image caption:

ਪਟਾਕਿਆਂ ਦੇ ਜ਼ਖੀਰੇ ਨਾਲ ਪਿਓ-ਪੁੱਤ ਕਾਬੂ

ਮਾਨਸਾ-   ਸੰਘਣੀ ਆਬਾਦੀ ਵਿਚ ਪਟਾਕੇ ਬਣਾਉਣ ਅਤੇ ਸਟੋਰ ਕਰਨ ਵਾਲੇ ਪਿਓ-ਪੁੱਤ ਨੂੰ ਸੀਆਈਏ ਸਟਾਫ਼ ਦੀ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੇ ਵੱਡੀ ਗਿਣਤੀ ਵਿਚ ਪਟਾਕੇ ਬਰਾਮਦ ਕਰਕੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਐਸਐਸਪੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਸੀਆਈਏ ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਰਮਾਨੰਦ ਅਤੇ ਉਸ ਦੇ ਬੇਟੇ ਹਰੀਚਰਨ ਉਰਫ ਪੱਪੂ ਵਾਸੀ ਭੱਠਾ ਬਸਤੀ ਨੇ ਮੁਹੱਲਾ ਵੀਰ ਨਗਰ ਦੀ ਸੰਘਣੀ ਆਬਾਦੀ ਵਿਚ ਬਣੀ ਇੱਕ ਦੁਕਾਨ 'ਤੇ ਉਹ ਪਟਾਕੇ ਨਾਜਾਇਜ਼ ਤੌਰ 'ਤੇ ਤਿਆਰ ਕਰਕੇ ਵੇਚਦੇ ਹਨ, ਜਿਸ ਵਿਚ ਕੋਈ ਵੱਡਾ ਹਾਦਸਾ ਵਾਪਰਨ ਦੀ ਸੰਭਾਵਨਾ ਹੈ।
ਇਸ 'ਤੇ ਸੀਆਈਏ ਸਟਾਫ਼ ਪੁਲਿਸ ਨੇ ਦੋਵਾਂ ਦੇ ਖ਼ਿਲਾਫ਼ ਥਾਣਾ ਸਿਟੀ 1 ਮਾਨਸਾ ਵਿਚ ਮਾਮਲਾ ਦਰਜ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੁਕਾਨ ਤੋਂ 4 ਕਿਲੋ ਬਾਰੂਦ, 3 ਕਿਲੋ ਸਫੇਦੀ, 3 ਕਿਲੋ 700 ਗਰਾਮ ਕਲੀ, 570 ਗਰਾਮ ਗੰਧਕ ਅਤੇ 5 ਕਿਲੋ ਸਲਫਰ ਤੋਂ ਇਲਾਵਾ ਅਨਾਰ ਅਤੇ ਵੱਡੀ ਗਿਣਤੀ ਵਿਚ ਪਟਾਕੇ ਬਰਾਮਦ ਕੀਤੇ। ਐਸਐਸਪੀ ਨੇ ਵਿਕਰੇਤਾਵਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਸੰਘਣੀ ਆਬਾਦੀ ਤੋਂ ਬਹਾਰ ਖੁਲ੍ਹੇ ਨਿਰਧਾਰਤ ਸਥਾਨਾਂ 'ਤੇ ਹੀ ਪਟਾਕਿਆਂ ਨੂੰ ਸਟੋਰ ਅਤੇ ਵੇਚ ਸਕਦੇ ਹਨ। ਬਗੈਰ ਲਾਇਸੰਸ ਅਤੇ ਸੰਘਣੀ ਆਬਾਦੀ ਵਿਚ ਪਟਾਕੇ ਸਟੋਰ ਕਰਨ ਅਤੇ ਵੇਚਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਫੜੇ ਜਾਣ 'ਤੇ ਸਬੰਧਤ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।