image caption:

ਬਹੁਤ ਮੁਸ਼ਕਿਲ ਹੈ ਹਾਲਾਤ ਕੀ ਗੁੱਥੀ ਸੁਲਝੇ, ਅਹਿਲੇ-ਦਾਨਿਸ਼ ਨੇ ਬਹੁਤ ਸੋਚ ਕੇ ਉਲਝਾਈ ਹੈ - ਧਰਤੀ ਦੇ ਸਵਰਗ ਕਸ਼ਮੀਰ ਨੂੰ ਤਾਲੇ ਵੱਜ ਗਏ

 ਲੇਖਕ: ਕੁਲਵੰਤ ਸਿੰਘ ਢੇਸੀ

 

     ਭਾਰਤੀ ਕਸ਼ਮੀਰ ਵਲ ਸਾਰੀ ਦੁਨੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਕਿ ਉਥੇ ਕੀ ਹੋ ਰਿਹਾ ਹੈ ਜਾਂ ਕੀ ਹੋਣ ਵਾਲਾ ਹੈ। ਜਿਸ ਕਸ਼ਮੀਰ ਵਿਚ ਪਹਿਲਾਂ ਹੀ ੬ ਲੱਖ ਤੋਂ ਵੱਧ ਭਾਰਤੀ ਫੌਜ ਨੇ ਛਉਣੀਆਂ ਪਾਈਆਂ ਹੋਈਆਂ ਹਨ ਉਥੇ ਨਰਿੰਦਰ ਮੋਦੀ ਨੇ ਪਹਿਲਾਂ ਦਸ ਹਜ਼ਾਰ ਫੌਜ ਅਤੇ ਫਿਰ ੨੮ ਹਜ਼ਾਰ ਫੌਜ ਭੇਜ ਕੇ ਕਸ਼ਮੀਰ ਨੂੰ ਜਿਹਲ ਦਾ ਰੂਪ ਦੇ ਦਿੱਤਾ ਜਿਥੋਂ ਕਿ ਅਮਰ ਨਾਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਬਾਹਰ ਨਿਕਲਣ ਦੇ ਹੁਕਮ ਦੇ ਦਿੱਤੇ ਗਏ ਸਨਅਖੀਰ ੫ ਅਗਸਤ ੨੦੧੯ ਨੂੰ ਮੋਦੀ ਨੇ ਧਾਰਾ ੩੭੦ ਅਤੇ ਧਾਰਾ ੩੫ ਏ ਨੂੰ ਖਤਮ ਕਰਨ ਦੇ ਦੋ ਜਿੰਨ੍ਹ ਆਪਣੀ ਰਾਜਨੀਤਕ ਬੋਤਲ ਵਿਚੋਂ ਬਾਹਰ ਕੱਢ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਸੰਨ ਸੰਤਾਲੀ ਵਿਚ ਕਸ਼ਮੀਰ ਦੇ ਹਿੰਦੂ ਮਹਾਂਰਾਜੇ ਹਰੀ ਸਿੰਘ ਨਾਲ ਹੋਏ ਅਹਿਦਨਾਮੇ ਤਹਿਤ ਭਾਰਤ ਨੇ ਰੱਖਿਆ, ਸੰਚਾਰ,ਬਿਦੇਸ਼ ਅਤੇ ਕਰੰਸੀ ਦੇ ਮਹਿਕਮੇ ਆਪਣੇ ਕੋਲ ਰੱਖ ਕੇ ਕਸ਼ਮੀਰ ਨੂੰ ਭਾਰਤ ਦੇ ਅੰਦਰ ਹੀ ਇੱਕ ਅਜ਼ਾਦ ਰਾਜ ਦਾ ਦਰਜਾ ਦਿੱਤਾ ਸੀ ਜਿਸ ਦਾ ਤਿਰੰਗੇ ਦੇ ਨਾਲ ਨਾਲ ਆਪਣਾ ਝੰਡਾ ਸੀ ਅਤੇ ਜਿਸ ਦੇਸ਼ ਦੇ ਵਸਨੀਕਾਂ ਕੋਲ ਕਸ਼ਮੀਰ ਅਤੇ ਭਾਰਤ ਦੀ ਦੋਹਰੀ ਸ਼ਹਿਰੀਅਤ ਸੀ। ਆਪਣੀ ਕਾਇਮੀ ਤੋਂ ਲਾ ਕੇ ਅੱਜ ਤਕ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਝਗੜੇ ਦਾ ਕਾਰਨ ਬਣਿਆ ਰਿਹਾ ਹੈ ਅਤੇ ਦੋਹਾਂ ਦੇਸ਼ਾਂ ਦੀ ਰਾਜਨੀਤੀ ਨੇ ਕਸ਼ਮੀਰੀਆਂ ਦਾ ਬੇਹੱਦ ਲਹੂ ਪੀਤਾ ਹੈਅੱਜ ਦੀ ਤਾਰੀਖ ਵਿਚ ਕਸ਼ਮੀਰ ਕੋਲ ਭਾਰਤ ਦੇ ਬਾਕੀ ੨੮ ਸੂਬਿਆਂ ਵਾਲੇ ਅਧਿਕਾਰ ਵੀ ਨਹੀਂ ਹਨਆਪਣੀ ਵਿਧਾਨ ਸਭਾ ਹੁੰਦੇ ਹੋਏ ਵੀ ਕਸ਼ਮੀਰ ਦੇ ਫੈਸਲੇ ਭਾਰਤ ਦੇ ਲੈਫਟੀਨੈਂਟ ਗਵਰਨਰ ਦੀ ਮਨਜ਼ੂਰੀ ਨਾਲ ਹੋਣਗੇ ਕਿਓਂਕਿ ਕਸ਼ਮੀਰ ਹੁਣ ਕੇਂਦਰ ਸ਼ਾਸਤ ਖਿੱਤਾ ਹੈ ਜਿਸ ਨਾਲੋਂ ਲਦਾਖ ਨੂੰ ਤੋੜ ਲਿਆ ਗਿਆ ਹੈ ਅਤੇ ਲਦਾਖ ਦਾ ਰੁਤਬਾ ਚੰਡੀਗੜ੍ਹ ਵਾਂਗ ਹੈ ਜਿਸ ਦੇ ਕੋਲ ਆਪਣੀ ਵਿਧਾਨ ਸਭਾ ਵੀ ਨਹੀਂ ਹੋਵੇਗੀ। ਮਤਲਬ ਇਹ ਕਿ ਮੋਦੀ ਨੇ ਅਸਿੱਧੇ ਤਰੀਕੇ ਨਾਲ ਕਸ਼ਮੀਰ ਅਤੇ ਲੱਦਾਖ ਨੂੰ ਆਪਣੇ ਕਬਜੇ ਹੇਠ ਲੈ ਲਿਆ ਹੈ। ਹੁਣ ਕਸ਼ਮੀਰ ਵਿਚ ਉਹ ਕੁਝ ਹੀ ਹੋਵੇਗਾ ਜੋ ਮੋਦੀ ਚਾਹੇਗਾ। ਲਾਰੇ ਬੇਸ਼ੱਕ ਇਹ ਲਾਏ ਜਾ ਰਹੇ ਹਨ ਕਿ ਹਾਲਾਤਾਂ ਦੇ ਆਮ ਹੁੰਦਿਆਂ ਹੀ ਕਸ਼ਮੀਰ ਨੂੰ ਉਸ ਦੀ ਅਜ਼ਾਦੀ ਵਾਪਸ ਕਰ ਦਿੱਤੀ ਜਾਏਗੀ ਪਰ ੭੦ ਸਾਲਾਂ ਤੋਂ ਸਰਕਾਰੀ ਅਤੇ ਗੈਰ-ਸਰਕਾਰੀ ਅੱਤਵਾਦ ਦਾ ਸ਼ਿਕਾਰ ਰਹੇ ਕਸ਼ਮੀਰ ਵਿਚ ਹਾਲਾਤ ਆਮ ਵਾਂਗ ਕਦੋਂ ਹੋਣਗੇ ਕੁਝ ਨਹੀਂ ਕਿਹ ਜਾ ਸਕਦਾ। ਹਾਲ ਦੀ ਘੜੀ ਤਾਂ ਭਾਰਤ ਦੀ ਹਿੰਦੂ ਬਹੁ ਗਿਣਤੀ ਪਟਾਖਿਆਂ ਦੀਆਂ ਲੜੀਆਂ ਚਲਾ ਕੇ ਅਤੇ ਲੱਡੂ ਮੂੰਹਾਂ ਵਿਚ ਪਾ ਕੇ ਮੋਦੀ ਦੇ ਇਸ ਕਰਿਸ਼ਮੇ ਦੇ ਜਸ਼ਨ ਮਨਾ ਰਹੀ ਹੈ ਅਤੇ ਵਿਰੋਧੀ ਰਾਜਨੀਤਕ ਧਿਰਾਂ ਵੀ ਮੂਕ ਦਰਸ਼ਕ ਬਣ ਕੇ ਰਹਿ ਗਈਆਂ ਹਨਹਾਂ ਪਾਕਿਸਤਾਨ ਜ਼ਰੂਰ ਉੱਬਲ ਰਿਹਾ ਹੈ ਜਿਸ ਦੇ ਭਾਰਤ ਨਾਲ ਸਬੰਧ ਹੋਰ ਵੀ ਵਿਗੜ ਗਏ ਹਨ। ਇਸ ਵਿਗਾੜ ਕਾਰਨ ਅਰਬਾਂ ਦੇ ਵਿਓਪਾਰ ਨੂੰ ਸੱਟ ਵੱਜੇਗੀ ਅਤੇ ਪਤਾ ਨਹੀਂ ਕਿੰਨੇ ਗਰੀਬਾਂ ਦੇ ਚੁੱਲ੍ਹੇ ਬੁਝਣਗੇ। ਪਾਕਿਸਤਾਨ ਨੇ ਮੁੜ ਆਪਣੇ ਹਵਾਈ ਖੇਤਰ ਪ੍ਰਤੀ ਭਾਰਤ &lsquoਤੇ ਮਨਾਹੀ ਠੋਕ ਦਿੱਤੀ ਹੈ, ਪਾਕਿਸਤਾਨ ਵਿਚ ਭਾਰਤੀ ਰਾਜਦੂਤ ਦਾ ਬਸਤਾ ਲਪੇਟ ਦਿੱਤਾ ਗਿਆ ਹੈ, ਸਮਝੌਤਾ ਐਕਸਪ੍ਰੈਸ ਵੀ ਬੰਦ ਕਰ ਦਿੱਤੀ ਅਤੇ ਕਸ਼ਮੀਰ ਦੇ ਕੇਸ ਨੂੰ ਸੰਯੁਕਤ ਰਾਸ਼ਟਰ ਅਤੇ ਇੰਟਰਨੈਸ਼ਨਲ ਕਰਿਮੀਨਲ ਕੋਰਟ ਵਿਚ ਲਿਜਾਣ &lsquoਤੇ ਵਿਚਾਰਾਂ ਹੋ ਰਹੀਆਂ ਹਨ। ਇਸ ਖਤਰੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਦੋਹਾਂ ਦੇਸ਼ਾਂ ਨੇ ਬਦਲਾ ਲਊ ਭਾਵਨਾ ਤਹਿਤ ਕੋਈ ਐਸਾ ਵੈਸਾ ਕਦਮ ਪੁੱਟ ਲਿਆ ਤਾਂ ਲੜਾਈ ਲੱਗ ਜਾਣ ਦੀ ਵੀ ਸੰਭਾਵਨਾ ਹੈ ਅਤੇ ਇਸ ਵਾਰ ਪਾਕਿਸਤਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਹੁਣ ਪਾਕਿਸਤਾਨ ਆਪਣੇ ਖੂਨ ਦੀ ਆਖਰੀ ਬੂੰਦ ਤਕ ਇਹ ਲੜਾਈ ਲੜੇਗਾ

