image caption: ਰਜਿੰਦਰ ਸਿੰਘ ਪੁਰੇਵਾਲ

ਕਰਤਾਰਪੁਰ ਲਾਂਘੇ ਦਾ ਕੌਣ ਕਰ ਰਿਹਾ ਏ ਵਿਰੋਧ

ਕਰਤਾਰਪੁਰ ਲਾਂਘੇ ਦਾ ਕਾਰਜ ਤੇਜ਼ੀ ਨਾਲ ਸ਼ੁਰੂ ਹੋ ਚੁੱਕਾ ਹੈ, ਇਸ ਬਾਰੇ ਅਸੀਂ
ਭਾਰਤ-ਪਾਕਿਸਤਾਨ ਦੋਹਾਂ ਸਰਕਾਰਾਂ ਨੂੰ ਵਧਾਈ ਦੇਵਾਂਗੇ, ਕਿਉਂਕਿ ਦੋਹਾਂ ਸਰਕਾਰਾਂ ਤੋਂ
ਬਿਨਾਂ ਇਹ ਲਾਂਘਾ ਪੂਰਾ ਨਹੀਂ ਹੋ ਸਕਦਾ ਸੀ। ਭਾਜਪਾ ਦੇ ਸੁਬਰਮਾਨੀਅਮ ਸੁਆਮੀ ਨੇ
ਭਗਵੀਂ ਸੋਚ ਤਹਿਤ ਜੋ ਗੁਰੂ ਨਾਨਕ ਲਾਂਘੇ ਬਾਰੇ ਅਮਨ ਤੇ ਸ਼ਾਂਤੀ ਦੇ ਪੈਗਾਮ ਵਿਰੁੱਧ ਜੋ
ਫਿਰਕੂ ਬਿਆਨ ਦਿੱਤਾ ਹੈ, ਉਹ ਅਤਿਅੰਤ ਖਤਰਨਾਕ ਹੈ। ਇਹੋ ਜਿਹੇ ਲੀਡਰਾਂ ਨੂੰ ਮੋਦੀ
ਸਰਕਾਰ ਨੱਥ ਪਾਵੇ ਤਾਂ ਜੋ ਸਮਾਜ ਵਿਚ ਚੰਗਾ ਸੁਨੇਹਾ ਜਾਵੇ।  ਹੁਣੇ ਜਿਹੇ ਭਾਰਤ ਤੇ
ਪਾਕਿਸਤਾਨ ਦੇ ਤਕਨੀਕੀ ਮਾਹਿਰਾਂ ਦੀ ਮੀਟਿੰਗ ਡੇਰਾ ਬਾਬਾ ਨਾਨਕ ਕੋਲ ਕੌਮਾਂਤਰੀ ਸੀਮਾ
&rsquoਤੇ ਜ਼ੀਰੋ ਲਾਈਨ &rsquoਤੇ ਹੋਈ, ਜਿਸ ਦੌਰਾਨ ਦੋਵਾਂ ਦੇਸ਼ਾਂ ਨੇ ਲਾਂਘੇ ਦਾ ਕੰਮ 31 ਅਕਤੂਬਰ
ਤੱਕ ਹਰ ਹਾਲਤ ਵਿੱਚ ਮੁਕੰਮਲ ਕੀਤੇ ਜਾਣ ਦਾ ਭਰੋਸਾ ਦਿੱਤਾ। ਕੇਂਦਰੀ ਗ੍ਰਹਿ ਮੰਤਰੀ
ਅਮਿਤ ਸ਼ਾਹ ਦਾ ਬਿਆਨ ਵੀ ਸ਼ਲਾਘਾਯੋਗ ਹੈ, ਜਿਹਨਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ
ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨ ਲਈ ਵਚਨਬੱਧ
ਹੈ। ਇਸ ਲਾਂਘੇ ਰਾਹੀਂ ਭਾਰਤੀ ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਤੋਂ ਕਰਤਾਰਪੁਰ ਸਾਹਿਬ
ਆ-ਜਾ ਸਕਣਗੇ।
