image caption:

ਕਰਜ਼ੇ ਕਰਕੇ ਇੱਕੋ ਪਰਿਵਾਰ ਦੇ 5ਵੇਂ ਮੈਂਬਰ ਵੱਲੋਂ ਖ਼ੁਦਕੁਸ਼ੀ ਕਰਨ 'ਤੇ ਭਗਵੰਤ ਮਾਨ ਨੇ ਘੇਰੀ ਕੈਪਟਨ ਸਰਕਾਰ

ਚੰਡੀਗੜ੍ਹ: ਭਗਵੰਤ ਮਾਨ ਨੇ ਕਰਜ਼ੇ ਕਾਰਨ ਬਰਨਾਲਾ ਜ਼ਿਲ੍ਹੇ ਦੇ ਭੌਤਨਾ ਪਿੰਡ 'ਚ ਇੱਕੋ ਪਰਿਵਾਰ ਦੇ ਪੰਜਵੇਂ ਮੈਂਬਰ ਵੱਲੋਂ ਖ਼ੁਦਕੁਸ਼ੀ ਕਰਨ 'ਤੇ ਡੂੰਘਾ ਦੁੱਖ ਜਤਾਉਂਦਿਆਂ ਕਿਹਾ ਕਿ ਨੌਜਵਾਨ ਲਵਪ੍ਰੀਤ ਸਿੰਘ (23) ਦੀ ਬੇਵਕਤੀ ਮੌਤ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕਰਜ਼ਾ ਮੁਆਫ਼ੀ ਪ੍ਰੋਗਰਾਮ 'ਤੇ ਕਰਾਰੀ ਚਪੇੜ ਹੈ। ਭਗਵੰਤ ਮਾਨ ਨੇ ਕਿਹਾ ਕਿ ਲਵਪ੍ਰੀਤ ਦੀ ਖ਼ੁਦਕੁਸ਼ੀ ਨੇ ਕੈਪਟਨ ਸਰਕਾਰ ਦੇ ਸਿਰਫ਼ ਕਰਜ਼ਾ ਮੁਆਫ਼ੀ ਪ੍ਰੋਗਰਾਮ ਦੇ ਹੀ ਨਹੀਂ ਘਰ-ਘਰ ਨੌਕਰੀ ਦੇ ਐਲਾਨਾਂ ਦੀ ਵੀ ਫ਼ੂਕ ਕੱਢੀ ਹੈ।

ਮਾਨ ਨੇ ਖੇਤੀ ਸੰਕਟ, ਕਿਸਾਨ ਅਤੇ ਖੇਤ ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ 'ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਸਲੇ 'ਤੇ ਗੰਭੀਰਤਾ ਦਿਖਾਉਣ ਦੀ ਜ਼ਰੂਰਤ ਹੈ। ਵਿਧਾਨ ਸਭਾ ਸਦਨ 'ਚ ਕੇਂਦਰ ਦੀ ਮੋਦੀ ਸਰਕਾਰ ਦੇ ਅਕਾਲੀ ਦਲ-ਭਾਜਪਾ ਵਿਧਾਇਕਾਂ ਨੂੰ ਵੀ ਜਵਾਬ ਦੇਣਾ ਪਵੇਗਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਨ ਤੋਂ ਕਿਉਂ ਭੱਜ ਰਹੀ ਹੈ? ਵਿਸ਼ੇਸ਼ ਇਜਲਾਸ ਦੌਰਾਨ ਕਿਸਾਨਾਂ ਦੇ ਮਸੀਹਾ ਕਹਾਉਣ ਵਾਲੇ ਅਤੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਵਾਬ ਦੇਣਾ ਪਵੇਗਾ ਕਿ ਉਨ੍ਹਾਂ ਕੇਂਦਰ ਅਤੇ ਪੰਜਾਬ ਦੀ ਸੱਤਾ 'ਚ ਹੁੰਦਿਆਂ ਪੰਜਾਬ ਦੇ ਕਿਸਾਨਾਂ ਨਾਲ ਐਨਾ ਵੱਡਾ ਧ੍ਰੋਹ ਕਿਉਂ ਕਮਾਇਆ?


ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਲਵਪ੍ਰੀਤ ਦੀ ਖ਼ੁਦਕੁਸ਼ੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਰਜ਼ਾ ਮੁਆਫ਼ੀ ਪ੍ਰੋਗਰਾਮ ਤੇ ਐਲਾਨਾਂ ਦੇ ਪਾਜ ਉਧੇੜ ਦਿੱਤੇ ਹਨ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰੀ ਖ਼ਜ਼ਾਨੇ 'ਚ ਲੋਕਾਂ ਦਾ ਲੱਖਾਂ ਰੁਪਏ ਖ਼ਰਚ ਕੇ ਅਖ਼ਬਾਰਾਂ ਤੇ ਟੈਲੀਵਿਜ਼ਨਾਂ 'ਤੇ ਕਰਜ਼ਾ ਮੁਆਫ਼ੀ ਬਾਰੇ ਝੂਠ ਬੋਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਇਹ ਦੱਸਣ ਕਿ ਕਰਜ਼ਾ ਕਿਸ ਦਾ ਮੁਆਫ਼ ਕੀਤਾ ਹੈ? ਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਕਰਜ਼ਾ ਮੁਆਫ਼ ਕਰਨ ਵਾਲੇ ਕਿਸਾਨਾਂ ਦੀ ਲਿਸਟ ਜਾਰੀ ਕਰਨ।

ਮਾਨ ਨੇ ਕਿਹਾ ਕਿ ਜਿਸ ਦਿਨ ਲਵਪ੍ਰੀਤ ਦੇ ਪਿਤਾ ਨੇ ਖ਼ੁਦਕੁਸ਼ੀ ਕੀਤੀ ਸੀ, ਉਸ ਦਿਨ ਕੈਪਟਨ ਸਰਕਾਰ ਮਾਨਸਾ 'ਚ ਕਰਜ਼ਾ ਮੁਆਫ਼ੀ ਪ੍ਰੋਗਰਾਮ ਦਾ 'ਜਸ਼ਨ ਮਨਾ' ਰਹੀ ਸੀ। ਲਵਪ੍ਰੀਤ ਦੇ ਪਰਿਵਾਰ ਕੋਲ 13 ਏਕੜ ਜ਼ਮੀਨ ਸੀ, ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਇਹ ਪਰਿਵਾਰ ਹੋਰਨਾਂ ਕਿਸਾਨਾਂ ਵਾਂਗ ਕਰਜ਼ 'ਚ ਹੀ ਡੁੱਬਦਾ ਰਿਹਾ, ਜਿਸ ਕਾਰਨ ਇਸ ਪਰਿਵਾਰ ਕੋਲ ਅੱਜ 13 ਕਨਾਲ ਜ਼ਮੀਨ ਵੀ ਨਹੀਂ ਬਚੀ। ਕਰਜ਼ ਦੇ ਅਸਹਿ ਭਾਰ ਕਾਰਨ ਇਸ ਪਰਿਵਾਰ ਦੀ ਅਗਲੀ ਪੀੜੀ ਦੇ ਨੌਜਵਾਨ ਅਤੇ ਪੰਜਵੇਂ ਮੈਂਬਰ ਨੇ ਖ਼ੁਦਕੁਸ਼ੀ ਕਰ ਲਈ।