image caption:

ਸਰਬੱਤ ਦਾ ਭਲਾ ਟਰੇਨ ਦੇ ਵਿਵਾਦ ਵਿੱਚ ਚੀਫ ਲੋਕੋ ਇੰਸਪੈਕਟਰ ਸਸਪੈਂਡ

ਜਲੰਧਰ- ਬੀਤੇ ਸ਼ੁੱਕਰਵਾਰ ਦਿੱਲੀ ਤੋਂ ਲੋਹੀਆਂ ਖਾਸ ਸਟੇਸ਼ਨ ਦੇ ਲਈ ਚਲਾਈ ਗਈ ਸਰਬੱਤ ਦਾ ਭਲਾ ਐਕਸਪ੍ਰੈਸ ਟਰੇਨ ਦੇ ਲੋਕੋ ਪਾਇਲਟ ਅਤੇ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਵਿਚਾਲੇ ਜਲੰਧਰ ਰੇਲਵੇ ਸਟੇਸ਼ਨ 'ਤੇ ਹੋਏੇ ਵਿਵਾਦ ਦਾ ਰੇਲਵੇ ਉਚ ਅਧਿਕਾਰੀਆਂ ਨੇ ਸਖਤ ਨੋਟਿਸ ਲਿਆ ਹੈ।
ਇਸ ਸੰਬੰਧ ਵਿੱਚ ਫਿਰੋਜ਼ਪੁਰ ਰੇਲ ਡਵੀਜ਼ਨ ਦੇ ਸੀਨੀਅਰ ਡੀ ਐੱਮ ਈ (ਓ ਐਂਡ ਐੱਫ) ਨੇ ਵਿਭਾਗੀ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਉਨ੍ਹਾਂ ਨੇ ਚੀਫ ਲੋਕੋ ਇੰਸਪੈਕਟਰ ਵਰਿੰਦਰ ਨਰਵਾਰੀਆ ਨੂੰ ਸਸਪੈਂਡ ਕਰ ਦਿੱਤਾ। ਇਸ ਤੋਂ ਇਲਾਵਾ ਸੀਨੀਅਰ ਸੈਕਸ਼ਨ ਇੰਜੀਨੀਅਰ ਕਿਰਨਪਾਲ, ਲੋਕੋ ਪਾਇਲਟ ਰਾਜਿੰਦਰ ਯਾਦਵ, ਅਸਿਸਟੈਂਟ ਲੋਕੋ ਪਾਇਲਟ ਆਦਿੱਤਿਆ ਆਨੰਦ ਅਤੇ ਲੋਕੋ ਲਾਬੀ ਦੇ ਕਲਰਕ ਨੂੰ ਬੁੱਕ ਆਫ ਕਰ ਦਿੱਤਾ ਹੈ। ਇਨ੍ਹਾਂ ਸਾਰਿਆਂ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡਵੀਜ਼ਨ ਅਧਿਕਾਰੀ ਇਨ੍ਹਾਂ ਸਾਰਿਆਂ ਨਾਲ ਜਵਾਬ-ਤਲਬੀ ਕਰਨਗੇ। ਜਾਂਚ ਦੇ ਮੁੱਕਣ ਤੱਕ ਇਹ ਸਾਰੇ ਕਰਮਚਾਰੀ ਡਿਊਟੀ ਨਹੀਂ ਕਰ ਸਕਣਗੇ।
ਵਰਨਣ ਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੇ ਸੰਬੰਧ ਵਿੱਚ ਰੇਲ ਮੰਤਰੀ ਪਿਊਸ਼ ਗੋਇਲ, ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਟੀ ਪੀ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਤੋਂ ਹਰੀ ਝੰਡੀ ਦੇ ਕੇ ਟਰੇਨ ਭੇਜੀ ਸੀ। ਟਰੇਨ ਦੇ ਜਲੰਧਰ ਸਿਟੀ ਪਹੁੰਚਣ ਉਤੇ ਜਿੱਥੇ ਇੱਕ ਪਾਸੇੇ ਸਿੱਖ ਸੰਗਠਨਾਂ ਨੇ ਟਰੇਨ ਵਿੱਚ ਆਏ ਯਾਤਰੀਆਂ ਦਾ ਸਵਾਗਤ ਕੀਤਾ, ਦੂਜੇ ਪਾਸੇ ਰੇਲਵੇ ਮੁਲਾਜ਼ਮਾਂ ਨੇ ਟਰੇਨ ਡਰਾਈਵਰ ਨਾਲ ਵਿਵਾਦ ਸ਼ੁਰੂ ਕਰ ਦਿੱਤਾ ਸੀ। ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਦੇ ਅਹੁਦੇਦਾਰਾਂ ਨੇ ਆਪਣੇ ਨੰਬਰ ਬਣਾਉਣ ਦੇ ਚੱਕਰ ਵਿੱਚ ਜਲੰਧਰ ਦੇ ਕੁਝ ਲੋਕੋ ਪਾਇਲਟਾਂ ਨਾਲ ਟਰੇਨ ਦੇ ਇੰਜਣ ਕੋਲ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਇਹ ਟਰੇਨ ਜਲੰਧਰ ਦੇ ਅਧੀਨ ਹੈ ਤਾਂ ਟਰੇਨ ਦਾ ਡਰਾਈਵਰ ਲੋਕੋ ਪਾਇਲਟ ਜਲੰਧਰ ਤੋਂ ਸੁਲਤਾਨਪੁਰ ਤੱਕ ਜਾਣਾ ਚਾਹੀਦਾ ਹੈ। ਇਸ ਦਾ ਵਿਰੋਧ ਕਰਨ ਲਈ ਕੁਝ ਰੇਲ ਕਰਮਚਾਰੀਆਂ ਨੇ ਇੰਜਣ ਉੱਤੇ ਖੜ੍ਹੇ ਹੋ ਕੇ ਰੋਸ ਜਤਾਇਆ। ਇਸ ਦੌਰਾਨ ਲੁਧਿਆਣਾ ਦੇ ਚੀਫ ਲੋਕੋ ਇੰਸਪੈਕਟਰ ਵਿਜੇ ਵੱਲੋਂ ਇਤਰਾਜ਼ ਯੋਗ ਸ਼ਬਦ ਕਹਿਣ ਦੌਰਾਨ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਚੱਕਰ ਵਿੱਚ ਟਰੇਨ ਕਰੀਬ 20 ਮਿੰਟ ਸਿਟੀ ਸਟੇਸ਼ਨ 'ਤੇ ਖੜ੍ਹੀ ਰਹੀ ਸੀ।