image caption:

ਮੈਡੀਕਲ ਖੇਤਰ ਵਿੱਚ ਸੈੱਲਾਂ ਦੀ ਖੋਜ ਲਈ ਤਿੰਨ ਵਿਗਿਆਨੀਆਂ ਨੂੰ ਨੋਬੇਲ ਐਵਾਰਡ ਦਾ ਐਲਾਨ

ਸਟਾਕਹੋਮ- ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚਅੱਜ ਤੋਂ ਸਾਲ 2019 ਦੇ ਲਈ ਨੋਬਲ ਐਵਾਰਡਾਂ ਦਾ ਐਲਾਨ ਸ਼ੁਰੂ ਹੋ ਗਿਆ ਹੈ। ਇਸ ਵਾਰ ਮੈਡੀਸਿਨ ਦਾ ਨੋਬਲ ਐਵਾਰਡ ਅਮਰੀਕਾ ਦੇ ਵਿਲੀਅਮ ਜੀ. ਕੇਲਿਨ ਜੂਨੀਅਰ ਅਤੇ ਗ੍ਰੇਗ ਐਲ. ਸੇਮੇਂਜਾ, ਬ੍ਰਿਟੇਨ ਦੇ ਸਰ ਪੀਟਰ ਜੇ. ਰੈਡਕਲਿਫ਼ ਨੂੰ ਦਿੱਤਾ ਜਾਵੇਗਾ।
ਅੱਜ ਏਥੇ ਇਨ੍ਹਾਂ ਐਵਾਰਡਾਂ ਦਾ ਐਲਾਨ ਕਰਨ ਦੇ ਵਕਤ ਚੋਣਕਾਰਾਂ ਨੇ ਦੱਸਿਆ ਕਿ ਇਨ੍ਹਾਂ ਵਿਗਿਆਨੀਆਂ ਨੇ ਇਹ ਸਾਬਤ ਕੀਤਾ ਹੈ ਕਿ ਆਕਸੀਜਨ ਦਾ ਪੱਧਰ ਕਿਵੇਂ ਸਾਡੇ ਸੈਲੂਲਰ ਮੈਟਾਬੋਲਿਜ਼ਮ ਤੇ ਸਰੀਰਕ ਗਤੀਵਿਧੀਆਂ ਨੂੰ ਪ੍ਰਭਾਵਤ ਕਰਦਾ ਹੈ। ਚੋਣਕਾਰਾਂ ਨੇ ਕਿਹਾ ਕਿ ਇਨ੍ਹਾਂ ਵਿਗਿਆਨੀਆਂ ਦੀ ਖੋਜ ਨੇ ਅਨੀਮੀਆ, ਕੈਂਸਰ ਤੇ ਹੋਰ ਬਿਮਾਰੀਆਂ ਦੇ ਵਿਰੁੱਧ ਲੜਾਈ ਵਿੱਚਨਵੀਂ ਰਣਨੀਤੀ ਬਣਾਉਣ ਦਾ ਰਸਤਾ ਸਾਫ਼ ਕੀਤਾ ਹੈ।
ਸਵੀਡਿਸ਼ ਅਕਾਦਮੀ ਇਸ ਵਾਰੀ ਸਾਲ 2018 ਅਤੇ 2019 ਦੇ ਦੋ ਸਾਲਾਂ ਲਈ ਸਾਹਿਤ ਦੇ ਨੋਬਲ ਐਵਾਰਡਾਂ ਦਾ ਐਲਾਨ ਵੀ ਕਰੇਗੀ। ਪਿਛਲੇ ਸਾਲ ਜ਼ਾਹਰ ਹੋਏ ਸੈਕਸ ਸ਼ੋਸ਼ਣ ਦੇ ਸਕੈਂਡਲ ਦੇ ਬਾਅਦ 2018 ਦੇ ਸਾਹਿਤ ਖੇਤਰ ਦੇ ਲਈ ਨੋਬਲ ਐਵਾਰਡ ਦਾ ਐਲਾਨ ਅਕਾਦਮੀ ਨੇ ਨਹੀਂ ਕੀਤਾ ਸੀ। ਵਰਨਣ ਯੋਗ ਹੈ ਕਿ 1901 ਤੋਂ 2018 ਦੇ ਦੌਰਾਨ ਮੈਡੀਕਲ ਦੇ ਖੇਤਰ ਵਿੱਚ 109 ਨੋਬਲ ਐਵਾਰਡ ਦਾ ਐਲਾਨ ਕੀਤਾ ਗਿਆ ਤੇ 216 ਲੋਕਾਂ ਨੂੰ ਇਹ ਦਿੱਤੇ ਗਏ ਹਨ। ਮੈਡੀਸਿਨ ਦੇ ਖੇਤਰ ਵਿੱਚ 12 ਔਰਤਾਂ ਨੂੰ ਵੀ ਨੋਬਲ ਦਿੱਤਾ ਗਿਆ ਹੈ। ਸਾਲ 2009 ਵਿੱਚ ਦੋ ਔਰਤਾਂ ਨੂੰ ਇਕੱਠਾ ਨੋਬਲ ਐਵਾਰਡ ਵੀ ਦਿੱਤਾ ਗਿਆ ਸੀ। ਨੋਬਲ ਐਵਾਰਡ ਦੇ ਹਰ ਜੇਤੂ ਨੂੰ ਲਗਭਗ 4.5 ਕਰੋੜ ਰੁਪਏ ਦਿੱਤੇ ਜਾਂਦੇ ਹਨ ਤੇ ਇਸ ਦੇ ਨਾਲ 23 ਕੈਰਟ ਸੋਨੇ ਤੋਂ ਬਣਿਆ 200 ਗ੍ਰਾਮ ਦਾ ਤਮਗ਼ਾ ਅਤੇ ਸ਼ਲਾਘਾ ਪੱਤਰ ਦਿੱਤਾ ਜਾਂਦਾ ਹੈ।