image caption: ਰਜਿੰਦਰ ਸਿੰਘ ਪੁਰੇਵਾਲ

ਬਲਾਤਕਾਰ, ਭਾਰਤੀ ਤੰਤਰ ਤੇ ਭਾਰਤੀ ਜਮਹੂਰੀਅਤ

     ਤੇਲੰਗਾਨਾ ਦੇ ਹੈਦਰਾਬਾਦ ਵਿਚ ਇਕ ਵੈਟਰਨੀ ਡਾਕਟਰ ਬੀਬੀ ਦੇ ਨਾਲ ਸਮੂਹਿਕ ਬਲਾਤਕਾਰ ਤੇ ਉਸ ਦੀ ਹੱਤਿਆ ਦੇ ਬਾਅਦ ਉਸ ਨੂੰ ਜਿੰਦਾ ਸਾੜ ਦੇਣ ਦੀ ਘਟਨਾ ਨੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ। ਸੜਕ ਤੋਂ ਲੈ ਕੇ ਸੰਸਦ ਤੱਕ ਲੋਕ ਭੜਕ ਪਏ ਹਨ। ਇਸ ਹਾਦਸੇ ਨੇ ਇਕ ਵਾਰ ਫਿਰ ਸੱਤ ਸਾਲ ਪੁਰਾਣੇ ਨਿਰਭੈ ਕਾਂਡ ਦੀ ਯਾਦ ਦਿਵਾ ਦਿੱਤੀ ਹੈ। ਹਰ ਭਾਰਤ ਵਾਸੀ ਦੇ ਅੰਦਰ ਇਕ ਸੁਆਲ ਹੈ ਕਿ ਆਖਿਰ ਦੇਸ ਦਾ ਸਿਸਟਮ ਭ੍ਰਿਸ਼ਟ ਹੋ ਚੁੱਕਾ ਹੈ, ਜਿਸ ਕਰਕੇ ਇਹ ਵਾਰਦਾਤਾਂ ਵਾਪਰ ਰਹੀਆਂ ਹਨ। ਜੇ ਸਿਸਟਮ ਠੀਕ ਹੁੰਦਾ ਤਾਂ ਇਹ ਵਾਰਦਾਤਾਂ ਨਾ ਵਾਪਰਦੀਆਂ। ਜਿਸ ਦਿਨ ਹੈਦਰਾਬਾਦ ਦੀ ਘਟਨਾ ਵਾਪਰੀ, ਉਸ ਦੇ ਠੀਕ ਇਕ ਦਿਨ ਪਹਿਲਾਂ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ 12 ਗੁੰਡਿਆਂ ਨੇ ਚਲਦੀ ਸੜਕ ਤੋਂ ਇਕ ਲੜਕੀ ਨੂੰ ਅਗਵਾ ਕਰਕੇ ਉਸ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ।
    ਇਹਨਾਂ ਦੋਨਾਂ ਘਟਨਾਵਾਂ 'ਤੇ ਮੀਡੀਆ ਨੇ ਖਾਸਾ ਨੋਟਿਸ ਲਿਆ। ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਤੇ ਤੇਲੰਗਾਨਾ ਵਾਲੇ ਮਾਮਲੇ ਵਿਚ ਤਿੰਨ ਪੁਲੀਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ। ਹੈਦਰਾਬਾਦ ਦੀ ਸਾਈਬਰਾਬਾਦ ਪੁਲੀਸ ਨੇ ਬੀਤੇ ਦਿਨੀਂ ਚਾਰ ਦੋਸ਼ੀਆਂ ਮੁਹੰਮਦ ਉਰਫ ਆਰਿਫ (ਲਾਰੀ ਚਾਲਕ), ਜੋਲੋ ਸ਼ਿਵਾ, ਜੋਲੂ ਨਵੀਨ (ਦੋਨੋਂ ਕਲੀਨਰ) ਅਤੇ ਚਿੰਤਾਕੁੰਟਾ ਚੇਨੇ ਕਸ਼ੁਬਲੂ ਉਰਫ ਚੇਨਾ (ਚਾਲਕ) ਨੂੰ ਸ਼ਾਦਨਗਰ ਤੋਂ ਗ੍ਰਿਫ਼ਤਾਰ ਕੀਤਾ। ਇਹ ਸਾਰੇ ਦੋਸ਼ੀ ਨਰਾਇਣ ਪੇਟ ਜਿਲ੍ਹੇ ਦੇ ਮਕਤਲ ਮੰਡਲ ਦੇ ਨਿਵਾਸੀ ਹਨ। ਪੁਲੀਸ ਨੂੰ ਸ਼ੱਕ ਹੈ ਕਿ ਦੋਸ਼ੀਆਂ ਨੇ ਡਾਕਟਰ ਲੜਕੀ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਤੇ ਬਾਅਦ ਵਿਚ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਨੂੰ ਸਾੜ ਦਿੱਤਾ। ਪੁਲੀਸ ਅਨੁਸਾਰ ਬੁੱਧਵਾਰ ਦੀ ਸ਼ਾਮ 6 ਵਜੇ ਦੌਰਾਨ ਦੋਸ਼ੀਆਂ ਨੇ ਪੀੜਤ ਡਾਕਟਰ ਨੂੰ ਆਪਣਾ ਸਕੂਟਰ ਸ਼ਮਸ਼ਬਾਦ ਦੇ ਤੋਂਦੂਪਲੀ ਟੋਲ ਗੇਟ ਵਿਚ ਪਾਰਕ ਕਰਦੇ ਹੋਏ ਦੇਖਿਆ ਤਾਂ ਉਹਨਾਂ ਨੇ ਬਲਾਤਕਾਰ ਕਰਨ ਦੀ ਯੋਜਨਾ ਬਣਾਈ। ਉਨ੍ਹਾਂ ਨੇ ਜਾਣ ਬੁੱਝ ਕੇ ਪੀੜਤਾ ਦੀ ਸਕੂਟਰ ਦੇ ਪਿਛਲੇ ਟਾਇਰ ਦੀ ਹਵਾ ਕੱਢ ਦਿੱਤੀ। ਉਸ ਸਮੇਂ ਸਾਰੇ ਦੋਸ਼ੀ ਨਸ਼ੇ ਵਿਚ ਸਨ। ਹਿਰਾਸਤ ਵਿਚ ਲਏ ਲੋਕਾਂ ਵਿਚ ਇਕ ਟਰੱਕ ਡਰਾਈਵਰ ਤੇ ਇਕ ਕਲੀਨਰ ਸ਼ਾਮਲ ਹੈ। ਪੁਲੀਸ ਨੇ ਗਵਾਹਾਂ ਅਤੇ ਸੀਸੀਟੀਵੀ ਦੇ ਵੇਰਵੇ ਇਕੱਠੇ ਕਰਨ ਲਈ ਦਸ ਟੀਮਾਂ ਬਣਾ ਦਿੱਤੀਆਂ ਹਨ। ਪੁਲੀਸ ਨੇ ਜ਼ੁਲਮ ਦੀ ਸ਼ਿਕਾਰ ਹੋਈ ਡਾਕਟਰ ਦੀ ਸਕੂਟਰ, ਜੁੱਤੀਆਂ ਤੇ ਸ਼ਰਾਬ ਦੀ ਬੋਤਲ ਟੋਲ ਪਲਾਜ਼ਾ ਦੇ ਕੋਲੋਂ ਬਰਾਮਦ ਕੀਤੀਆਂ। ਤੇਲੰਗਾਨਾ ਸਰਕਾਰ ਦਾ ਕਹਿਣਾ ਹੈ ਕਿ ਜਲਦੀ ਸੁਣਵਾਈ ਦੇ ਲਈ ਇਕ ਫਾਸਟ ਟਰੈਕ ਕੋਰਟ ਬਣਾ ਦਿੱਤੀ ਗਈ। 
