image caption: ਰਜਿੰਦਰ ਸਿੰਘ ਪੁਰੇਵਾਲ

ਕੋਰੋਨਾ ਵਾਇਰਸ ਦੀ ਦਹਿਸ਼ਤ ਤੇ ਵਿਸ਼ਵ ਆਰਥਿਕਤਾ

   ਚੀਨ ਦੇ ਹੁਬਈ ਪ੍ਰਾਂਤ ਦੀ ਰਾਜਧਾਨੀ ਬੁਰਹਾਨ ਤੋਂ ਪੈਰ ਪਸਾਰਨ ਵਾਲੇ ਜਾਨਲੇਵਾ ਕੋਰੋਨਾ ਵਾਇਰਸ 3OV94-੧੯ ਦੀ ਲਪੇਟ ਵਿਚ ਵਿਸ਼ਵ ਦੇ 101 ਦੇਸ ਆ ਚੁੱਕੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਵਾਇਰਲ ਇਨਫੈਕਸ਼ਨ ਬੇਹੱਦ ਖ਼ਤਰਨਾਕ ਹੈ ਪਰ ਇਸ ਦੇ ਨਾਲ ਹੀ ਅਜਿਹੀਆਂ ਕਈ ਮਿੱਥਾਂ ਫੈਲ ਰਹੀਆਂ ਹਨ ਜਿਨ੍ਹਾਂ ਕਰਕੇ ਲੋਕਾਂ ਦੀ ਘਬਰਾਹਟ ਵਧ ਰਹੀ ਹੈ। ਇਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਭਗ 4500 ਦੇ ਕਰੀਬ ਪਹੁੰਚ ਚੁੱਕੀ ਹੈ। ਜਦ ਕਿ 113, 559 ਲੋਕ ਇਸ ਵਾਇਰਸ ਦੀ ਲਪੇਟ ਵਿਚ ਹਨ। ਭਾਰਤ ਵਿਚ ਇਹ ਹੋਲੀ ਹੋਲੀ ਫੈਲਣ ਲੱਗ ਪਿਆ ਹੈ ਤੇ 50 ਲੋਕਾਂ ਦੇ ਪੀੜਤ ਹੋਣ ਦੀ ਖਬਰ ਹੈ। ਇਟਲੀ ਵਿਚ ਕੋਰੋਨਾ ਦੇ ਕਾਰਨ ਹੁਣ ਤੱਕ 473 ਤੋਂ ਉੱਪਰ ਲੋਕਾਂ ਦੀ ਮੌਤ ਹੋ ਚੁੱਕੀ ਹੈ।  ਅਮਰੀਕਾ ਦੀ ਸਭ ਤੋਂ ਵੱਡੀ ਅਖ਼ਬਾਰ ਦਾ ਨਿਊਯਾਰਕ ਟਾਈਮਜ਼ ਨੇ ਬੀਤੇ ਹਫਤੇ  ਲਿਖਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਵਿਸ਼ਵ ਵਿਚ ਬਹੁਤ ਸਾਰੇ ਥਾਵਾਂ 'ਤੇ ਹਵਾਈ ਉਡਾਨਾਂ ਵੀ ਰੱਦ ਹੋ ਰਹੀਆਂ ਹਨ। ਹਵਾਈ ਅੱਡਿਆਂ 'ਤੇ ਸਕਰੀਨਿੰਗ ਕੀਤੀ ਜਾ ਰਹੀ ਹੈ। ਯੂਰਪ, ਅਮਰੀਕਾ ਤੇ ਹੋਰ ਦੇਸਾਂ ਵਿਚ ਬੜੀ ਸਾਵਧਾਨੀ ਵਰਤੀ ਜਾ ਰਹੀ ਹੈ। ਇਟਲੀ ਦੀ ਸਰਕਾਰ ਨੇ ਸਖ਼ਤ ਕਦਮ ਉਠਾਉਂਦਿਆਂ ਦੇਸ ਦੇ ਉੱਤਰੀ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਦੂਸਰੇ ਪਾਸੇ ਅਮਰੀਕਾ ਵਿਚ ਟੈਕਨਾਲੋਜੀ ਤੇ ਕੁਝ ਵੱਡੀਆਂ ਕੰਪਨੀਆਂ ਨੇ ਕਰਮਚਾਰੀਆਂ ਨੂੰ ਘਰ ਵਿਚ ਕੰਮ ਕਰਨ ਦੀ ਸਹੂਲਤ ਦੇ ਦਿੱਤੀ ਹੈ। ਅਮਰੀਕਾ ਵਿਚ ਵੱਡੀਆਂ ਕੰਪਨੀਆਂ ਵਿਚ ਵਾਇਰਸ ਫੈਲਣ ਦੀ ਦਹਿਸ਼ਤ ਕਾਰਨ ਕਰਮਚਾਰੀ ਚਿੰਤਤ ਹਨ। ਫੇਸਬੁੱਕ ਦੇ ਸਿਆਟਲ ਆਫਿਸ ਵਿਚ ਇਕ ਕੰਟਰੈਕਟਰ ਦੇ ਵਾਇਰਸ ਦਾ ਸ਼ਿਕਾਰ ਹੋਣ ਦੀ ਖਬਰ ਆਉਣ ਦੇ ਬਾਅਦ ਸਾਰੇ ਕਰਮਚਾਰੀਆਂ ਤੋਂ ਘਰ ਵਿਚੋਂ ਕੰਮ ਲਿਆ ਜਾ ਰਿਹਾ ਹੈ। ਮਾਈਕ੍ਰੋਸਾਫ਼, ਐਮੇਜਨ, ਫੋਰਡ ਮੋਟਰ, ਸੀਐਨਐਨ, ਸਿਟੀ ਗਰੁੱਪ ਤੇ ਟਵਿੱਟਰ ਨੇ ਵੀ ਕੰਪਨੀ ਦੇ ਆਦੇਸ਼ਾਂ 'ਤੇ ਘਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਕੰਪਨੀਆਂ ਨੇ ਆਹਮਣੇ ਸਾਹਮਣੇ ਇੰਟਰਵਿਊ ਬੰਦ ਕਰ ਦਿੱਤੇ ਹਨ। ਅੱਜਕੱਲ੍ਹ ਚੀਨ ਨੇ ਕੋਰੋਨਾ ਵਾਇਰਸ ਸਬੰਧੀ ਖ਼ਬਰਾਂ 'ਤੇ ਸੈਂਸਰ ਲਾ ਦਿੱਤਾ ਹੈ ਕਿਉਂਕਿ ਉਹ ਸਮਝਦਾ ਹੈ ਕਿ ਚੀਨ ਦੇ ਜਿਹੜੇ ਇਲਾਕੇ ਵਿਚ ਇਸ ਮਹਾਮਾਰੀ ਦਾ ਕੋਈ ਪ੍ਰਭਾਵ ਨਹੀਂ ਹੈ, ਘੱਟੋ-ਘੱਟ ਉੱਥੋਂ ਦਾ ਵਪਾਰ ਤੇ ਕਾਰੋਬਾਰ ਤਾਂ ਬਚ ਜਾਵੇ।
ਦੁਨੀਆ ਭਰ ਵਿਚ ਹਾਹਾਕਾਰ ਮਚਾ ਰਹੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਸ਼ੁਰੂਆਤੀ ਲੱਛਣ ਖੰਘ, ਜ਼ੁਕਾਮ ਤੇ ਤੇਜ਼ ਬੁਖ਼ਾਰ, ਜੋ ਫਲੂ ਇਨਫੈਕਸ਼ਨ ਦੇ ਵੀ ਲੱਛਣ ਹਨ। ਇਸ ਲਈ, ਖ਼ਤਰਨਾਕ ਜਾਣਕਾਰੀ ਤੇ ਵ੍ਹਟਸਐਪ ਦੇ ਫਾਰਵਰਡਿਡ ਮੈਸੇਜ ਵਿਚਕਾਰ ਇਹ ਸਮਝਣਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ ਕਿ ਤੁਹਾਨੂੰ ਫਲੂ ਦੇ ਲੱਛਣ ਹਨ ਜਾਂ ਫਿਰ ਕੋਰੋਨਾ ਵਾਇਰਸ ਦੇ।
