image caption: ਤਸਵੀਰ: ਲੇਖਕ ਨਿਰਮਲ ਸਿੰਘ ਕੰਧਾਲਵੀ

ਚੁੰਝਾਂ-ਪੌਂਹਚੇ – ਲੇਖਕ ਨਿਰਮਲ ਸਿੰਘ ਕੰਧਾਲਵੀ

ਹਰਿਆਣਾ 'ਚ ਅਕਾਲੀ ਤੇ ਭਾਜਪਾ ਮਿਲ ਕੇ ਚੋਣਾਂ ਲੜਨ- ਪ੍ਰਕਾਸ਼ ਸਿੰਘ ਬਾਦਲ
ਕਹੇ ਬਾਣੀਆ ਥੜ੍ਹੇ 'ਤੋਂ ਪਰੇ ਹੋ ਜਾ, ਜੱਟ ਕਹਿੰਦਾ ਘੱਟ ਤੋਲੀਂ ਨਾ।

ਹਿੰਦੀ ਦਿਵਸ 'ਤੇ ਡਾ. ਤੇਜਵੰਤ ਮਾਨ ਨਾਲ਼ ਬਦਕਲਾਮੀ ਕਰਨ ਵਾਲ਼ੇ ਲੇਖ਼ਕਾਂ ਨੇ ਮੰਗੀ ਮੁਆਫ਼ੀ- ਇਕ ਖ਼ਬਰ
ਬੜ੍ਹਕਾਂ ਮਾਰਦੇ ਓ, ਸਾਨ੍ਹ ਹੁੰਨੇ ਆ।ਹੁਣ ਮੋਕ ਮਾਰਦੇ ਓ, ਗਊ ਦੇ ਜਾਏ ਆਂ।

ਨਰਿੰਦਰ ਮੋਦੀ ਵਰਗਾ ਸਮਰੱਥ ਅਤੇ ਸੂਝਵਾਨ ਪ੍ਰਧਾਨ ਮੰਤਰੀ ਨਹੀਂ ਦੇਖਿਆ-ਪ੍ਰਕਾਸ਼ ਸਿੰਘ ਬਾਦਲ
ਤੁਹਾਡੇ ਵਰਗਾ ਵੀ ਲੂੰਬੜ ਮੁੱਖ ਮੰਤਰੀ ਨਹੀਂ ਦੇਖਿਆ ਬਾਦਲ ਸਾਹਿਬ।

ਵਿਤ ਮੰਤਰੀ ਸੀਤਾਰਮਨ ਵਲੋਂ ਕੰਪਨੀਆਂ ਨੂੰ ਡੇਢ ਲੱਖ ਕਰੋੜ ਰੁਪਏ ਦੀਆਂ ਰਿਆਇਤਾਂ- ਇਕ ਖ਼ਬਰ
ਅੰਨ੍ਹਾ ਵੰਡੇ ਰਿਉੜੀਆਂ&hellip&hellip&hellip&hellip&hellip&hellip&hellip&hellip&hellip&hellip&hellip&hellip.

'ਹਾਊਡੀ ਮੋਦੀ' ਪ੍ਰੋਗਰਾਮ ਦੇਸ਼ ਦੀ ਮੰਦੀ ਆਰਥਿਕ ਹਾਲਤ ਨੂੰ ਨਹੀਂ ਲੁਕਾ ਸਕਦਾ-ਰਾਹੁਲ ਗਾਂਧੀ
ਨਿੰਮ ਨਾਲ਼ ਝੂਟਦੀਏ, ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ।

ਮਕਬੂਜ਼ਾ ਕਸ਼ਮੀਰ ਦੀ ਹੋਂਦ ਲਈ ਨਹਿਰੂ ਜ਼ਿੰਮੇਵਾਰ- ਅਮਿਤ ਸ਼ਾਹ
ਟੁੱਟ ਪੈਣੇ ਦਰਜੀ ਨੇ, ਫਿੱਟ ਸੂਟ ਨਾ ਸੀਤਾ।

੮੦ ਰੁਪਏ ਕਿੱਲੋ ਤੱਕ ਪੁੱਜਿਆ ਗੰਢਿਆਂ ਦਾ ਭਾਅ-ਇਕ ਖ਼ਬਰ
ਮਾਰ ਲੈ ਪੁੱਠੀਆਂ ਛਾਲ਼ਾਂ, 'ਅੱਛੇ ਦਿਨ' ਆ ਗਏ ਮਿੱਤਰਾ।

ਲਿਬਰਲ ਪਾਰਟੀ ਨੂੰ ਜਗਮੀਤ ਸਿੰੰਘ ਦੀਆਂ ਸ਼ਰਤਾਂ ਪ੍ਰਵਾਨ- ਇਕ ਖ਼ਬਰ
ਤੇਰੀਆਂ ਮੈਂ ਲੱਖ ਮੰਨੀਆਂ, ਮੇਰੀ ਇਕ ਤੂੰ ਮੰਨੇ ਤਾਂ ਜਾਣਾ।

ਨੌਂ ਲੱਖ ਨੌਕਰੀਆਂ ਦੇਣ ਦੇ ਅੰਕੜੇ ਤੋਂ ਭੱਜਣ ਲੱਗੀ ਪੰਜਾਬ ਸਰਕਾਰ- ਇਕ ਖ਼ਬਰ
ਕਿੱਲੀ ਉੱਤੇ ਟੰਗਿਆ ਰਿਹਾ, ਜੱਗੇ ਜੱਟ ਦਾ ਜਾਂਘੀਆ ਪੱਟ ਦਾ।

ਪੰਜਾਬ ਨੂੰ ਬਚਾਉਣ ਲਈ ਲੋਕ ਹੱਕਾਂ ਨੂੰ ਬਚਾਉਣਾ ਜ਼ਰੂਰੀ- ਡਾ. ਜੌਹਲ
ਝਾਕਦੀ ਦੀ ਅੱਖ ਪੱਕ ਗਈ, ਕਦੀ ਪਾ ਵਤਨਾਂ ਵਲ ਫੇਰਾ।

ਉਧਾਰ ਲਏ ਜਹਾਜ਼ ਰਾਹੀਂ ਅਮਰੀਕਾ ਪਹੁੰਚੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ- ਇਕ ਖ਼ਬਰ
ਬਾਂਕਾਂ ਨਾ ਜੁੜੀਆਂ, ਰੰਨ ਅੱਡੀਆਂ ਕੂਚਦੀ ਮਰ ਗਈ।

ਭਗਵੇਂ ਕੱਪੜੇ ਪਾ ਕੇ ਲੋਕ ਜਬਰ ਜਨਾਹ ਕਰ ਰਹੇ ਹਨ- ਦਿੱਗਵਿਜੈ ਸਿੰਘ
ਕੀ ਕਰਨਾ ਕੱਪੜੇ ਰੰਗਿਆਂ ਨੂੰ ,ਜੇ ਮਨ ਰੰਗਿਆ ਨਾ ਜਾਵੇ।

ਹਰਿਆਣਾ 'ਚ ਅਕਾਲੀ ਦਲ ਨਾਲ਼ ਗੱਠਜੋੜ ਸਬੰਧੀ ਭਾਜਪਾ ਨੇ ਖ਼ਾਮੋਸ਼ੀ ਧਾਰੀ- ਇਕ ਖ਼ਬਰ
ਕੁਝ ਬੋਲ ਵੇ ਦਿਲਾਂ ਦੀ ਘੁੰਡੀ ਖੋਲ੍ਹ ਵੇ, ਕਿ ਅੱਧੀ ਰਾਤੋਂ ਰਾਤ ਟੱਪ ਗਈ।

ਡੀ.ਸੀ. ਨਾਲ ਮਾਮਲੇ 'ਚ ਬੈਂਸ ਨੂੰ ਰਾਹਤ ਨਹੀਂ, ਜ਼ਮਾਨਤ ਦੀ ਅਪੀਲ ਰੱਦ- ਇਕ ਖ਼ਬਰ
ਬੱਚੀਆਂ ਪਾਉਂਦਾ ਰਹਿੰਦਾ ਨੀਂ, ਮੁੰਡਾ ਮੁਟਿਆਰ ਦੀਆਂ।

ਮੋਦੀ ਲਈ ਹਵਾਈ ਲਾਂਘਾ ਖੋਲ੍ਹਣ ਲਈ ਭਾਰਤ ਦੀ ਅਪੀਲ ਪਾਕਿ ਵਲੋਂ ਰੱਦ- ਇਕ ਖ਼ਬਰ
ਹੱਟੀ ਖੋਲ੍ਹ ਹੱਟੀ ਵਾਲਿਆ, ਸਾਡੇ ਛੜੇ ਨੇ ਪਤਾਸੇ ਲੇਣੇ।

ਸਿੱਖ ਕੈਦੀਆਂ ਦੀ ਰਿਹਾਈ ਲਈ ਸੁਖਬੀਰ ਬਾਦਲ ਨੇ ਮੋਦੀ ਨੂੰ ਪੱਤਰ ਲਿਖਿਆ- ਇਕ ਖ਼ਬਰ
ਕਿਉਂ ਪਿਛਲੇ ਦਸ ਸਾਲ ਪੈੱਨ 'ਚੋਂ ਸਿਆਹੀ ਮੁੱਕੀ ਹੋਈ ਸੀ।

ਤਸਵੀਰ: ਲੇਖਕ ਨਿਰਮਲ ਸਿੰਘ ਕੰਧਾਲਵੀ