     ਇਹ ਲੇਖ ਲਿਖੇ ਜਾਣ ਤਕ ਕਸ਼ਮੀਰ ਵਿਚ ੫ ਦਿਨਾ ਤੋਂ ਕਰਫਿਊ ਲੱਗਾ ਹੋਇਆ ਹੈ ਅਤੇ ਦੁਨੀਆਂ ਨੂੰ ਕਸ਼ਮੀਰ ਦੀ ਇਸ ਜਿਹਲ ਦੀ ਕੋਈ ਖਬਰ ਨਹੀਂ ਕਿ ਉਥੇ ਕੀ ਹੋ ਰਿਹਾ ਹੈ।

     ਕਿਹਾ ਜਾਂਦਾ ਹੈ ਕਿ ਸੰਨ ੧੯੪੭ ਨੂੰ ਪਾਕਿਸਤਾਨ ਦੀ ਮੰਗ ਕਰਨ ਵੇਲੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦੀ ਇੱਕ ਖਾਸ ਦਲੀਲ ਇਹ ਸੀ ਕਿ ਭਾਰਤ ਦੇ ਜਿਹੜੇ ਹਿੰਦੂ ਆਗੂ ਸਾਡੇ ਨਾਲ ਹੱਥ ਮਿਲਾਉਣ ਵੇਲੇ ਹੱਥ ਧੋਣੇ ਜ਼ਰੂਰੀ ਸਮਝਦੇ ਹਨ ਉਹਨਾ ਦੀ ਅਗਵਾਈ ਵਿਚ ਮੁਸਲਮਾਨਾਂ ਨੂੰ ਕਦੀ ਵੀ ਇਨਸਾਫ ਨਹੀਂ ਮਿਲ ਸਕਣਾ ਇਸ ਕਾਰਨ ਪੰਜਾਬ ਅਤੇ ਬੰਗਾਲ ਦੀ ਵੰਡ ਕਰਕੇ ਉਸ ਨੇ ਦੋ ਪਾਕਿਸਤਾਨ ਬਣਵਾਏ। ਪੰਜਾਬ ਦੀ ਵੰਡ ਵੇਲੇ ਪੰਜਾਬੀਆਂ ਦਾ ਵੱਡੀ ਪੱਧਰ &lsquoਤੇ ਕਤਲੇਆਮ ਅਤੇ ਬਹੁਤ ਵੱਡਾ ਉਜਾੜਾ ਹੋਇਆ। ਉਸ ਵੇਲੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਹੇਠ ਲਿਖੀਆਂ ਗੱਲਾਂ ਸੁਫਨੇ ਵਿਚ ਵੀ ਨਹੀਂ ਸੋਚੀਆਂ ਹੋਣਗੀਆਂ&mdash

  1. ਪਾਕਿਸਤਾਨ ਦੀ ਕਾਇਮੀ ਦੇ ਨਾਲ ਹੀ ਪਾਕਿਸਤਾਨ ਦੇ ਨਾਲ ਭਾਰਤ ਨਾਲ ਜੰਗਾਂ ਦੀ ਲੜੀ ਸ਼ੁਰੂ ਹੋ ਜਾਣੀ ਹੈ। ਇੱਕ ਤੋਂ ਬਾਅਦ ਇੱਕ ਭਾਰਤ ਨਾਲ ਚਾਰ ਵੱਡੀਆਂ ਜੰਗਾਂ ਦੀ ਹਾਰ ਨੇ ਪਾਕਿਸਤਾਨ ਨੂੰ ਗੁਰਬਤ ਅਤੇ ਨਮੋਸ਼ੀ ਵਿਚ ਡੋਬ ਦੇਣਾ ਹੈ।

