image caption:

ਅਮਰੀਕਾ ਜਾਣ ਲਈ 32 ਸਾਲਾ ਨੌਜਵਾਨ ਭੇਸ ਦਲ ਕੇ ਬਣਿਆ 81 ਸਾਲਾ ਬਜ਼ੁਰਗ, ਗ੍ਰਿਫ਼ਤਾਰ

ਨਵੀਂ ਦਿੱਲੀ-  ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ 32 ਸਾਲਾ ਨੌਜਵਾਨ ਫੜਿਆ ਗਿਆ, ਜੋ ਕਿ 81 ਸਾਲ ਦੇ ਬਜੁਰਗ ਦੇ ਪਾਸਪੋਰਟ 'ਤੇ ਅਮਰੀਕਾ ਜਾਣਾ ਚਾਹੁੰਦਾ ਸੀ। ਉਸ ਨੇ ਬਜ਼ੁਰਗ ਜਿਹਾ ਹੁਲੀਆ ਬਣਾਇਆ। ਦਾੜ੍ਹੀ ਅਤੇ ਵਾਲਾਂ ਨੂੰ ਡਾਈ ਨਾਲ ਚਿੱਟਾ ਕੀਤਾ। ਚਸ਼ਮਾ ਵੀ ਪਹਿਨਿਆ ਅਤੇ ਬਜ਼ੁਰਗ ਜਿਹੇ ਕੱਪੜੇ ਵੀ ਪਾਏ। ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ  ਵੀਲਚੇਅਰ 'ਤੇ ਏਅਰਪੋਰਟ ਪੁੱਜਿਆ। ਲੇਕਿਨ ਅਪਣੇ ਚਿਹਰੇ 'ਤੇ ਨਕਲੀ  ਝੁਰੜੀਆਂ ਨਹੀਂ ਬਣਾ ਸਕਿਆ। ਨੌਜਵਾਨ ਜਿਹੀ ਚਮੜੀ ਕਾਰਨ ਫੜਿਆ ਗਿਆ। ਹੋਇਆ ਇੰਜ ਕਿ ਰਾਤ ਕਰੀਬ 8 ਵਜੇ ਏਅਰਪੋਰਟ ਦੇ ਟਰਮਿਨਲ 3 'ਤੇ ਇੱਕ ਬਜ਼ੁਰਗ ਵੀਲਚੇਅਰ 'ਤੇ ਪੁੱਜਦਾ ਹੈ। ਉਹ ਰਾਤ ਪੌਣੇ 11 ਵਜੇ ਨਿਊਯਾਰਕ ਜਾਣ ਵਾਲੀ ਫਲਾਈਟ ਵਿਚ ਸਵਾਰ ਹੋਣਾ ਚਾਹੁੰਦਾ ਸੀ। ਸਕਿਓਰਿਟੀ ਇੰਸਪੈਕਟਰ ਨੇ ਉਸ ਨੂੰ ਮੈਟਲ ਡਿਟੈਕਟਰ ਡੋਰ ਕਰਾਸ ਕਰਨ ਨੂੰ ਕਿਹਾ, ਲੇਕਿਨ ਬਜ਼ੁਰਗ ਨੇ ਕਿਹਾ ਚਲਣਾ ਤਾਂ ਦੂਰ ਉਹ ਸਿੱਧਾ ਖੜ੍ਹਾ ਤੱਕ ਨਹੀਂ ਹੋ ਸਕਦਾ। ਗੱਲਬਾਤ ਦੌਰਾਨ ਉਹ ਆਵਾਜ਼ ਭਾਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਮੂੰਹ ਫੇਰਨ ਲੱਗਾ। ਉਸ ਦੀ ਚਮੜੀ ਕਾਰਨ ਸਕਿਓਰਿਟੀ ਸਟਾਫ਼ ਨੂੰ ਉਸ ਦੀ ਉਮਰ 'ਤੇ ਸ਼ੱਕ ਹੋਇਆ। ਕਿਉਂਕਿ ਉਸ ਦੇ ਮੂੰਹ 'ਤੇ ਝੁਰੜੀਆਂ ਨਹੀਂ ਸਨ। ਫੇਰ ਉਸ ਦਾ ਪਾਸਪੋਰਟ ਚੈਕ ਕੀਤਾ ਜੋ ਬਿਲਕੁਲ ਸਹੀ ਸੀ। ਇਸ ਵਿਚ ਉਸ ਦਾ ਨਾਂ ਅਮਰੀਕ ਸਿੰਘ ਅਤੇ ਜਨਮ ਤਾਰੀਕ 1 ਫਰਵਰੀ 1938 ਦਰਜ ਸੀ। ਪੁਛਗਿੱਛ ਦੌਰਾਨ ਜਦ ਸਕਿਓਰਿਟੀ ਸਟਾਫ਼ ਨੂੰ ਸਮਝ ਵਿਚ ਆ ਗਿਆ ਕਿ ਇਹ ਬਜ਼ੁਰਗ ਨਹੀਂ ਨੌਜਵਾਨ ਹੈ। ਤਾਂ ਉਸ ਨੂੰ ਸੱਚ ਬੋਲਣਾ ਪਿਆ। ਉਸ ਨੇ ਦੱਸਿਆ ਕਿ ਉਸ ਦਾ ਅਸਲੀ ਨਾਂ ਜਏਸ਼ ਪਟੇਲ ਹੈ। ਉਮਰ 32 ਸਾਲ ਅਤੇ ਪਤਾ ਅਹਿਮਦਾਬਾਦ ਹੈ। ਇਸ ਤੋਂ ਬਾਅਦ ਉਸ ਨੂੰ ਇਮੀਗਰੇਸ਼ਨ ਦੇ ਅਫ਼ਸਰਾਂ ਦੇ ਹਵਾਲੇ ਕਰ ਦਿੱਤਾ।