ਖੱਟਰ ਇਸ ਪਾਗਲਪਨ ਤੇ ਵਹਿਸ਼ੀ ਗੁੰਡਾਗਰਦੀ ਦਾ ਸਬੂਤ ਦੇ ਰਹੇ ਸਨ। ਪਰ ਮੋਦੀ ਸਰਕਾਰ ਨੇ ਇਸ ਵਹਿਸ਼ੀ ਗੁੰਡਾਗਰਦੀ ਦਾ ਖੰਡਨ ਨਹੀਂ ਕੀਤਾ ਤੇ ਨਾ ਹੀ ਇਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਹੈ। ਇਸ ਸਾਰੀ ਪਾਗਲਪਨ ਵਾਲੀ ਮੁਹਿੰਮ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਭਾਜਪਾ ਵਾਲੇ ਦਾਅਵਾ ਕਰਦੇ ਹਨ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ, ਪਰ ਜਿਸ ਤਰ੍ਹਾਂ ਇਨ੍ਹਾਂ ਨੇ ਜਿੱਤ ਦਾ ਇਜ਼ਹਾਰ ਕੀਤਾ ਹੈ, ਉਸ ਤੋਂ ਜਾਪਦਾ ਹੈ ਕਿ ਕਸ਼ਮੀਰੀ ਇਹਨਾਂ ਦੇ ਦੁਸ਼ਮਣ ਹਨ ਤੇ ਇਹਨਾਂ ਨੇ ਕਸ਼ਮੀਰ ਉੱਪਰ ਕਬਜ਼ਾ ਕੀਤਾ ਹੈ।

ਸਭ ਤੋਂ ਵੱਡੀ ਇਤਿਹਾਸਕ ਘਟਨਾ ਇਹ ਹੋਈ ਕਿ ਖਾਲਸਾ ਪੰਥ ਜੋ ਕਿ ਹਰੇਕ ਤਰ੍ਹਾਂ ਦੀ ਮੁਸੀਬਤ ਵਿਚ ਘਿਰਿਆ ਹੋਇਆ ਹੈ ਤੇ ਦੋ ਘੱਲੂਘਾਰੇ ਹੰਢਾ ਕੇ ਇਸ ਜ਼ਾਲਮਾਨਾ ਪ੍ਰਬੰਧ ਨੂੰ ਸ਼ਾਂਤਮਈ ਢੰਗ ਨਾਲ ਚੈਲਿੰਜ ਕਰ ਰਿਹਾ ਹੈ। ਉਸ ਨੇ ਕਸ਼ਮੀਰੀ ਲੜਕੀਆਂ ਦੇ ਹੱਕ ਵਿਚ ਖਲੋ ਕੇ ਭਗਵੇਂਵਾਦੀਆਂ ਨੂੰ ਚੈਲਿੰਜ ਕੀਤਾ ਕਿ ਜੇਕਰ ਤੁਸੀਂ ਕਸ਼ਮੀਰੀ ਲੜਕੀਆਂ ਵਲ ਅੱਖ ਚੁੱਕ ਕੇ ਵੀ ਵੇਖਿਆ ਤਾਂ ਤੁਹਾਨੂੰ ਖਾਲਸਾ ਪੰਥ ਨਾਲ ਨਿਬੜਨਾ ਪਵੇਗਾ।

ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਸ਼ਮੀਰੀ ਬੀਬੀਆਂ ਵਿਰੁੱਧ ਵਰਤੀ ਜਾ ਰਹੀ ਅਸੱਭਿਅਕ ਭਾਸ਼ਾ ਦੀ ਸਖ਼ਤ ਨਿਖੇਧੀ ਕੀਤੀ ਤੇ ਸਿੱਖ ਕੌਮ ਨੂੰ ਆਦੇਸ਼ ਦਿੱਤਾ ਕਿ ਸੋਸ਼ਲ ਮੀਡੀਆ ਉੱਤੇ ਕੁਝ ਫਿਰਕੂ ਲੋਕਾਂ, ਜਿਨ੍ਹਾਂ ਵਿੱਚ ਸਿਆਸੀ ਤੇ ਧਾਰਮਕ ਆਗੂ ਸ਼ਾਮਲ ਹਨ, ਵੱਲੋਂ ਕਸ਼ਮੀਰੀ ਔਰਤਾਂ ਦੀ ਇੱਜ਼ਤ-ਆਬਰੂ ਤੇ ਸਵੈਮਾਣ ਸੰਬੰਧੀ ਜੋ ਘਟੀਆ ਟਿੱਪਣੀਆਂ ਕੀਤੀਆਂ ਹਨ, ਉਹ ਨਿਖੇਧੀਯੋਗ ਹਨ ਤੇ ਸਿੱਖ ਕੌਮ ਨੂੰ ਉਨ੍ਹਾਂ ਦੀ ਰੱਖਿਆ ਦੇ ਲਈ ਨਿਤਰਨਾ ਚਾਹੀਦਾ ਹੈ। ਜਥੇਦਾਰ ਦਾ ਕਹਿਣਾ ਸੀ ਕਿ ਕਿ ਭਗਵੇਂਵਾਦੀਆਂ ਦੀ ਇਸ ਸ਼ਰਮਨਾਕ ਹਰਕਤ ਕਾਰਨ ਸੰਸਾਰ ਵਿਚ ਸਮੁੱਚੇ ਦੇਸ਼ ਦਾ ਸਿਰ ਨੀਵਾਂ ਹੋਇਆ ਹੈ। ਸਿੰਘ ਸਾਹਿਬ ਨੇ ਇਥੋਂ ਤੱਕ ਕਿਹਾ ਕਿ ਇਹ ਫਿਰਕੂ ਤੇ ਗੰਦੀ ਮਾਨਸਿਕਤਾ ਦੇ ਲੋਕ ਉਹੀ ਹਨ, ਜਿਨ੍ਹਾਂ 1984 ਵਿੱਚ ਸਿੱਖ ਬੀਬੀਆਂ ਦੀ ਬੇਅਦਬੀ ਕੀਤੀ ਸੀ ਤੇ ਹੁਣ ਕਸ਼ਮੀਰੀ ਬੀਬੀਆਂ ਵਿਰੁੱਧ ਇਹ ਵਹਿਸ਼ੀ ਘਟਨਾ ਦੁਹਰਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਪੰਥ ਗੁਰੂ ਦੇ ਹੁਕਮ ਅਨੁਸਾਰ ਆਪਣਾ ਫ਼ਰਜ਼ ਨਿਭਾਉਣ ਵਿੱਚ ਪਿੱਛੇ ਨਹੀਂ ਹਟੇਗਾ।


ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਤੇ ਵਿਦਿਅਕ ਅਦਾਰਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਸ਼ਮੀਰੀਆਂ ਤੇ ਖਾਸ ਕਰ ਕਸ਼ਮੀਰੀ ਔਰਤਾਂ ਦੀ ਰਿਹਾਇਸ਼ ਤੇ ਲੰਗਰ ਦਾ ਪ੍ਰਬੰਧ ਕਰਨ ਤੇ ਕਸ਼ਮੀਰੀ ਔਰਤਾਂ ਨੂੰ ਉਨ੍ਹਾਂ ਦੇ ਘਰ ਤੱਕ ਸੁਰੱਖਿਅਤ ਪਹੁੰਚਾਉਣ। ਜੇਕਰ ਸਿੱਖ ਧਰਮ ਨਾਲ ਸੰਬੰਧਿਤ ਸਖਸ਼ੀਅਤਾਂ ਦੀ ਸ਼ੋਸ਼ਲ ਮੀਡੀਆ ਸੰਬੰਧੀ ਆਈਡੀ ਉੱਪਰ ਝਾਤੀ ਮਾਰੀ ਜਾਵੇ ਤਾਂ ਉਨ੍ਹਾਂ ਨੇ ਡੱਟ ਕੇ ਕਸ਼ਮੀਰੀ ਸਿੱਖ ਔਰਤਾਂ ਤੇ ਕਸ਼ਮੀਰ ਬਾਰੇ ਗੁਰਮਤਿ ਅਨੁਸਾਰ ਸਟੈਂਡ ਲਿਆ। ਉਨ੍ਹਾਂ ਨੇ  ਭਗਵੇਂਵਾਦੀ ਨੂੰ ਯਾਦ ਦਿਵਾਇਆ ਕਿ ਅਬਦਾਲੀ ਦੇ ਹਮਲੇ ਸਮੇਂ ਸਿੱਖਾਂ ਨੇ 22 ਹਜ਼ਾਰ ਹਿੰਦੂ ਔਰਤਾਂ ਨੂੰ ਛੁਡਾ ਕੇ ਉਨ੍ਹਾਂ ਦੇ ਘਰੀਂ ਪੁਚਾਇਆ ਸੀ ਤੇ ਹੁਣ ਵੀ ਸਿੱਖ ਪੰਥ ਆਪਣੀ ਇਸ ਇਤਿਹਾਸ ਸਿਧਾਂਤ ਨੂੰ ਕਾਇਮ ਰੱਖੇਗਾ।
ਸਿੱਖ ਪਾਰਲੀਮੈਂਟ ਦੇ ਦਿੱਲੀ ਦੇ ਤਿੰਨ ਸਿੱਖ ਨੌਜਵਾਨਾਂ ਨੇ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਦੇ ਬਚਨਾਂ 'ਤੇ ਫੁੱਲ ਚੜ੍ਹਾਉਂਦਿਆਂ ਪੂਨੇ ਵਿੱਚ ਫਸੀਆਂ 32 ਕਸ਼ਮੀਰੀ ਲੜਕੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪੁਚਾ ਕੇ ਇਤਿਹਾਸ ਨੂੰ ਦੁਹਰਾਇਆ ਹੈ। ਸਮਾਜਿਕ ਕਾਰਕੁਨ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਉਨ੍ਹਾਂ 5 ਅਗਸਤ ਨੂੰ ਆਪਣੀ ਫੇਸਬੁੱਕ ਆਈ ਡੀ ਉੱਤੇ ਇੱਕ ਪੋਸਟ ਪਾ ਕੇ ਕਿਹਾ ਸੀ ਕਿ ਜੇ ਕੋਈ ਕਸ਼ਮੀਰੀ ਔਰਤ ਜਾਂ ਮਰਦ ਕਿਸੇ ਮੁਸ਼ਕਲ ਵਿੱਚ ਹੋਵੇ ਤਾਂ ਉਹ ਤੁਰੰਤ ਨੇੜਲੇ ਗੁਰਦੁਆਰੇ ਵਿੱਚ ਜਾ ਕੇ ਉਨ੍ਹਾ ਨਾਲ ਸੰਪਰਕ ਕਰੇ। ਇਸ ਤੋਂ ਬਾਅਦ ਉਨ੍ਹਾਂ ਨੂੰ ਪੂਨੇ ਤੋਂ ਰੁਕੱਈਆ ਕਿਰਮਾਨੀ ਨਾਂਅ ਦੀ ਔਰਤ ਦਾ ਫ਼ੋਨ ਆਇਆ ਕਿ ਉਸ ਦੇ ਨਾਲ 32 ਕਸ਼ਮੀਰੀ ਕੁੜੀਆਂ ਹਨ, ਜੋ ਸੋਸ਼ਲ ਮੀਡੀਆ ਉੱਤੇ ਕਸ਼ਮੀਰੀ ਲੜਕੀਆਂ ਬਾਰੇ ਆ ਰਹੀਆਂ ਭੱਦੀਆਂ ਟਿੱਪਣੀਆਂ ਕਾਰਨ ਬਹੁਤ ਹੀ ਡਰੀਆਂ ਹੋਈਆਂ ਹਨ। ਇਹ ਲੜਕੀਆਂ ਨਰਸਿੰਗ ਦੀ ਟਰੇਨਿੰਗ ਲਈ ਪੰਜ ਦਿਨ ਪਹਿਲਾਂ ਹੀ ਪੂਨੇ ਆਈਆਂ ਸਨ। ਹਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾ ਤੁਰੰਤ ਫੇਸਬੁੱਕ ਉੱਤੇ ਲੜਕੀਆਂ ਦੀ ਮਦਦ ਦੀ ਅਪੀਲ ਕੀਤੀ ਤਾਂ ਦੋ ਦਿਨਾਂ ਵਿੱਚ ਹੀ 4 ਲੱਖ ਰੁਪਏ ਇਕੱਠੇ ਹੋ ਗਏ। ਉਸ ਉਪਰੰਤ ਉਹ ਆਪਣੇ ਸਾਥੀਆਂ ਹਰਮੀਤ ਸਿੰਘ ਖਾਨਪੁਰੀ ਤੇ ਬਲਜੀਤ ਸਿੰਘ ਨੂੰ ਲੈ ਕੇ ਪੂਨੇ ਪੁੱਜ ਗਏ। ਉੱਥੋਂ ਉਹ 32 ਲੜਕੀਆਂ, ਉਨ੍ਹਾਂ ਦੀ ਸੁਪਰਵਾਈਜ਼ਰ ਰੁਕੱਈਆ ਕਿਰਮਾਨੀ ਤੇ ਇੱਕ ਕੁਲੀਗ ਸੰਭਵ ਕੁਮਾਰ ਸ਼ਰਮਾ ਦੇ ਨਾਲ ਸੜਕੀ ਰਸਤੇ ਮੁੰਬਈ ਪੁੱਜੇ। ਉੱਥੋਂ ਹਵਾਈ ਜਹਾਜ਼ ਰਾਹੀਂ ਕਸ਼ਮੀਰ ਪੁੱਜ ਕੇ ਸਭ ਲੜਕੀਆਂ ਨੂੰ ਫ਼ੌਜ ਦੀ ਸਹਾਇਤਾ ਨਾਲ ਬਾਰਾਮੂਲਾ, ਬਡਗਾਮ, ਸ਼ੋਪੀਆਂ, ਸ੍ਰੀਨਗਰ ਤੇ ਕੁਪਵਾੜਾ ਵਿਖੇ ਉਨ੍ਹਾਂ ਦੇ ਘਰਾਂ ਵਿੱਚ ਪੁਚਾ ਕੇ ਇਨ੍ਹਾਂ ਨੌਜਵਾਨਾਂ ਨੇ ਸੁੱਖ ਦਾ ਸਾਹ ਲਿਆ। ਇਹ ਇਤਿਹਾਸਕ ਉਦਾਹਰਣ ਪ੍ਰਦੂਸ਼ਿਤ ਮਾਨਸਿਕਤਾ ਵਾਲੇ ਭਗਵੇਂਵਾਦੀ ਲੀਡਰਾਂ ਦੇ ਮੂੰਹ 'ਤੇ ਚਪੇੜ ਹੈ। ਕਸ਼ਮੀਰ ਦੇ ਨਿਵਾਸੀ ਇਸ ਘਟਨਾ ਕਾਰਨ ਸਿੱਖ ਪੰਥ ਦਾ ਧੰਨਵਾਦ ਕਰ ਰਹੇ ਹਨ। ਪੂਰੇ ਵਿਸ਼ਵ ਵਿਚ ਇਸ ਘਟਨਾ ਕਾਰਨ ਸਿੱਖ ਪੰਥ ਨੂੰ ਸਤਿਕਾਰਿਆ ਜਾ ਰਿਹਾ ਹੈ। ਚਾਹੇ ਸਿੱਖ ਪੰਥ ਦੇ ਲੀਡਰਾਂ ਵਿਚ ਕਈ ਕਮਜ਼ੋਰੀਆਂ ਆ ਚੁੱਕੀਆਂ ਹਨ, ਪਰ ਸਾਧਾਰਨ ਸਿੱਖ ਜਿਨ੍ਹਾਂ ਅੰਦਰ ਗੁਰੂਆਂ ਦਾ ਇਤਿਹਾਸਕ ਜਜ਼ਬਾ ਹੈ, ਉਹ ਅਜਿਹੀਆਂ ਕਰਾਮਾਤਾਂ ਕਰ ਨਿਬੜਦੇ ਹਨ, ਜਿਸ ਕਾਰਨ ਸਿੱਖ ਪੰਥ ਵਿਚ ਜੋਸ਼ ਭਰ ਆਉਂਦਾ ਹੈ। ਇਹ ਜਿਉਂਦੀਆਂ ਕੌਮਾਂ ਦੀ ਨਿਸ਼ਾਨੀ ਹੈ। ਇਹ ਗੱਲ ਮੈਂ ਕਹਿਣੀ ਚਾਹਾਂਗਾ ਕਿ ਪੰਜਾਬ ਦਾ ਸੰਤਾਪ ਕਸ਼ਮੀਰ ਦੇ ਸੰਤਾਪ ਨਾਲੋਂ ਵੱਖਰਾ ਨਹੀਂ, ਪਰ ਬਹੁਗਿਣਤੀ ਨਾਲ ਸੰਬੰਧਿਤ ਹਾਕਮਾਂ ਨੇ ਸ਼ਾਂਤਮਈ ਢੰਗ ਨਾਲ ਮਸਲੇ ਨਿਬੇੜਨ ਦੀ ਥਾਂ ਫ਼ੌਜੀ ਡੰਡੇ ਨਾਲ ਮਸਲੇ ਨਿਬੇੜਨ ਨੂੰ ਤਰਜੀਹ ਦਿੱਤੀ ਹੈ, ਪਰ ਇਸ ਦੇ ਨਤੀਜੇ ਕਦੇ ਵੀ ਚੰਗੇ ਨਹੀਂ ਨਿਕਲੇ। ਰਾਜ ਮਦ ਬਹੁਤ ਖਤਰਨਾਕ ਹੁੰਦਾ ਹੈ। ਗੁਰੂ ਨਾਨਕ ਬਾਣੀ ਨੇ ਰਾਜਮਦ ਬਾਰੇ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਕਾਲ ਪੁਰਖ ਦੀ ਰਚਨਾ ਤੇ ਹੁਕਮ ਬਹੁਤ ਬਲਵਾਨ ਹੈ ਤੇ ਉਹ ਕੀੜੀ ਦੇ ਨਿਆਂਈ ਮਨੁੱਖ ਨੂੰ ਵੀ ਰਾਜਾ ਬਣਾ ਸਕਦਾ ਹੈ ਤੇ ਵੱਡੇ ਲਸ਼ਕਰਾਂ ਵਾਲੇ ਹੰਕਾਰੀ ਰਾਜਿਆਂ ਨੂੰ ਤਬਾਹ ਕਰ ਸਕਦਾ ਹੈ। 

ਨੀਕੀ ਕੀਰੀ ਮਹਿ ਕਲ ਰਾਖੈ  ਭਸਮ ਕਰੈ ਲਸਕਰ ਕੋਟਿ ਲਾਖੈ 

    (ਜਿਸ) ਨਿੱਕੀ ਜਿਹੀ ਕੀੜੀ ਭਾਤੀ ਮਨੁੱਖ ਵਿਚ ਵਾਹਿਗੁਰੂ ਤਾਕਤ ਭਰਦਾ ਹੈ, ਉਹ ਸਾਧਾਰਨ ਮਨੁੱਖ ਲੱਖਾਂ ਕਰੋੜਾਂ ਲਸ਼ਕਰਾਂ ਨੂੰ ਸੁਆਹ ਕਰਨ ਦੇ ਸਮਰੱਥ ਹੈ। ਕੀ ਭਾਰਤ ਦੇ ਸਿਆਸਤਦਾਨ ਗੁਰੂ ਨਾਨਕ ਦੀ ਬਾਣੀ ਤੋਂ ਸਿੱਖਿਆ ਲੈਣਗੇ? ਅੱਜ ਭਾਰਤ-ਪਾਕਿ ਦੇ ਸੰਬੰਧ ਜੋ ਵਿਗੜ ਰਹੇ ਹਨ, ਉਹ ਦੱਖਣੀ ਏਸ਼ੀਆ ਵਿਚ ਅਸ਼ਾਂਤੀ ਤੇ ਜੰਗ ਦਾ ਮਾਹੌਲ ਬਣਾ ਰਹੇ ਹਨ। ਗੁਰੂ ਨਾਨਕ ਦਾ ਕਰਤਾਰਪੁਰ ਲਾਂਘਾ ਹੀ ਤੇ ਇਸ ਉੱਪਰ ਪਹਿਰੇਦਾਰੀ ਹੀ ਮਾਹੌਲ ਨੂੰ ਸਾਂਤ ਕਰ ਸਕਦੇ ਹਨ। ਭਾਰਤ-ਪਾਕਿਸਤਾਨ ਨੂੰ ਇਸ ਲਾਂਘੇ ਦੇ ਸਿਧਾਂਤ ਉੱਪਰ ਡੱਟ ਕੇ ਪਹਿਰਾ ਦੇਣਾ ਚਾਹੀਦਾ ਹੈ ਤਾਂ ਜੋ ਮਨੁੱਖ ਦਾ ਭਲਾ ਹੋ ਸਕੇ।

ਰਜਿੰਦਰ ਸਿੰਘ ਪੁਰੇਵਾਲ