image caption:

ਪੰਜ ਕਰੋੜ ਦੀ ਵਿਕੀ ਸ਼ੇਨ ਵਾਰਨ ਦੀ ਟੋਪੀ

ਨਵੀਂ ਦਿੱਲੀ : ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਤੋਂ ਬਾਅਦ ਹੁਣ ਲੋਕ ਮਦਦ ਲਈ ਅੱਗੇ ਆ ਰਹੇ ਹਨ। ਆਸਟਰੇਲੀਆ ਦੇ ਸਾਬਕਾ ਦਿੱਗਜ ਲੈੱਗ ਸਪਿਨਰ ਸ਼ੇਨ ਵਾਰਨ ਨੇ ਆਪਣੀ ਟੋਪੀ ਦੀ ਨਿਲਾਮੀ ਕਰ ਜੰਗਲਾਂ 'ਚ ਲੱਗੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ ਹੈ।

ਸ਼ੇਨ ਵਾਰਨ ਨੇ ਆਪਣੇ ਕੈਰੀਅਰ ਦੌਰਾਨ ਲਗਪਗ 145 ਟੈਸਟ ਮੈਚਾਂ ਵਿੱਚ ਇਸ ਟੋਪੀ ਦਾ ਇਸਤਮਾਲ ਕੀਤਾ ਸੀ। ਵਾਰਨ ਦੀ ਇਹ 'ਬੈਗੀ ਗ੍ਰੀਨ' ਟੋਪੀ 10 ਲੱਖ, 7 ਹਜ਼ਾਰ, 500 ਆਸਟਰੇਲੀਆਈ ਡਾਲਰ 'ਚ ਵਿਕੀ ਹੈ। ਜੇ ਭਾਰਤੀ ਕਰੰਸੀ ਦੀ ਗੱਲ ਕਰੀਏ ਤਾਂ ਇਸ ਨੂੰ ਲਗਪਗ ਪੰਜ ਕਰੋੜ ਰੁਪਏ ਵਿੱਚ ਨਿਲਾਮ ਕੀਤਾ ਗਿਆ ਹੈ।

ਵਾਰਨ ਨੇ ਨਿਲਾਮੀ ਵਿੱਚ ਪ੍ਰਾਪਤ ਹੋਏ ਫੰਡ ਨੂੰ ਜੰਗਲਾਂ 'ਚ ਲੱਗੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ, ਉਸ ਨੇ ਉਸ ਵਿਅਕਤੀ ਦਾ ਧੰਨਵਾਦ ਕੀਤਾ ਹੈ ਜਿਸ ਨੇ ਇਹ ਟੋਪੀ ਖਰੀਦੀ ਹੈ।

ਨਿਲਾਮੀ ਤੋਂ ਬਾਅਦ, ਸ਼ੇਨ ਵਾਰਨ ਨੇ ਟਵਿੱਟਰ 'ਤੇ ਲਿਖਿਆ,'ਇਸ ਨਿਲਾਮੀ 'ਚ ਸਫ਼ਲ ਬੋਲੀਕਾਰ ਤੇ ਹੋਰ ਸਾਰੇ ਬੋਲੀਕਾਰਾਂ ਨੂੰ ਇਸ ਟੈਸਟ ਕੈਪ ਲਈ ਬੋਲੀ ਲਾਉਣ ਤੇ ਚੰਗੀ ਕੀਮਤ ਦੇਣ ਲਈ ਸਾਰਿਆਂ ਦਾ ਧੰਨਵਾਦ। ਤੁਸੀਂ ਆਪਣੀ ਖੁੱਲ੍ਹਦਿਲੀ ਦਿਖਾਈ ਤੇ ਮੇਰੀ ਖੁਸ਼ੀ ਨੂੰ ਕਈ ਗੁਣਾ ਵਧਾ ਦਿੱਤਾ। ਇਹ ਉਮੀਦ ਨਾਲੋਂ ਕਿਤੇ ਵੱਧ ਹੈ। ਇਹ ਪੈਸਾ ਸਿੱਧਾ ਰੈੱਡ ਕਰਾਸ ਬੁਸ਼ਫਾਇਰ ਅਪੀਲ ਨੂੰ ਚਲਾ ਜਾਵੇਗਾ। ਤੁਹਾਡਾ ਧੰਨਵਾਦ, ਧੰਨਵਾਦ, ਧੰਨਵਾਦ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਆਸਟਰੇਲੀਆ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗ ਗਈ ਸੀ। ਇਸ ਅੱਗ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਸਨ। ਇੱਕ ਅਨੁਮਾਨ ਅਨੁਸਾਰ, ਇਸ ਅੱਗ ਨਾਲ ਕਰੀਬ 50 ਕਰੋੜ ਤੋਂ ਵੱਧ ਜਾਨਵਰ ਵੀ ਮਾਰੇ ਗਏ ਸਨ।