ਦੂਜੇ ਪਾਸੇ ਕਸ਼ਮੀਰ ਮੁੱਦੇ ਨੂੰ ਲੈ ਕੇ ਪ੍ਰਮਾਣੂ ਸਮੱਰਥਾ ਰੱਖਣ ਵਾਲੇ ਦੋਵਾਂ ਗੁਆਂਢੀ
ਮੁਲਕਾਂ ਵਿਚ ਜਾਰੀ ਤਣਾਅ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਮੰਨਣਾ
ਹੈ ਕਿ ਅਸੀਂ ਕਦੇ ਵੀ ਭਾਰਤ ਨਾਲ ਜੰਗ ਸ਼ੁਰੂ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੇ ਬੀਤੇ
ਦਿਨੀਂ ਗਵਰਨਰ ਹਾਊਸ ਵਿਖੇ ਸਿੱਖ ਭਾਈਚਾਰੇ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ
ਕਿ ਅਸੀਂ ਕਦੇ ਵੀ ਜੰਗ ਦੀ ਸ਼ੁਰੂਆਤ ਨਹੀਂ ਕਰਾਂਗੇ, ਕਿਉਂਕਿ ਪਾਕਿਸਤਾਨ ਤੇ ਭਾਰਤ
ਦੋਵੇਂ ਪ੍ਰਮਾਣੂ ਤਾਕਤਾਂ ਹਨ ਅਤੇ ਤਣਾਅ ਵਧਣ 'ਤੇ ਵਿਸ਼ਵ ਨੂੰ ਖ਼ਤਰੇ ਦਾ ਸਾਹਮਣਾ ਕਰਨਾ
ਪੈ ਸਕਦਾ ਹੈ। ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਤੇ ਉਹ ਭਾਰਤ ਨੂੰ ਦੱਸਣਾ
ਚਾਹੁੰਦੇ ਹਨ ਕਿ ਜੰਗ ਜਿੱਤਣ ਵਾਲਾ ਵੀ ਅੰਤ ਹਾਰਿਆ ਹੀ ਹੁੰਦਾ ਹੈ। ਉਹਨਾਂ ਭਾਰਤ
ਸਰਕਾਰ ਨੂੰ ਸੁਝਾਅ ਦਿੱਤਾ ਦੋਹਾਂ ਦੇਸ਼ਾਂ ਲਈ ਵਾਤਾਵਰਣ ਬਦਲਾਅ ਤੇ ਪਾਣੀ ਦੀ ਥੋੜ ਜਿਹੇ
ਮਸਲਿਆਂ ਸਮੇਤ ਕਸ਼ਮੀਰ ਦੇ ਵਿਵਾਦ ਨੂੰ ਮਿਲ ਕੇ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਇਮਰਾਨ ਨੇ ਸਿੱਖ ਭਾਈਚਾਰੇ ਲਈ ਵੱਡਾ ਕੰਮ ਕੀਤਾ ਹੈ।
ਇਮਰਾਨ ਦਾ ਕਹਿਣਾ ਹੈ ਕਿ ਵੱਖ-ਵੱਖ ਯੂਰਪੀਨ ਦੇਸ਼ਾਂ ਤੋਂ ਆਉਣ ਵਾਲੇ ਸਿੱਖਾਂ ਨੂੰ
ਮਲਟੀਪਲ ਵੀਜ਼ਾ ਜਾਰੀ ਕੀਤੇ ਜਾਣਗੇ ਤਾਂ ਜੋ ਉਹ ਆਪਣੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰ
ਸਕਣ।
ਇਸ ਤੋਂ ਸਪੱਸ਼ਟ ਹੈ ਕਿ ਪਾਕਿਸਤਾਨ ਵੀ ਜੰਗ ਨਹੀਂ ਚਾਹੁੰਦਾ, ਪਰ ਉਹ ਕਸ਼ਮੀਰ ਮਸਲੇ ਦਾ
ਹੱਲ ਚਾਹੁੰਦਾ ਹੈ। ਇਸ ਸੰਬੰਧ ਵਿਚ ਦੋਹਾਂ ਦੇਸਾਂ ਵਿਚ ਅਮਨ, ਸ਼ਾਂਤੀ ਨਾਲ ਮੀਟਿੰਗ
ਕਰਕੇ ਇਹ ਹੱਲ ਭਾਲਣ ਦੀ ਲੋੜ ਹੈ। ਪਰ ਕੁਝ ਭਾਰਤੀ ਫਿਰਕੂ ਮੀਡੀਆ ਤੇ ਸਿੱਖ ਵਿਰੋਧੀ
ਸੰਸਥਾਵਾਂ ਕਰਤਾਰਪੁਰ ਲਾਂਘੇ ਦਾ ਵਿਰੋਧ ਕਰਕੇ ਭਾਰਤ ਨੂੰ ਪਾਕਿਸਤਾਨ ਉੱਪਰ ਹਮਲੇ ਲਈ
ਉਕਸਾ ਰਹੀਆਂ ਹਨ। ਦੂਜੇ ਪਾਸੇ ਪਾਕਿਸਤਾਨ ਨੂੰ ਵੀ ਉਥੋਂ ਦੇ ਫਿਰਕੂਆਂ ਦੇ ਵਿਚਾਰਧਾਰਕ
ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਹ ਭਾਰਤ ਉੱਪਰ ਜੰਗੀ ਕਾਰਵਾਈ ਕਰੇ। ਜਦੋਂ
ਦੋਹਾਂ ਦੇ ਸੰਬੰਧ ਏਨੇ ਵਿਗੜ ਚੁੱਕੇ ਹਨ ਤਾਂ ਇਕੋ ਇਕ ਹੱਲ ਗੁਰੂ ਨਾਨਕ ਦਾ ਖੁੱਲ੍ਹਾ
ਲਾਂਘਾ ਹੈ, ਜੋ ਦੋਹਾਂ ਦੀਆਂ ਸਾਂਝਾਂ ਨੂੰ ਬੁਲੰਦ ਕਰ ਸਕਦਾ ਹੈ ਤੇ ਉਲਝੇ ਮਸਲਿਆਂ ਨੂੰ
ਨਿਪਟਾ ਸਕਦਾ ਹੈ।
ਪੰਜਾਬ ਦੇ ਇਕ ਫਿਰਕੂ ਮੀਡੀਏ ਨੇ ਇਸ ਲਾਂਘੇ ਬਾਰੇ ਘਟੀਆ ਪੱਧਰ ਦੇ ਸੁਆਲ ਉਠਾਏ ਹਨ ਕਿ
ਇਸ ਰਸਤੇ ਦੀ ਵਰਤੋਂ ਪਾਕਿਸਤਾਨ ਭਾਰਤ ਵਿਚ ਅੱਤਵਾਦੀ ਸਰਗਰਮੀਆਂ ਨੂੰ ਵਧਾਉਣ ਲਈ ਤਾਂ
ਨਹੀਂ ਕਰੇਗਾ? ਉਸ ਨੇ ਇਹ ਖਬਰ ਛਾਪੀ ਹੈ ਕਿ ਪਾਕਿਸਤਾਨ ਦੀ ਫ਼ੌਜ ਤੇ ਸਰਕਾਰ ਖ਼ਾਲਿਸਤਾਨੀ
ਮੁਹਿੰਮ ਜ਼ਰੀਏ ਭਾਰਤ ਨੂੰ ਪਰੇਸ਼ਾਨ ਕਰੇਗੀ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ
ਦਾ ਇਸ ਬਾਰੇ ਵਿਚਾਰ ਸ਼ਲਾਘਾਯੋਗ ਨਹੀਂ ਹੈ। ਉਹ ਵੀ ਅੰਦਰਖਾਤੇ ਖੁੱਲ੍ਹੇ ਲਾਂਘੇ ਦੀ
