image caption:

ਸ਼੍ਰੀਲੰਕਾਈ ਸਪਿਨਰ ਅਜੰਤਾ ਮੈਂਡਿਸ ਨੇ ਕ੍ਰਿਕਟ ਤੋਂ ਲਿਆ ਸੰਨਿਆਸ

 ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਹੈਰਾਨ ਕਰਨ ਵਾਲੇ ਸ਼੍ਰੀਲੰਕਾਈ ਸਪਿਨਰ ਅਜੰਤਾ ਮੈਂਡਿਸ ਵੱਲੋਂ ਕ੍ਰਿਕਟ ਦੇ ਤਿੰਨਾਂ ਫਾਰਮੈਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਗਿਆ ਹੈ । ਦਰਅਸਲ, ਸਾਲ 2015 ਤੋਂ ਸ਼੍ਰੀਲੰਕਾਈ ਟੀਮ ਤੋਂ ਬਾਹਰ ਚੱਲ ਰਹੇ ਮੈਂਡਿਸ ਵੱਲੋਂ ਨੈਸ਼ਨਲ ਟੀਮ ਵਿੱਚ ਮੌਕਾ ਨਾ ਮਿਲਣ ਕਾਰਨ ਸੰਨਿਆਸ ਦਾ ਫੈਸਲਾ ਲਿਆ ਗਿਆ ਹੈ ।

ਜ਼ਿਕਰਯੋਗ ਹੈ ਕਿ ਅਜੰਤਾ ਮੈਂਡਿਸ ਨੇ ਵਨਡੇ ਮੁਕਾਬਲਿਆਂ ਵਿੱਚ 152, ਟੈਸਟ ਵਿੱਚ 70 ਅਤੇ ਟੀ20 ਮੈਚਾਂ ਵਿੱਚ 66 ਵਿਕਟਾਂ ਆਪਣੇ ਨਾਂ ਕੀਤੀਆਂ । ਜੇਕਰ ਇਥੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਅਜੰਤਾ ਮੈਂਡਿਸ ਦਾ ਭਾਰਤੀ ਕ੍ਰਿਕਟ ਟੀਮ ਖਿਲਾਫ਼ ਵੀ ਪ੍ਰਦਰਸ਼ਨ ਬਹੁਤ ਵਧੀਆ ਰਿਹਾ । ਇਸ ਦਾ ਅੰਦਾਜਾ ਸਾਲ 2008 ਵਿੱਚ ਹੋਏ ਏਸ਼ੀਆ ਕੱਪ ਫਾਈਨਲ ਤੋਂ ਲਗਾਇਆ ਜਾ ਸਕਦਾ ਹੈ ।

ਜਿਸ ਵਿੱਚ ਮੈਂਡਿਸ ਨੇ ਸਿਰਫ 13 ਦੌੜਾਂ ਦੇ ਕੇ 6 ਭਾਰਤੀ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜ ਦਿੱਤਾ ਸੀ । ਦੱਸ ਦੇਈਏ ਕਿ ਆਪਣੇ ਕਰੀਅਰ ਵਿੱਚ ਮੈਂਡਿਸ ਨੇ ਬਹੁਤ ਸਾਰੇ ਰਿਕਾਰਡ ਆਪਣੇ ਨਾਮ ਕੀਤੇ ਹਨ । ਸਭ ਤੋਂ ਪਹਿਲਾਂ ਮੈਂਡਿਸ ਟੀ20 ਕ੍ਰਿਕਟ ਵਿੱਚ  2 ਵਾਰ 6 ਵਿਕਟਾਂ ਲੈਣ ਵਾਲੇ ਦੁਨੀਆ ਦੇ ਇਕਲੌਤੇ ਗੇਂਦਬਾਜ਼ ਬਣੇ ।

ਇਸ ਤੋਂ ਬਾਅਦ ਟੀ20 ਵਿੱਚ ਉਨ੍ਹਾਂ ਨੇ ਸਿਰਫ਼ 16 ਦੌੜਾਂ ਦੇ ਕੇ ਆਸਟ੍ਰੇਲੀਆ ਖਿਲਾਫ਼ 6 ਵਿਕਟਾਂ ਹਾਸਿਲ ਕੀਤੀਆਂ ਸਨ । ਇਸ ਤੋਂ ਇਲਾਵਾ ਮੈਂਡਿਸ ਨੇ ਜਿੰਬਾਬਵੇ ਖਿਲਾਫ਼ ਹੰਬਨਟੋਟਾ ਵਿੱਚ ਵੀ ਸਿਰਫ 8 ਦੌੜਾਂ ਦੇ ਕੇ 6 ਵਿਕਟਾਂ ਹਾਸਿਲ ਕੀਤੀਆਂ ਸਨ । ਸਾਲ 2008 ਵਿੱਚ ਟੈਸਟ ਵਿੱਚ ਡੈਬਿਊ ਕਰਦੇ ਹੋਏ ਮੈਂਡਿਸ 132 ਦੌੜਾਂ ਦੇ ਕੇ 8 ਵਿਕਟਾਂ ਲੈਣ ਵਾਲੇ ਪਹਿਲੇ ਸ਼੍ਰੀਲੰਕਾਈ ਗੇਂਦਬਾਜ਼ ਬਣੇ ਸਨ ।