ਇਹ ਵਾਇਰਸ ਇਨਫੈਕਸ਼ਨ ਅਕਸਰ ਖੰਘਣ ਤੇ ਛਿੱਕਣ ਨਾਲ ਫੈਲਦੇ ਹਨ। ਇਸ ਵਾਇਰਸ ਕਾਰਨ ਸਾਹ ਦੀ ਬਿਮਾਰੀ ਤੋਂ ਲੈ ਕੇ ਉਲਟੀਆਂ, ਸਾਹ ਲੈਣ ਵਿਚ ਤਕਲੀਫ, ਕੰਜੈਸ਼ਨ, ਬੁਖਾਰ ਵਰਗੇ ਲੱਛਣ ਦਿਖਾਈ ਦਿੰਦੇ ਹਨ। ਕੋਰੋਨਾ ਵਾਇਰਸ, ਇੰਫਲੂਏਂਜ਼ਾ ਤੇ ਦੂਸਰੇ ਅਜਿਹੇ ਹੀ ਵਾਇਰਸ ਦੇ ਮੁਕਾਬਲੇ ਕਈ ਗੁਣਾ ਤੇਜ਼ੀ ਨਾਲ ਫੈਲਦਾ ਹੈ। ਇਸ ਦਾ ਪਤਾ ਟੈਸਟ ਦੀ ਮਦਦ ਨਾਲ ਹੀ ਪਤਾ ਲਾਇਆ ਜਾ ਸਕਦਾ ਹੈ ਕਿ ਲੱਛਣ ਕੋਰੋਨਾ ਵਾਇਰਸ ਦੇ ਹਨ ਜਾਂ ਫਿਰ ਫਲੂ ਦੇ। ਕੋਰੋਨਾ ਵਾਇਰਸ ਦੇ ਲੱਛਣਾਂ ਵਿਚ 2 ਤੋਂ 14 ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਇਕ ਪਾਸੇ ਡਾਕਟਰ ਤੇ ਵਿਗਿਆਨੀ ਨੋਵੇਲ ਕੋਰੋਨਾ ਵਾਇਰਸ ਬਾਰੇ ਹਾਲੇ ਵੀ ਰਿਸਰਚ ਕਰ ਰਹੇ ਹਨ, ਉੱਥੇ ਹੀ ਫਲੂ ਹਾਲੇ ਵੀ ਦੁਨੀਆ ਵਿਚ ਸਭ ਤੋਂ ਵੱਡੇ ਸਿਹਤ ਜੋਖਮਾਂ ਵਿਚੋਂ ਇਕ ਹੈ। ਇਕ ਪਾਸੇ ਜਿੱਥੇ ਫਲੂ ਦੇ ਵੈਕਸੀਨ ਤੇ ਦਵਾਈਆਂ ਉਪਲਬਧ ਹਨ, ਉੱਥੇ ਹੀ ਕੋਰੋਨਾ ਵਾਇਰਸ ਦਾ ਹਾਲੇ ਤਕ ਕੋਈ ਇਲਾਜ ਨਹੀਂ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਇਹ ਤੀਹ ਸਾਲ ਤੋਂ ਵੱਧ ਉਮਰ ਵਾਲਿਆਂ 'ਤੇ ਜ਼ਿਆਦਾ ਅਸਰ ਪਾ ਰਿਹਾ ਹੈ। ਇਸ ਦੇ ਇਲਾਵਾ ਇਹ ਮੰਨਿਆ ਜਾ ਰਿਹਾ ਹੈ ਕਿ ਗਰਮੀ ਵਧਣ ਦੇ ਨਾਲ ਉਹ ਪ੍ਰਭਾਵਹੀਣ ਹੋ ਜਾਵੇਗਾ। ਭਾਰਤ ਵਿਚ ਗਰਮੀਆਂ ਸ਼ੁਰੂ ਹੋਣ ਵਾਲੀਆਂ ਹਨ। ਹੋਲੀ ਤੋਂ ਬਾਅਦ ਉੱਤਰੀ ਭਾਰਤ ਵਿਚ ਤਾਪਮਾਨ ਵਿਚ ਤੇਜ਼ੀ ਨਾਲ ਵਾਧਾ ਹੋਣ ਦਾ ਅਨੁਮਾਨ ਹੈ। ਕੋਰੋਨਾ ਵਾਇਰਸ ਸਿਰਫ਼ ਮਨੁੱਖੀ ਸਿਹਤ ਲਈ ਹੀ ਖ਼ਤਰਾ ਬਣ ਕੇ ਨਹੀਂ ਉੱਭਰਿਆ ਹੈ। ਉਹ ਵਿਸ਼ਵ ਅਰਥਚਾਰੇ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਜਿੱਥੇ ਚੀਨ ਵਰਗੀ ਆਰਥਿਕ ਮਹਾ-ਸ਼ਕਤੀ ਦੀਆਂ ਕਾਰੋਬਾਰੀ ਸਰਗਰਮੀਆਂ ਲਗਪਗ ਠੱਪ ਹਨ, ਓਥੇ ਹੀ ਦੁਨੀਆ ਦੇ ਦੂਜੇ ਦੇਸ਼ ਵੀ ਪ੍ਰਭਾਵਿਤ ਹੋ ਰਹੇ ਹਨ। ਸਾਰੀ ਦੁਨੀਆ ਵਿਚ ਆਵਾਜਾਈ ਘੱਟ ਹੋ ਰਹੀ ਹੈ, ਕਿਉਂਕਿ ਜ਼ਰੂਰੀ ਹੋਣ 'ਤੇ ਹੀ ਯਾਤਰਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਕਿਉਂਕਿ ਸੈਰ-ਸਪਾਟਾ ਠਹਿਰ ਜਿਹਾ ਗਿਆ ਹੈ, ਇਸ ਲਈ ਤਮਾਮ ਏਅਰਲਾਈਨਜ਼ ਵੀ ਘਾਟੇ ਦਾ ਸਾਹਮਣਾ ਕਰ ਰਹੀਆਂ ਹਨ। ਸਾਰੀ ਦੁਨੀਆ ਵਿਚ ਹਰ ਤਰ੍ਹਾਂ ਦੇ ਆਯੋਜਨ ਮੁਲਤਵੀ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚ ਉਦਯੋਗ, ਵਪਾਰ, ਸਿੱਖਿਆ, ਮਨੋਰੰਜਨ ਤੋਂ ਲੈ ਕੇ ਖੇਡਾਂ ਨਾਲ ਜੁੜੇ ਆਯੋਜਨ ਵੀ ਸ਼ਾਮਲ ਹਨ।  ਚੀਨ ਦੇ ਕੱਚੇ ਮਾਲ ਜਾਂ ਸਾਜ਼ੋ-ਸਾਮਾਨ 'ਤੇ ਦੁਨੀਆ ਦੇ ਹੋਰ ਦੇਸ਼ ਨਿਰਭਰ ਹਨ, ਇਸ ਲਈ ਉਹ ਵੀ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਮੰਨਣਾ ਹੈ ਕਿ ਭਾਰਤ ਲਈ ਇਹ ਇਕ ਮੌਕਾ ਸਿੱਧ ਹੋ ਸਕਦਾ ਹੈ ਪਰ ਭਾਰਤ ਦੀ ਪਹਿਲੀ ਤਰਜੀਹ ਇਹ ਹੋਣੀ ਚਾਹੀਦੀ ਹੈ ਕਿ ਭਾਰਤੀ ਅਰਥਚਾਰਾ ਚੀਨ ਦੇ ਆਰਥਿਕ ਹਾਲਾਤ ਤੋਂ ਘੱਟ ਤੋਂ ਘੱਟ ਪ੍ਰਭਾਵਿਤ ਹੋਵੇ। ਉਸ ਨੂੰ ਇਹ ਵੀ ਦੇਖਣਾ ਹੋਵੇਗਾ ਕਿ ਸਨਅਤੀ ਵਪਾਰਕ ਸਰਗਰਮੀਆਂ ਨੂੰ ਰਫ਼ਤਾਰ ਮਿਲੇ ਅਤੇ ਬੈਂਕ ਕਰਜ਼ੇ ਦੇਣ ਵਿਚ ਨਾਂਹ-ਨੁੱਕਰ ਨਾ ਕਰਨ। ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਅਨੁਮਾਨ ਲਗਾਇਆ ਹੈ ਕਿ ਵਿਸ਼ਵ ਅਰਥਚਾਰੇ ਨੂੰ 77 ਅਰਬ ਡਾਲਰ ਤੋਂ ਲੈ ਕੇ 347 ਅਰਬ ਡਾਲਰ ਤਕ ਦਾ ਨੁਕਸਾਨ ਹੋ ਸਕਦਾ ਹੈ। ਬੇਸ਼ੱਕ ਇਹ ਬਹੁਤ ਕੁਝ ਭਵਿੱਖੀ ਹਾਲਾਤ 'ਤੇ ਨਿਰਭਰ ਕਰੇਗਾ, ਫਿਰ ਵੀ ਇਹ ਤਾਂ ਮੰਨਿਆ ਹੀ ਜਾ ਰਿਹਾ ਹੈ ਕਿ ਲਗਪਗ ਢਾਈ-ਤਿੰਨ ਸੌ ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ।
ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਕੋਰੋਨਾ ਵਾਇਰਸ ਮਨੁੱਖ ਦੀ ਕੁਦਰਤ ਵਿਰੋਧੀ ਵਿਕਾਸ ਦੀ ਦੋੜ ਵਿਚੋਂ ਨਿਕਲਿਆ ਹੈ। ਇਹੋ ਜਿਹੇ ਅਨੇਕਾਂ ਵਾਇਰਸ ਨਿਕਲਣਗੇ ਜੋ ਮਨੁੱਖਤਾ ਨੂੰ ਤਬਾਹ ਕਰਨਗੇ। ਸੰਯੁਕਤ ਰਾਸ਼ਟਰ ਤੇ ਵਿਸ਼ਵ ਪੱਧਰ ਦੇ ਦੇਸਾਂ ਨੂੰ ਕੁਦਰਤ ਮੁਖੀ ਵਿਕਾਸ ਵਲ ਧਿਆਨ ਦੇਣਾ ਚਾਹੀਦਾ ਹੈ। ਸਿਹਤ, ਵਾਤਾਵਰਨ ਕਿਸੇ ਵੀ ਤਰ੍ਹਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਇਹ ਵਾਇਰਸ ਮਨੁੱਖੀ ਹੋਂਦ ਲਈ ਖਤਰਨਾਕ ਹਨ ਤੇ ਅੱਗੇ ਤੋਂ ਅੱਗੇ ਭਿਆਨਕ ਰੂਪ ਲੈ ਰਹੇ ਹਨ। ਇਸ ਲਈ ਇਸ ਦਾ ਇਲਾਜ ਕੁਦਰਤ ਮੁਖੀ ਵਿਕਾਸ ਹੈ।

ਰਜਿੰਦਰ ਸਿੰਘ ਪੁਰੇਵਾਲ