image caption: ਰਜਿੰਦਰ ਸਿੰਘ ਪੁਰੇਵਾਲ ਅਤੇ ਅਰਵਿੰਦ ਕੇਜਰੀਵਾਲ

ਕਿਉਂ ਜਿੱਤਿਆ ਕੇਜਰੀਵਾਲ ਦਿੱਲੀ 'ਚ

    ਭਾਜਪਾ ਆਗੂ ਪ੍ਰਵੇਸ਼ ਵਰਮਾ ਦਿੱਲੀ ਚੋਣ ਵਿਚ ਆਪਣੇ ਪਾਰਟੀ ਵਿਚ ਸਭ ਤੋਂ ਵੱਡੇ ਧਮਾਕੇਦਾਰ ਬਿਆਨ ਛੱਡਣ ਵਾਲੇ ਸਾਬਤ ਹੋਏ। ਪਰ ਇਸ ਦੇ ਬਾਵਜੂਦ ਦਿੱਲੀ ਦੇ ਵੋਟਰਾਂ ਨੇ ਅਰਵਿੰਦ ਕੇਜਰੀਵਾਲ ਨੂੰ ਤੀਸਰੀ ਵਾਰ ਮੁੱਖ ਮੰਤਰੀ ਬਣਾ ਦਿੱਤਾ। ਭਾਰਤ ਦੇ ਵੱਡੇ ਅਖ਼ਬਾਰ ਇਹ ਲਿਖ ਰਹੇ ਹਨ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੇ ਵਿਕਾਸ ਤੇ ਏਜੰਡੇ ਦੀ ਜਿੱਤ ਹੈ। ਲੋਕਾਂ ਨੇ ਭਾਜਪਾ ਦੇ ਸ਼ਾਹੀਨ ਬਾਗ ਪ੍ਰਾਪੋਗੰਡਾ ਨੂੰ ਸਵੀਕਾਰ ਨਹੀਂ ਕੀਤਾ। ਵਿਕਾਸ ਦੇ ਅੱਗੇ ਭਾਜਪਾਈ ਧਰੁਵੀਕਰਨ ਦਾ ਏਜੰਡਾ ਫੇਲ੍ਹ ਹੋ ਗਿਆ। ਇਹ ਗੱਲ ਸਮਝਣ ਵਾਲੀ ਹੈ ਕਿ ਵੱਡੇ ਲੋਕਤੰਤਰ ਦਾ ਦਾਅਵਾ ਕਰਨ ਵਾਲਾ ਭਾਰਤ ਭਗਵੇਂਵਾਦੀ ਜ਼ਹਿਰੀਲੇ ਬਿਆਨਾਂ ਕਾਰਨ ਪ੍ਰਦੂਸ਼ਿਤ ਹੋ ਰਿਹਾ ਹੈ। ਤੁਹਾਨੂੰ ਯਾਦ ਕਰਵਾ ਦੇਈਏ ਕਿ ਭਾਜਪਾ ਦੇ ਸਾਂਸਦ ਪ੍ਰਵੇਸ਼ ਵਰਮਾ ਨੂੰ ਦਿੱਲੀ ਚੋਣਾਂ ਦੌਰਾਨ ਭੜਕਾਊ ਤੇ ਨਫਰਤ ਵਾਲੇ ਬਿਆਨਾਂ ਕਾਰਨ ਚੋਣ ਆਯੋਗ ਨੇ ਤਿੰਨ ਵਾਰ ਨੋਟਿਸ ਦਿੱਤਾ ਸੀ ਤੇ ਦੋ ਵਾਰ ਪ੍ਰਚਾਰ 'ਤੇ ਪਾਬੰਦੀ ਲੱਗੀ ਸੀ। 28 ਫਰਵਰੀ ਨੂੰ ਇਕ ਇੰਟਰਵਿਊ ਵਿਚ ਉਸ ਨੇ ਸ਼ਾਹੀਨ ਬਾਗ 'ਤੇ ਕਿਹਾ, 'ਇਥੇ ਲੱਖਾਂ ਲੋਕ ਜਮ੍ਹਾ ਹੁੰਦੇ ਹਨ, ਦਿੱਲੀ ਦੇ ਲੋਕਾਂ ਨੂੰ ਸੋਚਣਾ ਹੋਵੇਗਾ ਤੇ ਫੈਸਲਾ ਕਰਨਾ ਹੋਵੇਗਾ ਕਿ ਉਹ ਸਾਡੇ ਘਰਾਂ ਵਿਚ ਵੜਨਗੇ, ਸਾਡੀਆਂ ਭੈਣਾਂ-ਬੇਟੀਆਂ ਨਾਲ ਬਲਾਤਕਾਰ ਕਰਨਗੇ ਤੇ ਸਾਨੂੰ ਮਾਰ ਦੇਣਗੇ।' 