image caption: ਰਜਿੰਦਰ ਸਿੰਘ ਪੁਰੇਵਾਲ

ਦਿੱਲੀ 'ਚ ਹਿੰਸਾ ਦੇ ਜ਼ਿੰਮੇਵਾਰ ਕੌਣ ਨੇ ?

    ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਬੀਤੇ ਹਫਤੇ ਨੂੰ ਸੜਕ ਜਾਮ ਕਰ ਦਿੱਤੀ ਤੇ ਜਾਫ਼ਰਾਬਾਦ ਵਿੱਚ ਭਗਵਿਆਂ ਨੇ ਹਿੰਸਾ ਸ਼ੁਰੂ ਕੀਤੀ। ਇਸ ਤੋਂ ਬਾਅਦ ਹਿੰਸਾ ਚਾਰੇ ਪਾਸੇ ਫੈਲਾ ਦਿੱਤੀ ਗਈ। ਇਸ ਹਿੰਸਾ ਦਾ ਦੋਸ਼ੀ ਭਾਜਪਾ ਦਾ ਸੀਨੀਅਰ ਨੇਤਾ ਕਪਿਲ ਮਿਸ਼ਰਾ ਦੱਸਿਆ ਜਾਂਦਾ ਹੈ, ਜਿਸ ਨੂੰ ਹੁਣ ਮੋਦੀ ਸਰਕਾਰ ਨੇ ਸਕਿਊਰਿਟੀ ਦੇ ਦਿੱਤੀ ਜਿਵੇਂ ਕਿ ਇੰਦਰਾ ਦੀ ਮੌਤ ਮਗਰੋਂ ਸਿੱਖ ਕਤਲੇਆਮ ਨਵੰਬਰ 84 ਦੇ ਦੋਸ਼ੀਆਂ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਐਚਕੇਐਲ ਭਗਤ, ਅਰਜਨ ਦਾਸ ਤੇ ਹੋਰਨਾਂ ਨੂੰ ਵੱਡੀ ਸਕਿਉਰਿਟੀ ਦਿੱਤੀ ਗਈ। ਮੌਜਪੁਰ ਵਿਚ ਮੌਜੂਦਾ ਹਿੰਸਾ ਦੇ ਕਥਿਤ ਦੋਸ਼ੀ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਇੱਕ ਮੀਟਿੰਗ ਬੁਲਾ ਕੇ ਪੁਲੀਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਅਸੀਂ ਉਦੋਂ ਤੱਕ ਇੰਤਜ਼ਾਰ ਕਰਾਂਗੇ ਜਦੋਂ ਤੱਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੇ ਦੌਰੇ 'ਤੇ ਹਨ। ਉਨ੍ਹਾਂ ਦੇ ਵਾਪਸ ਅਮਰੀਕਾ ਜਾਣ ਮਗਰੋਂ ਜੇ ਰਸਤਾ ਸਾਫ਼ ਨਾ ਹੋਇਆ ਤਾਂ ਅਸੀ (ਪੁਲਿਸ) ਤੁਹਾਡੀ ਨਹੀਂ ਸੁਣਾਂਗਾ। ਟਰੰਪ ਦੇ ਜਾਣ ਤਕ ਜਾਫ਼ਰਾਬਾਦ ਅਤੇ ਚਾਂਦਬਾਗ ਨੂੰ ਖਾਲੀ ਕਰਵਾ ਦਿਓ। ਜੇ ਅਜਿਹਾ ਨਾ ਹੋਇਆ ਤਾਂ ਸਾਨੂੰ ਸੜਕਾਂ 'ਤੇ ਆਉਣਾ ਪਵੇਗਾ।