  2. ਪੂਰਬੀ ਪਾਕਿਸਤਾਨ ਨਾਮ ਦੇ ਦੇਸ਼ ਨੂੰ ਭਾਰਤ ਦੀ ਕੋਈ ਇੰਦਰਾਂ ਗਾਂਧੀ ਨਾਮ ਦੀ ਪ੍ਰਧਾਨ ਮੰਤਰੀ &lsquoਬੰਗਲਾ ਦੇਸ਼&rsquo ਦੇ ਨਾਮ ਹੇਠ ਮਿਟਾ ਦੇਵੇਗੀ

  3. ਪਾਕਿਸਤਾਨ ਨਾਲੋਂ ਭਾਰਤ ਵਿਚ ਵੱਡੀ ਗਿਣਤੀ ਵਿਚ ਰਹਿ ਜਾਣ ਵਾਲਾ ਮੁਸਲਮਾਨ ਕਿਸੇ ਆਰ ਐਸ ਐਸ ਜਾਂ ਭਾਜਪਾ ਨਾਮ ਦੀ ਰਾਜਨੀਤਕ ਧੌਂਸ ਹੇਠ ਜਿਊਂਦੇ ਜੀਅ ਗਿਲਾਨੀ ਨਾਲ ਮਰਨ ਵਰਗੇ ਦਿਨ ਦੇਖੇਗਾ, ਕਿਓਂਕਿ ਪਾਕਿਸਤਾਨ ਬਣਨ ਨਾਲ ਉਹ ਘੱਟਗਿਣਤੀ ਵਿਚ ਰਹਿ ਕੇ ਹਿੰਦੂ ਜਬਰ ਦਾ ਸ਼ਿਕਾਰ ਹੋ ਜਾਵੇਗਾ।

  4. ਰੂਸ, ਅਮਰੀਕਾ, ਅਫਗਾਨਿਸਤਾਨ ਅਤੇ ਅਰਬ ਦੇਸ਼ਾਂ ਦੀ ਰਾਜਨੀਤੀ ਵਿਚ ਮੋਹਰਾ ਬਣਿਆ ਪਾਕਿਸਤਾਨ ਕੌਮਾਂਤਰੀ ਪੱਧਰ &lsquoਤੇ ਇੱਕ ਅੱਤਵਾਦੀ ਦੇਸ਼ ਦੇ ਤੌਰ &lsquoਤੇ ਬਦਨਾਮ ਹੋ ਜਾਵੇਗਾ ਅਤੇ ਆਰਥਕ ਤੌਰ &lsquoਤੇ ਲਗਾਤਾਰ ਪੱਛੜਦਾ ਆਖ਼ਰ ਗੋਡਿਆਂ ਭਾਰ ਹੋ ਜਾਵੇਗਾ

  5. ਜਿਨਾਹ ਦੇ ਪਾਕਿਸਤਾਨ ਵਿਚ ਵੀ ਬਲੋਚਾਂ, ਪਖਤੂਨਾਂ, ਹਿੰਦੂਆਂ ਜਾਂ ਹੋਰ ਘੱਟਗਿਣਤੀਆਂ ਦਾ ਦਮ ਘੁਟੇਗਾ।

      ਭਾਰਤ ਵਿਚ ਮੁਸਲਮਾਨਾਂ ਤੋਂ ਬਾਅਦ ਇੱਕ ਸਿੱਖ ਘੱਟਗਣਤੀ ਹੀ ਹੈ ਜਿਸ ਤੋਂ ਭਾਜਪਾ ਨੂੰ ਵਿਰੋਧ ਦਾ ਖਤਰਾ ਹੈ। ਮੋਦੀ ਨੇ ਜਿੰਨੀ ਕਾਮਯਾਬੀ ਨਾਲ ਕਸ਼ਮੀਰ ਦਾ ਮੁੱਕੂ ਬੰਨ੍ਹਿਆਂ ਹੈ ਉਹ ਸਿੱਖਾਂ ਨੂੰ ਕਿਸੇ ਵੀ ਕੀਮਤ &lsquoਤੇ ਬਖਸ਼ਣ ਵਾਲਾ ਨਹੀ ਹੈ, ਭਾਵੇਂ ਕਿ ਸਿੱਖ ਪ੍ਰਤੀਨਿਧ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਉਸ ਦਾ ਰਾਜਨੀਤਕ ਗੱਠਜੋੜ ਹੈ। ਭਾਜਪਾ ਕਦੀ ਤੀਨ ਤਲਾਕ ਬਿੱਲ, ਕਦੀ ਐਂਟੀ ਟੈਰੋਰਿਜ਼ਮ ਬਿੱਲ ਅਤੇ ਕਦੀ ਕਸ਼ਮੀਰ ਵਿਚ ਧਾਰਾ ੩੭੦ ਨੂੰ ਖਤਮ ਕਰਨ ਦੇ ਬਿੱਲ ਪਾਸ ਕਰਕੇ ਬੜੀ ਤੇਜ਼ੀ ਅਤੇ ਹਿੰਮਤ ਨਾਲ ਆਪਣੇ ਹਿੰਦੂ ਰਾਜ ਦੇ ਨਿਸ਼ਾਨੇ ਵਲ ਵਧ ਰਹੀ ਹੈ। ਹਿੰਦੂ ਰਾਜ ਦੇ ਨਿਸ਼ਾਨੇ ਵਿਚ ਰੁਕਾਵਟ ਬਣਨ ਵਾਲੇ ਰਾਜਾਂ ਨੂੰ ਇੱਕ ਇੱਕ ਕਰਕੇ ਸੋਧਿਆ ਜਾਵੇਗਾ ਜਦ ਕਿ ਖਾੜਕੂ ਕੌਮ ਸਮਝੇ ਜਾਣ ਵਾਲੇ ਸਿੱਖਾਂ ਦੀ ਰਾਜਨੀਤਕ ਧਿਰ ਤਾਂ ਇਸ ਵੇਲੇ ਮੋਦੀ ਦੇ ਪੈਰਾਂ &lsquoਤੇ ਹੀ ਡਿਗ ਪਈ।

