image caption: ਰਜਿੰਦਰ ਸਿੰਘ ਪੁਰੇਵਾਲ ਦਿੱਲੀ 'ਚ ਹਿੰਸਾ ਦੇ ਸ਼ਿਕਾਰ ਮੁਸਲਮਾਨ ਭਾਈਚਾਰੇ ਦੇ ਕੈਂਪ 'ਚ

ਦਿੱਲੀ 'ਚ ਹਿੰਸਾ ਦੇ ਸ਼ਿਕਾਰ ਮੁਸਲਮਾਨ ਭਾਈਚਾਰੇ ਦੇ ਕੈਂਪ 'ਚ ਸਾਡੀ ਫੇਰੀ

     ਬੀਤੇ ਦਿਨੀਂ ਮੈਂ ਆਪਣੀ ਟੀਮ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨਾਲ ਹਿੰਸਾ ਪੀੜਤ ਇਲਾਕਿਆਂ ਵਿਚ ਪੀੜਤ ਲੋਕਾਂ ਦੀ ਮਦਦ ਕਰਨ ਦਿੱਲੀ ਗਿਆ ਸਾਂ। ਇੱਥੇ ਅਸੀਂ ਮੁਸਲਮਾਨਾਂ ਨੂੰ ਬਚਾਉਣ ਵਾਲੇ ਸਿੰਘਾਂ ਜਿੰਦਰ ਸਿੰਘ, ਮਹਿੰਦਰ ਸਿੰਘ ਦਾ ਸਨਮਾਣ ਵੀ ਕੀਤਾ ਸੀ। ਦਿੱਲੀ ਵਿਚ ਸਾਡੀ ਜਥੇਬੰਦੀ ਸਿੱਖ ਸੇਵਕ ਸੁਸਾਇਟੀ ਯੂਨਿਟ ਮਨਪ੍ਰੀਤ ਸਿੰਘ ਦਿੱਲੀ ਦੀ ਅਗਵਾਈ ਵਿਚ ਬਣ ਚੁੱਕਾ ਹੈ। ਈਦਗਾਹ ਮੁਸਤਫਾਪੁਰ ਵਿਚ ਅਸੀਂ ਸੌ ਦੇ ਕਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਸੀ। ਅੱਗੋਂ ਵੀ ਸੇਵਾ ਜਾਰੀ ਰੱਖਾਂਗੇ। 
     ਈਦਗਾਹ ਮੁਸਤਫਾਪੁਰ ਪੀੜਤ ਮੁਸਲਮਾਨ ਭਾਈਚਾਰੇ ਦਾ ਕੈਂਪ ਲੱਗਾ ਹੋਇਆ ਹੈ। ਹਜ਼ਾਰ ਦੇ ਕਰੀਬ ਮੁਸਲਮਾਨ ਉਸ ਵਿਚ ਸ਼ਾਮਲ ਹਨ। ਜਦੋਂ ਮੈਂ ਕਾਰ ਵਿਚ ਆਪਣੀ ਟੀਮ ਨਾਲ ਸਫਰ ਕਰ ਰਿਹਾ ਸੀ ਤਾਂ ਮੁਸਲਮਾਨਾਂ ਦੀਆਂ ਬਸਤੀਆਂ, ਦੁਕਾਨਾਂ ਸੜੀਆਂ ਹੋਈਆਂ ਦੇਖੀਆਂ। ਬਹੁਤ ਨਾ-ਮਾਤਰ ਹਿੰਦੂ ਭਾਈਚਾਰੇ ਦੀਆਂ ਦੁਕਾਨਾਂ ਦਾ ਨੁਕਸਾਨ ਮੈਨੂੰ ਦਿਖਿਆ ਹੈ। ਨਿਰਪੱਖ ਰਿਪੋਰਟਾਂ ਵੀ ਇਹੀ ਹਨ। ਵਾਇਰ, ਕਾਰਵਾ ਤੇ ਰਵੀਸ਼ ਕੁਮਾਰ ਵਰਗੇ ਪੱਤਰਕਾਰ ਇਹੀ ਦੱਸ ਰਹੇ ਹਨ। ਘੱਟ ਗਿਣਤੀਆਂ ਦਾ ਦਰਦ ਬਹੁਤ ਗੰਭੀਰ ਕਿਸਮ ਦਾ ਹੁੰਦਾ ਹੈ। ਗੁਲਾਮੀ ਦਾ ਅਹਿਸਾਸ ਹੁੰਦਾ ਹੈ, ਕਿਉਂਕਿ ਦੰਗੇ ਕੀਤੇ ਨਹੀਂ ਜਾਂਦੇ ਕਰਵਾਏ ਜਾਂਦੇ ਹਨ। ਇਹ ਦੰਗੇ ਨਹੀਂ ਹੁੰਦੇ, ਮਿੱਥੀ ਹਿੰਸਾ ਹੁੰਦੀ ਹੈ। ਗੁੰਡਿਆਂ ਦੀ ਭੀੜ ਹੁੰਦੀ ਹੈ, ਜਿਸ ਦਾ ਨਿਸ਼ਾਨਾ ਬਹੁਗਿਣਤੀ ਸਿਆਸਤ ਅਨੁਸਾਰ ਘੱਟ ਗਿਣਤੀਆਂ ਦੀ ਜਾਨ ਮਾਲ ਦਾ ਨੁਕਸਾਨ ਕਰਨਾ ਹੁੰਦਾ ਹੈ ਤੇ ਉਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਬੇਪਤ ਕਰਨਾ ਹੁੰਦਾ ਹੈ। ਉਥੋਂ ਦੇ ਲੋਕਾਂ ਨੇ ਦੱਸਿਆ ਸੀ ਕਿ ਧੀਆਂ-ਭੈਣਾਂ ਦੀ ਵੀ ਬੇਅਦਬੀ ਹੋਈ ਹੈ। ਪਰ ਕੋਈ ਅੱਗੇ ਆਉਣ ਨੂੰ ਤਿਆਰ ਨਹੀਂ। ਉਹ ਸਮਝਦੇ ਹਨ ਕਿ ਪੁਲੀਸ ਇਨਸਾਫ਼ ਨਹੀਂ ਦੇਵੇਗੀ। ਪੁਲੀਸ ਤਾਂ ਆਪ ਹਿੰਸਕ ਲੋਕਾਂ ਨੂੰ ਭੜਕਾ ਰਹੀ ਤੇ ਮਦਦ ਕਰਦੀ ਸ਼ੋਸ਼ਲ ਮੀਡੀਏ 'ਤੇ ਦੇਖੀ ਗਈ। ਪਰ ਸਰਕਾਰ ਵਲੋਂ ਹਾਲੇ ਤੱਕ ਉਨ੍ਹਾਂ ਲੋਕਾਂ 'ਤੇ ਕਾਰਵਾਈ ਨਹੀਂ ਹੋਈ, ਜਿਨ੍ਹਾਂ ਨੇ ਹਿੰਸਾ ਭੜਕਾਈ ਤੇ ਹਿੰਸਾ ਨੂੰ ਜਨਮ ਦਿੱਤਾ। ਕਪਿਲ ਮਿਸ਼ਰਾ ਦਾ ਨਾਮ ਇਨ੍ਹਾਂ ਦੋਸ਼ਾਂ ਤਹਿਤ ਆ ਰਿਹਾ ਹੈ ਕਿ ਉਸ ਨੇ ਹਿੰਸਾ ਭੜਕਾਈ। ਪਰ ਉਸ ਨੂੰ ਸੁਰੱਖਿਆ ਦੇ ਦਿੱਤੀ ਗਈ। ਦਿੱਲੀ ਲਈ ਅਰਬਾਂ ਦੀ ਜਾਇਦਾਦ ਦੇ ਰਾਖ ਹੋਣ ਤੇ 50 ਤੋਂ ਵੱਧ ਕੀਮਤੀ ਜਾਨਾਂ ਦੇ ਚਲੇ ਜਾਣ ਦੇ ਬਾਵਜੂਦ ਭਾਜਪਾ ਤੇ ਆਪ ਪਾਰਟੀ ਜਿਨ੍ਹਾਂ ਦੀ ਦਿੱਲੀ ਵਿਚ ਸਰਕਾਰ ਹੈ, ਕੋਈ ਇਨਸਾਫ ਵਾਲੀ ਕਾਰਵਾਈ ਨਹੀਂ ਕੀਤੀ ਗਈ।
