image caption:

ਛਾਪਾ ਮਾਰਨ ਗਈ ਪੁਲਿਸ ਪਾਰਟੀ 'ਤੇ ਹਮਲਾ

ਸ੍ਰੀ ਗੋਇੰਦਵਾਲ ਸਾਹਿਬ-  ਚੌਕੀ ਫਤਿਆਬਾਦ ਦੀ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਪਿੰਡ ਵੇਈਪੁਈ ਵਿਚ ਛਾਪਾ ਮਾਰਿਆ ਗਿਆ। ਇੱਥੇ ਸਥਿਤੀ ਉਸ ਵੇਲੇ ਵਿਗੜ ਗਈ ਜਦ ਨਸ਼ਿਆਂ ਦੇ ਨਾਲ ਜੁੜੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਗੋਲੀ ਚਲਾਉਣੀ ਪਈ। ਚੌਕੀ ਫਤਿਆਬਾਦ ਦੇ ਇੰਚਾਰਜ  ਇਕਬਾਲ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਵਲੋਂ ਪਿੰਡ ਵੇਈਪੁਈ ਵਿਚ ਨਸ਼ਾ ਤਸਕਰੀ ਨਾਲ ਜੁੜੇ ਅਨਸਰਾਂ ਦੇ ਘਰਾਂ ਵਿਚ ਛਾਪੇ ਮਾਰੇ ਗਏ। ਇਸ ਦੌਰਾਨ ਨਿਰਮਲ ਸਿੰਘ ਪੁੱਤਰ ਲਾਲ ਸਿੰਘ ਨੂੰ 50 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਗਿਆ। ਜਦ ਪੁਲਿਸ ਨਿਰਮਲ ਸਿੰਘ ਨੂੰ ਕਾਬੂ ਕਰਕੇ ਲਿਜਾ ਰਹੀ ਸੀ ਤਾਂ ਕੁਝ ਲੋਕਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰਦਿਆਂ ਨਿਰਮਲ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਪੁਲਿਸ ਪਾਰਟੀ ਦੀ ਖਿੱਚ ਧੂਹ ਵੀ ਕੀਤੀ ਜਿਸ ਕਾਰਨ ਕੁਝ ਪੁਲਿਸ ਮੁਲਾਜ਼ਮਾਂ ਦੀ ਵਰਦੀ ਵੀ ਫਟ ਗਈ। ਪੁਲਿਸ ਨੂੰ ਉਸ ਵੇਲੇ ਗੋਲੀ ਵੀ ਚਲਾਉਣੀ ਪਈ। ਐਸਐਚਓ ਬਲਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਸਥਿਤੀ ਨੂੰ ਕਾਬੂ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤੇ ਨਿਰਮਲ ਸਿੰਘ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਕਾਰਵਾਈ ਵਿਚ ਵਿਘਨ ਪਾਉਣ ਅਤੇ ਪੁਲਿਸ ਕਰਮੀਆਂ ਦੀ ਖਿੱਚ ਧੂਹ ਕਰਨ ਦੇ ਮਾਮਲੇ ਵਿਚ ਨਿਰਮਲ ਸਿੰਘ, ਕਿਸ਼ਨ ਸਿੰਘ, ਕੰਤੀ ਪਤਨੀ ਸ਼ਿੰਦਾ, ਰਾਜੀ ਪਤਨੀ ਜੋਗਾ ਸਿੰਘ, ਬਿੰਦੋ ਪੁੱਤਰੀ ਸ਼ਿੰਦਾ, ਜੋਗਾ ਸਿੰਘ ਪੁੱਤਰ ਭਾਗ ਸਿੰਘ ਤੋਂ ਇਲਾਵਾ ਹੋਰ ਅਣਪਛਾਤਿਆਂ ਖ਼ਿਲਾਫ਼  ਕੇਸ ਦਰਜ ਕੀਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਧਰੁਵ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ।