image caption:

ਡੇਰਾ ਬਿਆਸ ਵਿਰੁੱਧ ਧਰਨਾ ਲਾਉਣ ਵਾਲੇ ਪੁਲਸ ਨੇ ਚੁੱਕੇ

ਰਈਆ - ਡੇਰਾ ਰਾਧਾ ਸੁਆਮੀ ਬਿਆਸ ਦੇ ਖਿਲਾਫ ਸ਼ਾਂਤਮਈ ਧਰਨੇ ਉਤੇ ਬੈਠੇ ਲੋਕ ਭਲਾਈ ਵੈਂਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਅਤੇ ਉਸ ਦੇ ਸਾਥੀਆਂ ਨੂੰ ਬਿਆਸ ਪੁਲਸ ਕੱਲ੍ਹ ਰਾਤ ਧਰਨੇ ਵਾਲੀ ਜਗ੍ਹਾ ਤੋਂ ਚੁੱਕ ਕੇ ਅਣਦੱਸੀ ਥਾਂ ਲੈ ਗਈ ਅਤੇ ਦਰੀਆਂ ਵੀ ਨਾਲ ਲੈ ਗਈ। ਧਰਨਾਕਾਰੀਆਂ ਦੇ ਵਾਹਨ ਅਤੇ ਪਾਣੀ ਵਾਲੀ ਟੈਂਕੀ ਖੜ੍ਹੀ ਰਹਿਣ ਦਿੱਤੀ ਗਈ ਜਿਸ ਦੀ ਰਾਖੀ ਲਈ ਪੁਲਸ ਮੁਲਾਜ਼ਮ ਤਾਇਨਾਤ ਹਨ।

