image caption:

ਅੱਜ ਦੇ ਦਿਨ ਦਾ ਇਤਿਹਾਸ - ਜੈਤੋ ਦਾ ਮੋਰਚਾ: 21 ਫਰਵਰੀ, ਸੰਨ 1924 ਈ.

🔶 ਕਾਰਨ : ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਪੂਰਨ ਭਰੋਸਾ ਸੀ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨਿੰਨ ਸ਼ਰਧਾਲੂ ਸਨ। ਉਨ੍ਹਾਂ ਨੇ ਆਪਣੀ ਤਾਜ਼ਪੋਸ਼ੀ ਸਮੇਂ ਅੰਗਰੇਜ਼ ਸਰਕਾਰ ਦਾ ਥਾਪੜਾ ਲੈਣ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੇਸ਼ਟ ਜਾਣਦਿਆਂ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਣੇ ਗਾਤਰੇ ਕਿਰਪਾਨ ਸਜਾ ਕੇ ਰਾਜ ਭਾਗ ਸੰਭਾਲ ਲਿਆ। ਉਹ ਸਿੱਖ ਪ੍ਰੰਪਰਾਵਾਂ ਅਤੇ ਮਾਣ ਮਰਯਾਦਾ ਦਾ ਬਹੁਤ ਸਨਮਾਨ ਕਰਦੇ ਸਨ। ਉਨ੍ਹਾਂ ਨੇ ਆਪਣੇ ਰਾਜ ਵਿੱਚ ਸਿੱਖਾਂ ਨੂੰ ਕਾਲੀ ਦਸਤਾਰ ਸਜਾਉਣ ਅਤੇ ਕਿਰਪਾਨ ਰੱਖਣ ਦੀ ਖੁੱਲ੍ਹ ਦਿੱਤੀ ਹੋਈ ਸੀ, ਜਿਸ ਉੱਪਰ ਅੰਗਰੇਜ਼ ਸਰਕਾਰ ਨੇ ਪਾਬੰਦੀ ਲਗਾਈ ਹੋਈ ਸੀ। ਇਸ ਕਾਰਨ ਸਾਰੇ ਸਿੱਖ ਉਨ੍ਹਾਂ ਦਾ ਸਤਿਕਾਰ ਕਰਦੇ ਸਨ। ਇਹ ਗੱਲਾਂ ਅੰਗਰੇਜ਼ ਸਰਕਾਰ ਨੂੰ ਚੰਗੀਆਂ ਨਾ ਲੱਗੀਆਂ। ਇਸ ਲਈ ਅੰਗਰੇਜ਼ ਸਰਕਾਰ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਗੱਦੀਓਂ ਲਾਹੁਣਾ ਚਾਹੁੰਦੀ ਸੀ। ਅੰਗਰੇਜ਼ ਸਰਕਾਰ ਨੇ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਮਹਾਰਾਜਾ ਰਿਪੁਦਮਨ ਸਿੰਘ ਖਿਲਾਫ਼ ਭੜਕਾ ਕੇ ਉਨ੍ਹਾਂ ਉੱਤੇ ਕਈ ਮੁਕੱਦਮੇ ਬਣਾ ਦਿੱਤੇ। ਜਿਸ ਦੇ ਫਲਸਰੂਪ 9 ਜੁਲਾਈ, 1923 ਈ. ਨੂੰ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਹਟਾ ਦਿੱਤਾ ਗਿਆ।
🔶 ਮਹਾਰਾਜਾ ਰਿਪੁਦਮਨ ਸਿੰਘ ਨਾਲ ਅੰਗਰੇਜ਼ ਸਰਕਾਰ ਵੱਲੋਂ ਕੀਤੇ ਗਏ ਇਸ ਦੁਰਵਿਵਹਾਰ ਕਾਰਨ ਸਿੱਖ ਗੁੱਸੇ ਵਿੱਚ ਸਨ। ਉਨ੍ਹਾਂ ਨੇ ਮਹਾਰਾਜੇ ਨਾਲ ਹਮਦਰਦੀ ਪ੍ਰਗਟ ਕਰਨ ਲਈ 9 ਸਤੰਬਰ, 1923 ਈ. ਨੂੰ ਨਾਭਾ ਰੋਸ ਦਿਵਸ ਮਨਾਇਆ। ਇਸੇ ਸੰਬੰਧ ਵਿੱਚ ਜੈਤੋ ਦੇ ਗੁਰਦੁਆਰਾ ਗੰਗਸਰ ਵਿਖੇ ਅਖੰਡ ਪਾਠ ਰੱਖਿਆ ਗਿਆ। ਪਰ ਪੁਲਿਸ ਨੇ ਕਾਰਵਾਈ ਕਰਕੇ ਪਾਠ ਕਰਦੇ ਗ੍ਰੰਥੀ ਸਿੰਘ ਸਮੇਤ ਹੋਰ ਕਈ ਸਿੰਘਾਂ ਨੂੰ ਕੈਦ ਕਰ ਲਿਆ ਅਤੇ ਗੁਰਦੁਆਰਾ ਸਾਹਿਬ ਉੱਤੇ ਕਬਜ਼ਾ ਹੋ ਕੇ ਅਖੰਡ ਪਾਠ ਸਾਹਿਬ ਖੰਡਿਤ ਕਰ ਦਿੱਤਾ। ਹੁਣ ਇਹ ਮਸਲਾ ਸਿਰਫ਼ ਰਿਪੁਦਮਨ ਸਿੰਘ ਨਾਲ ਦੁਰਵਿਵਹਾਰ ਦਾ ਨਾ ਹੋ ਕੇ ਗੁਰਬਾਣੀ ਦੀ ਬੇਅਦਬੀ ਦਾ ਹੋ ਗਿਆ ਅਤੇ ਸਿੱਖਾਂ ਨੇ ਅੰਗਰੇਜ਼ ਸਰਕਾਰ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ।
🔶 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਸਲੇ ਦੀ ਵਿਚਾਰ ਉਪਰੰਤ ਅਖੰਡ ਪਾਠ ਸੰਪੂਰਨ ਕਰਨ ਲਈ 15 ਸਤੰਬਰ, 1923 ਈ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 25 ਸਿੰਘਾਂ ਦਾ ਇੱਕ ਜਥਾ ਜੈਤੋ ਭੇਜਿਅਾ। ਸਰਕਾਰ ਨੇ ਇਨ੍ਹਾਂ ਸਿੰਘਾਂ ਨੂੰ ਜੈਤੋ ਨਾ ਪਹੁੰਚਣ ਦਿੱਤਾ ਅਤੇ ਰਸਤੇ ਵਿੱਚ ਹੀ ਗ੍ਰਿਫ਼ਤਾਰ ਕਰ ਲਿਆ। ਸਿੰਘਾਂ ਨੇ ਗੁਰਬਾਣੀ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਲਈ ਦ੍ਰਿੜ੍ਹ ਸੰਕਲਪ ਲੈ ਲਿਆ ਅਤੇ 5 ਮਹੀਨੇ ਤੱਕ 25-25 ਸਿੰਘਾਂ ਦੇ ਜਥੇ ਲਗਾਤਾਰ ਜੈਤੋ ਜਾਂਦੇ ਰਹੇ। ਸਰਕਾਰ ਇਹਨਾਂ ਜਥਿਆਂ ਉੱਤੇ ਅੱਤਿਆਚਾਰ ਕਰਦੀ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਦੂਰ ਦੁਰਾਡੇ ਜਾਂ ਜੰਗਲਾਂ ਵਿੱਚ ਲਿਜਾ ਕੇ ਛੱਡ ਦਿੰਦੀ। ਮੋਰਚਾ ਲੰਬਾ ਹੁੰਦਾ ਵੇਖ ਕੇ ਸ਼੍ਰੋਮਣੀ ਕਮੇਟੀ ਨੇ ਪੰਜ-ਪੰਜ ਸੌ ਦੇ ਸ਼ਹੀਦੀ ਜਥੇ ਭੇਜਣ ਦਾ ਫੈਸਲਾ ਕੀਤਾ। 9 ਫਰਵਰੀ, 1924 ਈ. ਨੂੰ 500 ਸਿੱਖਾਂ ਦਾ ਪਹਿਲਾ ਸ਼ਹੀਦੀ ਜਥਾ ਜਥੇਦਾਰ ੳੂਧਮ ਸਿੰਘ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲਿਆ। ਜਥੇ ਨਾਲ ਹਜ਼ਾਰਾਂ ਲੋਕ ਮਾਝਾ ਅਤੇ ਮਾਲਵਾ ਹੁੰਦੇ ਹੋਏ ਨਾਭਾ ਰਿਆਸਤ ਦੀ ਹੱਦ ਵਿੱਚ ਦਾਖ਼ਲ ਹੋਏ। 