image caption:

ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ, ਕਈ ਜ਼ਖ਼ਮੀ

ਫਿਰੋਜ਼ਪੁਰ-  ਪੁਰਾਣੀ ਰੰਜਿਸ਼ ਨੂੰ ਲੈ ਕੇ ਭਖੇ ਵਿਵਾਦ ਤੋਂ ਪਿੰਡ ਸ਼ੇਰ ਖਾਂ ਵਿਖੇ ਸ਼ਨਿਚਰਵਾਰ ਦੇਰ ਸ਼ਾਮ ਦੋ ਧਿਰਾਂ ਵਿਚ ਟਕਰਾਅ ਹੋ ਗਿਆ। ਇਸ ਦੌਰਾਨ ਪੱਥਰਬਾਜ਼ੀ ਵਿਚ ਦੋਹਾਂ ਧਿਰਾਂ ਦੇ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਅਤੇ ਗੰਭੀਰ ਜ਼ਖ਼ਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਵਿਖੇ ਦਾਖਲ ਵਾਲਮੀਕਿ ਭਾਈਚਾਰੇ ਦੇ ਲੋਕਾਂ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਪਿੰਡ ਸ਼ੇਰ ਖਾਂ ਵਿਖੇ ਬਾਜ਼ਾਰ ਬੰਦ ਕਰਵਾਉਣ ਨੂੰ ਲੈ ਕੇ ਵਧੀ ਲੜਾਈ ਕਾਰਨ ਹੀ ਇਹ ਸਭ ਕੁਝ ਵਾਪਰਿਆ ਹੈ। ਦੂਜੀ ਧਿਰ ਦਾ ਕਹਿਣਾ ਹੈ ਕਿ ਉਕਤ ਧਿਰ ਵੱਲੋਂ ਮਾਮਲੇ ਨੂੰ ਜਾਣ ਬੁੱਝ ਕੇ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਡੀਐੱਸਪੀ ਦਿਹਾਤੀ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਦੀ ਚੱਕੀ 'ਤੇ ਹੋਈ ਇਸ ਲੜਾਈ ਦੀ ਵਜ੍ਹਾ ਪੁਰਾਣਾ ਉਧਾਰ ਲੈਣ-ਦੇਣ ਦਾ ਮਸਲਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਛੇਤੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਰਾਤ 9 ਵਜੇ ਦੋਹਾਂ ਧਿਰਾਂ 'ਚ ਤਕਰਾਰ ਕਾਫੀ ਵਧ ਗਿਆ। ਇਸ ਦੌਰਾਨ ਪੱਥਰਬਾਜ਼ੀ 'ਚ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਇਸ ਸਬੰਧੀ ਪਿੰੰਡ ਦੀ ਸਰਪੰਚ ਦੇ ਪਤੀ ਸੀਨੀਅਰ ਕਾਂਗਰਸੀ ਆਗੂ ਗੁਰਨਾਮ ਸਿੰਘ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਵਾਲਮੀਕਿ ਸਮਾਜ ਵੱਲੋਂ ਦਿੱਤੀ ਬੰਦ ਦੇ ਸੱਦੇ 'ਤੇ ਸਾਰੇ ਪਿੰਡ ਵੱਲੋਂ ਸਾਰਾ ਦਿਨ ਦੁਕਾਨਾਂ ਬੰਦ ਰੱਖੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਦੋ ਜਣਿਆਂ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ ਭਖੇ ਵਿਵਾਦ ਨੂੰ ਇਕ ਪਰਿਵਾਰ ਵੱਲੋਂ ਜਾਣਬੁੱਝ ਕੇ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ।