image caption:

ਕੋਹਲੀ ਬਣੇ ਵਿਰਾਟ, ਦਹਾਕੇ ਦੇ ਟੌਪ 5 'ਚ ਸ਼ੁਮਾਰ

ਲੰਡਨ : ਵਿਜ਼ਡਨ ਨੇ ਵੀਰਵਾਰ ਨੂੰ ਦਹਾਕੇ ਦੇ ਟੌਪ 5 ਕ੍ਰਿਕਟ ਖਿਡਾਰੀਆਂ ਦੇ ਨਾਂ ਐਲਾਨੇ ਹਨ ਜਿਸ ਵਿੱਚ ਭਾਰਤੀ ਕਾਪਤਾਨ ਵਿਰਾਟ ਕੋਹਲੀ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਵਿਜ਼ਡਨ ਮੁਤਾਬਕ ਵਿਰਾਟ ਕੋਹਲੀ ਦੀ ਕ੍ਰਿਕਟ ਦੇ ਤਿੰਨੇ ਫਾਰਮੈਟ ਵਿੱਚ ਔਸਤ 50 ਤੋਂ ਵੀ ਜ਼ਿਆਦਾ ਰਹੀ ਹੈ। ਉਨ੍ਹਾਂ ਮੁਤਾਬਕ ਕੋਹਲੀ ਨੇ ਆਪਣੀ ਪ੍ਰਤਿਭਾ ਨਾਲ ਹਰ ਚੁਨੌਤੀ ਨੂੰ ਮਾਤ ਦਿੱਤੀ ਹੈ। ਕੋਹਲੀ ਨੇ ਪਿਛਲੇ ਪੰਜ ਸਾਲਾਂ ਦੌਰਾਨ 63 ਦੀ ਔਸਤ ਨਾਲ 5775 ਦੌੜਾਂ ਬਣਾਈਆਂ। ਇਸ ਵਿੱਚ 21 ਸੈਂਕੜੇ ਤੇ 13 ਅੱਧ-ਸੈਂਕੜੇ ਸ਼ਾਮਲ ਹਨ।

2019 'ਚ ਕੋਹਲੀ ਨੇ ਕ੍ਰਿਕਟ ਦੇ ਤਿੰਨੇ ਫਾਰਮੈਟ ਵਿੱਚ 64.05 ਦੀ ਔਸਤ ਨਾਲ ਸਭ ਤੋਂ ਵੱਧ 2370 ਦੌੜਾਂ ਬਣਾਈਆਂ। ਇਹ ਇੱਕ ਕੈਲੰਡਰ ਈਅਰ ਵਿੱਚ 2000 ਤੋਂ ਵੱਧ ਦਾ ਲਗਾਤਾਰ ਚੌਥਾ ਸਕੋਰ ਹੈ।

ਇਸ ਲਿਸਟ ਵਿੱਚ ਕੋਹਲੀ ਤੋਂ ਇਲਾਵਾ ਆਸਟਰੇਲੀਆ ਦੇ ਸਟੀਵ ਸਮਿਥ ਤੇ ਮਹਿਲਾ ਖਿਡਾਰਨ ਐਲਿਸ ਪੈਰੀ ਨੂੰ ਵੀ ਚੁਣਿਆ ਗਿਆ ਹੈ। ਇਸ ਦੇ ਨਾਲ ਇਸ ਸੂਚੀ ਵਿੱਚ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਤੇ ਬੱਲੇਬਾਜ਼ ਏਬੀ ਡੀਵਿਲੀਅਰਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਵਿਜ਼ਡਨ ਦਾ ਕਹਿਣਾ ਹੈ ਕਿ ਉਨ੍ਹਾਂ ਕੋਹਲੀ ਦੀ ਚੋਣ ਉਨ੍ਹਾਂ ਦੀ ਔਸਤ ਨੂੰ ਮੁੱਖ ਰੱਖਦਿਆਂ ਕੀਤੀ ਗਈ ਹੈ। ਸਚਿਨ ਤੇਂਦੂਲਕਰ ਦੀ ਰਿਟਾਇਰਮੈਂਟ ਤੇ ਮਹਿੰਦਰ ਸਿੰਘ ਧੋਨੀ ਦੇ ਸਮੇਂ ਨੂੰ ਮਿਲਾਉਣ ਤੋਂ ਬਆਦ ਵੀ ਔਸਤ ਵਿੱਚ ਕੋਹਲੀ ਦੇ ਬਰਾਬਰ ਕੋਈ ਵੀ ਖਿਡਾਰੀ ਨਹੀਂ ਆ ਸਕਿਆ।

ਆਪਣੇ ਕ੍ਰਿਕਟ ਕੈਰੀਅਰ ਵਿੱਚ ਕੋਹਲੀ ਨੇ 84 ਟੈਸਟ ਮੈਚਾਂ ਵਿੱਚ 54.97 ਦੀ ਔਸਤ ਨਾਲ 7202 ਦੌੜਾਂ ਬਣਾਈਆਂ ਹਨ, 242 ਵਨਡੇ ਵਿੱਚ 59.84 ਦੀ ਔਸਤ ਨਾਲ 11609 ਤੇ 75 ਟੀ -20 ਵਿੱਚ 52.66 ਦੀ ਔਸਤ ਨਾਲ 2633 ਦੌੜਾਂ ਬਣਾਈਆਂ ਹਨ। ਕ੍ਰਿਕਟ ਦੇ ਤਿੰਨੇ ਫਾਰਮੈਟਾਂ ਵਿੱਚ, ਉਸ ਨੇ ਹੁਣ ਤੱਕ 70 ਸੈਂਕੜੇ ਲਾਏ ਹਨ। ਸਚਿਨ ਤੇਂਦੁਲਕਰ (100) ਤੇ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੌਂਟਿੰਗ (71) ਤੋਂ ਬਾਅਦ ਅਜਿਹਾ ਕਰਨ ਵਾਲੇ ਇਹ ਤੀਜੇ ਖਿਡਾਰੀ ਹਨ।