ਈਦਗਾਹ ਮੁਸਤਫਾਪੁਰ ਕੈਂਪ ਵਿਚ ਜਾ ਕੇ ਪਤਾ ਲੱਗਾ ਕਿ ਮੁਸਲਮਾਨ ਭਾਈਚਾਰੇ ਉੱਪਰ ਕਿੰਨਾ ਅਣਮਨੁੱਖੀ ਵਿਹਾਰ ਹੋਇਆ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਸਾਡੇ ਨਾਲ ਨਵੰਬਰ 84 ਵਿਚ ਕੀਤਾ ਗਿਆ। ਚੰਗੀ ਗੱਲ ਇਹ ਹੋਈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਾਲੇ ਤੇ ਹੋਰ ਪੰਥਕ ਜਥੇਬੰਦੀਆਂ ਉਨ੍ਹਾਂ ਦੀ ਮਦਦ ਕਰ ਰਹੇ ਹਨ। ਉਜੜੇ ਮੁਸਲਮਾਨਾਂ ਦੀਆਂ ਦੁਕਾਨਾਂ ਤੇ ਕਾਰੋਬਾਰ ਦੁਬਾਰਾ ਖੋਲ੍ਹ ਕੇ ਦਿੱਤੇ ਜਾ ਰਹੇ ਹਨ। ਸਰਕਾਰ ਤੋਂ ਵਧ ਸਹਾਇਤਾ ਸਿੱਖ ਕਰ ਰਹੇ ਹਨ। ਤੁਸੀਂ ਦਿੱਲੀ ਜਾ ਕੇ ਆਓ। ਤੁਹਾਡੀ ਪੱਗ ਦੇਖ ਕੇ ਮੁਸਲਮਾਨ ਤੁਹਾਨੂੰ ਸਲਾਮ ਕਰਨਗੇ। ਹੱਥ ਜੋੜ ਕੇ ਫਤਹਿ ਬੁਲਾਉਣਗੇ। ਇਹ ਤੁਹਾਡਾ ਗੁਰੂ ਦਾ ਦਿੱਤਾ ਕਿਰਦਾਰ ਹੈ ਕਿ ਤੁਸੀਂ ਸਿੱਖ ਸਰਬੱਤ ਦਾ ਭਲਾ ਸੋਚਦੇ ਹੋ।
ਈਦਗਾਹ ਮੁਸਤਫਾਪੁਰ ਕੈਂਪ ਵਿਚ ਅਸੀਂ ਉਨ੍ਹਾਂ ਮੁਸਲਮਾਨ ਭਾਈਚਾਰੇ ਨੂੰ ਮਿਲੇ ਜੋ  ਆਪਣੇ ਪਰਿਵਾਰਕ ਮੈਂਬਰਾਂ ਗੁਆ ਚੁੱਕੇ ਸਨ, ਘਰ ਗੁਆ ਚੁੱਕੇ ਸਨ, ਆਪਣੇ ਰੋਜ਼ੀ-ਰੋਟੀ ਦੇ ਕਾਰੋਬਾਰ ਤੋਂ ਵਾਂਝੇ ਹੋ ਚੁੱਕੇ ਸਨ। ਪਤਾ ਇਹ ਵੀ ਲੱਗਾ ਕਿ ਲੋਕ ਹਸਪਤਾਲਾਂ ਵਿੱਚ ਜ਼ਿੰਦਗੀ-ਮੌਤ ਨਾਲ ਜੂਝ ਰਹੇ ਜੂਝ ਰਹੇ ਹਨ। ਕੇਂਦਰ ਸਰਕਾਰ ਵੱਲੋਂ ਕਿਸੇ ਵੱਡੀ ਰਾਹਤ ਦਾ ਐਲਾਨ ਨਹੀਂ ਕੀਤਾ ਗਿਆ। ਦਿੱਲੀ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 10-10 ਲੱਖ ਤੇ ਜ਼ਖਮੀਆਂ ਲਈ 50-50 ਹਜ਼ਾਰ ਦੇਣ ਦਾ ਐਲਾਨ ਪੀੜਤਾਂ ਦੇ ਜ਼ਖ਼ਮਾਂ ਉੱਤੇ ਮਰਹਮ ਲਗਾਉਣ ਵਾਲਾ ਜ਼ਰੂਰ ਹੈ। ਪਰ ਬਹੁਤ ਥੋੜ੍ਹਾ ਹੈ। ਮੁਸਲਮਾਨ ਭਾਈਚਾਰਾ ਗਰੀਬ ਭਾਈਚਾਰਾ ਹੈ ਤੇ ਉਸ ਦਾ ਨੁਕਸਾਨ ਬਹੁਤ ਹੋ ਚੁੱਕਾ ਹੈ। ਉਹ ਉੱਠਣ ਜੋਗਾ ਨਹੀਂ ਰਿਹਾ। ਮੁਸਲਮਾਨ ਵਿਧਵਾਵਾਂ ਦੀ ਹਾਲਤ ਹੋਰ ਵੀ ਖਸਤਾ ਹੈ, ਜਿਨ੍ਹਾਂ ਦਾ ਕੁਝ ਨਹੀਂ ਬਚਿਆ। ਕਈਆਂ ਨਾਲ ਗੁੰਡਿਆਂ ਨੇ ਅਸ਼ਲੀਲ ਵਿਹਾਰ ਵੀ ਕੀਤੇ। ਪੁਲੀਸ ਦਾ ਰਵੱਈਆ ਵੀ ਉੱਥੇ ਠੀਕ ਨਹੀਂ। ਕੈਂਪ ਦੀ ਸੁਰੱਖਿਆ ਦੇ ਲਈ ਕੋਈ ਪੁਲੀਸ ਦੀ ਟੀਮ ਮੌਜੂਦ ਨਹੀਂ। ਮੈਨੂੰ ਉੱਥੇ ਬਾਬਰਪੁਰ ਦੇ ਕਬੀਰ ਨਗਰ ਦੇ ਰਹਿਣ ਵਾਲੇ ਕਿਰਾਏ ਦੀ ਦੁਕਾਨ ਚਲਾਉਣ ਵਾਲੇ ਮੁਸਤਕੀਮ ਨੇ ਦੱਸਿਆ ਕਿ ਪੁਲੀਸ ਵਾਲੇ ਇਸ ਇਲਾਕੇ ਵਿਚੋਂ ਤੇ ਹੋਰਨਾਂ ਮੁਸਲਮਾਨਾਂ ਇਲਾਕਿਆਂ ਵਿਚੋਂ ਰੋਜ਼ ਹੀ ਚਾਰ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਰਹੇ ਹਨ, ਪਰ ਜਿਨ੍ਹਾਂ ਗੁੰਡਿਆਂ ਨੇ ਹਿੰਸਾ ਕੀਤੀ, ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਰਹੀ। ਹਾਲਾਂਕਿ ਅਸੀਂ ਸੁਰੱਖਿਆ ਦੇ ਵਿਚ ਉਨ੍ਹਾਂ ਦਾ ਮੁਕਾਬਲਾ ਕੀਤਾ ਹੈ, ਪਰ ਉਸੇ ਨੂੰ ਆਧਾਰ ਬਣਾ ਕੇ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਕਾਨੂੰਨ ਤਾਂ ਇਹ ਕਹਿੰਦਾ ਹੈ ਕਿ ਜੇਕਰ ਤੁਹਾਡੇ ਉੱਪਰ ਹਮਲਾਵਰ ਹੋ ਕੇ ਆਵੇ ਤਾਂ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ। ਪਰ ਪੁਲੀਸ ਬਚਾਅ ਕਰਨ ਵਾਲਿਆਂ ਨੂੰ ਹੀ ਗ੍ਰਿਫ਼ਤਾਰ ਕਰ ਰਹੀ ਹੈ। ਮੁਸਤਕੀਨ ਦਾ ਕਹਿਣਾ ਸੀ ਕਿ ਉਸ ਦੇ ਭਰਾ ਮੁਹੰਮਦ ਸ਼ਮੀਮ ਨੂੰ ਉਸੇ ਦਿਨ ਚੁੱਕ ਲਿਆ ਗਿਆ ਸੀ ਤੇ ਸ਼ਾਹਦਰਾ ਵਿਚ ਵੇਲਕਮ ਪੁਲੀਸ ਸਟੇਸ਼ਨ ਲਿਜਾ ਕੇ ਪੂਰੀ ਰਾਤ ਹਿਰਾਸਤ ਵਿਚ ਰੱਖਿਆ ਗਿਆ। ਅਸੀਂ ਬੜਾ ਯਤਨ ਕੀਤਾ ਕਿ ਪੁਲੀਸ ਸਾਨੂੰ ਮਿਲਣ ਦੀ ਇਜਾਜ਼ਤ ਦੇਵੇ ਪਰ ਸਾਨੂੰ ਇਜਾਜ਼ਤ ਨਹੀਂ ਦਿੱਤੀ ਗਈ। ਅਗਲੇ ਦਿਨ ਉਸ 'ਤੇ ਮਾਮਲਾ ਦਰਜ ਕਰ ਦਿੱਤਾ ਗਿਆ।' ਉੱਥੇ ਹੀ ਇਕ ਹੋਰ ਵਿਅਕਤੀ ਰਿਹਾਨ ਮਿਲਿਆ, ਜਿਸ ਨੇ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਦੇ ਗੁਆਂਢੀਆਂ ਰਿਆਸਤ ਤੇ ਲਿਆਕਤ ਨੂੰ ਪੁਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਪਰ ਪਰਿਵਾਰ ਨੂੰ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇਹ ਲੋਕ ਆਪਣੇ ਪਿਤਾ ਨਾਲ ਪਲਾਸਟਿਕ ਸ਼ੀਟ ਦਾ ਕਾਰੋਬਾਰ ਕਰਦੇ ਹਨ। ਦੁਕਾਨ ਦੇ ਉੱਪਰ ਦੀ ਮੰਜ਼ਲ ਵਿਚ ਪਰਿਵਾਰ ਰਹਿੰਦਾ ਸੀ, ਜੋ ਫੂਕ ਦਿੱਤੀ ਗਈ ਸੀ। ਇਸੇ ਤਰ੍ਹਾਂ ਨਫੀਜ਼ ਨਾਮ ਦੇ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜੋ ਸਨਲਾਈਟ ਪੁਲੀਸ ਸਟੇਸ਼ਨ ਕੋਲ ਰਹਿੰਦਾ ਸੀ। ਇਹੋ ਜਿਹੀਆਂ ਕਾਰਵਾਈਆਂ ਮੁਸਤਫਾਬਾਦ, ਖਜ਼ੂਰੀ ਖਾਸ, ਕਰਦਮਪੁਰੀ, ਕਬੀਰ ਨਗਰ, ਚਾਂਦਬਾਗ, ਜਾਫਰਾਬਾਦ, ਮੌਜਪੁਰ, ਬਾਬਰਪੁਰ, ਸੀਲਮਪੁਰ ਦੇ ਇਲਾਕਿਆਂ ਵਿਚ ਹੋ ਰਹੀਆਂ ਹਨ। ਮੁਸਲਮਾਨ ਭਾਈਚਾਰਾ ਇਸ ਹਿੰਸਾ ਦੌਰਾਨ ਬਹੁਤ ਬੁਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ। ਪੁਲੀਸ ਦਾ ਵਰਤਾਰਾ ਨਿਆਂ ਪੂਰਨ ਨਹੀਂ ਹੈ। ਜੋ ਨੌਜਵਾਨ ਚੁੱਕੇ ਜਾ ਰਹੇ ਹਨ, ਉਨ੍ਹਾਂ ਨਾਲ ਪਰਿਵਾਰ ਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ। ਵੱਡੀ ਗੱਲ ਇਹ ਹੈ ਕਿ ਮਨੁੱਖੀ ਅਧਿਕਾਰ ਸੰਗਠਨ ਤੇ ਵਕੀਲ ਜਥੇਬੰਦੀਆਂ ਪੀੜਤ ਮੁਸਲਮਾਨ ਭਾਈਚਾਰੇ ਦੇ ਹੱਕ ਵਿਚ ਨਹੀਂ ਆਈਆਂ। ਨਾ ਹੀ ਰਿਪੋਰਟਾਂ ਪੇਸ਼ ਹੋ ਰਹੀਆਂ ਹਨ, ਜਿਸ ਵਿਚ ਦੱਸਿਆ ਜਾਵੇ ਕਿ ਇਸ ਫਿਰਕੂ ਹਿੰਸਾ ਦੇ ਜ਼ਿੰਮੇਵਾਰ ਦੋਸ਼ੀ ਕੌਣ ਹਨ? ਬੱਸ ਸਿਆਸਤ ਖੇਡੀ ਜਾ ਰਹੀ ਹੈ ਤੇ ਮੁਸਲਮਾਨ ਭਾਈਚਾਰੇ ਨੂੰ ਦੇਸ ਦੇ ਨਾਗਰਿਕ ਨਹੀਂ ਸਮਝਿਆ ਜਾ ਰਿਹਾ। ਇਹੀ ਹਸ਼ਰ ਕਦੇ ਨਵੰਬਰ 84 ਦੌਰਾਨ ਸਾਡੇ ਨਾਲ ਵੀ ਹੋਇਆ ਸੀ। ਕੀ ਘੱਟ ਗਿਣਤੀਆਂ ਇਸ ਦੇਸ ਦੇ ਨਾਗਰਿਕ ਨਹੀਂ? ਇਹ ਸੁਆਲ ਅੱਜ ਮੋਦੀ ਸਰਕਾਰ ਦੇ ਅੱਗੇ ਹਨ। ਸਰਕਾਰਾਂ ਦਾ ਕੰਮ ਫਿਰਕੂਵਾਦ ਨੂੰ ਰੋਕਣਾ ਤੇ ਇਨਸਾਫ਼ ਦੀ ਰਾਖੀ ਕਰਨਾ ਹੁੰਦਾ ਹੈ। ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ ਤਾਂ ਹੀ ਕਿਸੇ ਮੁਲਕ ਵਿਚ ਸ਼ਾਂਤੀ ਹੋ ਸਕਦੀ ਹੈ। ਜੇ ਇਨਸਾਫ਼ ਨਹੀਂ ਤਾਂ ਸ਼ਾਂਤੀ ਵੀ ਨਹੀਂ। ਇਨ੍ਹਾਂ ਹਨੇਰਿਆਂ, ਜ਼ੁਲਮ ਦੇ ਤੂਫਾਨਾਂ ਵਿਚ ਸਾਨੂੰ ਸੂਰਜ ਵਾਂਗ ਚਮਕਣਾ ਚਾਹੀਦਾ ਹੈ। ਪੰਜਾਬੀ ਭਾਈਚਾਰੇ ਨੂੰ ਇਨ੍ਹਾਂ ਦੀ ਮਦਦ ਲਈ ਆਉਣਾ ਚਾਹੀਦਾ ਹੈ। ਕਾਨੂੰਨੀ ਮਦਦ ਦੇ ਲਈ ਵੀ ਤੇ ਇਨ੍ਹਾਂ ਨੂੰ ਉੱਪਰ ਉਠਾਉਣ ਲਈ ਵੀ। ਇਹੀ ਗੁਰੂ ਨਾਨਕ ਦਾ ਮਾਰਗ ਹੈ, ਜੋ ਮਨੁੱਖਤਾ ਦਾ ਮਾਰਗ ਹੈ। ਅਸੀਂ ਹਰੇਕ ਮਨੁੱਖ ਦਾ ਭਲਾ ਸੋਚਦੇ ਹਾਂ, ਪਰ ਫਿਰਕੂਵਾਦ ਦੇ ਹੱਕ ਵਿਚ ਨਹੀਂ। ਕੋਈ ਵੀ ਧਰਮ ਫਿਰਕੂਵਾਦ ਤੇ ਨਫ਼ਰਤ ਦਾ ਰਾਹ ਨਹੀਂ ਦਿਖਾਉਂਦਾ।

ਰਜਿੰਦਰ ਸਿੰਘ ਪੁਰੇਵਾਲ