image caption:

ਪੁਲਿਸ ਵਿਚ ਭਰਤੀ ਕਰਾਉਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ

ਗੋਨਿਆਣਾ ਮੰਡੀ-   ਜ਼ਿਲ੍ਹਾ ਬਠਿੰਡਾ ਦੇ ਥਾਣਾ ਨੇਹੀਆਂਵਾਲਾ ਵਿਖੇ ਇਕ ਅਜਿਹੇ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸ ਨੇ ਪੁਲਿਸ 'ਚ ਭਰਤੀ ਕਰਵਾਉਣ ਦੇ ਨਾਂ 'ਤੇ ਦੋ ਵਿਅਕਤੀਆਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਇਹ ਮਾਮਲਾ ਪੀੜਤਾਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਗਈ ਦਰਖਾਸਤ ਦੀ ਜਾਂਚ-ਪੜਤਾਲ ਬਾਅਦ ਦਰਜ ਕੀਤਾ ਗਿਆ ਹੈ। ਉਕਤ ਖ਼ਿਲਾਫ਼ ਪਹਿਲਾਂ ਵੀ ਧੋਖਾਧੜੀ ਦੇ ਕਈ ਮੁਕੱਦਮੇ ਦਰਜ ਹਨ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ 'ਚ ਭੋਲਾ ਸਿੰਘ ਪੁੱਤਰ ਚੂਹੜ ਸਿੰਘ ਵਾਸੀ ਪਿੰਡ ਕੁਲੈਹਰੀ (ਮਾਨਸਾ) ਤੇ ਜਸਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬਰਨਾਲਾ (ਮਾਨਸਾ) ਨੇ ਦੱਸਿਆ ਕਿ ਉਨ੍ਹਾਂ ਦੇ ਲੜਕਿਆਂ ਨੂੰ ਪੰਜਾਬ ਪੁਲਿਸ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਪਿੰਡ ਨੇਹੀਆਂਵਾਲਾ (ਬਠਿੰਡਾ) ਦੇ ਰਹਿਣ ਵਾਲੇ ਜਸਵੀਰ ਸਿੰਘ ਨੇ ਕ੍ਰਮਵਾਰ ਡੇਢ ਲੱਖ ਤੇ ਦੋ ਲੱਖ (ਕੁੱਲ ਸਾਢੇ ਤਿੰਨ ਲੱਖ) ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਉੱਕਤ ਵਿਅਕਤੀਆਂ ਦੇ ਬਿਆਨਾਂ ਉੱਪਰ ਜਸਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਨੇਹੀਆਂਵਾਲਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਪੀੜਤਾਂ ਨੇ ਪੁਲਿਸ ਕੋਲ ਦਿੱਤੀ ਦਰਖਾਸਤ 'ਚ ਦੱਸਿਆ ਕਿ ਉਕਤ ਜਸਵੀਰ ਸਿੰਘ ਨੇ ਬਠਿੰਡਾ ਸ਼ਹਿਰ ਦੇ ਇਕ ਵਿਅਕਤੀ ਨੂੰ ਉਨ੍ਹਾਂ ਨਾਲ ਮਿਲਾਉਂਦੇ ਹੋਏ ਉਸ ਨੂੰ ਇਕ ਉੱਚ ਪੁਲਿਸ ਅਧਿਕਾਰੀ ਦੱਸਿਆ ਸੀ ਤੇ ਕਿਹਾ ਕਿ ਇਹ ਕਈ ਨੌਜਵਾਨਾਂ ਨੂੰ ਪੁਲਿਸ 'ਚ ਭਰਤੀ ਕਰਵਾ ਚੁੱਕੇ ਹਨ ਤੇ ਤੁਹਾਡੇ ਲੜਕਿਆਂ ਨੂੰ ਵੀ ਪੁਲਿਸ 'ਚ ਭਰਤੀ ਕਰਵਾ ਦੇਣਗੇ। ਪੁਲਿਸ ਨੇ ਆਪਣੀ ਜਾਂਚ 'ਚ ਉੱਕਤ ਉੱਚ ਪੁਲਿਸ ਅਧਿਕਾਰੀ ਵਜੋਂ ਪੇਸ਼ ਕੀਤੇ ਗਏ ਵਿਅਕਤੀ ਨੂੰ ਕਲੀਨ ਚਿੱਟ ਦਿੰਦੇ ਹੋਏ ਸਿਰਫ ਜਸਵੀਰ ਸਿੰਘ ਖ਼ਿਲਾਫ਼ ਹੀ ਮੁਕੱਦਮਾ ਦਰਜ ਕੀਤਾ ਹੈ। ਉੱਕਤ ਵਿਅਕਤੀ ਖ਼ਿਲਾਫ਼ ਥਾਣਾ ਕੋਤਵਾਲੀ ਬਠਿੰਡਾ ਵਿਖੇ ਮੁਕੱਦਮੇ ਦਰਜ ਹਨ।