image caption:

ਅਮਰੀਕਾ ਨੇ ਤਾਲਿਬਾਨ ਮੁਖੀ ਮਹਿਮੂਦ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ

ਵਾਸ਼ਿੰਗਟਨ-  ਅਮਰੀਕਾ ਨੇ ਪਾਕਿਸਤਾਨ 'ਚ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ  ਦੇ ਸਰਗਨਾ ਨੂਰ ਵਲੀ ਉਰਫ ਮੁਫਤੀ ਨੂਰ ਵਲੀ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਿਆ ਹੈ। ਪਾਕਿਸਤਾਨ ਤਾਲਿਬਾਨ ਦੇ ਨਾਂ ਨਾਲ ਬਦਨਾਮ ਇਸ ਅੱਤਵਾਦੀ ਜਮਾਤ ਨੇ ਕਈ ਆਤਮਘਾਤੀ ਹਮਲੇ ਅੰਜਾਮ ਦਿੱਤੇ ਹਨ, ਜਿਨ੍ਹਾਂ 'ਚ ਸੈਂਕੜੇ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਅਮਰੀਕਾ ਟੀਟੀਪੀ ਨੂੰ ਪਹਿਲਾਂ ਹੀ ਆਲਮੀ ਅੱਤਵਾਦੀ ਜਥੇਬੰਦੀ ਐਲਾਨ ਚੁੱਕਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਅਨੁਸਾਰ ਪਿਛਲੇ ਸਾਲ ਜੂਨ ਵਿਚ ਟੀਟੀਪੀ ਸਰਗਨਾ ਮੁੱਲਾ ਫਜ਼ਲੁੱਲਾ ਦੇ ਮਾਰੇ ਜਾਣ ਤੋਂ ਬਾਅਦ ਨੂਰ ਵਲੀ ਨੇ ਇਸ ਅੱਤਵਾਦੀ ਜਮਾਤ ਦੀ ਕਮਾਨ ਸੰਭਾਲੀ ਸੀ। ਵਿਦੇਸ਼ ਮੰਤਰਾਲੇ ਨੇ ਅਲਕਾਇਦਾ ਨਾਲ ਜੁੜੇ ਸੀਰੀਆ-ਹੁਰਰਸ ਅਲ-ਦੀਨ ਨੂੰ ਵੀ ਆਲਮੀ ਅੱਤਵਾਦੀ ਜਮਾਤ ਐਲਾਨਿਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਹਿਜਬੁੱਲਾ, ਹਮਾਸ, ਫਲਸਤੀਨ ਇਸਲਾਮਿਕ ਜਿਹਾਦ, ਇਸਲਾਮਿਕ ਸਟੇਟ (ਆਈਐੱਸ), ਆਈਐੱਸ-ਫਿਲੀਪੀਂਸ, ਆਈਐੱਸ-ਵੈਸਟ ਅਫਰੀਕਾ ਵਰਗੀਆਂ ਕੁੱਲ 12 ਅੱਤਵਾਦੀ ਜਥੇਬੰਦੀਆਂ ਦੇ ਸਰਗਨਿਆਂ ਨੂੰ ਵੀ ਆਲਮੀ ਅੱਤਵਾਦੀ ਐਲਾਨਿਆ ਹੈ। ਇਨ੍ਹਾਂ ਪਾਬੰਦੀਸ਼ੁਦਾ ਜਥੇਬੰਦੀਆਂ ਦੇ 14 ਹੋਰ ਮੈਂਬਰਾਂ ਨੂੰ ਵੀ ਆਲਮੀ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਅਮਰੀਕਾ ਦੇ ਇਸ ਕਦਮ ਨੂੰ ਪਾਕਿਸਤਾਨ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਕੌਮਾਂਤਰੀ ਭਾਈਚਾਰਾ ਕਈ ਵਾਰ ਕਹਿ ਚੁੱਕਾ ਹੈ ਕਿ ਪਾਕਿਸਤਾਨ ਅੱਤਵਾਦੀ ਜਥੇਬੰਦੀਆਂ ਦਾ ਸਮਰਥਨ ਕਰਦਾ ਹੈ। ਉਹ ਲਸ਼ਕਰ-ਏ-ਤਇਬਾ ਤੇ ਜੈਸ਼-ਏ-ਮੁਹੰਮਦ ਵਰਗੀਆਂ ਅੱਤਵਾਦੀ ਜਥੇਬੰਦੀਆਂ ਨੂੰ ਪਨਾਹ ਦੇਣ ਕਾਰਨ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੇ ਰਡਾਰ 'ਤੇ ਹੈ। ਪਾਕਿਸਤਾਨ 'ਤੇ ਕੌਮਾਂਤਰੀ ਪੱਧਰ 'ਤੇ ਅੱਤਵਾਦ ਫੰਡਿੰਗ 'ਤੇ ਨਜ਼ਰ ਰੱਖਣ ਵਾਲੇ ਇਸ ਸੰਗਠਨ ਦੀ ਕਾਲੀ ਸੂਚੀ ਵਿਚ ਪਾਏ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ।