image caption: ਰਜਿੰਦਰ ਸਿੰਘ ਪੁਰੇਵਾਲ

ਦਿੱਲੀ ਸਿੱਖ ਕਤਲੇਆਮ ਤੇ ਦੋਸ਼ੀ ਮਹਾਂਰਥੀ ਕਮਲਨਾਥ

    31 ਅਕਤੂਬਰ 1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਪੰਜਾਬ ਨੂੰ ਛੱਡ ਕੇ ਲੱਗਭੱਗ ਸਾਰੇ ਮੁਲਕ ਵਿਚ ਸਿੱਖਾਂ 'ਤੇ ਜ਼ੁਲਮ ਦਾ ਜੋ ਤੂਫ਼ਾਨ ਝੁੱਲਿਆ ਉਸ ਨੂੰ ਚੋਥੇ ਘੱਲੂਘਾਰੇ ਦਾ ਨਾਮ ਦਿੱਤਾ ਜਾ ਸਕਦਾ ਹੈ। ਸਭ ਤੋਂ ਵੱਧ ਸਿੱਖਾਂ ਦੀ ਤਬਾਹੀ ਤੇ ਕਤਲੇਆਮ ਮੁਲਕ ਦੀ ਰਾਜਧਾਨੀ ਦਿੱਲੀ ਕਾਨਪੁਰ ਅਤੇ ਸਟੀਲ ਸਿਟੀ ਬੋਕਾਰੋ ਵਿਚ ਹੋਏ  ਸੀ। ਜਾਣਕਾਰੀ ਦਾ ਇੱਕੋ-ਇੱਕ ਸਾਧਨ ਸਰਕਾਰੀ ਰੇਡੀਓ ਤੇ ਦੂਰਦਰਸ਼ਨ ਸੀ। ਪ੍ਰਾਈਵੇਟ ਸਾਧਨ ਸਿਰਫ਼ ਅਖ਼ਬਾਰ ਸਨ। ਇਸ ਤੂਫ਼ਾਨ ਦੀ ਸ਼ੁਰੂਆਤ ਉਦੋਂ ਹੋ ਗਈ ਸੀ ਜਦੋਂ ਇੰਦਰਾ ਗਾਂਧੀ ਦੀ ਲਾਸ਼ ਅਜੇ ਹਸਪਤਾਲ ਵਿਚ ਹੀ ਪਈ ਸੀ। ਇਹ ਖ਼ੂਨੀ ਤੂਫ਼ਾਨ ਸਿੱਖਾਂ ਸਿੱਖਾਂ ਉੱਪਰ ਦਿਨ-ਰਾਤ ਲੱਗਭੱਗ ਚਾਰ ਦਿਨ ਝੁੱਲਦਾ ਰਿਹਾ। 31 ਅਕਤੂਬਰ ਸ਼ਾਮ ਨੂੰ ਹੀ ਅਖ਼ਬਾਰਾਂ 'ਤੇ ਸਰਕਾਰ ਨੇ ਸੈਸਰਸ਼ਿੱਪ ਮੜ੍ਹ ਦਿੱਤੀ ਤੇ ਕੋਈ ਵੀ ਖਬਰ ਬਾਹਰ ਨਾ ਆਉਣ ਦਿੱਤਾ ਕਿ ਸਿੱਖਾਂ ਨਾਲ ਕੀ ਵਾਪਰਿਆ ਹੈ। ਕੁਝ ਹਿੰਸਕ ਫ਼ਿਰਕਾਪ੍ਰਸਤ ਸਿਆਸਤਦਾਨਾਂ ਦੇ ਇਸ਼ਾਰਿਆਂ 'ਤੇ ਭੀੜਾਂ ਨੇ ਦਿੱਲੀ ਅਤੇ ਹੋਰ ਕਈ ਥਾਵਾਂ 'ਤੇ ਸਿੱਖਾਂ ਦਾ ਕਤਲੇਆਮ ਕੀਤਾ। ਏਸ ਕਤਲੇਆਮ ਨੂੰ ਸਰਕਾਰ ਨੇ ਐਂਟੀ ਸਿੱਖ ਰਾਇਟਸ ਭਾਵ ਸਿੱਖ ਵਿਰੋਧੀ ਦੰਗਿਆਂ ਦਾ ਨਾਮ ਦਿੱਤਾ। ਕਈ ਫਿਰਕੂ ਅਖ਼ਬਾਰਾਂ ਵੀ ਸਰਕਾਰ ਦੇ ਕਹਿਣ ਮੁਤਾਬਕ ਏਹਨੂੰ ਸਿੱਖ ਵਿਰੋਧੀ ਦੰਗੇ ਲਿਖਦੀਆਂ ਰਹੀਆਂ ਹਨ। ਅਖ਼ਬਾਰਾਂ ਦੀ ਰੀਸੋ-ਰੀਸ ਸਿੱਖ ਲੀਡਰ ਅਤੇ ਜਥੇਬੰਦੀਆਂ ਵੀ ਏਹਨੂੰ ਸਿੱਖ ਵਿਰੋਧੀ ਦੰਗੇ ਹੀ ਕਹਿਣ ਲੱਗ ਪਏ ਹਨ।