ਸ਼ਰਮਨਾਕ ਹੱਦ ਤਕ ਭਾਜਪਾ ਦੀ ਚਾਪਲੂਸੀ ਕਰ ਰਹੇ ਬਾਦਲ

      ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਿਸ ਵੇਲੇ ਕਸ਼ਮੀਰ ਵਿਚ ਫੈਡਰਲ ਰਾਜ ਦੇ ਖਾਤਮੇ ਪ੍ਰਤੀ ਮੋਦੀ ਦੇ ਹੱਕ ਵਿਚ ਬਿਆਨ ਦਿੱਤੇ ਤਾਂ ਦੁਨੀਆਂ ਨੂੰ ਕੋਈ ਹੈਰਾਨੀ ਨਹੀਂ ਹੋਈ। ਪਾਠਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦੇ ਮਤੇ &lsquoਤੇ ਜੋ ਧਰਮ ਯੁੱਧ ਸ਼ੁਰੂ ਕੀਤਾ ਸੀ ਉਸ ਵਿਚ ਪੰਜਾਬ ਲਈ ਫੈਡਰਲ ਰਾਜ ਦੀ ਮੰਗ ਪ੍ਰਮੁਖ ਸੀ ਕਿ ਕਸ਼ਮੀਰ ਵਾਂਗ ਹੀ ਸੁਰੱਖਿਆ, ਸੰਚਾਰ ,ਬਿਦੇਸ਼ ਅਤੇ ਕਰੰਸੀ ਦੇ ਮਹਿਕਮੇ ਕੇਂਦਰ ਆਪਣੇ ਕੋਲ ਰੱਖ ਕੇ ਪੰਜਾਬ ਨੂੰ ਪ੍ਰਭੂਸਤਾ ਸੰਪਨ ਸੂਬਾ ਮੰਨੇ ਜਿਸ ਦਾ ਕਿ ਸੰਨ ੧੯੪੭ ਵੇਲੇ ਨਹਿਰੂ ਗਾਂਧੀ ਨੇ ਵਾਇਦਾ ਕੀਤਾ ਸੀ। ਅਸਲ ਵਿਚ ਅਨੰਦਪੁਰ ਸਾਹਿਬ ਦੇ ਮਤੇ ਦੀ ਘਾੜਤ ਘੜਨ ਵੇਲੇ ਸਿਰਦਾਰ ਕਪੂਰ ਸਿੰਘ ਦੀ ਇਹ ਸੋਚ ਸੀ ਕਿ ਪੰਜਾਬ ਦੇ ਪਾਣੀਆਂ ਅਤੇ ਮੰਡੀ ਦੀ ਦੋਹਰੀ ਲੁੱਟ ਤੋਂ ਪੰਜਾਬ ਨੂੰ ਤਾਂ ਹੀ ਬਚਾਇਆ ਜਾ ਸਕਦਾ ਹੈ ਜੇਕਰ ਰਾਜਨੀਤਕ ਤੌਰ &lsquoਤੇ ਪੰਜਾਬ ਅਜ਼ਾਦ ਹੋਵੇ । ਇਸ ਮਕਸਦ ਨੂੰ ਪੂਰਿਆਂ ਕਰਨ ਲਈ ਪੰਜਾਬੀ ਸੂਬੇ ਵਾਂਗ ਹੀ ਆਰ ਪਾਰ ਦੀ ਐਜੀਟੇਸ਼ਨ ਸ਼ੁਰੂ ਕੀਤੀ ਗਈ ਜਿਹੜੀ ਕਿ ਖਾੜਕੂਵਾਦ ਦਾ ਸ਼ਿਕਾਰ ਹੋ ਗਈ ਅਤੇ ਜਿਸ ਦਾ ਅੰਜਾਮ ਦਰਬਾਰ ਸਾਹਿਬ &lsquoਤੇ ਭਾਰਤੀ ਫੌਜ ਦੇ ਹਮਲੇ ਅਤੇ ਦਿੱਲੀ ਦੇ ਸਿੱਖ ਕਤਲੇਆਮ ਵਿਚ ਨਿਕਲਿਆ।

      ਹੁਣ ਬਾਦਲ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਤਾਂ ਕੀ ਕਰਨੀ ਹੈ ਸਗੋਂ ਉਹ ਹਰ ਸੂਬੇ ਦੇ ਅਜ਼ਾਦੀ ਨਾਲ ਜੀਣ ਦੇ ਅਧਿਕਾਰਾਂ ਨੂੰ ਖੋਹਣ ਵਿਚ ਮੋਦੀ ਦਾ ਭਾਈਵਾਲ ਬਣਿਆ ਹੋਇਆ ਹੈਭਾਰਤੀ ਸਾਂਸਦ ਵਿਚ ਸੁਖਬੀਰ ਬਾਦਲ ਨੇ ਆਪਣੀ ਪਤਨੀ ਦੇ ਅੰਦਾਜ਼ ਵਿਚ ਬੜੀ ਜਜ਼ਬਾਤੀ ਸੁਰ ਵਿਚ ਪਹਿਲਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿਚ ਹਿੰਦੂ ਪੰਡਤਾਂ ਦੀ ਫਰਿਆਦ ਤੋਂ ਗੱਲ ਸ਼ੁਰੂ ਕਰਕੇ ਕਸ਼ਮੀਰ ਦੇ ਪੰਡਤਾਂ ਦੇ ਉਜਾੜੇ ਪ੍ਰਤੀ ਆਪਣੀ ਹਮਦਰਦੀ ਜਿਤਾਈ ਅਤੇ ਫਿਰ ਰਾਜ ਦੇ ਵੱਧ ਅਧਿਕਾਰਾਂ ਪ੍ਰਤੀ ਉਸ ਨੇ ਦੋਗਲੀ ਜ਼ੁਬਾਨ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਕਿ ਅਕਾਲੀ ਦਲ ਰਾਜ ਲਈ ਵੱਧ ਅਧਿਕਾਰਾਂ ਦੀ ਮੰਗ ਵੀ ਕਰਦਾ ਹੈ ਅਤੇ ਘੱਟਗਿਣਤੀ ਦੇ ਅਧਿਕਾਰਾਂ ਦੀ ਵੀ ਪਰ ਕਸ਼ਮੀਰ ਵਿਚ ਜੋ ਮੋਦੀ ਕਰ ਰਿਹਾ ਹੈ ਉਹ ਸਹੀ ਹੈ। ਮੋਦੀ ਦੀ ਖੁਸ਼ਾਮਦ ਵਿਚ ਜਦੋਂ ਉਸ ਨੇ ਇਹ ਕਿਹਾ ਕਿ ਸਿੱਖਾਂ ਨੂੰ ਇਨਸਾਫ ਸਿਰਫ ਮੋਦੀ ਨੇ ਦਿੱਤਾ ਹੈ ਜਦ ਕਿ ਰਾਹੁਲ ਗਾਂਧੀ ਨੇ ਤਾਂ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ ਤਾਂ ਸਦਨ ਵਿਚ ਰੌਲਾ ਪੈ ਗਿਆ। ਸੁਖਬੀਰ ਬਾਦਲ ਦੀ ਇਸ ਅਹਿਮ ਸਦਨ ਵਿਚ ਵੀ ਜ਼ੁਬਾਨ ਉਲਟ ਗਈ ਸੀ ਅਤੇ ਉਸ ਨੇ ਰਾਜੀਵ ਗਾਂਧੀ ਦੀ ਥਾਂ ਰਾਹੁਲ ਗਾਂਧੀ ਦਾ ਨਾਮ ਲੈ ਦਿੱਤਾ ਸੀ। ਸੂਬਿਆਂ ਦੀ ਅਜ਼ਾਦੀ ਪ੍ਰਤੀ ਅਕਾਲੀ ਦਲ ਦਾ ਕਿਰਦਾਰ ਹੁਣ ਦੋਗਲਾ ਹੀ ਨਹੀਂ ਸਗੋਂ ਸਿਰਫ ਭਾਜਪਾ ਦੀ ਖੁਸ਼ਾਮਦ ਤਕ ਸੀਮਤ ਹੈ। ਉਧਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਜਲ੍ਹਿਆਂ ਵਾਲੇ ਬਾਗ ਦੇ ਕਤਲੇਆਮ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੇ ਪੜਦਾਦਾ ਵਲੋਂ ਓਡਵਾਇਰ ਨੂੰ ਤਾਰ ਦੇ ਕੇ ਵਧਾਈ ਦੇਣ ਦਾ ਕਾਂਗਰਸ ਨੂੰ ਤਾਅਨਾ ਮਾਰਿਆ ਤਾਂ ਭਗਵੰਤ ਮਾਨ ਨੇ ਬੀਬਾ ਨੂੰ ਚੇਤੇ ਕਰਵਾਇਆ ਕਿ ਉਸ ਦੇ ਪੜਦਾਦਾ ਸਰ ਸੁੰਦਰ ਸਿੰਘ ਮਜੀਠੀਏ ਨੇ ਤਾਂ ਡਾਇਰ ਨੂੰ ਘਰ ਖਾਣੇ &lsquoਤੇ ਵੀ ਬੁਲਾਇਆ ਸੀ। ਅਸਲ ਵਿਚ ਪੰਜਾਬ ਦੀ ਰਾਜਨੀਤੀ ਵਿਚ ਪ੍ਰਮੁਖ ਧਿਰਾਂ ਬਾਦਲ , ਮਜੀਠੀਏ, ਅਤੇ ਪਟਿਆਲੀਏ ਸਰਦਾਰਾਂ ਦੇ ਵੱਡਿਆਂ ਦਾ ਕਿਰਦਾਰ ਸਿੱਖੀ ਪ੍ਰਤੀ ਗਦਾਰਾਂ ਵਾਲਾ ਰਿਹਾ ਹੈ ਹੁਣ ਇਹ ਲੋਕ ਇੱਕ ਦੂਜੇ ਨੂੰ ਮੂਰਖਾਂ ਵਾਂਗ ਤਾਅਨੇ ਮੇਣੇ ਮਾਰ ਰਹੇ ਹਨ ਜਦ ਕਿ ਪੰਜਾਬ ਦੇ ਵੋਟਰ ਇਹਨਾ ਸਾਰਿਆਂ ਤੋਂ ਨਿਰਾਸ਼ ਹੋ ਚੁੱਕੇ ਹਨ। ਹੁਣ ਪੰਜਾਬ ਨੂੰ ਭਾਜਪਾ ਦੇ ਨਿਰਦਈ ਜਬ੍ਹਾੜਿਆਂ ਤੋਂ ਬਚਾਉਣ ਲਈ ਸਿੱਖਾਂ ਦੀ ਕਿਸੇ ਰਾਜਨੀਤਕ ਧਿਰ ਤੋਂ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ।

