image caption: ਲੇਖਕ - ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

ਜਗਤ ਬਾਬੇ ਨਾਨਕ ਦੇ ਪ੍ਰਕਾਸ਼ ਦਿਵਸ ਸਬੰਧੀ ਵਿਚਾਰ ਚਰਚਾ - ਪ੍ਰਕਾਸ਼ ਪੁਰਬ ਮਨਾਉਣ ਅਤੇ ਆਯੋਜਿਤ ਕਰਨ ਦੇ ਸੰਦਰਭ ਵਿੱਚ

 ਪ੍ਰਕਾਸ਼ ਦਿਵਸ ਮਨਾਇਆ ਜਾਣਾ ਚਾਹੀਦਾ ਹੈ ਜਾਂ ਆਯੋਜਿਤ ਕੀਤਾ ਜਾਣਾ ਚਾਹੀਦਾ ! ਇਸ ਸ਼ੁਭ ਮੌਕੇ 'ਤੇ ਆਤਮ ਮੰਥਨ ਦੀ ਸਖ਼ਤ ਲੋੜ !!


      ਅੱਜਕਲ੍ਹ ਜਗਤ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਦਿਹਾੜਾ ਸਾਰੇ ਪਾਸੇ ਦੇਸ਼ ਵਿਦੇਸ਼ ਵਿੱਚ ਮਨਾਇਆ ਜਾ ਰਿਹਾ ਹੈ । ਸਿੱਖ ਜਗਤ ਵਿੱਚ ਹਰ ਪਾਸੇ ਖ਼ੁਸ਼ੀ, ਉਤਸ਼ਾਹ, ਸ਼ਰਧਾ ਤੇ ਜਲੌਅ ਹੈ । ਨਗਰ ਕੀਰਤਨ, ਪ੍ਰਭਾਤ ਫੇਰੀਆਂ, ਆਖੰਡ ਜਾਪ, ਕੀਰਤਨ ਤੇ ਰੈਣ ਸੁਬਾਈ ਕੀਰਤਨ ਹੋ ਰਹੇ ਹਨ । ਗੁਰੂ ਘਰਾਂ ਚ ਚਹਿਲ ਪਹਿਲ ਹੈ । 36 ਪ੍ਰਕਾਰ ਦੇ ਲੰਗਰਾਂ ਦੀ ਵਿਵਸਥਾ ਹੈ । ਜਗਤ ਬਾਬੇ ਦਾ ਇਹ ਜਨਮ ਉਤਸਵ ਬਹੁਤ ਹੀ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ ।

   ਇੱਥੇ ਆਯੋਜਿਤ ਕਰਨਾ ਤੇ ਮਨਾਉਣਾ ਦਾ ਅੰਤਰ ਸਮਝਣ ਦੀ ਜ਼ਰੂਰਤ ਹੈ । ਮਨਾਉਣ ਨੂੰ ਅੰਗਰੇਜੀ ਚ ਛeਲeਬਰਅਟਿਨ ਕਹਿੰਦੇ ਹਨ ਜਿਸ ਦਾ ਭਾਵ ਓਨਜੇ ਕਰਨਾ ਹੁੰਦਾ ਹੈ ਜੋ ਆਮ ਤੌਰ 'ਤੇ ਖਾ ਪੀ ਤੇ ਮੇਲੇ ਚ ਘੁੰਮ ਫ਼ਿਰਕੇ, ਨੱਚ ਗਾ ਕੇ ਜਾਂ ਸੁਣ ਦੇਖ ਕੇ ਹੀ ਕੀਤਾ ਜਾਂਦਾ ਹੈ ਜਦ ਕਿ ਆਯੋਜਿਤ ਕਰਨ ਦਾ ਭਾਵ ਹੁੰਦਾ ਹੈ ਕਿ ਕਿਸੇ ਪੁਰਬ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਤਿਆਰ ਕਰਕੇ ਪੇਸ਼ ਕਰਨਾ । ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਮਨਾਏ ਜਾਣ ਵਾਲੇ ਸਮਾਗਮ ਵਿਧੀਵਤ ਨਹੀਂ ਹੁੰਦੇ? ਤਾਂ ਇਸ ਦਾ ਸਿੱਧਾ ਉਤਰ ਹਾਂ ਵਿੱਚ ਹੀ ਹੋਵੇਗਾ ਪਰ ਦੋਹਾਂ ਵਿਚਲਾ ਮੋਟਾ ਜਿਹਾ ਅੰਤਰ ਇਹ ਸਮਝਣਾ ਹੋਵੇਗਾ ਕਿ ਜਿੱਥੇ ਮਨਾਏ ਜਾਣ ਵਾਲੇ ਤਿਓਂਹਾਰ ਹਲਕੇ ਫੁਲਕੇ ਢੰਗ ਨਾਲ ਤਿਆਰ ਕੀਤੇ ਜਾਂਦੇ ਤੇ ਉਹਨਾਂ ਦਾ ਮੁੱਖ ਮਕਸਦ ਸਿਰਫ ਸਹੂਲਤ, ਮਨੋਰੰਜਨ ਤੇ ਮੇਲ ਮਿਲਾਪ ਹੁੰਦਾ ਹੈ ਉੱਥੇ ਆਯੋਜਿਤ ਕੀਤੇ ਜਾਣ ਵਾਲੇ ਸਮਾਗਮ ਬੜੀ ਗਹਿਰੀ ਸੋਚ ਨਾਲ ਸੋਚ ਵਿਚਾਰ ਕਰਨ ਤੋਂ ਬਾਦ ਘੜਕੇ ਉਲੀਕੇ ਜਾਂਦੇ ਹਨ ਤੇ ਅਜਿਹਾ ਕਰਦੇ ਸਮੇਂ ਸਮਾਗਮ ਦੇ ਸਕਾਰਾਤਮਕ ਤੇ ਨਕਾਰਾਤਮਕ ਪਹਿਲੂਆਂ ਤੇ ਪੁਰ ਵਿਚਾਰ ਕਰਦਿਆਂ ਸ਼ਾਮਿਲ ਹੋਣ ਵਾਲ਼ਿਆਂ ਦੇ ਮਾਨਸਿਕ ਪੱਧਰ ਤੇ ਉਹਨਾਂ 'ਤੇ ਪੈਣ ਵਾਲੇ ਪਰਭਾਵਾਂ ਦਾ ਵੀ ਖ਼ਾਸ ਖਿਆਲ਼ ਰੱਖਿਆ ਜਾਂਦਾ ਹੈ ।
  ਅੱਜ ਦਾ ਵਡਭਾਗਾ ਦਿਨ ਵਧਾਈਆਂ ਦੇ ਅਦਾਨ ਪ੍ਰਦਾਨ ਚ ਬੀਤਿਆ ਤੇ ਇਹ ਸਿਲਸਿਲਾ ਅਜੇ ਹੋਰ ਵੀ ਕਈ ਦਿਨ ਚੱਲੇਗਾ । ਪਰ ਜਗਤ ਬਾਬੇ ਦੇ ਪ੍ਰਕਾਸ਼ ਦਿਵਸ 'ਤੇ ਵਧਾਈਆਂ ਦੇਣੀਆ ਜਾਇਜ਼ ਹਨ ਜਾਂ ਨਹੀਂ ? ਇਹ ਸਵਾਲ ਵੀ ਵਿਚਾਰਿਆ ਜਾਣਾ ਜ਼ਰੂਰੀ ਹੈ । ਜਗਤ ਬਾਬੇ ਨਾਨਕ ਦਾ ਪਰਕਾਸ਼ ਦਿਵਸ ਅਸੀਂ ਮਨਾਉਂਦੇ ਤਾਂ ਹਰ ਸਾਲ ਹੀ ਹਾਂ ਆਯੋਜਿਤ ਨਹੀਂ ਕਰਦੇ । ਅਸੀਂ ਜਗਤ ਬਾਬੇ ਨੂੰ ਗੁਰੂ ਜ਼ਰੂਰ ਮੰਨਦੇ ਹਾਂ, ਉਸ ਪ੍ਰਤੀ ਅਥਾਹ ਸ਼ਰਧਾ ਵੀ ਰੱਖਦੇ ਹਾਂ ਤੇ ਹਰ ਵਕਤ ਉਸ ਨੂੰ ਆਪਣੇ ਸਨਮੁੱਖ ਹਾਜ਼ਰ ਨਾਜੁਰ ਵੀ ਮੰਨਦੇ ਹਾਂ ਪਰ ਬਾਬੇ ਦੀ ਬਾਣੀ ਵਿਚਲੇ ਫ਼ਲਸਫ਼ੇ ਨੂੰ ਆਪਣੇ ਜੀਵਨ ਚ ਨਹੀਂ ਉਤਾਰਦੇ । ਕਹਿਣ ਦਾ ਭਾਵ ਇਹ ਕਿ ਪ੍ਰਾਣੀ ਦਾ ਜਨਮ ਇਸ ਸੰਸਾਰ ਚ ਸਿਰਫ ਇਕ ਵਾਰ ਹੁੰਦਾ ਹੈ, ਬਾਕੀ ਸਾਲਗ੍ਰਿਹਾ ਸਿਰਫ ਯਾਦਗਾਰੀ ਹੁੰਦੇ ਹਨ ਸੋ ਅਸਲ ਰੂਪ ਚ ਵਧਾਈਆਂ ਤਾਂ ਪਹਿਲੇ ਜਨਮ ਦਿਨ ਦੀਆਂ ਹੀ ਹੁੰਦੀਆਂ ਹਨ । ਪਰ ਮਹਾਂਪੁਰਸ਼ਾਂ ਦੇ ਮਾਮਲੇ ਚ ਇਸ ਕਰਕੇ ਹਰ ਪ੍ਰਕਾਸ਼ ਉਤਸ਼ਵ ਤੇ ਵਧਾਈ ਦਿੱਤੀ ਜਾਂਦੀ ਹੈ ਕਿਉਂਕਿ ਜੇਕਰ ਉਹ ਸਰੀਰਕ ਤੌਰ ਤੇ ਸੰਸਾਰ ਚ ਨਹੀਂ ਹਨ ਤਾਂ ਆਪਣੇ ਫ਼ਲਸਫ਼ੇ ਰਾਹੀਂ ਉਹ ਰੂਹਾਨੀ ਤੇ ਮਾਨਸਿਕ ਤੌਰ 'ਤੇ ਹਮੇਸ਼ਾ ਸਾਡੇ ਨਾਲ ਹਨ ਤੇ ਜੇਕਰ ਅਜਿਹਾ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਮਹਾਂਪੁਰੰਖਾਂ ਦੀਆਂ ਸਿੱਖਿਆਵਾਂ 'ਤੇ ਅਮਲ ਨਹੀਂ ਕਰਦੇ ਤਾਂ ਫੇਰ ਵਧਾਈਆਂ ਦਾ ਰਸਮੀ ਅਦਾਨ ਪ੍ਰਦਾਨ ਕਰਨ ਤੋਂ ਵੱਧ ਹੋਰ ਕੋਈ ਵੀ ਮਹੱਤਵ ਨਹੀਂ ਰਹਿ ਜਾਂਦਾ।