ਹੁਣ ਤੱਕ ਇਸ ਬਾਰੇ ਜਿਨੀਆਂ ਕਿਤਾਬਾਂ ਜਾਂ ਲੇਖ ਲਿਖੇ ਗਏ ਨੇ ਉਨ੍ਹਾਂ ਵਿਚ ਲੱਗਭੱਗ ਇਕੱਲੀ ਦਿੱਲੀ ਦਾ ਹੀ ਜਿਕਰ ਆਉਂਦਾ ਹੈ। ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿਚ 60 ਸਿੱਖਾਂ ਦੇ ਕਤਲ ਦੀਆਂ ਖ਼ਬਰਾਂ ਵੀ ਲੱਗਭੱਗ 30 ਵਰ੍ਹਿਆਂ ਮਗਰੋਂ ਸਾਹਮਣੇ ਆਈਆਂ। ਹਾਲਾਂਕਿ ਸਿੱਖਾਂ ਦੇ ਕਤਲ ਮੁਲਕ ਦੇ ਧੁਰ ਦੱਖਣੀ ਸੂਬੇ ਕੇਰਲ ਵਿਚ ਵੀ ਹੋਏ। ਸੜਕਾਂ ਅਤੇ ਰੇਲਾਂ ਵਿਚ ਸਫ਼ਰ ਕਰ ਰਹੇ ਸਿੱਖ ਮਾਰ ਦਿੱਤੇ ਗਏ। ਸਾਰੇ ਮੁਲਕ ਵਿਚ ਹੋਏ ਕਤਲੇਆਮ ਨੂੰ ਸਿਰਫ਼ ਦਿੱਲੀ ਤੱਕ ਹੀ ਸੀਮਤ ਕਰ ਦੇਣਾ ਸਿੱਖ ਲੀਡਰਸ਼ਿਪ ਦੀ ਵੱਡੀ ਅਣਗਹਿਲੀ ਦੱਸਦਾ ਹੈ। ਅਜੇ ਵੀ ਇਸ ਬਾਰੇ ਇਤਿਹਾਸ ਘੋਖਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਇਸ ਬਾਰੇ ਪਹਿਲ ਕਰੇ। ਇਸ ਬਾਰੇ ਪੂਰਾ ਵਾਈਟ ਪੇਪਰ ਛਾਪਿਆ ਜਾਣਾ ਚਾਹੀਦਾ ਹੈ। ਸਾਰੇ ਸਿੱਖਾਂ ਨੂੰ ਸੱਦਾ ਦਿੱਤਾ ਜਾਵੇ ਕਿ ਉਨ੍ਹਾਂ ਨੂੰ ਜਿਹੜੀ-ਜਿਹੜੀ ਘਟਨਾ ਦਾ ਪਤਾ ਹੋਵੇ ਉਹਦੀ ਜਾਣਕਾਰੀ ਦੇਣ।

ਇਨ੍ਹਾਂ ਘਿਨੌਣੇ ਕਤਲੇਆਮਾਂ ਤੋਂ ਬਾਅਦ 1985 ਵਿਚ ਕਾਂਗਰਸ ਬਹੁਤ ਵੱਡੀ ਬਹੁਗਿਣਤੀ ਨਾਲ ਤਾਕਤ ਵਿਚ ਆਈ। ਸੱਤਾ ਦੇ ਹੰਕਾਰ ਅਤੇ ਦੇਸ਼ ਵਿਚ ਬਣੀ ਰਹੀ ਘੱਟ ਗਿਣਤੀਆਂ ਸਬੰਧੀ ਸੋਚ ਨੇ ਹਜ਼ਾਰਾਂ ਮੌਤਾਂ ਨਾਲ ਸਬੰਧਿਤ ਕੇਸਾਂ ਦੀ ਤਫ਼ਤੀਸ਼ ਨੂੰ ਬੰਦ ਕਰ ਦਿੱਤਾ। ਜਮਹੂਰੀ ਅਧਿਕਾਰਾਂ ਸਬੰਧੀ ਕੁਝ ਸੰਗਠਨਾਂ ਨੇ ਇਸ ਸਬੰਧ ਵਿਚ ਤੱਥ ਇਕੱਠੇ ਕਰਕੇ ਰਿਪੋਰਟ ਵੀ ਪੇਸ਼ ਕੀਤੀ ਸੀ, ਜਿਨ੍ਹਾਂ ਵਿਚ ਕਾਂਗਰਸੀ ਆਗੂਆਂ ਦੁਆਰਾ ਹਿੰਸਾ ਭੜਕਾਏ ਜਾਣ ਵਾਲੀ ਭੂਮਿਕਾ ਉੱਭਰ ਕੇ ਸਾਹਮਣੇ ਆਈ। ਇਨ੍ਹਾਂ ਵਿਚ ਐੱਚਕੇਐੱਲ ਭਗਤ, ਜਗਦੀਸ਼ ਟਾਈਟਲਰ, ਕਮਲ ਨਾਥ, ਸੱਜਣ ਕੁਮਾਰ, ਧਰਮ ਦਾਸ ਸ਼ਾਸਤਰੀ ਤੇ ਹੋਰ ਕਾਂਗਰਸੀ ਆਗੂਆਂ ਦੇ ਨਾਂ ਸ਼ਾਮਿਲ ਸਨ। ਪਰ ਸੱਤਾਧਾਰੀਆਂ ਦਾ ਪੁਲੀਸ ਅਤੇ ਹੋਰ ਜਾਂਚ ਏਜੰਸੀਆਂ ਉੱਤੇ ਏਨਾ ਦਬਾਅ ਹੈ ਕਿ ਇਨਸਾਫ਼ ਨਾ ਮਿਲ ਸਕਿਆ। ਗਵਾਹ ਖਰੀਦ ਲਏ ਗਏ, ਸਬੂਤ ਮਿਟਾ ਦਿੱਤੇ ਗਏ, ਸਜ਼ਾਵਾਂ ਕਿਸ ਨੂੰ ਮਿਲਣੀਆਂ ਸਨ? ਨਾ ਅਦਾਲਤਾਂ ਨੇ ਇਨਸਾਫ਼ ਦਿੱਤਾ ਨਾ ਜੁਡੀਸੀਅਲ ਕਮਿਸ਼ਨਾਂ ਨੇ ਇਨਸਾਫ਼ ਕੀਤਾ। ਹੁਣ ਤੱਕ ਸਾਰੀ ਡਰਾਮੇਬਾਜ਼ੀ ਹੋਈ। ਦਿੱਲੀ ਪੁਲੀਸ ਦੇ ਰਜਿਸਟਰ ਕੀਤੇ 587 ਕੇਸਾਂ ਵਿਚੋਂ ਕੁਝ ਕੇਸਾਂ ਤੋਂ ਬਿਨਾਂ ਬਾਕੀ ਦੇ ਸਾਰੇ ਕੇਸਾਂ ਵਿਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਅਸਫ਼ਲ ਰਹੀ। ਦਿੱਲੀ ਵਿਚ ਸੁਲਤਾਨਪੁਰੀ, ਮੁੰਗੋਲਪੁਰੀ, ਤ੍ਰਿਲੋਕਪੁਰੀ ਅਤੇ ਹੋਰ ਇਲਾਕਿਆਂ ਵਿਚ ਹੋਏ ਕਤਲੇਆਮਾਂ ਦੇ ਪੀੜਤਾਂ ਨੂੰ ਨਿਆਂ ਪ੍ਰਾਪਤ ਕਰਨ ਲਈ ਵਰ੍ਹਿਆਂ ਦੇ ਵਰ੍ਹੇ ਅਦਾਲਤਾਂ ਵਿਚ ਜਾ ਕੇ ਪੈਰ ਘਸਾਉਣੇ ਪਏ। ਲੋਕ ਬ੍ਰਿਖ ਹੋ ਗਏ, ਇਨਸਾਫ਼ ਨਾ ਮਿਲਿਆ। 2018 ਵਿਚ ਸੁਪਰੀਮ ਕੋਰਟ ਨੇ ਇਕ ਵਿਸ਼ੇਸ਼ ਜਾਂਚ ਏਜੰਸੀ ਬਣਾ ਕੇ ਕੇਸਾਂ ਦੀ ਦੁਬਾਰਾ ਜਾਂਚ ਕਰਨ ਦੇ ਆਦੇਸ਼ ਦਿੱਤੇ।

ਐੱਸਆਈਟੀ ਦੀ ਤਫ਼ਤੀਸ਼ ਕਾਰਨ ਕੁਝ ਲੋਕਾਂ ਨੂੰ ਸਜ਼ਾਵਾਂ ਹੋਈਆਂ। ਆਖਿਰਕਾਰ ਸਿੱਖ ਭਾਈਚਾਰੇ ਨੂੰ ਉਦੋਂ ਵੱਡੀ ਰਾਹਤ ਮਿਲੀ ਜਦੋਂ 1984 ਦੇ ਸਿੱਖ ਕਤਲੇਆਮ ਕੇਸਾਂ ਦੀ ਮੁੜ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀਮ) ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਖਿਲਾਫ ਕੇਸ ਮੁੜ ਖੋਲ੍ਹ ਦਿੱਤਾ। ਇਸ ਗੱਲ ਦਾ ਪ੍ਰਗਟਾਵਾ ਹੁਣੇ ਜਿਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਹੋਰ ਆਗੂਆਂ ਨੇ ਕੀਤਾ ਹੈ। ਇਹਨਾਂ ਸਿੱਖ ਆਗੂਆਂ ਨੇ ਦੱਸਿਆ ਕਿ ਐਸ ਆਈ ਟੀ ਨੇ ਪਾਰਲੀਮੈਂਟ ਸਟ੍ਰੀਟ ਪੁਲਿਸ ਥਾਣੇ ਵਿਚ ਦਰਜ ਹੋਇਆ ਕੇਸ ਮੁੜ ਜਾਂਚ ਲਈ ਖੋਲ੍ਹ ਦਿੱਤਾ ਹੈ। ਇਹ ਮਾਮਲਾ 1984 ਵਿਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਏ ਕਤਲੇਆਮ ਨਾਲ ਸਬੰਧਿਤ ਹੈ। ਐਸ ਆਈ ਟੀ ਨੇ ਇਹ ਕੇਸ ਅਤੇ ਹੋਰ ਕੇਸ ਮੁੜ ਖੋਲ੍ਹੇ ਜਾਣ ਦਾ ਨੋਟਿਸ ਅਖਬਾਰਾਂ ਵਿਚ ਛਪਵਾ ਕੇ ਵਿਅਕਤੀਆਂ, ਵਿਅਕਤੀਆਂ ਦੇ ਸਮੂਹ, ਐਸੋਸੀਏਸ਼ਨਾਂ, ਸੰਸਥਾਵਾਂ ਤੇ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਹਨਾਂ ਕੇਸਾਂ ਸਬੰਧੀ ਕੋਈ ਵੀ ਜਾਣਕਾਰੀ ਉਸ ਨਾਲ ਸਾਂਝੀ ਕਰਨ। ਸਿਰਸਾ ਨੇ ਦੱਸਿਆ ਕਿ ਕੇਸ ਨੰਬਰ 601/84 ਵਿਚ ਦੋ ਗਵਾਹ ਮੁਖਤਿਆਰ ਸਿੰਘ ਤੇ ਸਾਬਕਾ ਪੱਤਰਕਾਰ ਸੰਜੇ ਸੂਰੀ ਹਨ ਜਿਹਨਾਂ ਨੇ ਨਾਨਾਵਤੀ ਕਮਿਸ਼ਨ ਅੱਗੇ ਹਲਫੀਆ ਬਿਆਨ ਦਾਇਰ ਕਰ ਕੇ ਕਮਲਨਾਥ ਤੇ ਵਸੰਤ ਸਾਠੇ ਵੱਲੋਂ 1984 ਸਿੱਖਕਤਲੇਆਮ ਵਿਚ ਨਿਭਾਈ ਭੂਮਿਕਾ ਦਾ ਖੁਲ੍ਹਾਸਾ ਕੀਤਾ ਸੀ। ਉਹਨਾਂ ਨੇ ਦੱਸਿਆ ਕਿ ਕਿਵੇਂ ਕਮਲਨਾਥ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭੀੜ (ਜੋ ਕਿ ਕਾਂਗਰਸੀਆਂ ਦਾ ਟੋਲਾ ਸੀ) ਨੂੰ ਹਦਾਇਤਾਂ ਦੇ ਕੇ ਸਿੱਖਾਂ ਦਾ ਕਤਲੇਆਮ ਕਰਵਾਇਆ। ਉਹਨਾਂ ਦੱਸਿਆ ਕਿ ਇਹ ਕੇਸ ਤਕਨੀਕੀ ਕਾਰਨਾਂ ਕਰ ਕੇ ਬੰਦ ਕਰ ਦਿੱਤਾ ਗਿਆ ਸੀ ਤੇ ਕਮਲਨਾਥ ਦਾ ਨਾਮ ਜਾਣ ਬੁੱਝ ਕੇ ਬਾਹਰ ਰੱਖਿਆ ਗਿਆ ਸੀ।