      ਇਤਹਸਕ ਤੌਰ &lsquoਤੇ ਪੰਜਾਬ ਦੇ ਹੱਕਾਂ ਲਈ ਜੂਝਣ ਵਾਲਾ ਅਕਾਲੀ ਦਲ ਬਾਦਲਾਂ ਦੀ ਅਗਵਾਈ ਵਿਚ ਭਾਜਪਾ ਦਾ ਪਿਛਲੱਗ ਅਤੇ ਖੁਸ਼ਾਮਦੀ ਬਣਿਆ ਹੋਇਆ ਹੈ ਅਤੇ ਗਰਮ ਧਿਰਾਂ ਖਖੜੀਆਂ ਕਰੇਲੇ ਹਨ। ਭਾਰਤ ਭਰ ਵਿਚ ਗੈਰ ਮੁਸਲਮਾਨ ਮੋਦੀ ਦੇ ਕਸ਼ਮੀਰ ਫੈਸਲੇ ਤੇ ਨਿਹਾਲੋ ਨਿਹਾਲ ਹਨ ਇਥੋਂ ਤਕ ਕਿ ਆਮ ਆਦਮੀ ਦੇ ਅਰਵਿੰਦ ਕੇਜਰੀਵਾਲ ਵਰਗਾ ਆਗੂ ਵੀ ਮੋਦੀ ਦੇ ਹੱਕ ਵਿਚ ਬੋਲ ਰਿਹਾ ਹੈ ਜੋ ਕਿ ਦਿੱਲੀ ਵਿਚ ਕੇਂਦਰੀ ਦਖਲ ਅਤੇ ਧੱਕੇ ਪ੍ਰਤੀ ਚੀਕਦਾ ਰਿਹਾ ਹੈ। ਕਸ਼ਮੀਰ ਫੈਸਲੇ ਪ੍ਰਤੀ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਪਿਛਲੇ ੭੦ ਸਾਲਾਂ ਤੋਂ ਵੱਧ ਅਧਿਕਾਰ ਹੁੰਦੇ ਹੋਏ ਵੀ ਕਸ਼ਮੀਰ ਦੀ ਆਰਥਕ ਤਰੱਕੀ ਨਹੀਂ ਹੋਈ ਅਤੇ ਹੁਣ ਜਦੋਂ ਬਾਹਰਲੇ ਸੂਬਿਆਂ ਦੇ ਲੋਕ ਉਥੇ ਜ਼ਮੀਨ ਜਾਇਦਾਦਾਂ ਖ੍ਰੀਦ ਕੇ ਕਾਰੋਬਾਰ ਸ਼ੁਰੂ ਕਰਨਗੇ ਤਾਂ ਕਸ਼ਮੀਰ ਦੀ ਜਵਾਨੀ ਅੱਤਵਾਦ ਵਲੋਂ ਮੋੜੇ ਲਾ ਕੇ ਕਮਾਂ ਕਾਰਾਂ ਵੱਲ ਰੁੱਖ ਕਰ ਲਵੇਗੀ ਅਤੇ ਕਸ਼ਮੀਰ ਦੀ ਆਰਥਕ ਚੜ੍ਹਦੀ ਕਲਾ ਹੋਏਗੀ। ਪਰ ਇਸ ਦੇ ਨਾਲ ਹੀ ਇਹ ਸੰਸਾ ਵੀ ਪਾਇਆ ਜਾ ਰਿਹਾ ਹੈ ਕਿ ਜਿਵੇਂ ਕਸ਼ਮੀਰ ਦੀ ਧਾਰਾ ੩੭੦ ਅਧੀਨ ਕੁਝ ਚੋਣਵੇਂ ਪਰਿਵਾਰਾਂ ਅਤੇ ਹਥਿਆਰਾਂ ਦੇ ਸੌਦਾਗਰਾਂ ਨੇ ਹੀ ਹੱਥ ਰੰਗੇ ਹਨ ਤਿਵੇਂ ਹੀ ਹੁਣ ਕਸ਼ਮੀਰ ਵਿਚ ਇਨਵੈਸਟਮੈਂਟ ਦੇ ਮਾਮਲੇ ਵਿਚ ਅੰਬਾਨੀਆਂ ਅਤੇ ਅਡਵਾਨੀਆਂ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੁਲ੍ਹ ਖੇਡ ਦੇਵੇਗੀ ਜੋ ਕਿ ਕਸ਼ਮੀਰ ਦੇ ਸਵਰਗੀ ਵਾਤਾਵਰਣ ਵਿਚ ਜ਼ਹਿਰਾਂ ਘੋਲ ਦੇਣਗੇ ਜਿਥੋਂ ਤਕ ਕਸ਼ਮੀਰ ਵਿਚ ਵੱਡੀਆਂ ਸਨਅੱਤਾਂ ਲਾਉਣ ਦੇ ਲੋਲੀਪੋਪ ਦਿਖਾਏ ਜਾ ਰਹੇ ਹਨ ਇਹ ਸਰਾਸਰ ਝੂਠ ਹਨ ਕਿਓਂਕਿ ਇਸ ਕਿਸਮ ਦੀਆਂ ਸਨਅੱਤਾਂ ਕੇਂਦਰ ਨੇ ਪੰਜਾਬ ਵਿਚ ਤਾਂ ਲਾਈਆਂ ਨਹੀਂ ਜਿਥੇ ਕਿ ਜ਼ਮੀਨ ਜਾਇਦਾਦ ਖ੍ਰੀਦਣ ਦੀ ਕਿਸੇ ਨੂੰ ਵੀ ਕੋਈ ਰੁਕਾਵਟ ਨਹੀਂ ਹੈ।

     ਇਹ ਵੀ ਕਿਹਾ ਜਾਂਦਾ ਹੈ ਕਿ ਜਿਹਲ ਬਣ ਚੁੱਕੇ ਕਸ਼ਮੀਰ ਦੇ ਤਾਲੇ ਤਾਂ ਹੀ ਖੁਲ੍ਹਣਗੇ ਜਦੋਂ ਕਿ ਭਾਜਪਾ ਆਪਣੀ ਰਾਜਨੀਤਕ ਰਣਨੀਤੀ ਤਹਿਤ ਜੰਮੂ ਅਤੇ ਕਸ਼ਮੀਰ ਵਿਚ ਸੀਟਾਂ ਦੀ ਵੰਡ ਇਸ ਤਰੀਕੇ ਨਾਲ ਕਰੇਗੀ ਜਦੋਂ ਕਿ ਖੇਤਰਫਲ ਅਤੇ ਵੋਟਾਂ ਦੀ ਗਿਣਤੀ ਦੇ ਲਿਹਾਜ ਨਾਲ ਭਾਜਪਾ ਜੇਤੂ ਅਤੇ ਹਾਵੀ ਹੋ ਜਾਵੇਗੀ। ਇਸ ਅਮਲ ਵਿਚ ਕਸ਼ਮੀਰੀ ਖਾੜਕੂਆਂ ਨਾਲ ਕੀ ਬੀਤੇਗੀ ਇਸ ਦਾ ਅੰਦਾਜ਼ਾ ਵੀ ਚੰਗੀ ਤਰਾਂ ਲਗਾਇਆ ਜਾ ਸਕਦਾ ਹੈ। ਇਸ ਵੇਲੇ ਸੋਸ਼ਲ ਸਾਈਟਾਂ &lsquoਤੇ ਕਸ਼ਮੀਰੀਆਂ ਦੀ ਕੁੱਟ ਮਾਰ ਕਰਕੇ ਉਹਨਾ ਤੋਂ ਪਾਕਿਸਤਾਨ ਮੁਰਦਾਬਾਦ ਕਹਾਇਆ ਜਾ ਰਿਹਾ ਹੈ ਅਤੇ ਖੁਦ ਨੂੰ ਗਾਲਾਂ ਕਢਵਾਈਆਂ ਜਾ ਰਹੀਆਂ ਹਨ। ਦਿੱਲੀ ਵਿਚ ਭਗਤ ਰਵੀਦਾਸ ਜੀ ਦਾ ਇੱਕ ਮੰਦਰ ਹਿੰਦੁਤਵੀਆਂ ਵਲੋਂ ਤੋੜ ਦਿੱਤਾ ਗਿਆ ਹੈ ਅਤੇ ਹੁਣ ਦਲ ਖਾਲਸਾ ਅਤੇ ਅਮ੍ਰਿਤਸਰ ਅਕਾਲੀ ਦਲ ਵਾਂਗ ਹੀ ਰਵੀਦਾਸ ਭਾਈਚਾਰਾ ੧੫ ਅਗਸਤ ਨੂੰ ਕਾਲੇ ਦਿਨ ਵਜੋਂ ਮਨਾ ਰਹੇ ਹਨ । ਸੰਘੀ ਆਗੂਆਂ ਦੀ ਚੁੱਕ ਵਿਚ ਭਾਰਤ ਦੀ ਹਿੰਦੂ ਬਹੁ ਗਿਣਤੀ ਘੱਟਗਿਣਤੀਆਂ ਨੂੰ ਅਛੂਤਾਂ ਵਾਂਗ ਦੇਖਣ ਲੱਗੀ ਹੈ ਅਤੇ ਇਹ ਕਹਿਣਾ ਵੀ ਅਤਕਥਨੀ ਨਹੀਂ ਹੈ ਕਿ ਹਿੰਦੂ ਰਾਜ ਦੀ ਧੁੰਨ ਵਿਚ ਭਾਜਪਾਈ ਆਗੂ ਪੂਰੇ ਹਿੰਦੋਸਤਾਨ ਨੂੰ ਹੀ ਕਾਲ ਕੋਠੜੀ ਦਾ ਰੂਪ ਦੇਣ ਵਲ ਵਧ ਰਹੇ ਹਨ।

 ਲੇਖਕ: ਕੁਲਵੰਤ ਸਿੰਘ ਢੇਸੀ