21 ਫਰਵਰੀ, 1924 ਈ. ਨੂੰ ਇਹ ਜਥਾ ਜੈਤੋ ਪੁੱਜਾ। ਜਦ ਇਹ ਜਥਾ ਗੁਰਦੁਆਰਾ ਟਿੱਬੀ ਸਾਹਿਬ ਵੱਲ ਵਧ ਰਿਹਾ ਸੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਜਥਾ ਨਾ ਰੁਕਿਆ। ਅੱਗੇ ਵਧ ਰਹੇ ਜਥੇ ਉੱਪਰ ਅੰਗਰੇਜ਼ ਸਰਕਾਰ ਦੀਆਂ ਮਸ਼ੀਨਗੰਨਾਂ ਨੇ ਗੋਲ਼ੀਆਂ ਵਰਸਾੳੁਣੀਅਾਂ ਸ਼ੁਰੂ ਕਰ ਦਿੱਤੀਆਂ। ਜਦੋਂ ਅੱਗੇ ਜਾ ਰਹੇ ਸਿੱਖ ਗੋਲ਼ੀਆਂ ਨਾਲ ਸ਼ਹੀਦ ਹੋ ਜਾਂਦੇ ਤਾਂ ਉਨ੍ਹਾਂ ਦੇ ਪਿੱਛੇ ਵਾਲੇ ਸਿੱਖ ਸ਼ਹੀਦ ਹੋਣ ਲਈ ਹੋਰ ਤੇਜ਼ੀ ਨਾਲ ਅੱਗੇ ਵਧਦੇ। ਇੱਕ ਬੀਬੀ ਦੇ ਕੁੱਛੜ ਚੁੱਕੇ ਬੱਚੇ ਨੂੰ ਗੋਲ਼ੀ ਲੱਗੀ ਤਾਂ ਉਹ ਸ਼ਹੀਦ ਹੋਏ ਬੱਚੇ ਨੂੰ ਰੇਤ ਉੱਪਰ ਲਿਟਾ ਕੇ ਆਪ ਜਥੇ ਨਾਲ ਜਾ ਰਲੀ ਪਰ ਉਸਨੇ ਆਪਣੇ ਦੂਸਰੇ ਹੱਥ ਵਿੱਚ ਫੜੇ ਹੋਏ ਨਿਸ਼ਾਨ ਸਾਹਿਬ ਨੂੰ ਨੀਵਾਂ ਨਾ ਹੋਣ ਦਿੱਤਾ। ਇਸ ਗੋਲ਼ੀਬਾਰੀ ਵਿੱਚ ਅਨੇਕਾਂ ਸਿੰਘ-ਸਿੰਘਣੀਆਂ ਅਤੇ ਬੱਚੇ ਸ਼ਹੀਦ ਹੋ ਗਏ। ਜਥੇ ਦੇ ਬਚੇ ਹੋਏ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦੇ ਦਿੱਤੀਆਂ ਗਈਆਂ। ਜੈਤੋ ਦਾ ਮੋਰਚਾ ਲਗਭਗ ਦੋ ਸਾਲ ਤੱਕ ਚੱਲਿਆ। ਪੰਜ-ਪੰਜ ਸੌ ਸਿੰਘਾਂ ਦੇ ਜਥੇ ਅਾਉਂਦੇ ਅਤੇ ਸਰਕਾਰ ਦੁਆਰਾ ਉਨ੍ਹਾਂ ਦੀ ਬੇਰਹਿਮੀ ਨਾਲ ਮਾਰ ਕੁਟਾਈ ਕੀਤੀ ਜਾਂਦੀ। ਕਈਆਂ ਦੇ ਅੰਗ ਮਾਰੇ ਗਏ ਅਤੇ ਕਈਆਂ ਦੇ ਸਰੀਰ ਸਦਾ ਲਈ ਨਕਾਰਾ ਹੋ ਗਏ। ਕਈ ਸਿੰਘ ਨਾਭਾ ਜੇਲ੍ਹ ਵਿੱਚ ਸ਼ਹੀਦ ਹੋ ਗਏ। ਇਸ ਤਰ੍ਹਾਂ ਸਿੱਖ ਗੁਰਧਾਮਾਂ ਦੀ ਅਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦਿੰਦੇ ਰਹੇ। ਪੰਜਾਬ ਤੋਂ ਬਾਹਰੋਂ ਕਲਕੱਤਾ, ਕੈਨੇਡਾ, ਸ਼ੰਘਾੲੀ ਅਤੇ ਹਾਂਗਕਾਂਗ ਤੋਂ ਵੀ ਜਥੇ ਜੈਤੋ ਵਿਖੇ ਪੁੱਜੇ।
