image caption:

ਜਿਨ ਪਿੰਗ ਨੂੰ ਇਮਰਾਨ ਦੇ ਤੋਹਫੇ ਤੋਂ ਪਾਕਿ ਵਿੱਚ ਰੌਲਾ

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਤੀਜੇ ਸਰਕਾਰੀ ਦੌਰੇ 'ਤੇ ਕੱਲ੍ਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨ ਪਿੰਗ ਨਾਲ ਮੁਲਾਕਾਤ ਲਈ ਬੀਜਿੰਗ ਪੁੱਜੇ। ਚੀਨ ਵੱਲੋਂ ਪਾਕਿਸਤਾਨ ਵਿੱਚ ਬਣਾਏ ਜਾ ਰਹੇ ਚੀਨ-ਪਾਕਿਸਤਾਨ ਇਕਨਾਮਿਕ ਕਾਰੀਡੋਰ (ਸੀ ਪੀ ਈ ਸੀ) ਕਾਰਨ ਇਸ ਦੌਰੇ ਨੂੰ ਭਾਰੀ ਮਹੱਤਵ ਦਿੱਤਾ ਜਾ ਰਿਹਾ ਹੈ। ਇਮਰਾਨ ਖਾਨ ਇਸ ਮੌਕੇ ਜਿਨ ਪਿੰਗ ਦੇ ਤੋਹਫੇ ਭਾਵ ਕਰਾਚੀ-ਪਿਸ਼ਾਵਰ ਰੇਲ ਟਰੈਕ ਦੇ ਪ੍ਰੋਜੈਕਟ ਸੰਬੰਧੀ ਪ੍ਰਵਾਨਗੀ ਲੈਣ ਗਏ ਹਨ, ਪਰ ਆਪਣੇ ਦੇਸ਼ ਵਿੱਚ ਉਨ੍ਹਾਂ ਲਈ ਵੱਡੀ ਮੁਸ਼ਕਲ ਹੈ। ਸਿੰਧ ਸੂਬੇ ਦੇ ਹਾਊਸ ਵਿੱਚ ਇਮਰਾਨ ਦੇ ਇਸ ਪ੍ਰੋਜੈਕਟ ਵਿਰੁੱਧ ਮਤਾ ਪਾਸ ਕੀਤਾ ਗਿਆ ਤੇ ਇਸ ਨੂੰ ਲਾਗੂ ਨਾ ਕਰਨ ਦੀ ਗੱਲ ਕਹੀ ਗਈ ਹੈ।
ਵਰਨਣ ਯੋਗ ਹੈ ਕਿ ਕਰਾਚੀ-ਪਿਸ਼ਾਵਰ ਰੇਲ ਟਰੈਕ ਇਮਰਾਨ ਖਾਨ ਦੇ ਦੌਰੇ ਦੇ ਅਹਿਮ ਪ੍ਰੋਜਕੈਟਾਂ ਵਿੱਚੋਂ ਇੱਕ ਹੈ। ਸਿੰਧ ਵਿਧਾਨ ਸਭਾ ਦਾ ਮਤਾ ਇਹ ਹੈ ਕਿ ਇਸ ਟਰੈਕ ਨੂੰ ਛੱਡ ਕੇ ਕਰਾਚੀ ਸਰਕੂਲਰ ਰੇਲ ਪ੍ਰੋਜੈਕਟ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਏ। ਇੱਕ ਦਿਨ ਪਹਿਲਾਂ ਸੂਬਾਈ ਵਿਧਾਨ ਸਭਾ ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਇੱਕ ਮੈਂਬਰ ਗਨਵੇਰ ਇਸਰਾਨ ਵੱਲੋਂ ਇਮਰਾਨ ਸਰਕਾਰ ਵਿਰੁੱਧ ਮਤਾ ਲਿਆਂਦਾ ਗਿਆ ਸੀ, ਜਿਹੜਾ ਪਾਸ ਹੋ ਗਿਆ। ਸਿੰਧ ਸਰਕਾਰ ਦੀ ਮੰਗ ਹੈ ਕਿ ਜਦੋਂ ਪਹਿਲਾਂ ਕਰਾਚੀ ਸਰਕੂਲਰ ਰੇਲ ਪ੍ਰੋਜੈਕਟ ਨੂੰ ਚੀਨ ਸਰਕਾਰ ਦੀ ਸਹਿਮਤੀ ਨਾਲ ਪੀ ਈ ਸੀ ਵਿੱਚ ਸ਼ਾਮਲ ਕਰ ਲਿਆ ਹੈ ਤਾਂ ਇਮਰਾਨ ਖਾਨ ਦੀ ਫੈਡਰਲ ਸਰਕਾਰ ਇਸ ਪ੍ਰੋਜੈਕਟ ਨੂੰ ਹਟਾ ਕੇ ਕਰਾਚੀ-ਪਿਸ਼ਾਵਰ ਰੇਲ ਟਰੈਕ ਨੂੰ ਇਸ ਵਿੱਚ ਕਿਉਂ ਸ਼ਾਮਲ ਕਰਵਾ ਰਹੀ ਹੈ। ਸਿੰਧ ਸਰਕਾਰ ਦਾ ਦਾਅਵਾ ਹੈ ਕਿ ਸੀ ਆਰ ਪ੍ਰੋਜੈਕਟ ਕਰਾਚੀ ਦੇ ਲੋਕਾਂ ਲਈ ਰੋਜ਼ਗਾਰ ਤੇ ਨਿਵੇਸ਼ ਲਿਆਉਣ ਵਾਲਾ ਹੋਵੇਗਾ, ਪਰ ਇਮਰਾਨ ਸਰਕਾਰ ਦਾ ਫੈਸਲਾ ਲੋਕਾਂ ਲਈ ਧੋਖਾ ਹੋਵੇਗਾ। ਸਿੰਧ ਸੂਬੇ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਇਸ ਸੰਬੰਧੀ ਇਮਰਾਨ ਨੂੰ ਅਪੀਲ ਵੀ ਕੀਤੀ ਹੈ। ਨਾਲ ਹੀ ਪ੍ਰੋਜੈਕਟ ਦੀ ਗਾਰੰਟੀ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇ ਇਮਰਾਨ ਸਰਕਾਰ ਇਸ ਸੰਬੰਧੀ ਪ੍ਰਵਾਨਗੀ ਨਹੀਂ ਲੈਂਦੀ ਤਾਂ ਕਰਾਚੀ-ਪਿਸ਼ਾਵਰ ਰੇਲ ਟਰੈਕ ਪ੍ਰੋਜੈਕਟ ਨੂੰ ਸਿੰਧ ਸੂਬੇ ਵਿੱਚ ਲਾਗੂ ਨਹੀਂ ਕੀਤਾ ਜਾਏਗਾ।