   ਅੱਜ ਜਗਤ ਬਾਬੇ ਨਾਨਕ ਦੇ ਪ੍ਰਕਾਸ਼ ਉਤਸ਼ਵ ਦੇ ਸ਼ੁਭ ਮੌਕੇ 'ਤੇ ਸਾਨੂੰ ਆਤਮ ਚਿੰਤਨ ਕਰਨ ਦੀ ਜ਼ਰੂਰਤ ਹੈ ਤਾਂ ਕਿ ਪਤਾ ਲੱਗ ਸਕੇ ਕਿ ਅਸੀਂ ਪੰਦਰਵੀਂ ਸਦੀ ਤੋਂ ਲੈ ਕੇ 550 ਸਾਲਾਂ ਦੇ ਲੰਮੇ ਸਮੇਂ ਚ ਕਿੰਨਾ ਕੁ ਅੱਗੇ ਵਧੇ ਹਾਂ ਜਾਂ ਫਿਰ ਅੱਜ ਤੱਕ ਬਾਬੇ ਦੀਆਂ ਸਿੱਖਿਆਵਾਂ 'ਤੇ ਕਿੰਨਾ ਕੁ ਅਮਲ ਕੀਤਾ । ਜਗਤ ਬਾਬੇ ਨੇ ਕਰਤਾਰਪੁਰ ਸਾਹਿਬ ਵਿਖੇ ਜਿੰਨਾ ਸਮਾਂ ਜੀਵਨ ਬਤੀਤ ਕੀਤਾ ਉਹ ਅਮਲੀ ਰੂਪ ਚ ਬਤੀਤ ਕੀਤਾ । ਉਹਨਾ ਖੇਤੀ-ਬਾੜੀ ਕਰਕੇ ਹੱਥੀਂ ਕਿਰਤ ਕੀਤੀ, , ਵੰਡ ਕੇ ਛਕਿਆ ਤੇ ਉਸ ਨਿਰੰਕਾਰ ਦਾ ਕੋਟਿ ਕੋਟਿ ਧੰਨਵਾਦ ਕੀਤਾ ।ਹੱਕ ਤੇ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਣ ਦਾ ਸੁਨੇਹਾ ਦਿੱਤਾ । ਉਹਨਾਂ ਨੇ ਵਾਤਾਵਰਨ ਦਾ ਮਹੱਤਵ ਦੱਸਦਿਆਂ ਇਸ ਦੀ ਸੰਭਾਲ਼ 'ਤੇ ਜ਼ੋਰ ਦਿੱਤਾ ।ਜਾਤ ਪਾਤ, ਲਿੰਗ, ਨਸਲ ਤੇ ਰੰਗ ਭੇਦ ਨੂੰ ਰੱਦ ਕਰਦਿਆਂ, ਸਭ ਨੂੰ ਇਕ ਨੂਰ ਤੋਂ ਉਪਜੇ ਹੋਏ ਦੱਸਕੇ ਮਾਨਵੀ ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ, ਅਮੀਰ ਗਰੀਬ ਦੇ ਵਖਰੇਵੇਂ ਨੂੰ ਰੱਦ ਕੀਤਾ, ਜਾਬਰ ਤੇ ਉਸ ਦੇ ਜ਼ੁਲਮ ਵਿਰੁੱਧ ਅਵਾਜ ਉਠਾਈ, ਕਰਮ ਕਾਂਡਾਂ ਤੇ ਮੂਰਤੀ ਪੂਜਾ ਦਾ ਸਖ਼ਤ ਖੰਡਿਨ ਕੀਤਾ, ਸਮਾਜ ਵਿੱਚ ਚੱਲ ਰਹੀਆ ਫੋਕਟ ਤੇ ਦੁਕਆਨੂਸ ਰੀਤਾਂ ਦਾ ਵਿਰੋਧ ਕੀਤਾ ।
