image caption:

ਅੱਤਵਾਦੀਆਂ ਦੀ ਸੁਖਬੀਰ ਬਾਦਲ ਨੂੰ ਬੰਬ ਧਮਾਕੇ 'ਚ ਉਡਾਉਣ ਦੀ ਸੀ ਸਾਜ਼ਿਸ਼

ਜ਼ਿਲ੍ਹੇ ਦੇ ਪਿੰਡ ਕਲੇਰ 'ਚ ਹੋਏ ਬੰਬ ਧਮਾਕੇ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਕੀਤੀ ਜਾ ਰਹੀ ਜਾਂਚ 'ਚ ਵੱਡਾ ਖੁਲਾਸਾ ਹੋਇਆ ਹੈ। ਇਸ ਬੰਬ ਧਮਾਕੇ ਦੇ ਤਾਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹਮਲੇ ਦੀ ਸਾਜ਼ਿਸ਼ ਨਾਲ ਜੁੜੇ ਸਨ। ਬਰਗਾੜੀ 'ਚ ਬੇਅਦਬੀ ਦੀ ਘਟਨਾ ਤੋਂ ਬਾਅਦ 2016 ਵਿਚ ਸੁਖਬੀਰ ਬਾਦਲ 'ਤੇ ਹਮਲਾ ਕੀਤਾ ਜਾਣਾ ਸੀ ਪਰ ਉਨ੍ਹਾਂ ਨਾਲ ਭਾਰੀ ਸੁਰੱਖਿਆ ਕਾਰਨ ਇਹ ਟਲ ਗਿਆ ਸੀ।

4 ਸਤੰਬਰ ਦੀ ਰਾਤ ਨੂੰ ਤਰਨਤਾਰਨ-ਖਡੂਰ ਸਾਹਿਬ ਮਾਰਗ 'ਤੇ ਪੈਂਦੇ ਪਿੰਡ ਕਲੇਰ 'ਚ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ 'ਚ ਵਿਕਰਮਜੀਤ ਸਿੰਘ ਉਰਫ ਬਿੱਕਰ ਵਾਸੀ ਪਿੰਡ ਕੱਦਗਿੱਲ ਅਤੇ ਹਰਪ੍ਰੀਤ ਸਿੰਘ ਹੈਪੀ ਵਾਸੀ ਪਿੰਡ ਬੱਚੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦੋਂਕਿ ਗੁਰਜੰਟ ਸਿੰਘ ਉਰਫ ਜੰਟਾ ਵਾਸੀ ਬੱਚੜੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਉਸ ਦੀਆਂ ਦੋਵੇਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ। ਇਕ ਮਹੀਨਾ ਤਰਨਤਾਰਨ ਦੇ ਨਿੱਜੀ ਹਸਪਤਾਲ 'ਚ ਭਰਤੀ ਰਹੇ ਗੁਰਜੰਟ ਸਿੰਘ ਜੰਟਾ ਨੂੰ ਐੱਨਆਈਏ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਕੇ ਸੱਤ ਦਿਨ ਦੇ ਰਿਮਾਂਡ 'ਤੇ ਲਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਬੱਚੜੇ ਅਤੇ ਹਰਜੀਤ ਸਿੰਘ ਪੰਡੋਰੀ ਗੋਲਾ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਸਾਹਮਣੇ ਆਇਆ ਕਿ ਪੰਡੋਰੀ ਗੋਲਾ ਨਜ਼ਦੀਕ ਕਲੇਰ ਦੀ ਜ਼ਮੀਨ 'ਤੇ ਹੋਏ ਬੰਬ ਧਮਾਕੇ ਨਾਲ ਸਬੰਧਤ ਅੱਤਵਾਦੀ ਮਡਿਊਲ ਦਾ ਕਿੰਗਪਿੰਨ ਦਮਦਮੀ ਟਕਸਾਲ ਨਾਲ ਸਬੰਧ ਰੱਖਣ ਵਾਲਾ ਬਿਕਰਮ ਸਿੰਘ ਪੰਜਵੜ ਉਰਫ ਬਿੱਕਰ ਹੈ, ਜੋ ਕਿ 2018 'ਚ ਆਸਟਰੀਆ ਭੱਜ ਗਿਆ ਸੀ। ਉਹ ਆਈਈਡੀ ਦਾ ਮਾਹਿਰ ਸੀ ਅਤੇ ਉਸ ਨੇ ਸੁਖਬੀਰ ਸਿੰਘ ਬਾਦਲ 'ਤੇ ਹਮਲੇ ਲਈ ਬੰਬ ਬਣਾਇਆ ਸੀ।