ਸਿਰਸਾ ਤੇ ਕਾਲਕਾ ਨੇ ਇਹ ਸਹੀ ਮੰਗ ਕੀਤੀ ਹੈ ਕਿ ਐਸ ਆਈ ਟੀ ਵੱਲੋਂ ਕੇਸ ਮੁੜ ਖੋਲ੍ਹੇ ਜਾਣ ਨੂੰ ਧਿਆਨ ਵਿਚ ਰੱਖਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕਮਲਨਾਥ ਤੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਲੈਣ, ਕਿਉਂਕਿ ਮੁੱਖ ਮੰਤਰੀ ਦੀ ਕੁਰਸੀ 'ਤੇ ਹੁੰਦਿਆਂ ਉਹ ਜਾਂਚ ਨੂੰ ਪ੍ਰਭਾਵਤ ਕਰ ਸਕਦੇ ਹਨ ਅਤੇ ਗਵਾਹਾਂ ਨੂੰ ਧਮਕਾ ਸਕਦੇ ਹਨ। ਪੱਤਰਕਾਰ ਸੰਜੇ ਸੂਰੀ, ਜਿਨ੍ਹਾਂ ਨੇ ਚਸ਼ਮਦੀਦ ਵਜੋਂ ਇੱਕ ਕਿਤਾਬ ਵੀ ਲਿਖੀ ਹੈ, ਨੇ 2015 ਵਿਚ ਦਿੱਤੇ ਇੱਕ ਇੰਟਰਵਿਊ ਵਿੱਚ ਮੁੜ ਸਵਾਲ ਚੁੱਕਿਆ ਸੀ ਕਿ ਕਮਲ ਨਾਥ ਦੇ ਕਹਿਣ ਉੱਪਰ ਭੀੜ ਦੇ ਰੁਕਣ ਤੋਂ ਇਹ ਸਵਾਲ ਉੱਠਦਾ ਹੈ ਕਿ ਕਮਲ ਨਾਥ ਤੇ ਭੀੜ ਦਾ ਕੀ ਰਿਸ਼ਤਾ ਸੀ ਅਤੇ ਕਮਲ ਨਾਥ ਦਾ ਭੀੜ ਉੱਪਰ ''ਕੰਟਰੋਲ'' ਸੀ।

ਪਰ ਇਸ ਸਬੰਧ ਵਿਚ ਕਾਂਗਰਸ ਪਾਰਟੀ ਨੇ ਕੋਈ ਸਿਆਸੀ ਨੈਤਿਕਤਾ ਨਹੀਂ ਵਿਖਾ ਰਹੀ। ਇਹੀ ਕਾਰਨ ਹੈ ਕਿ ਉਹ ਦਿਨੋਂ ਦਿਨ ਸਿਆਸੀ ਨਿਘਾਰ ਵਲ ਜਾ ਰਹੀ ਹੈ। ਉਸ ਨੇ ਆਪਣੇ ਰਾਜ ਦੌਰਾਨ ਕਦੇ ਵੀ ਇਨ੍ਹਾਂ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ, ਜਿਨ੍ਹਾਂ ਉੱਤੇ ਹਿੰਸਾ ਭੜਕਾਉਣ ਦੇ ਇਲਜ਼ਾਮ ਲੱਗੇ। ਸਿਆਸੀ ਨੈਤਿਕਤਾ ਮੰਗ ਕਰਦੀ ਹੈ ਕਿ ਕਾਂਗਰਸ ਹਾਈਕਮਾਂਡ ਉਨ੍ਹਾਂ ਗੁੰਡੇ ਸਿਆਸੀ ਆਗੂਆਂ ਨੂੰ ਪਾਰਟੀ ਤੋਂ ਬਾਹਰ ਕੱਢ ਦੇਵੇ ਜਿਨ੍ਹਾਂ 'ਤੇ ਅਜਿਹੇ ਕਤਲੇਆਮ ਦੇ ਇਲਜ਼ਾਮ ਲੱਗਦੇ ਰਹੇ ਹਨ।

ਰਜਿੰਦਰ ਸਿੰਘ ਪੁਰੇਵਾਲ