🔶 ਗੁਰਦੁਆਰਾ ਐਕਟ ਪਾਸ ਹੋਣਾ: ਗੁਰਦੁਆਰਾ ਸੁਧਾਰ ਲਹਿਰ ਤਹਿਤ ਸਿੱਖਾਂ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਪਹਿਲਾਂ ਹੀ 19 ਜਨਵਰੀ, 1922 ਈ. ਨੂੰ  ਅੰਗਰੇਜ਼ ਸਰਕਾਰ ਕੋਲੋਂ ਲੈ ਲਈਆਂ ਸਨ। ਸਿੱਖਾਂ ਦੀ ਇਸ ਜਿੱਤ ਦੀ ਖਬਰ ਸੁਣ ਕੇ ਮਹਾਤਮਾ ਗਾਂਧੀ ਨੇ ਸ. ਖੜਕ ਸਿੰਘ ਜੀ ਨੂੰ ਇਹ ਸੰਦੇਸ਼ ਭੇਜਿਆ ਸੀ ਕਿ ਭਾਰਤ ਦੀ ਅਜ਼ਾਦੀ ਦੀ ਪਹਿਲੀ ਫੈਸਲਾਕੁੰਨ ਲੜਾਈ ਜਿੱਤ ਲਈ ਗਈ ਹੈ। ਵਧਾਈ ਹੋਵੇ! ਜੈਤੋ ਦੇ ਮੋਰਚੇ ਵਿੱਚ ਵੀ ਸਿੱਖਾਂ ਦੀ ਜਿੱਤ ਹੋਈ। ਬੇਵੱਸ ਹੋ ਕੇ ਸਰਕਾਰ ਨੇ ਗੁਰਦੁਆਰੇੇ ਤੋਂ ਪੁਲਿਸ ਦਾ ਪਹਿਰਾ ਹਟਾ ਲਿਆ। 7 ਜੁਲਾਈ, 1925 ਈ. ਨੂੰ ਸਰਕਾਰ ਨੇ ਗੁਰਦੁਆਰਾ ਐਕਟ ਪਾਸ ਕਰ ਦਿੱਤਾ ਅਤੇ ਕੈਦੀ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਗਿਆ। ਸਾਰੇ ਜਥੇ ਜੈਤੋ ਵਿਖੇ ਇਕੱਠੇ ਹੋਏ। ਇੱਕ ਅਖੰਡ ਪਾਠ ਦੀ ਥਾਂ 101 ਅਖੰਡ ਪਾਠ ਕੀਤੇ ਗਏ।
🔶 ਸਿੱਖਿਆ : ਮਨੁੱਖਤਾ ਨਾਲ ਧੱਕਾ ਹੁੰਦਾ ਹੋਇਆ ਵੇਖ ਕੇ ਸਿੱਖ ਚੁੱਪ ਨਹੀਂ ਰਹਿ ਸਕਦੇ, ਭਾਵੇਂ ਉਹ ਕਿਸੇ ਵੀ ਜਾਤੀ ਜਾਂ ਧਰਮ ਨਾਲ ਸੰਬੰਧ ਰੱਖਦਾ ਹੋਵੇ ਅਤੇ ਜਦੋਂ ਗੱਲ ਗੁਰੂ ਪ੍ਰੇਮ ਤੇ ਅਣਖ ਦੀ ਹੋਵੇ ਉਦੋਂ ਗੁਰੂ ਦੇ ਸਿੱਖ ਜਾਨਾਂ ਵਾਰਨ ਨੂੰ ਤਿਆਰ-ਬਰ-ਤਿਆਰ ਰਹਿੰਦੇ ਹਨ। ਸਾਨੂੰ ਵੀ ਆਪਣੇ ਇਨ੍ਹਾਂ ਸੂਰਬੀਰ ਵੀਰਾਂ ਭੈਣਾਂ ਤੋਂ ਸਿੱਖਿਆ ਲੈਂਦੇ ਹੋਏ ਜ਼ੁਲਮ ਦੇ ਖਿਲਾਫ਼ ਅਵਾਜ਼ ਉਠਾਉਣੀ ਚਾਹੀਦੀ ਹੈ ਅਤੇ ਸਮੁੱਚੀ ਮਨੁੱਖਤਾ ਦੇ ਅਧਿਕਾਰਾਂ ਦੀ ਰਾਖੀ ਕਰਨੀ ਚਾਹੀਦੀ ਹੈ।
 
ਹਵਾਲਾ ਪੁਸਤਕਾਂ : ੧. ਸਿੱਖ ਇਤਿਹਾਸ (ਪ੍ਰੋ. ਕਰਤਾਰ ਸਿੰਘ ਐਮ.ਏ.) ਪ੍ਰਕਾਸ਼ਕ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ
੨. ਸਿੱਖਾਂ ਦੀ ਸੰਖੇਪ ਗਾਥਾ (ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ)
੩. ਸਿੱਖ ਹਿਸਟਰੀ ਕਾਰਡ ਭਾਗ-੨ (ਡਾ. ਵਰਿੰਦਰਪਾਲ ਸਿੰਘ) ਪ੍ਰਕਾਸ਼ਕ: ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