image caption:

ਮਾਪਿਆਂ ਨੂੰ ਨਿਊਜ਼ੀਲੈਂਡ ਪੱਕੇ ਤੌਰ 'ਤੇ ਬੁਲਾਉਣਾ ਔਖਾ ਹੋਇਆ

ਆਕਲੈਂਡ - ਨਿਊਜ਼ੀਲੈਂਡ 'ਚ ਮਾਪਿਆਂ ਨੂੰ ਪੱਕੇ ਤੌਰ 'ਤੇ ਬੁਲਾਉਣਾ ਬਹੁਤ ਵੱਡੀ ਗਿਣਤੀ ਪ੍ਰਵਾਸੀਆਂ ਲਈ ਸ਼ਾਇਦ ਸੁਪਨਾ ਹੀ ਰਹਿ ਜਾਵੇਗਾ, ਕਿਉਂਕਿ ਕੱਲ੍ਹ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਲੀਸ ਗੋਲਾਵੇ ਨੇ ਪਿਛਲੇ ਪੰਜ ਸਾਲ ਤੋਂ ਬੰਦ ਕੀਤੀ ਮਾਪਿਆਂ ਨੂੰ ਪੱਕੇ ਤੌਰ 'ਤੇ ਬੁਲਾਉਣ ਦੀ ਕੈਟਾਗਰੀ ਨੂੰ ਮੁੜ ਖੋਲ੍ਹਣ ਦਾ ਐਲਾਨ ਕਰ ਦਿੱਤਾ ਪਰ ਨਾਲ ਨਵੇਂ ਨਿਯਮ ਵੀ ਲਾਗੂ ਕਰ ਦਿੱਤੇ ਹਨ।
ਨਵੇਂ ਜਾਰੀ ਕੀਤੇ ਨਿਯਮਾਂ 'ਚ ਚਾਰ ਕਿਸਮ ਦੀਆਂ ਤਜਵੀਜ਼ਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਤਹਿਤ ਜੇਕਰ ਇੱਕ ਵਿਅਕਤੀ (ਅਣਵਿਆਹਿਆ ਜਾਂ ਇਕੱਲਾ) ਆਪਣੇ ਮਾਤਾ ਜਾਂ ਪਿਤਾ (ਦੋਵਾਂ 'ਚੋਂ ਇੱਕ) ਨੂੰ ਬੁਲਾਉਣਾ ਚਾਹੁੰਦਾ ਹੈ ਤਾਂ ਉਸ ਦੀ ਸਾਲਾਨਾ ਆਮਦਨ 1 ਲੱਖ 6 ਹਜ਼ਾਰ 80 ਡਾਲਰ ਹੋਣੀ ਚਾਹੀਦੀ ਹੈ ਅਤੇ ਜੇ ਉਹ ਦੋਵਾਂ ਮਾਤਾ-ਪਿਤਾ ਨੂੰ ਬੁਲਾਉਣਾ ਚਾਹੁੰਦਾ ਹੈ ਤਾਂ ਉਸ ਦੀ ਆਮਦਨ 1 ਲੱਖ 59 ਹਜ਼ਾਰ 120 ਡਾਲਰ ਚਾਹੀਦੀ ਹੈ। ਇਸੇ ਤਰ੍ਹਾਂ ਜੇਕਰ ਇੱਕ ਜੋੜਾ (ਵਿਆਹੇ ਹੋਏ) ਆਪਣੇ ਮਾਪਿਆਂ 'ਚੋਂ ਇੱਕ ਨੂੰ ਬੁਲਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਆਮਦਨ 1 ਲੱਖ 59 ਹਜ਼ਾਰ 120 ਡਾਲਰ ਤੇ ਦੋਵੇਂ ਮਾਂ-ਪਿਓ ਲਈ ਇਹ 2 ਲੱਖ 12 ਹਜ਼ਾਰ 160 ਡਾਲਰ ਸਾਲਨਾ ਹੋਣੀ ਚਾਹੀਦੀ ਹੈ। ਇਮੀਗ੍ਰੇਸ਼ਨ ਮੰਤਰੀ ਅਨੁਸਾਰ ਜਿਹੜੇ ਲੋਕਾਂ ਨੇ ਆਪਣੇ ਮਾਪਿਆਂ ਦੇ ਪੱਕੇ ਵੀਜ਼ੇ ਲਈ ਅਰਜ਼ੀਆਂ ਪਹਿਲਾਂ ਪਾਈਆਂ ਹੋਈਆਂ ਹਨ, ਇਹ ਨਵੇਂ ਨਿਯਮ ਉਨ੍ਹਾਂ 'ਤੇ ਵੀ ਲਾਗੂ ਹੋਣਗੇ ਜਾਂ ਇਸ ਸਾਲਾਨਾ ਆਮਦਨ ਦੇ ਘੇਰੇ ਨੂੰ ਪਾਰ ਕਰਨਗੇ, ਉਨ੍ਹਾਂ ਨੂੰ ਹੀ ਵੀਜ਼ੇ ਮਿਲਣਗੇ। ਮੰਤਰੀ ਅਨੁਸਾਰ ਇਸ਼ ਨੀਤੀ ਤਹਿਤ 1000 ਮਾਪਿਆਂ ਨੂੰ ਨਿਊਜ਼ੀਲੈਂਡ 'ਚ ਸਥਾਈ ਨਾਗਰਿਕਤਾ ਮਿਲ ਸਕੇਗੀ। ਕੱਲ੍ਹ ਇਸ ਐਲਾਨ ਤੋਂ ਬਾਅਦ ਪ੍ਰਵਾਸੀ ਖਾਸ ਕਰ ਭਾਰਤੀ ਅਤੇ ਪੰਜਾਬੀ ਭਾਈਚਾਰੇ 'ਚ ਵੱਡਾ ਰੋਸ ਵੇਖਣ ਨੂੰ ਮਿਲਿਆ ਹੈ।