image caption: ਰਜਿੰਦਰ ਸਿੰਘ ਪੁਰੇਵਾਲ

ਪੰਜਾਬੀ ਗਾਇਕ ਤੇ ਬੁੱਧੀਜੀਵੀ ਪੰਜਾਬੀ ਭਾਸ਼ਾ 'ਤੇ ਪਹਿਰਾ ਦੇਣ

    ਹੁਣੇ ਜਿਹੇ ਭਾਰਤ ਵਿਚ ਪੰਜਾਬੀ ਭਾਸ਼ਾ ਦੀ ਹਮਾਇਤ ਕਰ ਕੇ ਚਮਕੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪੰਜਾਬੀ ਭਾਸ਼ਾ ਦੀ ਥਾਂ ਇਕ ਭਾਸ਼ਾ ਤੇ ਇਕ ਸਭਿਆਚਾਰ ਦੀ ਹਮਾਇਤ ਕਰਕੇ ਜਿੱਥੇ ਹਿੰਦੀ ਭਾਸ਼ਾ ਦੀ ਪੈਰਵਾਈ ਕੀਤੀ ਹੈ, ਉੱਥੇ ਹਿੰਦੀ, ਹਿੰਦੂ ਤੇ ਹਿੰਦੋਸਤਾਨ ਵਾਲੇ ਭਗਵੇਂ ਏਜੰਡੇ ਨੂੰ ਚਮਕਾਇਆ ਹੈ। ਇਸ ਦਾ ਦੇਸ-ਵਿਦੇਸ਼ ਵਿਚ ਵਸਦੇ ਪੰਜਾਬੀਆਂ ਵਿਚ ਖਾਸਾ ਵਿਰੋਧ ਕੀਤਾ। ਮਾਨ ਨੇ ਵੈਨਕੂਵਰ ਵਿਚ ਇਕ ਸਟੇਜ ਸ਼ੋਅ ਦੌਰਾਨ ਮਾੜੀ ਸ਼ਬਦਾਵਲੀ ਵਰਤ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਮਾਨ ਨੇ ਪਹਿਲਾਂ ਕਿਹਾ ਸੀ ਕਿ ਪੂਰੇ ਜਰਮਨ ਵਿਚ ਜਰਮਨੀ ਅਤੇ ਪੂਰੇ ਫਰਾਂਸ ਵਿਚ ਫਰੈਂਚ ਭਾਸ਼ਾ ਦਾ ਇਸਤੇਮਾਲ ਹੁੰਦਾ ਹੈ ਤਾਂ ਫਿਰ ਭਾਰਤ ਦੀ ਇੱਕੋ ਜ਼ੁਬਾਨ ਕਿਉਂ ਨਹੀਂ ਹੋ ਸਕਦੀ? ਜੇਕਰ ਮਾਂ ਬੋਲੀ 'ਤੇ ਏਨਾ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਮਾਸੀ 'ਤੇ ਵੀ ਜ਼ੋਰ ਦੇਣਾ ਚਾਹੀਦਾ ਹੈ। ਮਾਨ ਦੀ ਇਸ ਸੋਚ ਦੇ ਖ਼ਿਲਾਫ਼ ਕੈਨੇਡਾ ਵਿਚ ਉਸ ਦੇ ਸ਼ੋਅ ਦੌਰਾਨ ਕੁਝ ਪੰਜਾਬੀਆਂ ਨੇ ਨਾਅਰੇਬਾਜ਼ੀ ਕੀਤੀ। ਮਾਨ ਨੇ ਪ੍ਰਤੀਕਰਮ ਵਜੋਂ ਉਨ੍ਹਾਂ ਲਈ ਮਾੜੀ ਸ਼ਬਦਾਵਲੀ ਵਰਤੀ ਜੋ ਕਿ ਅਸਭਿਅਕ ਸੀ। ਮਾਨ ਜੇਕਰ ਪੰਜਾਬੀ ਗੀਤਾਂ ਦੇ ਸਟਾਰ ਹਨ ਤਾਂ ਉਸ ਦਾ ਕਾਰਨ ਹਿੰਦੀ ਸਭਿਅਤਾ ਦੇ ਲੋਕ ਨਹੀਂ, ਪੰਜਾਬੀ ਸਭਿਆਚਾਰ ਨੂੰ ਪਿਆਰ ਕਰਨ ਵਾਲੇ ਲੋਕ ਹਨ। ਮਾਨ ਭਲੀ ਭਾਂਤ ਗੁਰੂ ਗ੍ਰੰਥ ਸਾਹਿਬ ਦੇ ਵਿਰਸੇ ਤੋਂ ਜਾਣੂ ਹਨ। ਗੁਰੂ ਗ੍ਰੰਥ ਸਾਹਿਬ ਦਾ ਵਿਰਸਾ ਆਪਣੀ ਬੋਲੀ, ਭਾਸ਼ਾ ਤੇ ਸਭਿਆਚਾਰ ਉਪਰ ਪਹਿਰਾ ਦੇਣ ਲਈ ਅਵਾਜ਼ ਬੁਲੰਦ ਕਰਦਾ ਹੈ। ਭਾਰਤ ਵਿਚ ਇਕ ਸਾਜ਼ਿਸ਼ ਤਹਿਤ ਸੰਪਰਕ ਭਾਸ਼ਾ ਦੀ ਮੰਗ ਤਹਿਤ ਭਾਜਪਾ ਤੇ ਸੰਘ ਪਰਿਵਾਰ ਵਲੋਂ ਸੈਮੀਨਾਰ ਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਦਾ ਵਿਰੋਧ ਪੂਰੇ ਭਾਰਤ ਵਿਚ ਹੋ ਰਿਹਾ ਹੈ। ਦੱਖਣ ਭਾਰਤ ਦੇ ਲੋਕ ਤਾਂ ਇਸ ਕਾਰਨ ਭਾਰਤ ਤੋਂ ਅਲੱਗ ਹੋਣ ਦੀ ਮੁਹਿੰਮ ਵੀ ਚਲਾਉਣ ਲੱਗ ਪਏ ਹਨ। ਕੁਝ ਦਿਨ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਦੋਂ ਦੇਸ਼ ਵਿਚ ਇਕ ਭਾਸ਼ਾ ਦੀ ਹਮਾਇਤ ਕੀਤੀ ਸੀ ਤਾਂ ਉਸ ਦਾ ਦੱਖਣੀ ਭਾਰਤ ਵਿਚ ਸਭ ਤੋਂ ਵੱਧ ਵਿਰੋਧ ਹੋਇਆ ਸੀ। ਦੇਸ਼ ਦੇ ਸੂਬਿਆਂ ਵਿਚ ਵੱਖ-ਵੱਖ ਬੋਲੀਆਂ ਹਨ। ਇਸੇ ਲਈ ਸੰਵਿਧਾਨ ਵਿਚ 22 ਭਾਸ਼ਾਵਾਂ ਨੂੰ ਕੌਮੀ ਮਾਨਤਾ ਮਿਲੀ ਹੋਈ ਹੈ। ਇਨ੍ਹਾਂ ਵਿਚ ਹਿੰਦੀ ਵੀ ਇਕ ਬੋਲੀ ਹੈ। ਪਰ ਉਹ ਪੂਰੇ ਭਾਰਤ ਦੀ ਭਾਸ਼ਾ ਨਹੀਂ ਹੈ। ਭਾਰਤ ਇਕ ਕੌਮ ਨਹੀਂ, ਇਕ ਖਿੱਤਾ ਨਹੀਂ ਇਹ ਤਾਂ ਵੱਖ-ਵੱਖ ਕੌਮਾਂ, ਸਭਿਆਚਾਰਾਂ, ਬੋਲੀਆਂ ਦਾ ਸਮੂਹ ਹੈ। ਇਸ ਨੂੰ ਭਗਵੇਂਵਾਦੀ ਤੇ ਇਨ੍ਹਾਂ ਦੇ ਬੁੱਧੀਜੀਵੀ ਨਹੀਂ ਸਮਝਦੇ। 
