image caption:

ਹਥਿਆਰਾਂ ਦੇ ਕੋਰੀਅਰ ਬੁਆਏ ਗੈਂਗਸਟਰਾਂ ਦਾ ਪੁਲਿਸ ਰਿਮਾਂਡ ਵਧਿਆ

ਲੁਧਿਆਣਾ-   ਐੱਸਟੀਐੱਫ ਵੱਲੋਂ ਅੰਮਿਬਸਰ ਨੇੜੇ ਜੰਡਿਆਲਾ ਗੁਰੂ ਨੇੜੇ ਇਕ ਢਾਬੇ ਤੋਂ ਫੜੇ ਗਏ ਗੈਂਗਸਟਰਾਂ ਦਾ ਦੋ ਦਿਨ ਦਾ ਰਿਮਾਂਡ ਵਧਿਆ ਹੈ। ਪੁਲਿਸ ਨੇ ਤਿੰਨਾਂ ਨੂੰ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਸੀ। ਪੁਲਿਸ ਵੱਲੋਂ ਹੁਣ ਤਕ ਕੀਤੀ ਪੁੱਛਗਿਛ ਸਬੰੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਪਰ ਸੂਤਰ ਦੱਸ ਰਹੇ ਹਨ ਕਿ ਪੁਲਿਸ ਦੇ ਹੱਥ ਗੈਂਗਸਟਰ ਵੱਲੋਂ ਵਰਤੇ ਜਾਣ ਵਾਲੇ ਇੰਟਰਨੈਸ਼ਨਲ ਸਿਮ ਭਾਰਤ 'ਚ ਐਕਟੀਵੇਟ ਹੋਣ ਨਾਲ ਪਾਕਿਸਤਾਨ ਤੇ ਵਿਦੇਸ਼ਾਂ 'ਚ ਇਨ੍ਹਾਂ ਦੇ ਕਈ ਲਿੰਕ ਹੋਣ ਸਬੰਧੀ ਸਬੂਤ ਮਿਲੇ ਹਨ। ਦੱਸ ਦੇਈਏ ਕਿ ਐੱਸਟੀਐੱਫ ਦੀ ਟੀਮ ਨੂੰ ਪਿਛਲੇ ਮਹੀਨੇ ਦੇ ਆਖਰੀ ਦਿਨਾਂ 'ਚ ਫਿਰੋਜ਼ਪੁਰ ਦੇ ਮਮਦੋਟ ਥਾਣੇ ਅਧੀਨ ਆਉਂਦੇ ਇੰਟਰਨੈਸ਼ਨਲ ਬਾਰਡਰ ਤੋਂ ਹਥਿਆਰ ਅਤੇ ਜਿੰਦਾ ਕਾਰਤੂਸ ਬਰਾਮਦ ਹੋਏ ਸਨ। ਪੁਲਿਸ ਨੂੰ ਪਾਕਿਸਤਾਨ ਤੋਂ ਨਾਰਕੋਟਿਕਸ ਆਉਣ ਸਬੰਧੀ ਜਾਣਕਾਰੀ ਮਿਲੀ ਸੀ, ਪਰ ਜ਼ਮੀਨ ਦੀ ਪੁਟਾਈ ਦੌਰਾਨ ਉੱਥੋਂ ਹਥਿਆਰ ਬਰਾਮਦ ਹੋਏ ਸਨ। ਪੁਲਿਸ ਨੇ ਇਸ ਦੇ ਦੋ ਦਿਨ ਬਾਅਦ 1 ਅਕਤੂਬਰ ਨੂੰ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਗੁਰਦਾਸਪੁਰੀਆ ਢਾਬੇ ਤੋਂ ਭੁਪਿੰਦਰ ਸਿੰਘ ਉਰਫ ਜਿੰਦ ਪਿੰਡ ਝੰਡੇ ਮਜੀਠਾ, ਸੁਖਰਾਜ ਸਿੰਘ ਸੁੱਖਾ ਪਿੰਡ ਲਖਨਪੁਰ ਗੁਰਦਾਸਪੁਰ, ਰਾਜਪਾਲ ਸਿੰਘ ਉਰਫ ਰਾਜਾ ਰਸੂਲਪੁਰ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵੱਲੋਂ ਵੀ ਪੁਲਿਸ 'ਤੇ ਫਾਇਰਿੰਗ ਕੀਤੀ ਸੀ। ਇਨ੍ਹਾਂ ਕੋਲੋਂ ਮਿਲੇ ਮੋਬਾਈਲ ਤੋਂ ਖੁਲਾਸਾ ਹੋਇਆ ਸੀ ਕਿ ਹਥਿਆਰ ਮੰਗਵਾਉਣ ਵਾਲੇ ਵੀ ਗੈਂਗਸਟਰ ਸਨ ਤੇ ਇਨ੍ਹਾਂ ਵੱਲੋਂ ਇੰਟਰਨੈਸ਼ਨਲ ਸਿਮ ਕਾਰਡ ਦੀ ਵਰਤੋਂ ਕੀਤੀ ਜਾਂਦੀ ਹੈ। ਪੁਲਿਸ ਨੇ ਇਨ੍ਹਾਂ ਦੇ ਖ਼ਿਲਾਫ਼ ਐੱਸਟੀਐੱਫ ਥਾਣਾ ਮੋਹਾਲੀ 'ਚ ਅਪਰਾਧਕ ਮਾਮਲਾ ਦਰਜ ਕਰ ਕੇ ਇਨ੍ਹਾਂ ਨੂੰ ਉੱਥੇ ਪੇਸ਼ ਕਰ ਕੇ ਅੱਠ ਦਿਨ ਦੇ ਰਿਮਾਂਡ 'ਤੇ ਲਿਆ ਸੀ ਤੇ ਇਸ ਦੌਰਾਨ ਹੋਈ ਪੁੱਛਗਿਛ 'ਚ ਕਈ ਖੁਲਾਸਾ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਅੱਠ ਦਿਨਾਂ 'ਚ ਇਨ੍ਹਾਂ ਤੋਂ ਸੁਰੱਖਿਆ ਨਾਲ ਸਬੰਧਤ ਕਈ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਵੀ ਪੁੱਛਗਿਛ ਕੀਤੀ ਗਈ ਹੈ। ਹੁਣ ਤਕ ਕੀਤੀ ਪੁੱਛਗਿਛ ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੇ ਹਥਿਆਰ ਮੰਗਵਾਉਣ ਵਾਲੇ ਗੈਂਗਸਟਰਾਂ ਦੇ ਲਿੰਕ ਹੁਣ ਪਾਕਿਸਤਾਨ ਦੇ ਨਾਲ-ਨਾਲ ਵਿਦੇਸ਼ਾਂ 'ਚ ਬੈਠੇ ਅੱਤਵਾਦੀਆਂ ਨਾਲ ਹਨ। ਗੈਂਗਸਟਰਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਗੈਂਗਸਟਰਾਂ ਨੂੰ ਖ਼ਤਮ ਕਰਨ ਦੀ ਮੁਹਿੰਮ ਤਹਿਤ ਭੜਕਾ ਕੇ ਪ੍ਰਦੇਸ਼ 'ਚ ਭੜਕਾਊ ਮਾਹੌਲ ਪੈਦਾ ਕਰਨ ਲਈ ਉਕਸਾਇਆ ਜਾ ਰਿਹਾ ਹੈ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸੂਬੇ 'ਚ ਆਏ ਇਹ ਹਥਿਆਰ ਰਿਫਰੈਂਡਸ 2020 ਦੇ ਤਹਿਤ ਵੱਡੀ ਕਾਰਵਾਈ ਕਰਨ ਲਈ ਹੀ ਮੰਗਵਾਏ ਗਏ ਸਨ। ਇਸ ਸਬੰਧੀ ਕੋਈ ਵੀ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ। ਐੱਸਟੀਐੱਫ ਚੀਫ ਇੰਸਪੈਕਟਰ ਹਰਬੰਸ ਸਿੰਘ ਨੇ ਕਿਹਾ ਕਿ ਪੁੱਛਗਿਛ ਸਬੰਧੀ ਕੁਝ ਵੀ ਦੱਸਿਆ ਨਹੀਂ ਜਾ ਸਕਦਾ ਹੈ। ਹਾਂ, ਅਸੀਂ ਤਿੰਨਾਂ ਨੂੰ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਸੀ ਤੇ ਦੋ ਦਿਨ ਦਾ ਹੋਰ ਰਿਮਾਂਡ ਮਿਲਿਆ ਹੈ।