image caption: ਰਜਿੰਦਰ ਸਿੰਘ ਪੁਰੇਵਾਲ

ਭਾਰਤ ਵਿਚ ਭਗਵਾਂ ਫਾਸ਼ੀਵਾਦ ਲੋਕਤੰਤਰ ਦਾ ਖਾਤਮਾ ਕਰ ਰਿਹਾ

    ਭਾਰਤ ਵਿਚ ਭਗਵਾਂ ਫਾਸ਼ੀਵਾਦ ਲੋਕਤੰਤਰ ਦਾ ਖਾਤਮਾ ਕਰ ਰਿਹਾ ਹੈ, ਜਿੱਥੇ ਕੋਈ ਕਾਨੂੰਨ ਕੋਈ ਸੰਵਿਧਾਨ ਨਹੀਂ। ਸੰਵਿਧਾਨ ਵੀ ਜ਼ੀਰੋ ਹੋ ਰਿਹਾ ਹੈ ਤੇ ਕਾਨੂੰਨ ਵੀ। ਭਗਵੇਂ ਮੰਤਰੀ, ਐਮ ਐਲ ਏ ਹਿੰਸਕ ਬਿਆਨ ਜਾਰੀ ਕਰ ਰਹੇ ਹਨ, 'ਗੱਦਾਰ, ਗੋਲੀ ਮਾਰੋ'। ਇਹੋ ਜਿਹੇ ਬਿਆਨ ਆਮ ਹੀ ਵਿਰੋਧੀਆਂ ਵਿਰੁਧ ਸੁਣਾਈ ਦੇ ਰਹੇ ਹਨ। ਇਹੀ ਕਾਰਨ ਹੈ ਕਿ ਭਾਰਤ ਬਾਰੇ ਕੌਮਾਂਤਰੀ ਅਖ਼ਬਾਰਾਂ, ਮੈਗਜ਼ੀਨਾਂ ਦੇ ਕਵਰ ਬਦਲਣ ਲੱਗ ਪਏ ਹਨ। 177 ਸਾਲ ਪੁਰਾਣੀ ਇਕਨਾਮਿਸਟ ਪੱਤ੍ਰਿਕਾ ਨੇ ਲੋਕਤੰਤਰ ਦਾ ਇਕ ਸੂਚਕ ਅੰਕ ਬਣਾਇਆ ਸੀ ਤੇ ਉਸ ਨੇ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ 51ਵੇਂ ਨੰਬਰ 'ਤੇ ਲਿਆ ਕੇ ਖੜਾ ਕਰ ਦਿੱਤਾ। ਇਕ ਸਾਲ ਵਿਚ 10 ਅੰਕ ਭਾਰਤ ਭਗਵੇਂਵਾਦੀਆਂ ਕਾਰਨ ਹੇਠਾਂ ਆ ਗਿਆ। ਇਕਨਾਮਿਸਟ ਪੱਤ੍ਰਿਕਾ ਅਨੁਸਾਰ ਮੋਦੀ ਦੀਆਂ ਨੀਤੀਆਂ ਨੇ ਭਾਰਤੀ ਲੋਕਤੰਤਰ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਕਾਰਨ ਭਾਰਤ ਦੀ ਅਰਥ-ਵਿਵਸਥਾ ਵੀ ਵਿਗੜੀ ਹੈ। ਅਮਰੀਕਾ ਹੀ ਨਹੀਂ, ਦੁਨੀਆਂ ਦੇ ਦੂਸਰੇ ਦੇਸਾਂ ਦੇ ਅਖ਼ਬਾਰਾਂ ਵਿਚ ਵੀ ਭਾਰਤ ਦੇ ਲੋਕਤੰਤਰ ਦੀ ਹੋਂਦ ਬਾਰੇ ਸੁਆਲ ਉੱਠਣ ਲੱਗੇ ਹਨ। ਮੋਦੀ ਸਰਕਾਰ ਭਾਵੇਂ ਇਸ ਨੂੰ ਵਿਦੇਸ਼ੀ ਮੀਡੀਆ ਕਹਿ ਕੇ ਅੱਖੋਂ ਪਰੋਖੇ ਕਰੇ, ਪਰ ਅਸਲੀਅਤ ਬਹੁਤੀ ਦੇਰ ਨਹੀਂ ਛੁਪੇਗੀ। ਭਾਜਪਾ ਦੇ ਵਿਦੇਸ਼ ਮਾਮਲਿਆਂ ਬਾਰੇ ਇੰਚਾਰਜ ਵਿਜੈ ਚੌਥੋਈ ਨੇ ਬਹੁਤ ਦੂਸ਼ਿਤ ਟਿੱਪਣੀ ਕੀਤੀ ਹੈ ਕਿ ਅੰਗਰੇਜ਼ 1947 ਵਿਚ ਚਲੇ ਗਏ, ਪਰ ਇਕਨਾਮਿਸਟ ਦੇ ਸੰਪਾਦਕ ਅੱਜ ਵੀ ਬ੍ਰਿਟਿਸ਼ ਸਾਮਰਾਜ ਵਿਚ ਰਹਿ ਕੇ ਸਾਮਰਾਜਵਾਦੀ ਬਿਆਨ ਝਾੜ ਰਹੇ ਹਨ। ਪਰ ਸੁਆਲ ਇਹ ਹੈ ਕਿ ਜਦੋਂ ਇਹ ਪੱਤ੍ਰਿਕਾ ਇਨ੍ਹਾਂ ਦੀ ਤਾਰੀਫ ਵਿਚ ਲੇਖ ਛਾਪਦੀ ਹੈ ਤਾਂ ਭਾਜਪਾਈ ਟਿੱਪਣੀ ਨਹੀਂ ਕਰਦੇ। ਭਾਜਪਾ ਦੇ ਵਿਜੈ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬ੍ਰਿਟੇਨ ਦੀ ਇਸੇ ਪੱਤ੍ਰਿਕਾ ਨੇ 2016 ਦੇ ਬਾਅਦ 12 ਵਾਰ ਬ੍ਰਿਟੇਨ ਨੂੰ ਆਪਣੇ ਕਵਰ ਉੱਤੇ ਛਾਪਿਆ ਹੈ ਤੇ ਸਭ ਵਿਚ ਬ੍ਰਿਟਿਸ਼ ਸੱਤਾਧਾਰੀਆਂ ਦੀ ਆਲੋਚਨਾ ਕੀਤੀ ਹੈ। ਜੇਕਰ ਇਹ ਪੱਤ੍ਰਿਕਾ ਸਾਮਰਾਜ ਪੱਖੀ ਹੁੰਦੀ ਤਾਂ ਉਹ ਭਾਰਤ ਦੇ ਗੋਦੀ ਮੀਡੀਆ ਦੀ ਤਰ੍ਹਾਂ ਆਪਣੇ ਦੇਸ ਦੇ ਸੱਤਾਧਾਰੀਆਂ ਦੀ ਤਾਰੀਫ ਕਰਦੀ। ਦੁਨੀਆਂ ਦੇ ਕਿੰਨੇ ਮੁਲਕਾਂ ਵਿਚ ਸਟੇਡੀਅਮ ਕਿਰਾਏ 'ਤੇ ਲੈ ਕੇ ਮੋਦੀ ਨੇ ਰੈਲੀਆਂ ਕੀਤੀਆਂ ਹਨ। ਉਨ੍ਹਾਂ ਦਾ ਮਕਸਦ ਇਹੀ ਸੀ ਕਿ ਵਿਦੇਸ਼ਾਂ ਵਿਚ ਭਾਰਤ ਦਾ ਨਾਮ ਚਮਕ ਰਿਹਾ ਹੈ। ਪਰ ਉਥੋਂ ਦੀਆਂ ਵੱਡੀਆਂ ਅਖ਼ਬਾਰਾਂ ਮੋਦੀ ਸਰਕਾਰ ਦੀ ਆਲੋਚਨਾ ਕਰ ਰਹੀਆਂ ਹਨ। ਉਨ੍ਹਾਂ ਦੀ ਨਜ਼ਰ ਵਿਚ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਨਾਇਕ ਨਹੀਂ ਹੈ। 9 ਮਈ 2019 ਦੀ ਟਾਈਮ ਪੱਤ੍ਰਿਕਾ ਦੇ ਕਵਰ 'ਤੇ ਪ੍ਰਧਾਨ ਮੰਤਰੀ 'ਡਿਵਾਈਡਰ ਇਨ ਚੀਫ' ਆਖੇ ਗਏ। ਪਰ ਇਹ ਸਟੋਰੀ ਲਿਖਣ ਵਾਲਾ ਪੱਤਰਕਾਰ ਅਤੀਸ਼ ਤਾਸੀਰ ਸੀ, ਜਿਸ ਦਾ ਓਵਰਸੀਸ ਇੰਡੀਅਨ ਕਾਰਡ ਵਾਪਸ ਲੈ ਲਿਆ ਗਿਆ। ਜਦ ਕਿ ਚਾਰ ਸਾਲ ਪਹਿਲਾਂ 7 ਮਈ 2015 ਦੌਰਾਨ ਇਸੇ ਪੱਤ੍ਰਿਕਾ ਦੇ ਕਵਰ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਜ਼ਿਕਰ ਇਕ ਮਹਾਨ ਨੇਤਾ ਦੇ ਤੌਰ 'ਤੇ ਹੁੰਦਾ ਹੈ ਤਾਂ ਉਸ ਸਮੇਂ ਭਾਰਤੀ ਸੱਤਾਧਾਰੀਆਂ ਵਲੋਂ ਕੋਈ ਟਿੱਪਣੀ ਨਹੀਂ ਹੁੰਦੀ।
ਟਾਈਮ ਪੱਤ੍ਰਿਕਾ ਦੇ ਤਿੰਨ ਪੱਤਰਕਾਰਾਂ ਨੈਨਸੀ ਗਿੱਲ, ਜੌਹਿਰ ਅਬਦੁਲ ਕਰੀਮ, ਨਿਖਲ ਕੁਮਾਰ ਨੇ 7 ਮਈ 2015 ਨੂੰ ਪ੍ਰਧਾਨ ਮੰਤਰੀ ਦਾ ਇੰਟਰਵਿਊ ਕੀਤਾ। ਇਸ ਅੰਕ ਵਿਚ ਨਿਖਲ ਕੁਮਾਰ ਦਾ ਇਕ ਲੇਖ ਵੀ ਛਪਿਆ ਸੀ, ਜਿਸ ਦਾ ਹੈਡਿੰਗ ਸੀ ਕਿ ਨਰਿੰਦਰ ਮੋਦੀ ਭਾਰਤ ਨੂੰ ਕਿਵੇਂ ਬਦਲਣਾ ਚਾਹੁੰਦੇ ਹਨ? ਕਿਵੇਂ ਮੋਦੀ ਨੇ ਇਕ ਸਾਲ ਵਿਚ ਆਪਣੇ ਆਪ ਨੂੰ ਗਲੋਬਲ ਪੋਲੀਟੀਕਲ ਸਟਾਰ ਦੇ ਰੂਪ ਵਿਚ ਸਥਾਪਤ ਕਰ ਦਿੱਤਾ ਹੈ। ਉਹ ਤਿੰਨ ਘੰਟੇ ਸੋਦੇ ਹਨ, ਯੋਗਾ ਕਰਦੇ ਹਨ। ਇਕ ਸਾਲ ਵਿਚ 19 ਦੇਸਾਂ ਦਾ ਦੌਰਾ ਕਰ ਚੁੱਕੇ ਹਨ। ਉਸ ਨੇ ਇਹ ਵੀ ਲਿਖਿਆ ਸੀ ਕਿ ਮੋਦੀ ਗਰੀਬੀ ਦੀ ਗੱਲ ਕਰਦੇ ਭਾਵੁਕ ਹੋ ਜਾਂਦੇ ਹਨ ਤੇ ਕਈ ਵਾਰ ਅੱਥਰੂ ਵੀ ਵਹਿ ਤੁਰਦੇ ਹਨ। ਟਾਈਮ ਪੱਤ੍ਰਿਕਾ ਦਾ ਆਪਣਾ ਮਹੱਤਵ ਹੈ। ਜੇ ਮਹੱਤਵ ਨਾ ਹੁੰਦਾ ਤਾਂ ਪ੍ਰਧਾਨ ਮੰਤਰੀ ਮੋਦੀ 2015 ਦੌਰਾਨ ਦੋ ਘੰਟੇ ਇੰਟਰਵਿਊ ਨਾ ਦਿੰਦੇ। ਅਗਲੇ ਦਿਨ ਭਾਰਤੀ ਵਿਦੇਸ਼ ਮੰਤਰਾਲੇ ਆਪਣੀ ਵੈਬਸਾਈਟ 'ਤੇ ਪੂਰੇ ਇੰਟਰਵਿਊ ਦਾ ਹਿੰਦੀ ਅਨੁਵਾਦ ਛਾਪਦਾ ਹੈ। ਹੁਣ ਜਦ ਟਾਈਮ ਵਿਚ ਆਲੋਚਨਾ ਛਪ ਰਹੀ ਹੈ ਤਾਂ ਉਸ ਦੇ ਪੱਤਰਕਾਰ ਤੋਂ ਓਵਰਸੀਜ਼ ਇੰਡੀਅਨ ਕਾਰਡ ਹੀ ਲੈ ਲਿਆ ਜਾਂਦਾ ਹੈ।
ਹੁਣ ਸੁਆਲ ਇਹ ਹੈ ਕਿ ਮੋਦੀ ਸਰਕਾਰ ਦੀ ਦਿੱਖ ਕਿਉਂ ਵਿਗੜ ਗਈ? ਟਾਈਮ ਪੱਤ੍ਰਿਕਾ ਪਹਿਲਾਂ ਚੰਗੀ ਸੀ, ਹੁਣ ਕਿਉਂ ਮਾੜੀ ਹੋ ਗਈ? 2012 ਦੇ ਕਵਰ 'ਤੇ ਜਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਟਾਈਮ ਵਿਚ ਅੰਡਰ ਅਚੀਵਰ ਦੱਸਿਆ ਗਿਆ ਅਰਥਾਤ ਉਮੀਦ ਤੋਂ ਘੱਟ ਉਤਰਨ ਵਾਲਾ ਪ੍ਰਧਾਨ ਮੰਤਰੀ ਤਾਂ ਉਤਸ਼ਾਹਿਤ ਹੋ ਗਏ ਭਾਜਪਾ ਨੇਤਾ ਤਰਨ ਵਿਜੈ ਨੇ ਟਾਈਮ ਦੀ ਤਾਰੀਫ ਕੀਤੀ ਸੀ ਤੇ ਕਿਹਾ ਸੀ ਕਿ ਗੁਜਰਾਤ ਦਾ ਮੁੱਖ ਮੰਤਰੀ ਮੋਦੀ ਮਨਮੋਹਨ ਸਿੰਘ ਤੋਂ ਮਹਾਨ ਹਨ। ਇਨ੍ਹਾਂ ਦੋਹਾਂ ਵਿਚ ਕਿੰਨਾ ਅੰਤਰ ਹੈ? ਗੁਜਰਾਤ ਦੇ ਮੁੱਖ ਮੰਤਰੀ ਦੀ ਕਹਾਣੀ ਸੁਰੱਖਿਆ ਬਿਜਨੈਸ ਪ੍ਰਗਤੀ ਤੇ ਵਿਕਾਸ ਦੀ ਹੈ ਤੇ ਉੱਥੇ ਮਨਮੋਹਨ ਸਿੰਘ ਦੀ ਕਹਾਣੀ ਨਕਾਮੀ, ਭ੍ਰਿਸ਼ਟਾਚਾਰ, ਰੁਪਏ ਦੇ ਗਿਰਾਵਟ ਦੀ ਹੈ। ਜਦ ਵਿਦੇਸ਼ੀ ਪੱਤ੍ਰਿਕਾ ਵਿਚ ਤਾਰੀਫ ਦੀ ਗੱਲ ਛੱਪਦੀ ਹੈ ਤਾਂ ਭਗਵੇਂਵਾਦੀਆਂ ਨੂੰ ਇਹ ਗੱਲ ਬਹੁਤ ਵੱਡੀ ਲੱਗਦੀ ਹੈ। ਜਦ ਪ੍ਰਧਾਨ ਮੰਤਰੀ ਮੋਦੀ ਦੇ ਰਾਜ ਦਾ ਵਿਰੋਧ ਛੱਪਦਾ ਹੈ ਤਾਂ ਲੋਕਤੰਤਰ ਲਈ ਖਤਰਾ ਖੜਾ ਹੋ ਜਾਂਦਾ ਹੈ। ਅਜਿਹਾ ਤਾਂ ਨਹੀਂ ਹੋਣਾ ਚਾਹੀਦਾ? ਆਪਣੀ ਸਾਕਾਰਾਤਮਕ ਆਲੋਚਨਾ ਨੂੰ ਸਵੀਕਾਰ ਕਰਨਾ ਹੀ ਵਿਕਾਸ ਤੇ ਲੋਕਤੰਤਰ ਦਾ ਮਾਰਗ ਹੈ।
9 ਦਸੰਬਰ 2019 ਨੂੰ 'ਬਲੱਡ ਐਂਡ ਸੋਇਲ ਨਰਿੰਦਰ ਮੋਦੀਜ਼ ਇੰਡੀਆ' ਹੈਡਿੰਗ ਨਿਊਯਾਰਕ ਪੱਤ੍ਰਿਕਾ ਨੇ ਗੁਜਰਾਤ ਦੰਗਿਆਂ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਸਰਕਾਰ ਦੇ ਫੈਸਲਿਆਂ ਦੇ ਪਿਛੋਕੜ ਵਿਚ ਪ੍ਰਧਾਨ ਮੰਤਰੀ ਦੀ ਰਾਜਨੀਤਕ ਤੇ ਵਿਚਾਰਕ ਯਾਤਰਾ ਦਾ ਵਿਸਥਾਰ ਨਾਲ ਵਰਣਨ ਕੀਤਾ। ਇਸ ਨੂੰ ਲਿਖਣ ਵਾਲੇ ਪੱਤਰਕਾਰ ਡੈਕਸਟਰ ਫਿਲਕਿਨਸ ਨੇ ਪਾਕਿਸਤਾਨ, ਯਮਨ, ਇਰਾਕ, ਅਫਗਾਨਿਸਤਾਨ ਤੇ ਸੀਰੀਆ ਤੇ ਲਿਬਨਾਨ ਦੀਆਂ ਰਾਜਨੀਤਕ ਘਟਨਾਵਾਂ ਨੂੰ ਕਵਰ ਕੀਤਾ। ਭਾਰਤ ਦੇ ਮੀਡੀਆ ਨੇ ਗੁਜਰਾਤ ਦੇ ਕਤਲੇਆਮ ਦੇ ਸੁਆਲ ਨੂੰ ਹਮੇਸ਼ਾ ਲਈ ਦਬਾ ਦਿੱਤਾ, ਪਰ ਨਿਊਯਾਰਕ ਪੱਤਰਕਾਰ ਇਨ੍ਹਾਂ ਸਾਰੇ ਸੁਆਲਾਂ ਨੂੰ ਸੰਦਰਭ ਬਣਾਉਂਦੇ ਹੋਏ ਪ੍ਰਧਾਨ ਮੰਤਰੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਵਿਦੇਸ਼ੀ ਮੀਡੀਆ ਇਹ ਨਹੀਂ ਧਿਆਨ ਦਿੰਦਾ ਕਿ ਪ੍ਰਧਾਨ ਮੰਤਰੀ ਕੀ ਖਾਂਦੇ ਹਨ, ਕੀ ਪੀਂਦੇ ਹਨ? ਉਹ ਤਾਂ ਪ੍ਰਧਾਨ ਮੰਤਰੀ ਦੀ ਕਾਰਜ ਪ੍ਰਣਾਲੀ 'ਤੇ ਟਿੱਪਣੀਆਂ ਕਰਦਾ ਹੈ। ਸੁਤੰਤਰ ਪੱਤਰਕਾਰੀ ਦਾ ਅਰਥ ਸਰਕਾਰਾਂ ਦੀ ਖੁਸ਼ਾਮਦ ਕਰਨਾ ਨਹੀਂ। ਲੋਕ ਹਿੱਤ ਵਿਚ ਆਪਣੇ ਵਿਚਾਰ ਛਾਪਣੇ ਹੀ ਕੌਮੀਅਤ ਦੀ ਸੇਵਾ ਹੈ। ਮੋਦੀ ਸਰਕਾਰ ਦਾ ਪਹਿਲਾ ਸਮਾਂ ਵਿਕਾਸਸ਼ੀਲ ਭਾਰਤ ਦੇ ਨਾਅਰੇ ਅਧੀਨ ਬਹੁਤ ਵਧੀਆ ਰਿਹਾ ਹੈ। ਆਸ ਬਣਦੀ ਸੀ ਕਿ ਉਹ ਭਾਰਤ ਨੂੰ ਵਿਕਾਸ ਦੇ ਰਾਹਾਂ ਵਲ ਲੈ ਜਾਣਗੇ, ਪਰ ਜਦੋਂ ਤੋਂ ਹਿੰਦੂਤਵ ਦੇ ਨਾਅਰੇ ਤੇ ਹਿੰਸਾ ਫੈਲਣੀ ਸ਼ੁਰੂ ਹੋਈ ਹੈ, ਭਾਰਤ ਦਾ ਅਕਸ ਵਿਗੜਣਾ ਸ਼ੁਰੂ ਹੋ ਗਿਆ ਹੈ। ਇਹ ਅਕਸ ਤਾਂ ਬਚਾਉਣ ਦੀ ਲੋੜ ਹੈ। ਆਸ ਕਰਦੇ ਹਾਂ ਕਿ ਮੋਦੀ ਹਿੰਦੂ ਰਾਸ਼ਟਰਵਾਦ ਦੀ ਥਾਂ ਭਾਰਤ ਦੇ ਅਸਲੀ ਲੋਕਤੰਤਰ ਨੂੰ ਅੱਗੇ ਲੈ ਕੇ ਜਾਣਗੇ, ਜਿਸ ਦਾ ਸੰਕਲਪ ਬਾਬਾ ਸਾਹਿਬ ਅੰਬੇਡਕਰ ਨੇ ਬੁਣਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਦੇਸ ਵਿਚ ਲੋਕਤੰਤਰ ਤਾਂ ਹੀ ਜਿਉਂਦਾ ਰਹਿ ਸਕਦਾ ਹੈ ਜੇਕਰ ਘੱਟ ਗਿਣਤੀਆਂ ਦੀ ਸੁਰੱਖਿਆ ਹੋਵੇਗੀ।

ਰਜਿੰਦਰ ਸਿੰਘ ਪੁਰੇਵਾਲ