image caption:

ਨਿਊਜ਼ੀਲੈਂਡ ਦੌਰੇ ਲਈ ਭਾਰਤੀ ਵਨਡੇ ਟੀਮ ਦਾ ਐਲਾਨ, ਧਵਨ ਦੀ ਥਾਂ ਸੰਜੂ ਸੈਮਸਨ ਨੂੰ ਮਿਲਿਆ ਮੌਕਾ

 ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਨਿਊਜ਼ੀਲੈਂਡ ਦੌਰੇ ਲਈ 16 ਮੈਂਬਰੀ ਵਨਡੇ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ । ਆਸਟ੍ਰੇਲੀਆ ਖਿਲਾਫ਼ ਖੇਡੇ ਗਏ ਤੀਜੇ ਵਨਡੇ ਦੌਰਾਨ ਸ਼ਿਖਰ ਧਵਨ ਜ਼ਖਮੀ ਹੋ ਗਾਏਸਨ, ਜਿਸ ਕਾਰਨ ਧਵਨ ਦੀ ਜਗ੍ਹਾ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਟੀ-20 ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ । ਇਸ ਤੋਂ ਇਲਾਵਾ ਵਨਡੇ ਟੀਮ ਵਿੱਚ ਵੀ ਧਵਨ ਦੀ ਜਗ੍ਹਾ ਪ੍ਰਿਥਵੀ ਸ਼ਾਹ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ । ਫਿਲਹਾਲ ਬੋਰਡ ਵੱਲੋਂ ਟੈਸਟ ਟੀਮ ਦਾ ਐਲਾਨ ਨਹੀਂ ਕੀਤਾ ਗਿਆ ਹੈ ।

ਨਵਦੀਪ ਸੈਣੀ ਨੂੰ ਆਸਟ੍ਰੇਲੀਆ ਖਿਲਾਫ਼ ਚੰਗੀ ਗੇਂਦਬਾਜ਼ੀ ਦਾ ਫਾਇਦਾ ਮਿਲਿਆ ਹੈ । ਜਿਸਦੇ ਚੱਲਦਿਆਂ ਉਸ ਨੂੰ ਵਨਡੇ ਟੀਮ ਵਿੱਚ ਜਗ੍ਹਾ ਵੀ ਦਿੱਤੀ ਗਈ ਹੈ । ਭਾਰਤ ਨੂੰ ਨਿਊਜ਼ੀਲੈਂਡ ਦੌਰੇ &lsquoਤੇ ਤਿੰਨ ਵਨਡੇ ਮੈਚ ਖੇਡਣੇ ਹਨ । ਜਿਸ ਵਿੱਚ ਪਹਿਲਾ ਮੁਕਾਬਲਾ 5 ਫਰਵਰੀ, ਦੂਜਾ 8 ਫਰਵਰੀ ਅਤੇ ਤੀਜਾ ਮੈਚ 11 ਫਰਵਰੀ ਨੂੰ ਖੇਡਿਆ ਜਾਵੇਗਾ ।

ਦੱਸ ਦੇਈਏ ਕਿ BCCI ਵੱਲੋਂ ਪਹਿਲਾਂ ਹੀ ਟੀ-20 ਟੀਮ ਦਾ ਐਲਾਨ ਕਰ ਦਿੱਤਾ ਗਿਆ ਸੀ, ਜਦਕਿ ਵਨਡੇ ਟੀਮ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਸੀ । ਪ੍ਰਿਥਵੀ ਸ਼ਾਹ ਨੇ ਅਜੇ ਤੱਕ ਕੋਈ ਵਨਡੇ ਨਹੀਂ ਖੇਡਿਆ ਹੈ । ਜ਼ਿਕਰਯੋਗ ਹੈ ਕਿ ਉਸਨੇ ਆਖਰੀ ਵਾਰ ਅਕਤੂਬਰ 2018 ਵਿੱਚ ਵੈਸਟਇੰਡੀਜ਼ ਖਿਲਾਫ਼ ਟੈਸਟ ਖੇਡਿਆ ਸੀ । ਜਿਸ ਵਿੱਚ ਉਸਨੇ ਪਹਿਲੀ ਪਾਰੀ ਵਿੱਚ 70 ਅਤੇ ਦੂਸਰੀ ਵਿੱਚ 33 ਦੌੜਾਂ ਬਣਾਈਆਂ ਸਨ ।

ਟੀ-20 ਲਈ ਭਾਰਤੀ ਟੀਮ ਵਿੱਚ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸੰਜੂ ਸੈਮਸਨ, ਕੇ. ਐੱਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੁਬੇ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਨਵਦੀਪ ਸੈਣੀ, ਰਵਿੰਦਰ ਜਡੇਜਾ ਤੇ ਸ਼ਾਰਦੁਲ ਠਾਕੁਰ ਨੂੰ ਸ਼ਾਮਿਲ ਕੀਤਾ ਗਿਆ ਹੈ ।

ਇਸ ਤੋਂ ਇਲਾਵਾ ਵਨਡੇ ਟੀਮ ਵਿੱਚ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਪ੍ਰਿਥਵੀ ਸ਼ਾਹ, ਕੇ. ਐੱਲ. ਰਾਹੁਲ, ਸ਼੍ਰੇਅਰ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੁਬੇ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਰਵਿੰਦਰ ਜਡੇਜਾ, ਨਵਦੀਪ ਸੈਣੀ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ ਤੇ ਕੇਦਾਰ ਯਾਦਵ ਨੂੰ ਸ਼ਾਮਿਲ ਕੀਤਾ ਗਿਆ ਹੈ ।