    ਲੋਕਾਂ ਦੇ ਮਨ ਵਿਚ ਸੁਆਲ ਅਜੇ ਵੀ ਕਾਇਮ ਹੈ ਕਿ ਭਾਰਤ ਵਿਚ ਔਰਤਾਂ ਸੁਰੱਖਿਅਤ ਕਿਉਂ ਨਹੀਂ ਹਨ? ਆਖਿਰ ਕਿਉਂ ਉਹ ਡਰ ਡਰ ਕੇ ਜ਼ਿੰਦਾ ਰਹਿਣ ਲਈ ਮਜ਼ਬੂਰ ਹਨ? ਪਿਛਲੇ ਸਾਲ ਆਏ ਥਾਮਸਨ ਰਾਈਟਰਜ਼ ਫਾਊਡੇਸ਼ਨ ਦੇ ਇਕ ਸਰਵੇ ਨੇ ਪੂਰੀ ਦੁਨੀਆਂ ਵਿਚ ਭਾਰਤ ਨੂੰ ਔਰਤਾਂ ਦੇ ਲਈ ਸਭ ਤੋਂ ਖਤਰਨਾਕ ਅਸੁਰੱਖਿਅਤ ਦੇਸ ਦੱਸਿਆ ਸੀ। ਸੱਚਾਈ ਇਹ ਹੈ ਕਿ ਸਾਡੀ ਵਿਵਸਥਾ ਔਰਤ ਸੁਰੱਖਿਆ ਦੇ ਪ੍ਰਤੀ ਜ਼ਰਾ ਵੀ ਸੰਵੇਦਨਸ਼ੀਲ ਨਹੀਂ ਹੈ। ਨਿਰਭੈ ਕਾਂਡ ਦੇ ਬਾਅਦ ਕਈ ਕਾਨੂੰਨਾਂ ਵਿਚ ਅਹਿਮ ਤਬਦੀਲੀਆਂ ਕੀਤੀਆਂ ਗਈਆਂ ਹਨ। ਪੈਟਰੋਲਿੰਗ ਤੋਂ ਲੈ ਕੇ ਇਕ ਐਫ ਆਈ ਆਰ ਦੇ ਤੌਰ ਤਰੀਕਿਆਂ ਤੇ ਟ੍ਰੈਫਿਕ ਵਿਵਸਥਾ ਤੱਕ ਤਬਦੀਲੀਆਂ ਕੀਤੀਆਂ ਗਈਆਂ ਹਨ। ਪੁਲੀਸ ਦੀ ਸੋਚ ਬਦਲਣ ਨੂੰ ਲੈ ਕੇ ਵੀ ਕਾਫੀ ਯੋਜਨਾ ਬਣਾਈ ਗਈ। ਪੁਲੀਸ ਪ੍ਰਸਾਸ਼ਣ ਜੇਕਰ ਨਿਰਭੈ ਕਾਂਡ ਦੇ ਬਾਅਦ ਸੱਚਮੁਚ ਗੰਭੀਰ ਹੁੰਦਾ ਤਾਂ ਇਹ ਹਾਦਸਾ ਨਹੀਂ ਸੀ ਵਾਪਰਨਾ। ਹੈਦਰਾਬਾਦ ਦੀ ਪੀੜਤਾ ਦੇ ਰਿਸ਼ਤੇਦਾਰ ਤੇ ਪਰਿਵਾਰ ਵਾਲੇ ਰਿਪੋਰਟ ਲਿਖਵਾਉਣ ਦੇ ਲਈ ਇਕ ਤੋਂ ਦੂਸਰੇ ਥਾਣੇ ਵਲ ਦੌੜ ਲਗਾਉਂਦੇ ਰਹੇ। ਪੁਲੀਸ ਦਾ ਵਰਤਾਰਾ ਘਟੀਆ ਤੇ ਨੈਤਿਕ ਭਰਪੂਰ ਸੀ। ਨਿਰਭੈ ਦੇ ਮਾਮਲੇ ਵਿਚ ਅਜਿਹੀ ਲਾਪਰਵਾਹੀ ਹੋਈ। ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤ ਵਿਚ ਸੰਵਿਧਾਨ ਦੀ ਥਾਂ ਮਨੂਸਿਮਰਤੀਆਂ ਦੀ ਵਿਵਸਥਾ ਦਾ ਦੌਰ ਚਲ ਰਿਹਾ ਹੈ, ਜਿਸ ਵਿਚ ਇਸਤਰੀ ਨੂੰ ਘਟੀਆ ਤੇ ਪਸ਼ੂ ਦੇ ਬਰਾਬਰ ਦੱਸਿਆ ਗਿਆ ਹੈ। ਇਸੇ ਕਾਰਨ ਸਮਾਜ ਬਿਮਾਰ ਹੈ। ਇਹ ਸੱਚ ਹੈ ਨਿਰਭੈ ਤੋਂ ਲੈ ਕੇ ਹੈਦਰਾਬਾਦ ਦੀ ਘਟਨਾ ਤੱਕ ਅਨੇਕਾਂ ਮਾਮਲਿਆਂ ਵਿਚ ਪੀੜਤ ਪਰਿਵਾਰਾਂ ਨੂੰ ਪੁਲੀਸ ਤੇ ਨਿਆਂ ਦਿਵਾਉਣ ਵਾਲੇ ਤੰਤਰ ਦੀ ਅਸੰਵੇਦਨਸ਼ੀਲਤਾ ਤੇ ਬੇਇਨਸਾਫੀ ਨਾਲ ਜੂਝਣਾ ਪਿਆ ਹੈ। ਐਫ ਆਈ ਆਰ ਦਰਜ ਕਰਵਾਉਣ ਵਿਚ ਹਰ ਵਾਰ ਦੇਰ ਹੁੰਦੀ ਹੈ, ਜਿਸ ਨਾਲ ਅਪਰਾਧੀਆਂ ਨੂੰ ਕਾਨੂੰਨ ਦੇ ਸ਼ਿਕੰਜ਼ੇ ਵਿਚੋਂ ਬਚਣ ਦਾ ਮੌਕਾ ਮਿਲਦਾ ਹੈ। ਭਾਰਤੀ ਸਮਾਜ ਇਕ ਅਪਰਾਧੀ ਸਮਾਜ ਬਣ ਚੁੱਕਾ ਹੈ, ਜੋ ਦਲਿਤਾਂ, ਔਰਤਾਂ, ਘੱਟ ਗਿਣਤੀਆਂ ਨਾਲ ਅਣ ਮਨੁੱਖੀ ਵਿਹਾਰ ਕਰ ਰਿਹਾ ਹੈ। ਲੋੜ ਇਸ ਗੱਲ ਦੀ ਹੈ ਕਿ ਸਮੁੱਚਾ ਸਮਾਜ ਇਸਤਰੀ, ਦਲਿਤਾਂ ਤੇ ਘੱਟ ਗਿਣਤੀਆਂ ਵਿਰੁਧ ਹੋ ਰਹੇ ਅਪਰਾਧਾਂ ਵਿਰੁਧ ਡੱਟ ਕੇ ਆਵਾਜ਼ ਬੁਲੰਦ ਕਰੇ ਤੇ ਭਾਰਤੀ ਤੰਤਰ ਵਿਰੁਧ ਸੰਘਰਸ਼ ਕਰੇ ਕਿ ਸਾਨੂੰ ਇਨਸਾਫ਼ ਵਾਲਾ ਤੰਤਰ ਮਨਜ਼ੂਰ ਹੈ। ਜਿਸ ਦੇਸ, ਸਮਾਜ ਵਿਚ ਇਨਸਾਫ਼ ਨਹੀਂ ਹੋਵੇਗਾ, ਉਹ ਦੇਸ, ਸਮਾਜ ਕਦੇ ਵਿਕਾਸ ਨਹੀਂ ਕਰ ਸਕਦਾ। ਭਾਰਤ ਵਿਚ ਵੀ ਅਜਿਹਾ ਵਾਪਰ ਰਿਹਾ ਹੈ। ਧਰਮ ਦੇ ਨਾਮ 'ਤੇ ਦੰਗੇ, ਬਲਾਤਕਾਰ ਆਦਿ ਸਭ ਕੁਝ ਵਾਪਰ ਰਿਹਾ ਹੈ। ਦਿੱਲੀ ਸਿੱਖ ਕਤਲੇਆਮ, ਗੁਜਰਾਤ ਕਤਲੇਆਮ ਇਸ ਗੱਲ ਦੇ ਗਵਾਹ ਹਨ। ਇਨਸਾਫ਼ ਤਾਂ ਦਿੱਲੀ ਸਿੱਖ ਕਤਲੇਆਮ ਦੌਰਾਨ ਬਲਾਤਕਾਰ ਦਾ ਸ਼ਿਕਾਰ ਹੋਈਆਂ ਸਿੱਖ ਬੀਬੀਆਂ ਨੂੰ ਨਹੀਂ ਮਿਲਿਆ। ਹਾਲਾਂ ਕਿ ਦਿੱਲੀ ਵਿਚ ਸੁਪਰੀਮ ਕੋਰਟ, ਹਾਈਕੋਰਟ ਵੱਡਾ ਤੰਤਰ ਮੌਜੂਦ ਹੈ। ਫਿਰ ਵੀ ਇਨਸਾਫ਼ ਨਹੀਂ ਮਿਲਿਆ। ਬਹਾਨਾ ਇਹ ਘੜਿਆ ਕਿ ਸਬੂਤ ਨਹੀਂ ਮਿਲੇ, ਗਵਾਹ ਨਹੀਂ ਮਿਲੇ। ਸਬੂਤ ਮਿਟਾ ਦਿੱਤੇ ਗਏ, ਗਵਾਹ ਡਰਾ ਦਿੱਤੇ ਗਏ। ਕੀ ਇਹ ਗੁੰਡਾਗਰਦੀ ਤੇ ਬੇਇਨਸਾਫ਼ੀ ਨਹੀਂ? ਇਸ ਪਿੱਛੇ ਕੌਣ ਲੋਕ ਹਨ। ਜੇਕਰ ਇਹ ਲੋਕ ਸਿਆਸਤਦਾਨ ਤੇ ਵੱਡੇ ਤੰਤਰ ਨਾਲ ਜੁੜੇ ਲੋਕ ਹਨ ਤਾਂ ਭਾਰਤ ਵਰਗੇ ਦੇਸ ਦੀ ਜਮਹੂਰੀਅਤ ਤੇ ਅਮਨ ਕਾਨੂੰਨ ਕਿਵੇਂ ਕਾਇਮ ਰਹਿ ਸਕਦਾ ਹੈ।

ਰਜਿੰਦਰ ਸਿੰਘ ਪੁਰੇਵਾਲ