ਡੀ ਐਸ ਪੀ ਬਾਬਾ ਬਕਾਲਾ ਹਰਕਿਸ਼ਨ ਸਿੰਘ ਨੇ ਦੱਸਿਆ ਕਿ ਲੜਾਈ ਦੇ ਖਤਰੇ ਨੂੰ ਦੇਖਦਿਆਂ ਧਰਨਾਕਾਰੀਆਂ 'ਤੇ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਰਨਣ ਯੋਗ ਹੈ ਕਿ ਡੇਰਾ ਰਾਧਾ ਸੁਆਮੀ ਬਿਆਸ ਤੋਂ ਪੀੜਤ ਕਿਸਾਨਾਂ ਨੇ &lsquoਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ' ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਜਲੰਧਰ-ਅੰਮ੍ਰਿਤਸਰ ਹਾਈਵੇ ਦੇ ਫਲਾਈਓਵਰ ਹੇਠਾਂ ਲਾਏ ਧਰਨੇ ਦਾ ਕੱਲ੍ਹ 26ਵੇਂ ਦਿਨ ਸੀ। ਪਹਿਲਾਂ ਸਿਵਲ ਅਤੇ ਪੁਲਸ ਅਧਿਕਾਰੀਆਂ ਅਤੇ ਧਰਨਾਕਾਰੀਆਂ ਦੀ ਗੱਲਬਾਤ ਬੇਸਿੱਟਾ ਰਹੀ ਸੀ।
ਮਿਲੀ ਜਾਣਕਾਰੀ ਅਨੁਸਾਰ ਧਰਨਾਕਾਰੀਆਂ ਦੀਆਂ ਮੰਗਾਂ ਬਾਰੇ ਪ੍ਰਸ਼ਾਸਨ ਵੱਲੋਂ ਧਾਰੀ ਚੁੱਪ ਤੋਂ ਅੱਕੇ ਕਿਸਾਨਾਂ ਨੇ ਕੱਲ੍ਹ ਡੇਰਾ ਮੁਖੀ ਗੁਰਿੰਦਰ ਸਿੰਘ ਦਾ ਪੁਤਲਾ ਫੂਕਣ ਦੀ ਧਮਕੀ ਦਿੱਤੀ ਸੀ। ਪੁਲਸ ਨੇ ਤੜਕੇ ਤੋਂ ਹੀ ਧਰਨਾ ਸਥਾਨ ਨੇੜੇ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਸੀ। ਫਿਰ ਧਰਨਾਕਾਰੀਆਂ ਨਾਲ ਗੱਲਬਾਤ ਲਈ ਤਹਿਸੀਲਦਾਰ ਬਾਬਾ ਬਕਾਲਾ ਮਨਜੀਤ ਸਿੰਘ ਅਤੇ ਡੀ ਐਸ ਪੀ ਹਰਕ੍ਰਿਸ਼ਨ ਸਿੰਘ ਗਏ ਅਤੇ ਪੁਤਲਾ ਫੂਕਣ ਦਾ ਪ੍ਰੋਗਰਾਮ ਰੱਦ ਕਰਨ ਦੇ ਲਈ ਉਨ੍ਹਾਂ ਨੂੰ ਮਨਾਉਣ ਦੇ ਯਤਨ ਕੀਤੇ। ਬਾਅਦ ਦੁਪਹਿਰ ਐਸ ਡੀ ਐਮ ਬਾਬਾ ਬਕਾਲਾ ਸੁਮਿਤ ਮੁੱਦ ਗੱਲਬਾਤ ਕਰਨ ਲਈ ਸਰਪੰਚ ਗਰਾਮ ਪੰਚਾਇਤ ਬਿਆਸ ਦੇ ਦਫਤਰ ਪਹੁੰਚੇ। ਇਸ ਮੌਕੇ ਬਲਦੇਵ ਸਿੰਘ ਸਿਰਸਾ ਨੇ ਇੱਕੋ ਮੰਗ ਰੱਖੀ ਕਿ 20 ਜੁਲਾਈ 2019 ਨੂੰ ਹੋਏ ਲਿਖਤੀ ਫੈਸਲੇ ਮੌਕੇ ਸ਼ਾਮਲ ਅਧਿਕਾਰੀਆਂ ਨੂੰ ਗੱਲਬਾਤ ਵਿੱਚ ਸ਼ਾਮਲ ਕੀਤਾ ਜਾਵੇ। ਕਰੀਬ ਇੱਕ ਘੰਟਾ ਚੱਲੀ ਮੀਟਿੰਗ ਵਿੱਚ ਅਧਿਕਾਰੀ ਧਰਨਾ ਚੁੱਕਣ ਲਈ ਬਲਦੇਵ ਸਿੰਘ ਸਿਰਸਾ ਨੂੰ ਮਜਬੂਰ ਕਰਦੇ ਰਹੇ, ਪਰ ਉਹ ਇਸੇ ਮੰਗ 'ਤੇ ਅੜੇ ਰਹੇ ਕਿ ਪਹਿਲਾਂ ਵਿਵਾਦਤ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਜ਼ਮੀਨਾਂ ਅਸਲ ਮਾਲਕਾਂ ਹਵਾਲੇ ਕੀਤੀਆਂ ਜਾਣ। ਅਧਿਕਾਰੀਆਂ ਦੀ ਅੜੀ ਤੋਂ ਅੱਕ ਕੇ ਉਹ ਗੱਲਬਾਤ ਛੱਡ ਕੇ ਵਾਪਸ ਚਲੇ ਗਏ। ਸਿਰਸਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗੱਲਬਾਤ ਕਰਦੇ ਅਧਿਕਾਰੀਆਂ ਦਾ ਵਤੀਰਾ ਇੱਕ ਤਰਫਾ ਸੀ, ਉਹ ਸਿਰਫ ਧਰਨਾ ਚੁੱਕਣ ਲਈ ਕਹਿੰਦੇ ਸਨ। ਉਨ੍ਹਾਂ ਡੀ ਐਸ ਪੀ ਹਰਕ੍ਰਿਸ਼ਨ ਸਿੰਘ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਧਮਕੀ ਦਿੱਤੀ ਕਿ &lsquoਧਰਨਾ ਚੁੱਕ ਲੈ, ਚੰਗਾ ਰਹੇਂਗਾ'। ਉਨ੍ਹਾਂ ਕਿਹਾ ਕਿ ਡੀ ਐਸ ਪੀ ਪਹਿਲਾਂ ਵੀ ਉਨ੍ਹਾਂ ਨੂੰ ਕਈ ਵਾਰ ਧਮਕੀਆਂ ਦੇ ਚੁੱਕਾ ਹੈ ਜਿਸ ਦੀ ਉਚ ਪੁਲਸ ਅਧਿਕਾਰੀਆਂ ਕੋਲ ਲਿਖਤੀ ਸ਼ਿਕਾਇਤ ਭੇਜੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਡੀ ਐਸ ਪੀ ਬਾਬਾ ਬਕਾਲਾ ਹੋਵੇਗਾ।