ਵਿਰੋਧਤਾ ਕਰ ਜਾਂਦਾ ਹੈ। ਕੈਪਟਨ ਦਾ ਇਹ ਕਹਿਣਾ ਹੈ ਕਿ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ
ਦੀ ਪ੍ਰਕਿਰਿਆ ਤੋਂ ਕਾਫ਼ੀ ਖ਼ੁਸ਼ ਪਰ ਸਾਨੂੰ ਸੰਭਲ ਕੇ ਚੱਲਣ ਦੀ ਲੋੜ ਹੈ।  ਜੇਕਰ
ਪਾਕਿਸਤਾਨ ਨੇ ਅੱਤਵਾਦ ਨੂੰ ਵਧਾਉਣਾ ਹੈ ਤਾਂ ਉਸ ਕੋਲ ਹੋਰ ਬਹੁਤ ਰਸਤੇ ਹਨ। ਪਰ ਉਹ
ਖੁੱਲ੍ਹੇ ਲਾਂਘੇ ਰਾਹੀਂ ਬਦਨਾਮੀ ਨਹੀਂ ਖੱਟ ਸਕਦਾ। ਦੂਜੀ ਗੱਲ ਇਹ ਹੈ ਕਿ ਭਾਰਤ ਦੀਆਂ
ਖੁਫੀਆ ਏਜੰਸੀਆਂ ਦੀਆਂ ਨਜ਼ਰਾਂ ਵੀ ਇਸ ਖੁੱਲ੍ਹੇ ਲਾਂਘੇ 'ਤੇ ਰਹਿਣਗੀਆਂ। ਇਸ ਲਈ ਅਜਿਹੀ
ਹਰਕਤ ਦੀ ਸੰਭਾਵਨਾ ਬਿਲਕੁਲ ਨਹੀਂ ਹੈ, ਪਰ ਫਿਰਕੂ ਤੇ ਅਖੌਤੀ ਰਾਸ਼ਟਰਵਾਦੀ ਖੁੱਲ੍ਹੇ
ਲਾਂਘੇ  ਦਾ ਵਿਰੋਧ ਕਰਕੇ ਬਹੁਗਿਣਤੀ ਵਿਚ ਆਪਣੀ ਬੱਲੇ ਬੱਲੇ ਕਰਵਾਉਣਾ ਚਾਹੁੰਦੇ ਹਨ।
ਹਾਲਾਂ ਕਿ ਭਾਰਤ ਦੇ ਸਿਆਣੇ ਲੋਕ ਕਿਸੇ ਵੀ ਤਰ੍ਹਾਂ ਭਾਰਤ-ਪਾਕਿ ਦੀ ਜੰਗ ਨਹੀਂ
ਚਾਹੁੰਦੇ। ਉਹ ਇਹ ਵੀ ਜਾਣਦੇ ਹਨ ਭਾਰਤ-ਪਾਕਿ ਦੀ ਆਰਥਿਕਤਾ ਅਤਿਅੰਤ ਕਮਜ਼ੋਰ ਹੈ। ਜੇਕਰ
ਜੰਗ ਹੋਈ ਤਾਂ ਲੋਕ ਤੇ ਦੋਵੇਂ ਦੇਸ ਤਬਾਹ ਹੋ ਜਾਣਗੇ। ਇੱਥੋਂ ਤੱਕ ਭੁੱਖਮਰੀ ਤੇ ਕਈ
ਬਿਮਾਰੀਆਂ ਫੈਲ ਜਾਣਗੀਆਂ। ਪਰ ਜੰਗ ਦੀ ਗੱਲਾਂ ਕਰਨ ਵਾਲੇ ਦਿਵਾਲੀ ਵਿਚ ਫੁੱਲਝੜੀਆਂ
ਚਲਾਉਣ ਦਾ ਤਮਾਸ਼ਾ ਹੀ ਸਮਝਦੇ ਹਨ। ਦੱਖਣੀ ਏਸ਼ੀਆ ਕੋਲ ਇਕੋ ਇਕ ਤਾਕਤ ਵਿਸ਼ਵ ਸ਼ਾਂਤੀ ਦੀ
ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਮਿਸ਼ਨ ਤੇ ਫਿਲਾਸਫੀ ਹੈ, ਜਿਸ ਤੋਂ ਸੇਧ ਲੈ ਕੇ
ਅਸੀਂ ਨਫ਼ਰਤਾਂ ਦੀ ਕੰਧ ਤੋੜ ਸਕਦੇ ਹਾਂ।