29 ਜਨਵਰੀ ਦੇ ਦਿੱਲੀ ਦੇ ਮਾਦੀਪੁਰ ਵਿਚ ਹੋਈ ਜਨ ਸਭਾ ਵਿਚ ਉਹ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਦੱਸ ਗਏ ਤੇ ਕਿਹਾ, 'ਕੇਜਰੀਵਾਲ ਤੇ ਆਮ ਆਦਮੀ ਪਾਰਟੀ ਜਿਹਾਦੀਆਂ ਦਾ ਸਮਰਥਨ ਕਰਦੀ ਹੈ ਤੇ ਇਸ ਦੇ ਰਾਹੀਂ ਸ਼ਾਹੀਨ ਬਾਗ ਦੇ ਧਰਨੇ ਨੂੰ ਫੰਡਿੰਗ ਹੋ ਰਹੀ ਹੈ।'
ਇਸੇ ਤਰ੍ਹਾਂ ਮੰਤਰੀ ਅਨੁਰਾਗ ਠਾਕੁਰ ਨੇ ਰਿਠਾਲਾ ਦੀ ਸਭਾ ਵਿਚ 27 ਜਨਵਰੀ ਨੂੰ ਜਨਤਾ ਦੇ ਸਾਹਮਣੇ ਨਾਅਰਾ ਲਗਾਇਆ, 'ਦੇਸ ਕੇ ਗੱਦਾਰਾਂ ਕੋ ਗੋਲੀ ਮਾਰੋ ਸਾਲੋ ਕੋ'। ਚੋਣ ਕਮਿਸ਼ਨ ਨੇ 72 ਘੰਟੇ ਤੱਕ ਠਾਕੁਰ ਦੇ ਪ੍ਰਚਾਰ 'ਤੇ ਪਾਬੰਦੀ ਲਗਾ ਦਿੱਤੀ। ਇਸ ਬਿਆਨ ਦਾ ਸੰਸਦ ਵਿਚ ਵੀ ਵਿਰੋਧ ਹੋਇਆ। ਵਿਰੋਧੀਆਂ ਨੇ ਨਾਅਰੇ ਲਗਾਏ ਕਿ ਗੋਲੀ ਮਾਰਨਾ ਬੰਦ ਕਰੋ।
ਭਾਜਪਾ ਦੇ ਸੀਨੀਅਰ ਨੇਤਾ ਕਪਿਲ ਮਿਸ਼ਰਾ ਨੇ ਟਵਿੱਟਰ 'ਤੇ ਲਿਖਿਆ, 'ਆਪ ਤੇ ਕਾਂਗਰਸ ਨੇ ਸ਼ਾਹੀਨ ਬਾਗ ਵਰਗੇ ਮਿੰਨੀ ਪਾਕਿਸਤਾਨ ਖੜ੍ਹੇ ਕੀਤੇ ਹਨ।' ਚੋਣ ਕਮਿਸ਼ਨ ਨੇ ਇਨ੍ਹਾਂ ਉੱਪਰ 48 ਘੰਟੇ ਪ੍ਰਚਾਰ ਕਰਨ 'ਤੇ ਪਾਬੰਦੀ ਲਗਾ ਦਿੱਤੀ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਇਕ ਟਵੀਟ ਕੀਤਾ ਕਿ 8 ਫਰਵਰੀ ਨੂੰ ਦਿੱਲੀ ਵਿਚ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ ਹੈ। ਉਨ੍ਹਾਂ ਦੇ ਇਸ ਬਿਆਨ 'ਤੇ 'ਆਪ' ਚੋਣ ਜਿੱਤਣ ਤੋਂ ਬਾਅਦ ਅਨੰਦ ਲੈ ਰਹੀ ਹੈ। ਮਨੋਜ ਤਿਵਾੜੀ ਜੋ ਭਾਜਪਾ ਦੇ ਆਗੂ ਉਹ ਇਸ ਪੱਧਰ 'ਤੇ ਡਿੱਗ ਪਏ ਕਿ ਉਨ੍ਹਾਂ ਨੇ ਕਨਾਟ ਪਲੇਸ ਵਾਲੇ ਹਨੂੰਮਾਨ ਜੀ ਦੇ ਮੰਦਰ ਦੇ ਦਰਸ਼ਨ ਕਰਨ ਪਹੁੰਚੇ ਕੇਜਰੀਵਾਲ 'ਤੇ ਟਿੱਪਣੀ ਕੀਤੀ ਕਿ ਉਹ ਹਨੂੰਮਾਨ ਜੀ ਨੂੰ ਅਸ਼ੁੱਧ ਕਰਨ ਆਏ ਹਨ।
ਇੱਥੇ ਹੀ ਬੱਸ ਨਹੀਂ ਯੋਗੀ ਅਦਿੱਤਿਆਨਾਥ ਮੁੱਖ ਮੰਤਰੀ ਯੂਪੀ ਨੇ ਇਕ ਫਰਵਰੀ ਨੂੰ ਕਰਾਵਲ ਨਗਰ ਵਿਚ ਹੋਈ ਸਭਾ ਵਿਚ ਕਿਹਾ ਕਿ ਕੇਜਰੀਵਾਲ ਸ਼ਾਹੀਨ ਬਾਗ ਦੇ ਪ੍ਰਦਰਸ਼ਕਾਰੀਆਂ ਨੂੰ ਬਰਿਆਨੀ ਖੁਆ ਰਹੇ ਹਨ। ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ। 
ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 24 ਜਨਵਰੀ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਕਿਹਾ ਕਿ ਬਟਨ ਏਨੇ ਗੁੱਸੇ ਵਿਚ ਦਬਾਉਣਾ ਕਿ ਬਟਨ ਇੱਥੇ ਦੱਬੇ ਤੇ ਕਰੰਟ ਸ਼ਾਹੀਨ ਬਾਗ ਦੇ ਅੰਦਰ ਲੱਗੇ। ਇਸ ਬਿਆਨ ਨੂੰ ਉਨ੍ਹਾਂ ਨੇ ਕਈ ਸਮਾਗਮਾਂ ਵਿਚ ਦੁਹਰਾਇਆ।
ਦਿੱਲੀ ਦੇ ਦੰਗਲ ਵਿਚ ਜਦ ਪ੍ਰਧਾਨ ਮੰਤਰੀ ਮੋਦੀ ਉਤਰੇ ਤਾਂ ਉਨ੍ਹਾਂ ਨੇ ਸ਼ਾਹੀਨ ਬਾਗ ਨੂੰ ਸੰਯੋਗ ਨਹੀਂ ਪ੍ਰਯੋਗ ਕਿਹਾ। ਇਹ ਵੀ ਕਿਹਾ ਕਿ ਇਹ ਰਾਜਨੀਤੀ ਦਾ ਅਜਿਹਾ ਡਿਜ਼ਾਈਨ ਹੈ, ਜੋ ਰਾਸ਼ਟਰ ਦੀ ਏਕਤਾ-ਅਖੰਡਤਾ ਨੂੰ ਖੰਡਿਤ ਕਰ ਸਕਦਾ ਹੈ।
ਭਾਜਪਾ ਦੇ ਰਾਸ਼ਟਰੀ ਸੈਕਰੇਟਰੀ ਨੇ ਸ਼ਾਹੀਨ ਬਾਗ ਬਾਰੇ ਕਿਹਾ ਕਿ ਇਸ ਨੂੰ ਸੀਰੀਆ ਨਹੀਂ ਬਣਨ ਦੇਣਗੇ ਤੇ ਉਹ ਆਈਐਸ ਵਰਗਾ ਅੱਤਵਾਦੀ ਕੇਂਦਰ ਬਣਾਏ, ਜਿਸ ਵਿਚ ਔਰਤਾਂ ਤੇ ਬੱਚਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਪਰ ਇਸ ਧਰੁਵੀਕਰਨ ਨੂੰ ਦਿੱਲੀ ਦੀ ਜਨਤਾ ਨੇ ਨਕਾਰ ਦਿੱਤਾ। ਲੋਕਾਂ ਨੇ ਦਸ ਦਿੱਤਾ ਕਿ ਸ਼ਾਹੀਨ ਬਾਗ ਵਿਚ ਜੋ ਬਰਿਆਨੀ ਮਿਲਦੀ ਹੈ, ਉਹ ਸਿਰਫ ਮੁਸਲਮਾਨਾਂ ਦੀ ਰਸੋਈ ਵਿਚ ਨਹੀਂ ਪੱਕਦੀ, ਉਹ ਭਾਰਤ ਦੇ ਸਾਂਝੇ ਚੁੱਲ੍ਹੇ ਵਿਚੋਂ ਨਿਕਲਦੀ ਹੈ। ਇਹੀ ਬਾਗ ਲੋਕਤੰਤਰਿਕ ਬਹੁਲਤਾ ਦਾ ਬਾਗ ਹੈ।
    ਦਿੱਲੀ ਦੀ ਜਨਤਾ ਨੇ ਇਸ ਨੂੰ ਖਾਰਜ ਕਰ ਕੇ ਦੇਸ਼ ਦੀ ਜਨਤਾ ਨੂੰ ਨੰਗੇ ਧਰੁਵੀਕਰਨ ਦੀ ਰਾਜਨੀਤੀ ਤੋਂ ਕੁਝ ਰਾਹਤ ਜ਼ਰੂਰ ਦਿੱਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਦੀ ਇਹ ਜਿੱਤ ਪ੍ਰਭਾਵਸ਼ਾਲੀ ਹੈ। 5 ਸਾਲ ਤੋਂ ਬਾਅਦ ਦੁਬਾਰਾ ਚੋਣ ਜਿੱਤਣਾ, ਉਹ ਵੀ ਦੁਬਾਰਾ 50 ਫ਼ੀਸਦੀ ਤੋਂ ਵਧੇਰੇ ਵੋਟਾਂ ਲੈਣਾ ਅਤੇ ਦੁਬਾਰਾ ਕਰੀਬ 90 ਫ਼ੀਸਦੀ ਸੀਟਾਂ ਜਿੱਤਣਾ ਬਹੁਤ ਵੱਡੀ ਗੱਲ ਹੈ। ਚੋਣਾਂ ਤੋਂ ਬਾਅਦ ਹੋਏ ਸਰਵੇਖਣਾਂ ਤੋਂ ਵੀ ਇਹ ਸਪੱਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਨੇ ਔਰਤਾਂ ਅਤੇ ਗ਼ਰੀਬ ਤਬਕਿਆਂ ਵਿਚੋਂ ਸਭ ਤੋਂ ਜ਼ਿਆਦਾ ਸਮਰਥਨ ਹਾਸਲ ਕੀਤਾ। ਅੱਜ ਭਾਰਤ ਲੋਕਤੰਤਰ ਦੇ ਸਾਹਮਣੇ ਚੁਣੌਤੀ ਬਹੁਤ ਵੱਡੀ ਹੈ। ਇਹ ਚੁਣੌਤੀ ਸਿਰਫ ਭਾਜਪਾ ਦੇ ਹੰਕਾਰ ਨੂੰ ਤੋੜਨ ਅਤੇ ਉਸ ਨੂੰ ਚੋਣਾਂ ਵਿਚ ਹਰਾਉਣ ਦੀ ਨਹੀਂ ਹੈ। ਇਹ ਚੈਲਿੰਜ ਭਾਰਤ ਦੀ ਜਮਹੂਰੀਅਤ ਨੂੰ ਬਚਾਉਣ ਦਾ ਵੀ ਹੈ। ਇਸ ਲਈ ਚੋਣ ਰਣਨੀਤੀ ਨਾਲ ਕੰਮ ਨਹੀਂ ਚੱਲੇਗਾ, ਲੋਕਾਂ ਨੂੰ ਨਵੀਂ ਦਿਸ਼ਾ ਦੇਣੀ ਪਵੇਗੀ।

ਰਜਿੰਦਰ ਸਿੰਘ ਪੁਰੇਵਾਲ