image caption:

ਦਲਾਈਲਾਮਾ ਆਪ ਤੈਅ ਕਰਨਗੇ ਆਪਣਾ ਵਾਰਸ


ਧਰਮਸ਼ਾਲਾ : ਤਿੱਬਤੀਆਂ ਦੇ ਧਰਮਗੁਰੂ ਦਲਾਈਲਾਮਾ ਆਪਣਾ ਵਾਰਸ ਖ਼ੁਦ ਤੈਅ ਕਰਨ। ਇਸ ਬਾਰੇ 24 ਦੇਸ਼ਾਂ ਦੇ ਨੁਮਾਇੰਦਿਆਂ ਨੇ ਐਤਵਾਰ ਨੂੰ ਮੈਕਲੋਡਗੰਜ 'ਚ ਦਲਾਈਲਾਮਾ ਨਾਲ ਮੁਲਾਕਾਤ ਕਰ ਕੇ ਇਸ ਗੱਲ ਦੀ ਅਪੀਲ ਕੀਤੀ। ਨੁਮਾਇੰਦਿਆਂ ਨੇ ਕਿਹਾ ਕਿ ਦਲਾਈਲਾਮਾ ਵੱਲੋਂ ਐਲਾਨੇ ਵਾਰਸ ਨੂੰ ਪੂਰਾ ਤਿੱਬਤੀ ਭਾਈਚਾਰਾ ਮਨਜ਼ੂਰ ਕਰੇਗਾ।

ਦਲਾਈਲਾਮਾ ਨੂੰ ਸੌਂਪੀ ਗਈ ਤਜਵੀਜ਼ ਮੈਕਲੋਡਗੰਜ 'ਚ ਤਿੱਬਤੀ ਭਾਈਚਾਰੇ ਦੇ ਲੋਕਾਂ ਦੀ ਤਿੰਨ ਦਿਨਾ ਕਾਰਜਸ਼ਾਲਾ ਦੇ ਆਖ਼ਰੀ ਦਿਨ ਸ਼ਨਿਚਰਵਾਰ ਨੂੰ ਜ਼ਬਾਨੀ ਵੋਟ ਨਾਲ ਪਾਸ ਕਰ ਦਿੱਤੀ ਗਈ ਸੀ। ਕਾਰਜਸ਼ਾਲਾ 'ਚ 24 ਦੇਸ਼ਾਂ ਦੇ 400 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਪ੍ਰਰੋਗਰਾਮ 'ਚ ਅਮਰੀਕਾ, ਕੈਨੇਡਾ, ਸਪੇਨ, ਜਾਪਾਨ, ਤਾਇਵਾਨ, ਮੰਗੋਲੀਆ ਤੇ ਆਇਰਲੈਂਡ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਦਲਾਈਲਾਮਾ ਦੇ ਵਾਰਸ ਦੇ ਫ਼ੈਸਲੇ 'ਤੇ ਪਿਛਲੇ ਕਈ ਸਾਲਾਂ ਤੋਂ ਚੀਨ ਦਖ਼ਲ ਦਿੰਦਾ ਆਇਆ ਹੈ। ਚੀਨ ਕਹਿੰਦਾ ਹੈ ਕਿ ਦਲਾਈਲਾਮਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਵਾਰਸ ਕੌਣ ਹੋਵੇਗਾ, ਇਹ ਫ਼ੈਸਲਾ ਉਹ ਖ਼ੁਦ ਲਵੇਗਾ। ਚੀਨ ਵਾਰ-ਵਾਰ ਇਹ ਦੁਹਰਾਉਂਦਾ ਹੈ ਕਿ ਦਲਾਈਲਾਮਾ ਸਮੇਤ ਤਿੱਬਤੀ ਬੋਧੀ ਹਸਤੀਆਂ ਦੇ ਪੁਨਰ ਜਨਮ ਦੇ ਫ਼ੈਸਲੇ ਦੀ ਵਿਰਾਸਤ ਖ਼ੁਦ ਦਲਾਈਲਾਮਾ ਨੂੰ ਵੀ ਚੀਨ ਤੋਂ ਹੀ ਮਿਲੀ ਹੈ। ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਚੀਨ ਦਲਾਈਲਾਮਾ ਤੋਂ ਬਾਅਦ ਆਪਣੇ ਨਾਮਜ਼ਦ ਚਿਹਰੇ ਨੂੰ ਉਨ੍ਹਾਂ ਦਾ ਵਾਰਸ ਐਲਾਨਦਾ ਵੀ ਹੈ ਤਾਂ ਤਿੱਬਤੀ ਭਾਈਚਾਰਾ ਉਸ ਦਾ ਸਨਮਾਨ ਨਹੀਂ ਕਰੇਗਾ।