image caption: ਰਜਿੰਦਰ ਸਿੰਘ ਪੁਰੇਵਾਲ ਅਤੇ ਹਿੰਸਾ ਦੀ ਲਪੇਟ ਵਿਚ ਸੜੇ ਮਕਾਨ

ਦਿੱਲੀ 'ਚ ਹਿੰਸਾ ਦੇ ਜ਼ਿੰਮੇਵਾਰ ਕੌਣ ਨੇ?

   ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਬੀਤੇ ਐਤਵਾਰ ਨੂੰ ਸੜਕ ਜਾਮ ਕਰ ਦਿੱਤੀ ਤੇ ਜਾਫ਼ਰਾਬਾਦ ਵਿੱਚ ਭਗਵਿਆਂ ਨੇ ਹਿੰਸਾ ਸ਼ੁਰੂ ਕੀਤੀ। ਇਸ ਤੋਂ ਬਾਅਦ ਹਿੰਸਾ ਚਾਰੇ ਪਾਸੇ ਫੈਲ ਗਈ। ਇਸ ਹਿੰਸਾ ਦਾ ਦੋਸ਼ੀ ਭਾਜਪਾ ਦਾ ਸੀਨੀਅਰ ਨੇਤਾ ਕਪਿਲ ਮਿਸ਼ਰਾ ਦੱਸਿਆ ਜਾਂਦਾ ਹੈ। ਮੌਜਪੁਰ ਵਿਚ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਇੱਕ ਮੀਟਿੰਗ ਬੁਲਾ ਕੇ ਮੰਗ ਕੀਤੀ ਕਿ ਪੁਲਿਸ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਤਿੰਨ ਦਿਨਾਂ ਵਿੱਚ ਹਟਾ ਦੇਵੇ। ਪੁਲੀਸ ਨੂੰ ਚਿਤਾਵਨੀ ਦਿੰਦਿਆਂ ਮਿਸ਼ਰਾ ਨੇ ਕਿਹਾ ਸੀ ਕਿ ਅਸੀਂ ਉਦੋਂ ਤੱਕ ਇੰਤਜ਼ਾਰ ਕਰਾਂਗੇ ਜਦੋਂ ਤੱਕ ਟਰੰਪ (ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ) ਭਾਰਤ ਦੇ ਦੌਰੇ 'ਤੇ ਹਨ। ਉਨ੍ਹਾਂ ਦੇ ਵਾਪਸ ਅਮਰੀਕਾ ਜਾਣ ਮਗਰੋਂ ਜੇ ਰਸਤਾ ਸਾਫ਼ ਨਾ ਹੋਇਆ ਤਾਂ ਅਸੀ (ਪੁਲਿਸ) ਤੁਹਾਡੀ ਨਹੀਂ ਸੁਣਾਂਗਾ। ਅਸੀਂ ਤੁਹਾਨੂੰ (ਪੁਲਿਸ) ਅਪੀਲ ਕਰਦੇ ਹਾਂ ਕਿ ਟਰੰਪ ਦੇ ਜਾਣ ਤਕ ਜਾਫ਼ਰਾਬਾਦ ਅਤੇ ਚਾਂਦਬਾਗ ਨੂੰ ਖਾਲੀ ਕਰਵਾ ਦਿਓ। ਜੇ ਅਜਿਹਾ ਨਾ ਹੋਇਆ ਤਾਂ ਸਾਨੂੰ ਸੜਕਾਂ 'ਤੇ ਆਉਣਾ ਪਵੇਗਾ।

   ਇਸ ਤੋਂ ਤੁਰੰਤ ਬਾਅਦ ਭਗਵੀਆਂ ਭੀੜਾਂ ਨੇ ਮੁਸਲਮਾਨਾਂ ਦੀ ਕੁਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉੱਤਰ-ਪੂਰਬੀ ਦਿੱਲੀ ਨੂੰ ਹਿੰਸਾ ਦੀ ਅੱਗ ਵਿਚ ਸਾੜ ਦਿੱਤਾ ਹੈ। ਪਿਛਲੇ ਤਿੰਨ ਦਿਨਾਂ ਤੋਂ ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਹੋਈ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ 13 ਤੋਂ ਵੱਧ ਕੇ 20 ਹੋ ਗਈ ਹੈ ਤੇ 300 ਤੋਂ ਵਧ ਜਖ਼ਮੀ ਹੋ ਚੁੱਕੇ ਹਨ। ਇਨ੍ਹਾਂ ਵਿਚ ਲਗਭਗ 56 ਪੁਲਿਸ ਮੁਲਾਜ਼ਮ ਸ਼ਾਮਲ ਹਨ। ਇਕ ਹੌਲਦਾਰ ਹਿੰਸਾ ਵਿਚ ਮਾਰਿਆ ਗਿਆ ਹੈ। ਭਿਅੰਕਰ ਹਿੰਸਾ ਜਾਰੀ ਹੈ। ਇਹ ਸਾਜ਼ਿਸ਼ ਤਹਿਤ ਹੋ ਰਹੀ ਹੈ। ਭੀੜਾਂ ਕੋਲ ਐਸਿਡ ਤੇ ਪੈਟਰੋਲ ਬੰਬ ਹਨ। ਜਿਸ ਮਕਾਨ 'ਤੇ ਸੁੱਟਦੇ ਹਨ, ਅੱਗ ਦੇ ਭਾਂਬੜ ਬਾਲ ਦਿੰਦੇ ਹਨ। ਕਈ ਵਾਹਨ, ਮਕਾਨ, ਮਸਜਿਦ, ਪੈਟਰੋਲ ਪੰਪ ਦੁਕਾਨਾਂ ਤਬਾਹ ਹੋ ਚੁੱਕੀਆਂ ਹਨ। ਸੜਕ 'ਤੇ ਜਖ਼ਮੀ ਹੋਏ, ਸਹਿਕ ਰਹੇ ਮੁਸਲਮਾਨ, ਸੜੀਆਂ ਕਾਰਾਂ, ਸੜੇ ਮਕਾਨ ਦਸ ਰਹੇ ਹਨ ਕਿ ਭਾਰਤ ਵਿਚ ਹਿਟਲਰ ਦਾ ਜਨਮ ਹੋ ਗਿਆ ਹੈ। ਪ੍ਰਸ਼ਾਸਨ ਨੇ ਧਾਰਾ 144 ਲਗਾ ਦਿੱਤੀ ਹੈ ਅਤੇ ਭਾਰੀ ਪੁਲਿਸ ਤਾਇਨਾਤ ਹੈ। ਹਿੰਸਕ ਘਟਨਾਵਾਂ ਕਾਰਨ ਮੁਸਲਮਾਨਾਂ ਤੇ ਸਿੱਖਾਂ ਵਿਚ ਡਰ ਦਾ ਮਾਹੌਲ ਇਸ ਕਦਰ ਵਧਦਾ ਜਾ ਰਿਹਾ ਹੈ ਕਿ ਕਈਆਂ ਵਲੋਂ ਇਸ ਨੂੰ 1984 ਸਿੱਖ ਕਤਲੇਆਮ ਵਰਗੇ ਮਾਹੌਲ ਨਾਲ ਵੀ ਜੋੜ ਕੇ ਵੇਖਿਆ ਜਾਣ ਲੱਗਾ ਹੈ। ਹਿੰਸਾ ਦੇ ਮੱਦੇਨਜ਼ਰ ਉੱਤਰ-ਪੂਰਬੀ ਦਿੱਲੀ ਦੀ ਪੁਲਿਸ ਨੇ ਦੰਗਾਕਾਰੀਆਂ ਨੂੰ ਵੇਖਦੇ ਹੀ ਗੋਲੀ ਮਾਰਨ ਦੇ ਆਦੇਸ਼ ਜਾਰੀ ਕੀਤੇ ਹਨ। ਪਰ ਹਿੰਸਾ ਨਹੀਂ ਰੁਕ ਰਹੀ। ਕਰਦਮਪੁਰੀ ਅਤੇ ਸੁਦਾਮਾਪੁਰੀ ਇਲਾਕਿਆਂ ਵਿਚ ਮੁਸਲਮਾਨ ਤੇ ਦਲਿਤ ਭਗਵਿਆਂ ਦੇ ਮੁਕਾਬਲੇ ਹੁਣ ਜੁਆਬ ਦੇ ਰਹੇ ਹਨ ਤੇ ਆਪਣੇ ਇਲਾਕਿਆਂ ਦੀ ਸੁਰੱਖਿਆ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ 3 ਦਿਨ ਪਹਿਲਾਂ ਜਾਫ਼ਰਾਬਾਦ ਨੇੜੇ ਸੀ. ਏ. ਏ. ਤੇ ਐਨ. ਆਰ. ਸੀ. ਖ਼ਿਲਾਫ਼ ਅਤੇ ਸਮਰਥਨ ਵਿਚ ਚੱਲ ਰਿਹਾ ਪ੍ਰਦਰਸ਼ਨ ਜਦੋਂ 'ਹਿੰਦੂ ਬਨਾਮ ਮੁਸਲਿਮ' ਮਾਮਲੇ ਵਿਚ ਤਬਦੀਲ ਹੋ ਗਿਆ ਤਾਂ ਉੱਤਰ ਪੂਰਬੀ ਦਿੱਲੀ ਦਾ ਵੱਡਾ ਇਲਾਕਾ ਹਿੰਸਾ ਦੀ ਲਪੇਟ ਵਿਚ ਆ ਗਿਆ। ਹਿੰਸਕ ਪ੍ਰਦਰਸ਼ਨਾਂ ਵਿਚ ਕਈ ਅਜਿਹੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹਨ ਜੋ ਬਹੁਤ ਹੀ ਸ਼ਰਮਨਾਕ, ਨਿੰਦਣਯੋਗ ਤੇ ਡਰ ਦਾ ਮਾਹੌਲ ਪੈਦਾ ਕਰਨ ਵਾਲੀਆਂ ਹਨ। ਸੜਕਾਂ 'ਤੇ ਖੜ੍ਹੀ ਭਗਵੀਂ ਭੀੜ ਵਲੋਂ ਮੋਟਰਸਾਈਕਲ ਸਵਾਰਾਂ ਦੇ ਹੈਲਮੇਟ ਉਤਰਵਾ ਕੇ ਧਰਮ ਦੀ ਪਛਾਣ ਕਰਨ ਉਪਰੰਤ ਚੋਣਵੇਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਇਥੇ ਹੀ ਬੱਸ ਨਹੀਂ ਬਲਕਿ ਇਕ ਵਿਸ਼ੇਸ਼ 'ਧਾਰਮਿਕ ਨਾਅਰਾ' ਲਗਾਉਣ ਉਪਰੰਤ ਹੀ ਵਾਹਨ ਚਾਲਕਾਂ ਨੂੰ ਉਥੋਂ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ। ਸੋਸ਼ਲ ਮੀਡੀਆ 'ਤੇ ਕਈਆਂ ਦਾ ਮੰਨਣਾ ਹੈ ਕਿ ਉਕਤ ਵਰਤਾਰਾ ਤਕਰੀਬਨ-ਤਕਰੀਬਨ ਉਸੇ ਨੀਤੀ ਨਾਲ ਮੇਲ ਖਾਂਦਾ ਹੈ ਜਦੋਂ ਪਿਛੋਕੜ ਵਿਚ ਨਵੰਬਰ 1984 ਵਿਚ ਪੱਗ ਤੇ ਕੇਸਾਂ (ਵਾਲ) ਦੀ ਪਛਾਣ ਕਰ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਕ ਚੈਨਲ ਦੇ ਪੱਤਰਕਾਰ ਨੂੰ ਗੋਲੀ ਲੱਗੀ ਹੈ ਅਤੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੱਸੀ ਹੈ। ਇਕ ਹੋਰ ਚੈਨਲ ਦੇ ਪੱਤਰਕਾਰਾਂ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਵਿਚੋਂ ਇਕ ਦਾ ਦੰਦ ਟੁੱਟ ਗਿਆ, ਜਦੋਂ ਦੂਜਾ ਉਸ ਦੀ ਬਚਾਉਣ ਆਇਆ ਤਾਂ ਉਸ ਨੂੰ ਵੀ ਕੁੱਟਿਆ ਗਿਆ। ਹੋਰ ਕਈ ਪੱਤਰਕਾਰ ਭਗਵੀਆਂ ਭੀੜਾਂ ਦੇ ਨਿਸ਼ਾਨੇ ਬਣੇ।
ਦਿੱਲੀ ਵਿਚ ਭਗਵੇਂ ਗੁੰਡਿਆਂ ਵਲੋਂ ਚਲ ਰਹੀ ਹਿੰਸਾ ਦੇ ਸੰਦਰਭ ਵਿਚ ਬੀਤੇ ਦਿਨੀਂ  ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਦੇਸ਼ਾਂ 'ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਉੱਤਰ ਪੂਰਬ ਜ਼ਿਲ੍ਹੇ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਜ਼ਫ਼ਰਾਬਾਦ, ਮੌਜਪੁਰ, ਕਬੀਰ ਨਗਰ,  ਗੋਕੁਲਪੁਰੀ,  ਭਜਨਪੁਰਾ, ਕਰਾਵਲ ਨਗਰ, ਚਾਂਦਬਾਗ ਦਾ ਦੌਰਾ ਕੀਤਾ ਸੀ।
ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡੋਵਾਲ  ਨੂੰ ਅਪੀਲ ਕੀਤੀ ਸੀ ਕਿ ਫੌਜ ਬੁਲਾਈ ਜਾਵੇ। ਇਸ ਸਬੰਧ ਵਿੱਚ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਵੀ ਲਿਖਿਆ ਸੀ। ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਾਲ ਨੇ ਕਿਹਾ, ''ਮੈਂ ਭਰੋਸਾ ਦਿੰਦਾ ਹਾਂ ਕਿ ਕਿਸੇ ਵੀ ਕਾਨੂੰਨ ਦੀ ਪਾਲਣਾ ਕਰ ਰਹੇ ਨਾਗਰਿਕ ਦੁਆਰਾ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ। ਪੂਰੀ ਤਾਕਤ ਤਾਇਨਾਤ ਹੈ, ਕਿਸੇ ਨੂੰ ਵੀ ਡਰਨ ਦੀ ਜ਼ਰੂਰਤ ਨਹੀਂ। ਲੋਕਾਂ ਨੂੰ ਸੁਰੱਖਿਆ ਫੋਰਸਾਂ 'ਤੇ ਭਰੋਸਾ ਕਰਨਾ ਪਏਗਾ।'' ਪਰ ਡੋਵਾਲ ਨੇ ਇਹ ਨਹੀਂ ਦੱਸਿਆ ਕਿ ਜਿਹੜੇ ਵਰਦੀਧਾਰੀ ਪੁਲੀਸ ਵਰਦੀਆਂ ਵਿਚ ਦੰਗਾ ਕਰ ਰਹੇ ਸਨ, ਉਹ ਕੌਣ ਸਨ ਜੋ ਫੌਜ ਦੀ ਵਰਦੀ ਵਿਚ ਸਨ, ਉਹ ਕੌਣ ਸਨ? ਜਦ ਕਿ ਫੌਜ ਇਨਕਾਰ ਕਰ ਰਹੀ ਹੈ ਕਿ ਇਹ ਸਾਡੇ ਬੰਦੇ ਨਹੀਂ। ਇਹ ਕਿੰਨੀ ਭਿਅੰਕਰ ਸਥਿਤੀ ਹੈ ਕਿ ਪੁਲੀਸ ਤੇ ਫੌਜ ਦੀ ਵਰਦੀ ਵਿਚ ਕੋਈ ਕੀ ਕਰ ਜਾਵੇ। ਦਿੱਲੀ ਦੀ ਇਸ ਹਾਲਤ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੁਲਸ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ। ਕਪਿਲ ਮਿਸ਼ਰਾ ਵਰਗੇ ਭਾਜਪਾਈ ਨੇਤਾ ਦੀਆਂ ਧਮਕੀਆਂ ਤੇ ਭੜਕਾਊ ਬਿਆਨਾਂ ਦੇ ਬਾਅਦ ਵੀ ਉਸ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ। ਭਾਜਪਾ ਆਗੂਆਂ ਦੀ ਨਫ਼ਰਤ-ਭਰੀ ਤੇ ਜ਼ਹਿਰ ਉਗਲਦੀ ਜ਼ੁਬਾਨ ਦਾ ਨਤੀਜਾ ਅੱਜ ਸਮੁੱਚੇ ਦਿੱਲੀ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਜੇਕਰ ਇਹੀ ਹਾਲਾਤ ਰਹੇ ਤਾਂ ਪੂਰੇ ਦੇਸ ਨੂੰ ਇਸ ਹਿੰਸਾ ਦੀ ਜ਼ਹਿਰ ਨੂੰ ਚੂਸਣਾ ਪਵੇਗਾ। ਇਹ ਹਿੰਸਾ ਬਿਲਕੁਲ ਦਿੱਲੀ ਸਿੱਖ ਕਤਲੇਆਮ ਵਰਗੀ ਹੈ, ਜਿੱਥੇ ਧਰਮ ਦੇ ਨਾਮ 'ਤੇ ਲੋਕਾਂ ਨੂੰ ਚੁਣ ਚੁਣ ਕੇ ਮਾਰਿਆ ਜਾ ਰਿਹਾ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤ ਵਿਚ ਕਈ ਹਿਟਲਰਾਂ ਦਾ ਜਨਮ ਹੋ ਚੁੱਕਾ ਹੈ ਤੇ ਕਈ ਗੈਸ ਚੈਂਬਰ ਭਾਰਤ ਵਿਚ ਬਣਾਏ ਜਾ ਰਹੇ ਹਨ ਤੇ ਹਿੰਸਕ ਸਿਆਸਤ ਦੇ ਤਜ਼ਰਬੇ ਕੀਤੇ ਜਾ ਰਹੇ ਹਨ।

ਰਜਿੰਦਰ ਸਿੰਘ ਪੁਰੇਵਾਲ