   ਇਸ ਤੋਂ ਤੁਰੰਤ ਬਾਅਦ ਭਗਵੀਆਂ ਭੀੜਾਂ ਨੇ ਮੁਸਲਮਾਨਾਂ ਦੀ ਕੁਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉੱਤਰ-ਪੂਰਬੀ ਦਿੱਲੀ ਨੂੰ ਹਿੰਸਾ ਦੀ ਅੱਗ ਵਿਚ ਸਾੜ ਦਿੱਤਾ ਹੈ। ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਹੋਈ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ 50 ਹੋ ਗਈ ਹੈ ਤੇ 300 ਤੋਂ ਵਧ ਜਖ਼ਮੀ ਹੋ ਚੁੱਕੇ ਹਨ। ਇਨ੍ਹਾਂ ਵਿਚ ਲਗਭਗ 56 ਪੁਲਿਸ ਮੁਲਾਜ਼ਮ ਸ਼ਾਮਲ ਹਨ। ਇਕ ਹੌਲਦਾਰ ਤੇ ਇਕ ਆਈਬੀ ਦਾ ਅਫ਼ਸਰ ਹਿੰਸਾ ਵਿਚ ਮਾਰਿਆ ਗਿਆ ਹੈ। ਭੀੜਾਂ ਕੋਲ ਐਸਿਡ ਤੇ ਪੈਟਰੋਲ ਬੰਬ ਹਨ। ਜਿਸ ਮਕਾਨ, ਦੁਕਾਨਾਂ, ਮਸਜਿਦਾਂ 'ਤੇ ਸੁੱਟਦੇ ਹਨ, ਅੱਗ ਦੇ ਭਾਂਬੜ ਬਾਲ ਦਿੰਦੇ ਹਨ। ਘੱਟੋ-ਘੱਟ 287 ਮਕਾਨਾਂ, 327 ਦੁਕਾਨਾਂ ਅਤੇ 372 ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ।

   ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਹਿੰਸਾਗ੍ਰਸਤ ਇਲਾਕਿਆਂ ਕਰਾਵਲ ਨਗਰ, ਦਿਆਲਪੁਰਾ, ਭਜਨਪੁਰਾ ਤੇ ਗੋਕੁਲਪੁਰੀਦੀਆਂ ਔਰਤਾਂ ਤੋਂ ਕਈ ਸ਼ਿਕਾਇਤਾਂ ਮਿਲਣ ਬਾਰੇ ਸੂਚਿਤ ਕੀਤਾ। ਕ੍ਰਿਕਟ ਖਿਡਾਰੀ ਭਾਜਪਾ ਆਗੂ ਗੌਤਮ ਗੰਭੀਰ ਨੇ ਹਿੰਸਾ ਦੀ ਨਿਖੇਧੀ ਕਰਦਿਆਂ ਕਿਹਾ ਸੀ ਕਿ ਜੋ ਹਿੰਸਕ ਤੇ ਜ਼ਹਿਰੀਲੇ ਬਿਆਨ ਦਿੰਦਾ ਹੈ, ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਦਾ ਇਸ਼ਾਰਾ ਭਾਜਪਾ ਆਗੂ ਮਿਸ਼ਰਾ ਵਲ ਹੀ ਸੀ।
ਹਿੰਸਕ ਘਟਨਾਵਾਂ ਕਾਰਨ ਮੁਸਲਮਾਨਾਂ ਤੇ ਸਿੱਖਾਂ ਵਿਚ ਡਰ ਦਾ ਮਾਹੌਲ ਇਸ ਕਦਰ ਵਧਦਾ ਜਾ ਰਿਹਾ ਹੈ ਕਿ ਕਈਆਂ ਵਲੋਂ ਇਸ ਨੂੰ 1984 ਸਿੱਖ ਕਤਲੇਆਮ ਵਰਗੇ ਮਾਹੌਲ ਨਾਲ ਵੀ ਜੋੜ ਕੇ ਵੇਖਿਆ ਜਾਣ ਲੱਗਾ ਹੈ। ਕਰਦਮਪੁਰੀ ਅਤੇ ਸੁਦਾਮਾਪੁਰੀ ਇਲਾਕਿਆਂ ਵਿਚ ਮੁਸਲਮਾਨ ਤੇ ਦਲਿਤ ਆਪਣੇ ਇਲਾਕਿਆਂ ਦੀ ਸੁਰੱਖਿਆ ਕਰ ਰਹੇ ਹਨ। ਦਿੱਲੀ ਵਿਚ ਭਗਵੇਂ ਗੁੰਡਿਆਂ ਵਲੋਂ ਚਲ ਰਹੀ ਹਿੰਸਾ ਦੇ ਸੰਦਰਭ ਵਿਚ ਬੀਤੇ ਦਿਨੀਂ  ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਦੇਸ਼ਾਂ 'ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਉੱਤਰ ਪੂਰਬ ਜ਼ਿਲ੍ਹੇ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਜ਼ਫ਼ਰਾਬਾਦ, ਮੌਜਪੁਰ, ਕਬੀਰ ਨਗਰ,  ਗੋਕੁਲਪੁਰੀ,  ਭਜਨਪੁਰਾ, ਕਰਾਵਲ ਨਗਰ, ਚਾਂਦਬਾਗ ਦਾ ਦੌਰਾ ਕੀਤਾ ਸੀ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡੋਵਾਲ  ਨੂੰ ਅਪੀਲ ਕੀਤੀ ਸੀ ਕਿ ਫੌਜ ਬੁਲਾਈ ਜਾਵੇ। ਇਸ ਸਬੰਧ ਵਿੱਚ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਵੀ ਲਿਖਿਆ ਸੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ, ''ਲੋਕਾਂ ਨੂੰ ਸੁਰੱਖਿਆ ਫੋਰਸਾਂ 'ਤੇ ਭਰੋਸਾ ਕਰਨਾ ਪਏਗਾ।''

   ਪਰ ਡੋਵਾਲ ਨੇ ਇਹ ਨਹੀਂ ਦੱਸਿਆ ਕਿ ਜਿਹੜੇ ਵਰਦੀਧਾਰੀ ਪੁਲੀਸ ਵਰਦੀਆਂ ਵਿਚ ਦੰਗਾ ਕਰ ਰਹੇ ਸਨ, ਉਹ ਕੌਣ ਸਨ ਜੋ ਫੌਜ ਦੀ ਵਰਦੀ ਵਿਚ ਸਨ, ਉਹ ਕੌਣ ਸਨ? ਜਦ ਕਿ ਫੌਜ ਇਨਕਾਰ ਕਰ ਰਹੀ ਹੈ ਕਿ ਇਹ ਸਾਡੇ ਬੰਦੇ ਨਹੀਂ। ਇਹ ਕਿੰਨੀ ਭਿਅੰਕਰ ਸਥਿਤੀ ਹੈ ਕਿ ਪੁਲੀਸ ਤੇ ਫੌਜ ਦੀ ਵਰਦੀ ਵਿਚ ਵੀ ਲੋਕ ਦੰਗਾ ਕਰੀ ਜਾ ਰਹੇ ਸਨ, ਪਰ ਸਰਕਾਰ ਕਿਤੇ ਦਿਖਾਈ ਨਹੀਂ ਦਿੰਦੀ ਸੀ। ਦਿੱਲੀ ਦੀ ਇਸ ਹਾਲਤ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੁਲਸ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ। ਕਪਿਲ ਮਿਸ਼ਰਾ ਵਰਗੇ ਭਾਜਪਾਈ ਨੇਤਾ ਦੀਆਂ ਧਮਕੀਆਂ ਤੇ ਭੜਕਾਊ ਬਿਆਨਾਂ ਦੇ ਬਾਅਦ ਵੀ ਉਸ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ। ਭਾਜਪਾ ਆਗੂਆਂ ਦੀ ਨਫ਼ਰਤ-ਭਰੀ ਤੇ ਜ਼ਹਿਰ ਉਗਲਦੀ ਜ਼ੁਬਾਨ ਦਾ ਨਤੀਜਾ ਅੱਜ ਸਮੁੱਚੇ ਦਿੱਲੀ ਵਾਸੀਆਂ ਨੂੰ ਭੁਗਤਣਾ ਪਿਆ ਹੈ।

   ਦਿੱਲੀ ਹਾਈ ਕੋਰਟ ਦੇ ਸੀਨੀਅਰ ਜੱਜ ਜਸਟਿਸ ਐੱਸ. ਮੁਰਲੀਧਰ ਵੱਲੋਂ ਬੁੱਧਵਾਰ ਨੂੰ ਦਿੱਲੀ ਦੰਗਿਆਂ ਨੂੰ ਭੜਕਾਉਣ ਵਾਲੇ ਭਾਜਪਾ ਆਗੂਆਂ ਦੀਆਂ ਨਫ਼ਰਤੀ ਤਕਰੀਰਾਂ ਸੰਬੰਧੀ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ ਲਈ ਦਿੱਲੀ ਪੁਲਸ ਦੇ ਰਵੱਈਏ ਨੂੰ ਲੰਮੇ ਹੱਥੀਂ ਲਿਆ ਸੀ। ਦਿੱਲੀ ਹਾਈ ਕੋਰਟ ਦੇ ਜੱਜ ਐੱਸ ਮੁਰਲੀਧਰ ਨੂੰ ਭਾਜਪਾ ਸਰਕਾਰ ਨੇ ਬਦਲ ਦਿੱਤਾ। ਜੱਜ ਦੇ ਤਬਾਦਲੇ 'ਤੇ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਕੇ ਜੀ ਬਾਲਾਕ੍ਰਿਸ਼ਨਨ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਦਿੱਲੀ ਹਾਈ ਕੋਰਟ ਦੇ ਜੱਜ ਐੱਸ ਮੁਰਲੀਧਰ ਦਾ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਅੱਧੀ ਰਾਤ ਵੇਲੇ ਤਬਾਦਲਾ ਕਰਨਾ ਕਾਨੂੰਨ ਤੇ ਇਨਸਾਫ ਨਾਲ ਖਿਲਵਾੜ ਹੈ। ਉਂਜ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਤਬਾਦਲੇ ਦਾ ਕੇਸ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ ਕਿਉਂਕਿ ਇਸ ਸਬੰਧੀ ਸਿਫ਼ਾਰਿਸ਼ ਸੁਪਰੀਮ ਕੋਰਟ ਕੌਲਿਜੀਅਮ ਨੇ ਪਹਿਲਾਂ ਹੀ ਕੀਤੀ ਹੋਈ ਸੀ। ਪਰ ਜਸਟਿਸ ਮੁਰਲੀਧਰ ਦੇ ਤਬਾਦਲੇ ਦੀ ਟਾਈਮਿੰਗ ਚਿੰਤਾਜਨਕ ਹੈ। ਇਹ ਫੈਸਲਾ ਜੁਡੀਸ਼ੀਅਰੀ ਦੀ ਆਜ਼ਾਦੀ ਨੂੰ ਹੀ ਢਾਹ ਲਾਏਗਾ। ਇਸ ਦੌਰਾਨ ਹੀ ਦਿੱਲੀ ਪੁਲਸ ਨੇ ਦਿੱਲੀ ਦੰਗਿਆਂ ਦੀ ਪੜਤਾਲ ਲਈ ਦੋ ਐੱਸ ਆਈ ਟੀ ਦਾ ਗਠਨ ਕੀਤਾ ਹੈ। ਇਨ੍ਹਾਂ ਦੋਹਾਂ ਟੀਮਾਂ ਦੇ ਜਿਹੜੇ ਮੁਖੀ ਥਾਪੇ ਗਏ ਹਨ, ਉਨ੍ਹਾਂ ਦਾ ਆਚਰਣ ਪਹਿਲਾਂ ਤੋਂ ਸ਼ੱਕੀ ਰਿਹਾ ਹੈ। ਇਨ੍ਹਾਂ ਦੋ ਟੀਮਾਂ ਵਿੱਚੋਂ ਇੱਕ ਦਾ ਮੁਖੀ ਡੀ ਸੀ ਪੀ ਜਾਏ ਟਿਰਕੀ ਤੇ ਦੂਜੀ ਦਾ ਡੀ ਸੀ ਪੀ ਰਾਜੇਸ਼ ਦੇਵ ਨੂੰ ਬਣਾਇਆ ਗਿਆ ਹੈ। ਇਹ ਦੋਨੋਂ ਹੀ ਡੀ ਸੀ ਪੀ ਜਾਮੀਆ ਮਿਲੀਆ ਇਸਲਾਮੀਆ ਤੇ ਜਵਾਹਰ ਨਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਦੀ ਪੜਤਾਲ ਦੀ ਵੀ ਨਿਗਰਾਨੀ ਕਰ ਰਹੇ ਹਨ। ਸਾਰੇ ਜਾਣਦੇ ਹਨ ਕਿ ਲੰਮੇ ਸਮੇਂ ਬਾਅਦ ਵੀ ਇਨ੍ਹਾਂ ਪੜਤਾਲਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ ਅਤੇ ਵਿਦਿਆਰਥੀਆਂ ਤੇ ਵਿਦਿਆਰਥਣਾਂ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦੇ ਨਾਂਅ ਤੱਕ ਵੀ ਸਾਹਮਣੇ ਨਹੀਂ ਆ ਸਕੇ।

   ਡੀ ਸੀ ਪੀ ਰਾਜੇਸ਼ ਦੇਵ ਉਹ ਵਿਅਕਤੀ ਹੈ, ਜਿਸ ਨੇ ਚੋਣਾਂ ਵਿੱਚ ਭਾਜਪਾ ਨੂੰ ਲਾਭ ਪੁਚਾਉਣ ਲਈ ਸ਼ਾਹੀਨ ਬਾਗ਼ ਵਿੱਚ ਪ੍ਰਦਰਸ਼ਨ ਕਰਨ ਵਾਲੀਆਂ ਔਰਤਾਂ ਉੱਤੇ ਗੋਲੀ ਚਲਾਉਣ ਵਾਲੇ ਨੌਜਵਾਨ ਨੂੰ ਆਮ ਆਦਮੀ ਪਾਰਟੀ ਦਾ ਵਰਕਰ ਦੱਸ ਦਿੱਤਾ ਸੀ। ਇਸ ਉੱਤੇ ਚੋਣ ਕਮਿਸ਼ਨ ਨੇ ਸਖ਼ਤੀ ਵਰਤਦਿਆਂ ਰਾਜੇਸ਼ ਦੇਵ ਨੂੰ ਚੋਣ ਡਿਊਟੀ ਤੋਂ ਲਾਂਭੇ ਕਰ ਦਿੱਤਾ ਸੀ। ਉਪਰੋਕਤ ਸਾਰੇ ਤੱਥ ਇਹ ਸਮਝਣ ਲਈ ਕਾਫ਼ੀ ਹਨ ਕਿ ਤਿੰਨ ਦਿਨਾਂ ਤੱਕ ਸੜਦੀ ਰਹੀ ਦਿੱਲੀ ਲਈ ਅਰਬਾਂ ਦੀ ਜਾਇਦਾਦ ਦੇ ਰਾਖ ਹੋਣ ਤੇ ਤਿੰਨ ਦਰਜਨ ਤੋਂ ਵੱਧ ਕੀਮਤੀ ਜਾਨਾਂ ਦੇ ਚਲੇ ਜਾਣ ਦੇ ਬਾਵਜੂਦ ਭਾਜਪਾਈ ਹਾਕਮਾਂ ਤੋਂ ਇਨਸਾਫ਼ ਦੀ ਉਮੀਦ ਰੱਖਣੀ ਮੱਝ ਅੱਗੇ ਬੀਨ ਵਜਾਉਣ ਦੇ ਤੁੱਲ ਹੈ। ਜੇਕਰ ਇਹੀ ਹਾਲਾਤ ਰਹੇ ਤਾਂ ਪੂਰੇ ਦੇਸ ਨੂੰ ਇਸ ਹਿੰਸਾ ਦੀ ਜ਼ਹਿਰ ਨੂੰ ਚੂਸਣਾ ਪਵੇਗਾ। ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤ ਵਿਚ ਕਈ ਹਿਟਲਰਾਂ ਦਾ ਜਨਮ ਹੋ ਚੁੱਕਾ ਹੈ ਤੇ ਕਈ ਗੈਸ ਚੈਂਬਰ ਭਾਰਤ ਵਿਚ ਬਣਾਏ ਜਾ ਰਹੇ ਹਨ ਤੇ ਹਿੰਸਕ ਸਿਆਸਤ ਦੇ ਤਜ਼ਰਬੇ ਕੀਤੇ ਜਾ ਰਹੇ ਹਨ।

ਰਜਿੰਦਰ ਸਿੰਘ ਪੁਰੇਵਾਲ