image caption:

ਪਾਕਿ ਨੇ ਸਰਹੱਦ ਨੇੜੇ 20 ਅੱਤਵਾਦੀ ਕੈਂਪ ਅਤੇ 20 ਲਾਂਚ ਪੈਡ ਫਿਰ ਸਰਗਰਮ ਕੀਤੇ

ਨਵੀਂ ਦਿੱਲੀ - ਪਾਕਿਸਤਾਨ ਨੇ ਕੰਟਰੋਲ ਰੇਖਾ ਨੇੜੇ 20 ਅੱਤਵਾਦੀ ਕੈਂਪ ਅਤੇ 20 ਲਾਂਚ ਪੈਡ ਇੱਕ ਵਾਰ ਫਿਰ ਸਰਗਰਮ ਕਰ ਦਿੱਤੇ ਹਨ ਤਾਂ ਕਿ ਸਰਦੀਆਂ ਦੇ ਮੌਸਮ ਦੌਰਾਨ ਜੰਮੂ-ਕਸ਼ਮੀਰ 'ਚ ਵੱਧ ਤੋਂ ਵੱਧ ਅੱਤਵਾਦੀਆਂ ਨੂੰ ਘੁਸਪੈਠ ਕਰਵਾਈ ਜਾ ਸਕੇ।
ਇਸ ਬਾਰੇ ਸੁਰੱਕਿਆ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਫਰਵਰੀ ਮਹੀਨੇ ਪੁਲਵਾਮਾ ਵਿੱਚ ਸੀ ਆਰ ਪੀ ਐਫ ਦੀ ਬੱਸ ਨੂੰ ਉਡਾਉਣ ਅਤੇ ਉਸ ਦੇ ਜਵਾਬ 'ਚ ਭਾਰਤ ਵੱਲੋਂ ਬਾਲਾਕੋਟ ਵਿੱਚ ਅੱਤਵਾਦੀ ਕੈਂਪਾਂ ਉਤੇ ਕੀਤੇ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਵੱਲੋਂ ਵਕਤੀ ਤੌਰ 'ਤੇ ਬੰਦ ਕੀਤੇ ਅੱਤਵਾਦੀ ਕੈਂਪਾਂ ਤੇ ਲਾਂਚ ਪੈਡਾਂ ਨੂੰ ਮੁੜ ਸਰਗਰਮ ਕਰ ਦਿੱਤਾ ਗਿਆ ਹੈ। ਹਰ ਕੈਂਪ 'ਚ 50 ਦੇ ਕਰੀਬ ਅੱਤਵਾਦੀ ਹਨ। ਇੱਕ ਸੁਰੱਖਿਆ ਅਧਿਕਾਰੀ ਨੇ ਖੁਫੀਆ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨੀ ਏਜੰਸੀਆ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ ਅਤੇ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵੰਡਣ ਤੋਂ ਬਾਅਦ ਇੱਥੇ ਅੱਤਵਾਦੀ ਹਮਲੇ ਕਰਾਉਣਾ ਚਾਹੰੁਦੀਆਂ ਹਨ। ਪਾਕਿ ਅੱਤਵਾਦੀ ਹਾਲੇ ਤੱਕ ਵੱਡੇ ਹਮਲੇ ਨਹੀਂ ਕਰ ਸਕੇ ਜਿਸ ਕਾਰਨ ਪਾਕਿ ਏਜੰਸੀਆਂ ਜੰਮੂ-ਕਸ਼ਮੀਰ 'ਚ ਅੱਤਵਾਦੀ ਭੇਜਣ ਦੀ ਕੋਸ਼ਿਸ਼ ਵਿੱਚ ਹਨ।
ਭਾਵੇ ਸੁਰੱਖਿਆ ਬਲਾਂ ਨੇ ਸਰਹੱਦ 'ਤੇ ਚੌਕਸੀ ਵਧਾਈ ਹੋਈ ਹੈ, ਫਿਰ ਵੀ ਪਿਛਲੇ ਹਫਤਿਆਂ 'ਚ ਕਈ ਅੱਤਵਾਦੀ ਘੁਸਪੈਠ ਕਰਨ 'ਚ ਸਫਲ ਰਹੇ ਹਨ। ਸਰਹੱਦ ਪਾਰਲੇ ਅੱਤਵਾਦੀ ਕੈਂਪਾਂ ਬਾਰੇ ਜੰਮੂ-ਕਸ਼ਮੀਰ ਦੇ ਪੁਲਸ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਸੂਬੇ 'ਚ ਅਜੇ ਵੀ 200 ਤੋਂ 300 ਅੱਤਵਾਦੀ ਹਨ ਅਤੇ ਸਰਹੱਦ ਪਾਰੋਂ ਹੋਣ ਵਾਲੀ ਗੋਲੀਬਾਰੀ ਦਾ ਅਸਲੀ ਮਕਸਦ ਇਨ੍ਹਾਂ ਕੰਟਰੋਲ ਰੇਖਾ ਪਾਰ ਸਰਗਰਮ ਅੱਤਵਾਦੀਆਂ ਨੂੰ ਸਰਦੀਆਂ ਤੋਂ ਪਹਿਲਾਂ ਭਾਰਤ 'ਚ ਭੇਜਣਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿੱਚ ਕਾਨਾਚੱਕ, ਆਰ ਐਸ ਪੁਰਾ, ਹੀਰਾ ਨਗਰ, ਪੁਣਛ, ਰਾਜੌਰੀ, ਉੜੀ, ਨੰਬਲਾ, ਕਰਨਾਹ ਅਤੇ ਕੇਰਨ ਵਿੱਚ ਗੋਲੀਬਾਰੀ ਕੀਤੀ ਹੈ ਪਰ ਉਹ ਘੁਸਪੈਠ ਕਰਵਾਉਣ 'ਚ ਸਫਲ ਨਹੀਂ ਹੋ ਸਕੇ।