   ਕਹਿਣ ਦਾ ਭਾਵ ਜਗਤ ਬਾਬੇ ਨੇ ਸਮਾਜਿਕ ਬੁਰਾਈਆਂ ਰਹਿਤ ਇਕ ਅਜਿਹੇ ਸਮਾਜ ਦਾ ਸੰਕਲਪ ਪੇਸ਼ ਕੀਤਾ ਜੋ ਆਪਣੇ ਆਪ ਵਿਚ ਇਕ ਕਰਾਂਤੀਕਾਰੀ ਸੰਕਲਪ ਸੀ । ਇਸ ਪੱਖੋਂ ਦੇਖਿਆ ਜਾਵੇ ਤਾਂ ਜਗਤ ਬਾਬਾ ਨਾਨਕ ਇਕ ਕਰਾਂਤੀ ਸਮਾਜ ਸੁਧਾਰਕ ਮਹਾਂਪੁਰਖ ਸੀ । ਬਾਬੇ ਦੀ ਬਾਣੀ ਦਾ ਜੇਕਰ ਗਹਿਨ ਪਾਠ ਪਠਨ ਕੀਤਾ ਜਾਵੇ ਤਾਂ ਇਹ ਗੱਲ ਸ਼ਪੱਸ਼ਟ ਰੂਪ ਚ ਸਾਹਮਣੇ ਆਉਂਦੀ ਹੈ ਕਿ ਬਾਬੇ ਦੀ ਬਾਣੀ ਵਿੱਚ ਦਲੀਲ ਦੀ ਕਸਵੱਟੀ ਪ੍ਰਧਾਨ ਹੈ, ਸਮੁੱਚੀ ਬਾਣੀ ਵਿਗਿਆਨਿਕ ਹੈ, ਤਰਕ 'ਤੇ ਅਧਾਰਤ ਹੈ ਤੇ ਮਨੋਵਿਗਿਆਨਕ ਤੱਥਾਂ ਨਾਲ ਭਰਪੂਰ ਹੈ । ਏਹੀ ਕਾਰਨ ਹੈ ਕਿ ਸਿੱਖ ਧਰਮ ਨੂੰ ਦੁਨੀਆਂ ਦਾ ਅਤਿ ਆਧੁਨਿਕ ਤੇ ਵਿਗਿਆਨਿਕ ਧਰਮ ਮੰਨਿਆਂ ਜਾਂਦਾ ਹੈ ।
ਪਰ ਅਫ਼ਸੋਸ ਇਹ ਹੈ ਕਿ ਅੱਜ ਸਾਢੇ ਪੰਜ ਸੌ ਸਾਲ ਬਾਦ ਵੀ ਅਸੀਂ ਬਾਬੇ ਨਾਨਕ ਦੇ ਸੰਦੇਸ਼ ਤੋਂ ਭਗੌੜੇ ਹਾਂ । ਸਾਡਾ ਸਮਾਜ ਉੱਥੇ ਹੀ ਖੜ੍ਹਾ ਹੈ ਦਿਥੇ ਬਾਬੇ ਨਾਨਕ ਵੇਲੇ 'ਤੇ ਖੜ੍ਹਾ ਸੀ । ਅਸੀਂ ਆਪਣੇ ਸਵਾਰਥਾਂ ਚ ਪੁਰੀ ਤਰਾਂ ਗ੍ਰਸੇ ਹੋਏ ਹਾਂ । ਵਾਤਾਵਰਨ ਦਾ ਸੱਤਿਆਨਾਸ ਜਹਿਰਾਂ ਘੋਲ ਕੇ ਕਰ ਦਿੱਤਾ ਤੇ ਜਾਨਲੇਵਾ ਬੀਮਾਰੀਆਂ ਦੀ ਮਹਾਂਮਾਰੀ ਨੂੰ ਅਵਾਜ ਮਾਰ ਲਈ । ਸਾਰੇ ਧਰਤੀ ਦੇ ਉਪਰਲੇ ਹੇਠਲੇ ਪਾਣੀਆਂ ਚ ਅੰਤਾਂ ਦੀ ਜ਼ਹਿਰ ਹੈ, ਹਵਾ, ਜਿਸ ਨੂੰ ਗੁਰੂ ਸਾਹਿਬ ਨੇ ਖ਼ੁਦ ਗੁਰੂ ਦਾ ਦਰਜਾ ਦਿੱਤਾ ਤੇ ਜਿਸ ਦੇ ਬਿਨਾ ਜੀਵਨ ਸੰਭਵ ਹੀ ਨਹੀਂ ਅੱਜ ਜਹਿਰੀ ਨਾਗਾਂ ਦੇ ਫੁੰਕਾਰੇ ਮਾਰਦੀ ਹੈ । ਬੰਦੇ ਦੀ ਕੀਮਤ ਦੀ ਬਜਾਏ ਚੀਜ਼ਾਂ ਵਸਤਾਂ ਦੀ ਕੀਮਤ ਵੱਧ ਗਈ ਹੈ । ਜੇਕਰ ਕਿਸੇ ਕੋਲ ਵਧੇਰੇ ਪੂੰਜੀ ਜਾਂ ਪਦਾਰਥ, ਉਸੇ ਦੀ ਪੁੱਛ ਗਿੱਛ ਵੱਧ ਹੈ । ਸਮਾਜ ਅੱਜ ਵੀ ਜਾਤਾਂ ਪਾਤਾਂ ਚ ਵਿਭਾਜਿਤ ਹੈ, ਲੋਕ ਅੱਜ ਵੀ ਕਰਮ ਕਾਂਡਾਂ ਚ ਫਸੇ ਹੋਏ ਹਨ, ਅਮੀਰ ਤੇ ਗਰੀਬ ਦਾ ਭਿੰਨ ਭੇਦ ਅਸਮਾਨੀ ਉਚਾਈਆਂ 'ਤੇ । ਔਰਤ ਮਰਦ ਲਿੰਗ ਭੇਦ ਭਰੂਣ ਹੱਤਿਆ ਰੂਪੀ ਜਿੱਨ ਦੇ ਪੈਦਾ ਹੋਣ ਤੋਂ ਬਾਦ ਬਹੁਤ ਹੀ ਖ਼ਤਰਨਾਕ ਦੌਰ ਚ ਪਹੁੰਚ ਚੁੱਕਾ ਹੈ । ਜਗਤ ਬਾਬੇ ਨੇ ਕਰਤਾਰਪੁਰ ਕਿਸਾਨੀ ਦਾ ਜੀਵਨ ਬਿਤਾਇਆ ਤੇ ਅੱਜ ਦੇ ਕਿਸਾਨ ਦੀ ਹਾਲਤ ਦੇਖੋ ਕਿ ਆਤਮ ਹੱਤਿਆਵਾਂ ਕਰਨ 'ਤੇ ਮਜਬੂਰ ਹੈ । ਜਵਾਨੀ ਨਸ਼ਿਆ ਦੀ ਮਾਰ ਹੇਠ ਹੈ, ਸਮਾਜਕ ਅਰਾਜਕਤਾ ਤੇ ਅਨਾਚਾਰ ਦੀ ਹਰ ਪਾਸੇ ਤਿੱਖੜ ਦੁਪਹਿਰ ਹੈ ।
  ਉਪਰੋਕਤ ਸਭ ਕੁੱਝ ਆਪਣੇ ਹੱਥੀ ਉਲਟਾ ਪੁਲਟੀ ਕਰਕੇ, ਬਾਬੇ ਦੇ ਸੰਦੇਸ਼ਾਂ ਤੋਂ ਪੂਰੀ ਤਰਾਂ ਨਾਬਰ ਹੋ ਕੇ ਫੇਰ ਵੀ ਅਸੀਂ ਕਹਿ ਸਮਝ ਰਹੇ ਹਾਂ ਕਿ ਅਸੀਂ ਬਾਬੇ ਨਾਨਕ ਦੇ ਸਿੱਖ ਹਾਂ, ਅਸੀਂ ਉਸ ਦੇ ਸੱਚੇ ਸ਼ਰਧਾਲੂ ਹਾਂ । ਦਰਅਸਲ ਅਸੀਂ ਰਸਮੀ ਪੂਜਾ ਨੂੰ ਹੀ ਸਭ ਕੁੱਜ ਸਮਝੀ ਬੈਠੇ ਹਾਂ । ਅੰਦਰ ਝਾਤ ਮਾਰਨ ਦੀ ਬਜਾਏ ਕਰਮ ਕਾਂਡੀ ਬਿਰਤੀ ਦੇ ਆਦੀ ਹੋ ਚੁੱਕੇ ਹਾਂ । ਏਹੀ ਕਾਰਨ ਹੈ ਕਿ ਗੁਰਪੁਰਬ ਆਯੋਜਿਤ ਕਰਨ ਦੀ ਬਜਾਏ ਮਨਾਉਣ ਚ ਉਤਸ਼ਾਹ ਤਾਂ ਜਰੂਰ ਹੈ ਭਾਵਨਾ ਦੀ ਦਿਸ਼ਾ ਸਹੀ ਨਹੀਂ । ਦਿਖਾਵਾ ਕਰਨ ਦੀ ਬਿਰਤੀ ਵਧ ਗਈ ਹੈ ਤੇ ਗੁਰੂ ਦੀਆਂ ਸਿੱਖਿਆਵਾਂ ਤੋ ਦੂਰ ਬਹੁਤ ਦੂਰ ਵਿਚਰ ਰਹੇ ਹਾਂ ।
  ਗੁਰਪੁਰਬਾਂ ਦਾ ਆਯੋਜਿਨ ਕਰਨਾ ਗਲਤ ਨਹੀ ਹੈ , ਗਲਤ ਹੈ ਉਹਨਾਂ ਦੇ ਆਯੋਜਿਨ ਕਰਨ ਦਾ ਢੰਗ ਤਰੀਕਾ । ਅਜ ਦੇ ਸ਼ੁੱਭ ਦਿਹਾੜੇ ਤੇ ਸਾਨੁੰ ਸਭ ਨੁੰ ਆਤਮ ਚਿੰਤਨ ਕਰਕੇ ਆਪੋ ਆਪਣੀਆ ਜਮੀਨੀ ਹਕੀਕਤਾਂ ਤੋ ਜਾਣੂ ਹੋਣ ਦੀ ਪਹਿਲੀ ਵੱਡੀ ਤੇ ਸਖਤ ਲੋੜ ਹੈ । ਨੀਂਦ ਤੋਂ ਜਾਗਣ ਦੀ ਲੋੜ ਹੈ ਤੇ ਸੱਚੇ ਮਨੋਂ ਬਾਬੇ ਦੀਆਂ ਸਿੱਖਿਆਵਾਂ ਲੜ ਬੰਨ੍ਹਕੇ ਜਿੰਦਗੀ ਜਿਊਣ ਦਾ ਅਹਿਦ ਕਰਨਾ ਹੀ ਜਗਤ ਬਾਬੇ ਨੁੰ ਸੱਚੀ ਸ਼ਰਧਾਂਜਲੀ ਹੋਵੇਗੀ ਤੇ ਇਸ ਦੇ ਨਾਲ ਹੀ ਸਾਨੂੰ ਸਭਨਾ ਨੂੰ ਇਕ ਦੁਜੇ ਨੂੰ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦੇਣ ਦਾ ਹੱਕ ਹੋਵੇਗਾ । ਜੇਕਰ ਚਾਰ ਦਿਨ ਦਾ ਸ਼ੋਰ ਏ ਗੁਲ ਕਰਕੇ ਚੁਪ ਹੋ ਜਾਣਾ ਹੈ ਤਾਂ ਫੇਰ ਅਰਬਾਂ ਰੁਪਏ ਖਰਚਣੇ ਬੇਅਰਥ ਰਨ ਕਿਉਂਕਿ ਅਜਿਹਾ ਕਰਨਾ ਅਡੰਬਰੀ ਬਿਰਤੀ ਨੁੰ ਪੱਠੇ ਪਾ ਕੇ ਅਡੰਬਰ ਰਚਣਾ ਤੇ ਆਪਣੀ ਹਾਓਮੈਂ ਨੂੰ ਕੁਝ ਸਮੇ ਲਈ ਸ਼ਾਂਤ ਕਰਨ ਤੋ ਕਿਸੇ ਵੀ ਤਰਾਂ ਘਟ ਜਾਂ ਵੱਖਰਾ ਨਹੀੰ ਹੋਵੇਗਾ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