image caption:

ਬ੍ਰਿਟੇਨ ਨੇ ਖੋਲ੍ਹੇ ਪਰਵਾਸੀਆਂ ਲਈ ਦਰ, ਵਰਕ ਵੀਜ਼ਾ ਮੁੜ ਸ਼ੁਰੂ

ਲੰਡਨ: ਬ੍ਰਿਟੇਨ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਉਹ ਪੜ੍ਹਾਈ ਖਤਮ ਕਰਨ ਮਗਰੋਂ ਦੋ ਸਾਲਾਂ ਦਾ ਵਰਕ ਵੀਜ਼ਾ ਹਾਸਲ ਕਰਨ ਸਕਣਗੇ। ਇਸ ਨਾਲ ਭਾਰਤੀ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਫਾਇਦਾ ਹੋਏਗਾ। ਬ੍ਰਿਟੇਨ ਨੇ 2012 ਵਿੱਚ ਪੜ੍ਹਾਈ ਮਗਰੋਂ ਮਿਲਣ ਵਾਲਾ ਦੋ ਸਾਲ ਦਾ ਵਰਕ ਵੀਜ਼ਾ ਬੰਦ ਕਰ ਦਿੱਤਾ ਸੀ। ਇਸ ਕਰਕੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਆਈ ਸੀ।

ਦਰਅਸਲ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਇਸ ਦੇ ਹੱਲ ਲਈ ਯਤਨਾਂ ਤਹਿਤ ਬ੍ਰਿਟੇਨ ਸਰਕਾਰ ਨੇ ਸਾਰੇ ਕੌਮਾਂਤਰੀ ਵਿਦਿਆਰਥੀਆਂ ਲਈ ਪੜ੍ਹਾਈ ਤੋਂ ਬਾਅਦ ਦੋ ਸਾਲਾਂ ਦਾ ਵਰਕ ਵੀਜ਼ਾ (ਕੰਮ ਕਰਨ ਦੀ ਖੁੱਲ੍ਹ) ਜਾਰੀ ਕਰਨ ਦਾ ਐਲਾਨ ਕੀਤਾ ਹੈ।

ਨਵੀਂ ਗਰੈਜੂਏਟ ਯੋਜਨਾ ਅਗਲੇ ਸਾਲ ਸ਼ੁਰੂ ਹੋਵੇਗੀ ਤੇ ਇਹ ਸਾਰੇ ਵਿਦੇਸ਼ੀ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਕੋਲ ਵਿਦਿਆਰਥੀ ਵਜੋਂ ਬ੍ਰਿਟੇਨ ਦਾ ਜਾਇਜ਼ ਆਵਾਸ ਪਰਮਿਟ ਹੈ ਤੇ ਜਿਨ੍ਹਾਂ ਸਰਕਾਰ ਤੋਂ ਮਨਜ਼ੂਰੀ ਪ੍ਰਾਪਤ ਬਰਤਾਨੀਆ ਦੀ ਕਿਸੇ ਉੱਚ ਸਿੱਖਿਆ ਸੰਸਥਾ ਤੋਂ ਗਰੈਜੂਏਟ ਪੱਧਰ ਦੀ ਜਾਂ ਇਸ ਤੋਂ ਉੱਚੇ ਪੱਧਰ ਦੀ ਪੜ੍ਹਾਈ ਸਫ਼ਲਤਾ ਨਾਲ ਮੁਕੰਮਲ ਕੀਤੀ ਹੈ।

ਵੀਜ਼ਾ ਤਹਿਤ ਯੋਗ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੋ ਸਾਲਾਂ ਲਈ ਕੰਮ ਕਰਨ ਜਾਂ ਆਪਣੇ ਪਸੰਦ ਦੇ ਕਿਸੇ ਕਰੀਅਰ ਦੀ ਭਾਲ ਕਰਨ ਦੀ ਮਨਜ਼ੂਰੀ ਹੋਵੇਗੀ। ਬ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਇਸ ਬਾਰੇ ਨੀਤੀ ਦੀ ਫੇਰ ਤੋਂ ਪ੍ਰਭਾਵੀ ਸ਼ੁਰੂਆਤ ਕਰਨ ਤੋਂ ਬਾਅਦ ਕਿਹਾ ਕਿ ਬਦਲਾਅ ਨਾਲ ਵਿਦਿਆਰਥੀਆਂ ਨੂੰ ਦੇਸ਼ ਵਿੱਚ ਕਰੀਅਰ ਸ਼ੁਰੂ ਕਰਨ ਲਈ &lsquoਆਪਣੀ ਸਮਰੱਥਾ ਨੂੰ ਖੰਗਾਲਣ&rsquo ਦਾ ਮੌਕਾ ਮਿਲੇਗਾ।

ਜੌਹਨਸਨ ਦੀ ਕੈਬਨਿਟ ਵਿੱਚ ਸੀਨੀਅਰ ਮੈਂਬਰ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ &lsquoਨਵੀਂ ਗਰੈਜੂਏਟ ਯੋਜਨਾ ਦਾ ਮਤਲਬ ਹੈ ਕਿ ਸਮਰੱਥ ਕੌਮਾਂਤਰੀ ਵਿਦਿਆਰਥੀ ਬ੍ਰਿਟੇਨ ਵਿੱਚ ਪੜ੍ਹ ਸਕਣਗੇ ਤੇ ਸਫ਼ਲ ਕਰੀਅਰ ਬਣਾਉਣ ਦੌਰਾਨ ਉਨ੍ਹਾਂ ਨੂੰ ਠੋਸ ਤਜਰਬਾ ਹਾਸਲ ਹੋਵੇਗਾ।&rsquo