image caption:

ਧੋਨੀ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, T20 ਸੀਰੀਜ਼ 'ਤੇ ਧੋਨੀ ਨੇ ਲਿਆ ਵੱਡਾ ਫੈਸਲਾ

ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਖ਼ਬਰ ਧੋਨੀ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਸਕਦੀ ਹੈ। ਐਮਐਸ ਧੋਨੀ ਨੇ ਇੱਕ ਹੋਰ ਟੀ20 ਸੀਰੀਜ਼ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਧੋਨੀ ਨੇ ਭਾਰਤੀ ਟੀਮ ਦੇ ਮੁੱਖ ਚੋਣਕਾਰਾਂ ਨੂੰ ਇਹ ਜਾਣਕਾਰੀ ਦੇ ਦਿੱਤੀ ਹੈ।
ਤਜਰਬੇਕਾਰ ਵਿਕਟ ਕੀਪਰ ਤੇ ਬੱਲੇਬਾਜ਼ ਐਮਐਸ ਧੋਨੀ ਹੁਣ ਨਵੰਬਰ ਵਿੱਚ ਬੰਗਲਾਦੇਸ਼ ਖਿਲਾਫ ਖੇਡੀ ਜਾਣ ਵਾਲੀ ਟੀ-20 ਸੀਰੀਜ਼ ਲਈ ਉਪਲੱਬਧ ਨਹੀਂ ਹੋਣਗੇ। ਇਹ ਪਹਿਲਾ ਮੌਕਾ ਹੈ ਜਦੋਂ ਧੋਨੀ ਨੇ ਲਗਾਤਾਰ ਤਿੰਨ ਸੀਰੀਜ਼ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਮਹਿੰਦਰ ਸਿੰਘ ਧੋਨੀ ਇੰਗਲੈਂਡ ਤੇ ਵੇਲਜ਼ ਵਿੱਚ ਖੇਡੇ ਗਏ ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਦੀ ਨੀਲੀ ਜਰਸੀ ਵਿੱਚ ਨਜ਼ਰ ਨਹੀਂ ਆਏ।
ਧੋਨੀ ਨੇ ਨੀਲੇ ਰੰਗ ਦੀ ਜਰਸੀ ਵਿੱਚ ਆਖਰੀ ਮੈਚ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡਿਆ ਸੀ, ਜਿਸ ਵਿੱਚ ਉਨ੍ਹਾਂ ਅਰਧ ਸੈਂਕੜਾ ਖੇਡਿਆ, ਪਰ ਟੀਮ ਇੰਡੀਆ ਨੇੜਲੇ ਮੁਕਾਬਲੇ ਵਿੱਚ ਹਾਰ ਗਈ। ਇਸ ਤੋਂ ਬਾਅਦ ਭਾਰਤੀ ਟੀਮ ਨੇ ਵੈਸਟਇੰਡੀਜ਼ ਦਾ ਦੌਰਾ ਕੀਤਾ ਪਰ ਧੋਨੀ ਨਹੀਂ ਗਏ। ਵੈਸਟਇੰਡੀਜ਼ ਤੋਂ ਪਰਤਣ ਤੋਂ ਬਾਅਦ, ਭਾਰਤੀ ਟੀਮ ਦੱਖਣੀ ਅਫਰੀਕਾ ਦੇ ਖਿਲਾਫ ਟੀ-20 ਸੀਰੀਜ਼ ਖੇਡਣ ਗਈ। ਧੋਨੀ ਵੀ ਇਸ ਲੜੀ ਤੋਂ ਗ਼ੈਰਹਾਜ਼ਰ ਰਹੇ।
ਵੈਸਟਇੰਡੀਜ਼ ਤੋਂ ਬਾਅਦ, ਦੱਖਣੀ ਅਫਰੀਕਾ ਅਤੇ ਹੁਣ ਬੰਗਲਾਦੇਸ਼ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਵੀ ਧੋਨੀ ਨੇ ਖ਼ੁਦ ਨੂੰ ਉਪਲਬਧ ਨਹੀਂ ਦੱਸਿਆ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਬੋਰਡ ਨੂੰ ਦਿੱਤੀ ਹੈ। 38 ਸਾਲਾ ਐਮਐਸ ਧੋਨੀ ਵਿਸ਼ਵ ਕੱਪ ਤੋਂ ਬਾਅਦ ਭਾਰਤੀ ਫੌਜ ਵਿੱਚ ਸੇਵਾ ਨਿਭਾਉਣ ਲਈ ਜੰਮੂ-ਕਸ਼ਮੀਰ ਗਏ ਸਨ। ਇੱਥੋਂ ਉਹ ਅਗਸਤ ਦੇ ਮੱਧ ਵਿੱਚ ਵਾਪਸ ਪਰਤ ਆਏ, ਪਰ ਕ੍ਰਿਕਟ ਖੇਡਣ ਲਈ ਉਪਲਬਧ ਨਹੀਂ ਰਹੇ।