   ਪੰਜਾਬੀ ਅਜਿਹੀ ਕੌਮ ਹੈ, ਜੋ ਹਰੇਕ ਭਾਸ਼ਾ ਤੇ ਸਭਿਆਚਾਰ ਦਾ ਸਨਮਾਨ ਕਰਦੀ ਹੈ, ਪਰ ਆਪਣੀ ਭਾਸ਼ਾ 'ਤੇ ਵਾਰ ਸਹਿਣ ਨੂੰ ਤਿਆਰ ਨਹੀਂ। ਪੰਜਾਬ ਦੇ ਸਿਆਸਤਦਾਨਾਂ ਨੇ ਪੰਜਾਬ, ਪੰਜਾਬੀ ਭਾਸ਼ਾ ਦੇ ਨਾਲ ਘਟੀਆ ਵਿਹਾਰ ਕੀਤਾ ਹੈ। ਹਾਲਾਂਕਿ ਪੰਜਾਬੀ ਐਕਟ ਵਿਚ ਬਾਦਲ ਸਰਕਾਰ ਨੇ ਤਬਦੀਲੀਆਂ ਕਰਨ ਦੀ ਅਹਿਮ ਭੂਮਿਕਾ ਨਿਭਾਈ ਸੀ। ਪਰ ਉਹ ਇਸ ਨੂੰ ਅੱਗੇ ਲਾਗੂ ਨਹੀਂ ਕਰ ਸਕੇ, ਜੋ ਕਰਨ ਦੀ ਲੋੜ ਸੀ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਪੰਜਾਬੀ ਭਾਸ਼ਾ ਨੂੰ ਉਜਾੜਨ 'ਤੇ ਤੁਲੇ ਹੋਏ ਹਨ। ਉਹ ਸਰਕਾਰੀ ਦਫਤਰਾਂ ਵਿਚ ਅੰਗਰੇਜ਼ੀ ਵੀ ਲਾਗੂ ਕਰ ਰਹੇ ਹਨ ਤੇ ਹਿੰਦੀ ਭਾਸ਼ਾ ਵਾਲਿਆਂ ਨੂੰ ਵੀ ਖੁਸ਼ ਕਰ ਰਹੇ ਹਨ। ਇਹ ਹਮਲੇ ਬੜੇ ਗੰਭੀਰ ਹਨ। ਪੰਜਾਬ ਹੁਣ ਭਗਵੇਂਵਾਦੀ ਸਾਜ਼ਿਸ਼ਾਂ ਨਾਲ ਨਾਲ ਜੂਝ ਰਿਹਾ ਹੈ ਤੇ ਭਗਵੇਂਵਾਦੀ ਸਿਆਸਤ ਦੀ ਸਾਜ਼ਿਸ਼ ਦਾ ਸ਼ਿਕਾਰ ਕਸ਼ਮੀਰੀ ਕੌਮ ਦੇ ਹੱਕਾਂ ਲਈ ਡੱਟ ਕੇ ਖੜੌਤਾ ਹੈ। ਆਪਣੀ ਸਭਿਅਤਾ ਤੇ ਭਾਸ਼ਾ ਲਈ ਉਸ ਵਿਚ ਪੂਰਾ ਜੋਸ਼ ਹੈ, ਪਰ ਵਿਉਂਤਬੰਦੀ ਨਹੀਂ ਹੈ। ਪੂਰੇ ਭਾਰਤ ਵਿਚ ਗੁਰੂ ਨਾਨਕ ਸਾਹਿਬ ਨੇ ਅਜਿਹੀ ਪੰਜਾਬੀ ਕੌਮ ਸਿਰਜੀ, ਜਿਸ ਨੇ ਬ੍ਰਾਹਮਣਵਾਦੀ ਵਿਚਾਰਦਾਰਾ ਨੂੰ ਟੱਕਰ ਦਿੱਤੀ ਤੇ ਹਿੰਦੂ, ਸਿੱਖ, ਮੁਸਲਮਾਨ ਦਾ ਸਾਂਝਾ ਸੰਕਲਪ ਪੇਸ਼ ਕਰਕੇ ਵੱਡੀ ਚੁਣੌਤੀ ਦਿੱਤੀ। ਭਗਵੇਂਵਾਦੀ ਸਭਿਅਤਾ ਦੇ ਸ਼ਾਸਤਰ ਪੰਜਾਬ ਤੇ ਪੰਜਾਬੀ ਬੋਲੀ ਨੂੰ 'ਮਲੇਛ ਦੇਸ਼' ਤੇ 'ਮਲੇਛ ਭਾਸ਼ਾ' ਆਖਦੇ ਹਨ। ਪਰ ਗੁਰੂ ਨਾਨਕ ਸਾਹਿਬ ਨੇ ਨੀਚਾਂ ਤੇ ਗੁਲਾਮਾਂ ਨਾਲ ਖੜ ਕੇ ਪੰਜਾਬੀ ਕੌਮ ਤੇ ਪੰਜਾਬੀ ਭਾਸ਼ਾ ਦਾ ਵਿਕਾਸ ਕੀਤਾ। ਇਹ ਦਸ ਗੁਰੂ ਜੋਤਾਂ ਤੱਕ ਸਫ਼ਰ ਕਰਦੀ ਅਠਾਰਵੀਂ ਸਦੀ ਤੱਕ ਆਪਣਾ ਪੰਜਾਬੀਅਤ ਦਾ ਝੰਡਾ ਬੁਲੰਦ ਕਰਦੀ ਹੈ, ਜਿਸ ਦਾ ਪਹਿਰੇਦਾਰ ਗੁਰੂ ਦਾ ਖਾਲਸਾ ਗੁਰੂ ਪੰਥ ਬਣਦਾ ਰਿਹਾ। ਨਾਥਾਂ, ਜੋਗੀਆਂ, ਬਾਬਾ ਫਰੀਦ, ਬਾਬਾ ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ, ਵਾਰਿਸ ਸ਼ਾਹ ਦੀ ਪੰਜਾਬੀ ਸਭਿਅਤਾ ਤੇ ਭਾਸ਼ਾ ਦੇ ਵਿਕਾਸ ਵਿਚ ਅਹਿਮ ਭੂਮਿਕਾ ਹੈ। ਪਰ ਸੂਬੇ ਅੰਦਰ ਬਣੀਆਂ ਵੱਖ ਵੱਖ ਸਰਕਾਰਾਂ ਦੇ ਵਾਅਦਿਆਂ ਅਤੇ ਕਾਰਵਾਈਆਂ ਦੇ ਬਾਵਜੂਦ ਪੰਜਾਬੀ ਬੋਲੀ ਅਜੇ ਵੀ ਆਪਣਾ ਗੌਰਵ ਹਾਸਲ ਨਹੀਂ ਕਰ ਸਕੀ। ਇਸ ਦਾ ਵੱਡਾ ਕਾਰਨ ਇਹਨਾਂ ਸਰਕਾਰਾਂ ਵੱਲੋਂ ਜਾਣ ਬੁੱਝਕੇ ਪੰਜਾਬੀ ਦੀ ਕਦਰ ਘਟਾਉਣਾ ਹੈ। ਪੰਜਾਬੀਆਂ ਨੂੰ ਜਾਗਣ ਦੀ ਲੋੜ ਹੈ। ਕਲਾਕਾਰਾਂ, ਗਾਇਕਾਂ ਤੇ ਬੁੱਧੀਜੀਵੀਆਂ ਨੂੰ ਆਪਣੀ ਭੂਮਿਕਾ ਪਛਾਨਣ ਦੀ ਲੋੜ ਹੈ। ਅਸੀਂ ਗੁਰਦਾਸ ਮਾਨ ਨੂੰ ਵੀ ਇਹੀ ਅਪੀਲ ਕਰਾਂਗੇ ਕਿ ਉਹ ਆਪਣੇ ਘਰ ਵਾਪਸ ਪਰਤਣ। ਪੰਜਾਬੀ ਉਸ ਨਾਲ ਬਹੁਤ ਪਿਆਰ ਕਰਦੇ ਹਨ। ਪਰ ਉਹ ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਬੇਦਾਵਾ ਨਾ ਦੇਵੇ। ਜੋ ਵਿਅਕਤੀ ਆਪਣੀ ਭਾਸ਼ਾ ਤੇ ਸਭਿਆਚਾਰ ਤੋਂ ਟੁੱਟ ਜਾਂਦਾ ਹੈ, ਉਸ ਦੀ ਹੋਂਦ ਕਿਤੇ ਵੀ ਨਹੀਂ ਰਹਿੰਦੀ। ਇਹ ਗੱਲ ਗੁਰਦਾਸ ਮਾਨ ਨੂੰ ਚੇਤੇ ਰੱਖਣੀ ਚਾਹੀਦੀ ਹੈ।


ਰਜਿੰਦਰ ਸਿੰਘ ਪੁਰੇਵਾਲ