image caption: ਰਜਿੰਦਰ ਸਿੰਘ ਪੁਰੇਵਾਲ

ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ ਇਨਫੈਕਸ਼ਨ ਵਾਲਾ ਦੇਸ ਮੋਦੀ ਸਰਕਾਰ ਚੇਤਾਵਨੀਆਂ ਨੂੰ ਕਰ ਰਹੀ ਏ ਅੱਖੋ ਪਰੋਖੇ     ਭਾਰਤ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਬਹੁਤ ਭਿਅੰਕਰ ਬਣੀ ਹੋਈ ਹੈ। ਸਿਹਤ ਸਹੂਲਤਾਂ ਦੀ ਵੱਡੀ ਘਾਟ ਹੈ। ਪਰ ਭਾਰਤ ਦੇ ਸੱਤਾਧਾਰੀ ਇਸ ਨੂੰ ਹਲਕੇ ਵਿਚ ਲੈ ਰਹੇ ਹਨ। ਇਸ ਤਰ੍ਹਾਂ ਦਰਸਾਇਆ ਜਾ ਰਿਹਾ ਹੈ ਕਿ ਜਿਵੇਂ ਭਾਰਤ ਨੂੰ ਇਸ ਵਾਇਰਸ ਨੂੰ ਬਹੁਤਾ ਖਤਰਾ ਨਹੀਂ ਹੈ। ਤੁਹਾਨੂੰ ਦੱਸ ਦੇਈਏ ਹੁਣੇ ਜਿਹੇ ਵਿਸ਼ਵ ਸਿਹਤ ਸੰਗਠਨ ਦੁਆਰਾ ਕੋਰੋਨਾ ਵਾਇਰਸ ਦੇ ਜਾਰੀ ਕੀਤੀ ਗਈ ਨਵੀਂ ਸਥਿਤੀ ਬਾਰੇ ਰਿਪੋਰਟ ਵਿਚ ਭਾਰਤ ਨੂੰ ਉਨ੍ਹਾਂ ਦੇਸਾਂ ਦੀ ਸੂਚੀ ਵਿਚ ਮੋਹਰੀ ਰੱਖਿਆ ਗਿਆ ਹੈ, ਜਿਸ ਵਿਚ ਲੋਕ ਭਾਰੀ ਗਿਣਤੀ ਵਿਚ ਇਨਫੈਕਸ਼ਨ ਦੇ ਸ਼ਿਕਾਰ ਹਨ। ਇਹ ਇਨਫੈਕਸ਼ਨ ਲੋਕਾਂ ਨੂੰ ਇਕ ਦੂਸਰੇ ਤੋਂ ਫੈਲ ਰਿਹਾ ਹੈ। ਇਸ ਸੂਚੀ ਵਿਚ ਇਟਲੀ, ਕੋਰੀਆ, ਚੀਨ ਵੀ ਹਨ। ਇਹ ਸਾਰੇ ਘਰੇਲੂ ਪੱਧਰ 'ਤੇ ਮਨੁੱਖ ਤੋਂ ਮਨੁੱਖ ਵਿਚ ਤੇਜ਼ੀ ਨਾਲ ਫੈਲ ਰਹੇ ਹਨ। ਡਬਲਿਯੂ ਐਚ ਓ ਨੇ ਵਿਦੋਸ਼ਾਂ ਤੋਂ ਆਉਣ ਵਾਲੇ ਲੋਕਾਂ ਵਿਚ ਕੋਰੋਨਾ ਵਾਇਰਸ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਪਰ ਇਹ ਵਾਇਰਸ ਕੇਵਲ ਵਿਦੇਸ਼ਾਂ ਤੋਂ ਆਏ ਯਾਤਰੀਆਂ ਤੱਕ ਹੀ ਸੀਮਤ ਹੈ। ਸਾਰੇ ਯਤਨ ਕੁਝ ਲੋਕਾਂ ਦੇ ਵੀਜ਼ਾ ਰੱਦ ਕਰਨ, ਦੇਸ ਦੀਆਂ ਸਰਹੱਦਾਂ ਨੂੰ ਕਾਫੀ ਹੱਦ ਤੱਕ ਸੀਲ ਕਰ ਦੇਣ ਤੇ ਹੁਣੇ ਹੀ ਵਿਦੇਸ਼ ਦੀ ਯਾਤਰਾ ਤੋਂ ਪਰਤੇ ਕੁਝ ਲੋਕਾਂ ਤੇ ਉਨ੍ਹਾਂ ਦੇ ਨਾਲ ਸੰਪਰਕ ਰੱਖਣ ਵਾਲੇ ਵਿਅਕਤੀਆਂ ਦੇ ਲਈ ਵਾਇਰਸ ਦੇ ਪ੍ਰਯੋਗ ਤੱਕ ਹੀ ਸੀਮਤ ਹਨ। ਡਬਲਿਯੂ ਐਚ ਓ ਨੇ ਸੰਕੇਤ ਦਿੱਤਾ ਹੈ ਕਿ ਭਾਰਤ ਇਕ ਦੋਸ਼ਪੂਰਨ ਧਾਰਨਾ ਦੇ ਤਹਿਤ ਕੰਮ ਕਰ ਰਿਹਾ ਹੈ। ਸਰਕਾਰ ਦੁਆਰਾ ਉਠਾਏ ਜਾਣ ਵਾਲੇ ਕਦਮ ਮਹਾਂਮਾਰੀ ਨਾਲ ਨਿਪਟਣ ਦੇ ਲਈ ਕਾਫੀ ਨਹੀਂ ਹਨ। ਇਸ ਬਿਮਾਰੀ ਵਿਚ ਜਕੜੇ ਲੋਕਾਂ ਦੇ ਟੈਸਟ ਨਾ ਕਰਵਾ ਕੇ ਭਾਰਤ ਇਸ ਸੰਕਟ ਨੂੰ ਘਟਾ ਕੇ ਦੇਖ ਰਿਹਾ ਹੈ। -ਕੋਰੋਨਾ ਵਾਇਰਸ ਦੇ ਚੱਲਦਿਆਂ ਭਾਰਤ ਦੇ ਕਈ ਸੂਬੇ ਅੱਜ ਲੌਕਡਾਊਨ ਦੀ ਹਾਲਤ ਵਿਚ ਹੈ। ਸਿਰਫ਼ ਦੇਸ਼ ਹੀ ਨਹੀਂ, ਸਗੋਂ ਦੁਨੀਆ ਦੇ ਕਈ ਦੇਸ਼ਾਂ ਨੇ ਆਪਣੇ ਸੂਬਿਆਂ ਤੇ ਜ਼ਿਲ੍ਹਿਆਂ ਵਿਚ ਆਵਾਜਾਈ ਅਤੇ ਘਰਾਂ ਤੋਂ ਬਾਹਰ ਨਿੱਕਲਣ 'ਤੇ ਪਾਬੰਦੀ ਲਾ ਰੱਖੀ ਹੈ। ਹਰੇਕ ਦੀ ਇਹੋ ਕੋਸ਼ਿਸ਼ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾਵੇ। ਇਸੇ ਦੌਰਾਨ ਹੁਣ ਲੌਕਡਾਊਨ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦਾ ਬਿਆਨ ਸਾਹਮਣੇ ਆਇਆ ਹੈ।
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਿਰਫ਼ ਲੌਕਡਾਊਨ ਹੀ ਕਾਫ਼ੀ ਨਹੀਂ ਹੈ। ਰਾਇਟਰਜ਼ ਮੁਤਾਬਕ ਵਿਸ਼ਵ ਸਿਹਤ ਸੰਗਠਨ ਦੇ ਮਾਈਕ ਰਾਇਨ ਨੇ ਕਿਹਾ ਹੈ ਕਿ ਸਿਰਫ਼ ਲੌਕਡਾਊਨ ਹੀ ਕੋਰੋਨਾ ਨੂੰ ਰੋਕਣ ਲਈ ਕਾਫ਼ੀ ਨਹੀਂ ਹੈ ਇਸ ਵੇਲੇ ਜ਼ਰੂਰਤ ਹੈ ਕਿ ਜਿਹੜੇ ਲੋਕ ਬੀਮਾਰ ਹਨ ਤੇ ਇਸ ਤੋਂ ਪੀੜਤ ਹਨ, ਉਨ੍ਹਾਂ ਨੂੰ ਲੱਭਿਆ ਜਾਵੇ ਤੇ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਜਾਵੇ ਤੇ ਇਲਾਜ ਕੀਤਾ ਜਾਵੇ। ਤਦ ਹੀ ਇਸ ਨੂੰ ਰੋਕਿਆ ਜਾ ਸਕਦਾ ਹੈ।
ਤੁਸੀਂ ਦੇਖ ਸਕਦੇ ਹੋ ਕਿ ਭਾਰਤ ਦੀ ਸਿਹਤ ਸਹੂਲਤਾਂ ਦੀ ਸਥਿਤੀ ਕਿੰਨੀ ਗੰਭੀਰ ਹੈ। 11600 ਭਾਰਤੀਆਂ ਦੇ ਪਿਛੇ ਇਕ ਡਾਕਟਰ, 1826 ਭਾਰਤੀਆਂ ਦੇ ਲਈ ਹਸਪਤਾਲ ਵਿਚ ਇਕ ਬੈਡ ਹੈ। ਭਾਰਤ ਵਿਚ ਸਿਰਫ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਘਰਾਂ ਵਿਚ ਬੰਦ ਰਹੋ। ਪਰ ਜੋ ਲੋਕ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ, ਉਸ ਦੇ ਇਲਾਜ ਦੀ ਕੀ ਸਹੂਲਤਾਂ ਹਨ? ਮੁੱਖ ਮੁੱਦਾ ਤਾਂ ਇਹ ਹੈ। ਤੁਸੀਂ ਸਰਕਾਰੀ ਹਸਪਤਾਲਾਂ ਵਲ ਝਾਤੀ ਮਾਰੋ ਤਾਂ ਤੁਸੀਂ ਉਥੇ ਸਾਹ ਵੀ ਨਹੀਂ ਲੈ ਸਕਦੇ। ਇਸ ਦਾ ਕਾਰਨ ਇਹੀ ਹੈ ਕਿ ਭਾਰਤ ਦੇ ਹਸਪਤਾਲ ਬਹੁਤ ਗੰਦੇ ਹਨ। ਸਿਵਲ ਹਸਪਤਾਲ ਜਲੰਧਰ ਵਿਚ ਮੈਂ ਇਹ ਦ੍ਰਿਸ਼ ਦੇਖ ਚੁੱਕਾ ਹਾਂ। ਆਲੇ-ਦੁਆਲੇ ਗੰਦ ਖਿਲਰਿਆ ਹੈ। ਨਾ ਦਵਾਈਆਂ ਦੀਆਂ ਸਹੂਲਤਾਂ ਹਨ ਤੇ ਨਾ ਹੀ ਡਾਕਟਰ ਵੱਡੀ ਗਿਣਤੀ ਵਿਚ ਹਨ। ਇਸ ਦੇ ਉਲਟ ਚੀਨ ਵਿਚ ਕੋਰੋਨਾ ਵਾਇਰਸ ਦੀ ਖਬਰ ਆਉਂਦੇ ਹੀ ਦੱਖਣ ਕੋਰੀਆ ਦੀ ਚਾਰ ਨਿੱਜੀ ਕੰਪਨੀਆਂ ਨੇ ਵਿਸ਼ਵ ਸਿਹਤ ਸੰਗਠਨ ਦੇ ਪੈਮਾਨੇ ਦੇ ਹਿਸਾਬ ਨਾਲ ਟੈਸਟ ਕਿਟ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ। ਦੱਖਣ ਕੋਰੀਆ ਦੇ ਕੋਲ ਏਨੇ ਟੈਸਟ ਕਿੱਟ ਹੋ ਗਏ ਹਨ ਕਿ ਉਸ ਨੇ ਇਕ ਦਿਨ ਵਿਚ 10 ਹਜ਼ਾਰ ਤੇ ਹੁਣ 15 ਹਜ਼ਾਰ ਮਰੀਜ਼ਾਂ ਦੀ ਜਾਂਚ ਕੀਤੀ। ਦੱਖਣ ਕੋਰੀਆ ਆਪਣੇ ਪੁਰਾਣੇ ਅਨੁਭਵਾਂ ਤੋਂ ਸਿੱਖ ਚੁੱਕਾ ਹੈ। ਇਸ ਸਮੇਂ ਉਹ ਵਿਸ਼ਵ ਵਿਚ ਸਿਹਤ ਸਹੂਲਤਾਂ ਪੱਖੋਂ ਸਭ ਤੋਂ ਵੱਡੀ ਤਾਕਤ ਹੈ। ਦੱਖਣ ਕੋਰੀਆ ਨੇ 2 ਲੱਖ 70 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਟੈਸਟ ਕੀਤੇ। ਅਮਰੀਕਾ ਨੇ 10 ਲੱਖ ਦੀ ਅਬਾਦੀ ਵਿਚ ਸਿਰਫ 74 ਸੈਂਪਲ ਟੈਸਟ ਕੀਤੇ ਹਨ। ਕੁੱਲ 145 ਸੈਂਪਲ ਹੀ ਪਾਜ਼ਿਟਵ ਪਾਏ ਗਏ ਹਨ। ਦੱਖਣ ਕੋਰੀਆ ਨੇ ਇਰਾਦਾ ਕੀਤਾ ਹੋਇਆ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਕੋਰੋਨਾ ਵਾਇਰਸ ਦੇ ਕਿੰਨੇ ਮਰੀਜ਼ ਹਨ। ਉੱਥੇ ਝਟਪਟ ਟੈਸਟ ਹੋ ਰਹੇ ਹਨ ਤੇ ਰਿਜ਼ਲਟ ਦਿੱਤੇ ਜਾ ਰਹੇ ਹਨ। ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਪੂਰੇ ਸ਼ਹਿਰ ਨੂੰ ਬੰਦ ਕਰਨਾ ਸਹੀ ਤਰੀਕਾ ਨਹੀਂ ਹੈ। ਲੋਕਾਂ ਨੂੰ ਭੁੱਖੇ ਮਾਰਨਾ ਸਹੀ ਤਰੀਕਾ ਨਹੀਂ ਹੈ। ਸਿਰਫ ਰੋਗੀਆਂ ਨੂੰ ਅਲੱਗ ਕਰਕੇ ਇਲਾਜ ਕਰਨਾ ਸਹੀ ਤਰੀਕਾ ਹੈ। ਭਾਰਤ ਨੂੰ ਤੇ ਹੋਰ ਦੇਸਾਂ ਨੂੰ ਦੱਖਣੀ ਅਫਰੀਕਾ ਤੋਂ ਸਬਕ ਸਿਖਣਾ ਚਾਹੀਦਾ ਹੈ। ਚੀਨ ਨੇ ਵੀ ਅਜਿਹਾ ਕਰਕੇ ਕੋਰੋਨਾ ਵਾਇਰਸ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਹੈ। 
ਵਿਦੇਸ਼ਾਂ ਵਿੱਚੋਂ ਆਉਣ ਵਾਲੇ ਵਿਅਕਤੀਆਂ ਨੂੰ 14 ਦਿਨਾਂ ਲਈ ਵੱਖਰਿਆਂ ਰੱਖ ਕੇ ਉਨ੍ਹਾ ਦੀ ਜਾਂਚ ਕੀਤੀ ਜਾਂਦੀ, ਪਰ ਇਸ ਪਾਸੇ ਪੂਰੀ ਅਣਗਹਿਲੀ ਵਰਤੀ ਗਈ ਹੈ। ਹੁਣ ਸਾਹਮਣੇ ਆਇਆ ਹੈ ਕਿ ਗਾਇਕਾ ਕੋਨਿਕਾ ਕਪੂਰ ਨੂੰ ਹਵਾਈ ਅੱਡੇ 'ਤੇ ਸਕਰੀਨਿੰਗ ਸਮੇਂ ਕੋਰੋਨਾ ਪੀੜਤ ਹੋਣ ਦੇ ਬਾਵਜੂਦ ਘਰ ਜਾਣ ਦਿੱਤਾ ਗਿਆ ਤੇ ਉਹ ਪਾਰਟੀਆਂ ਵਿੱਚ ਸ਼ਾਮਲ ਹੁੰਦੀ ਰਹੀ। ਇਹ ਇਕੱਲਾ ਕੇਸ ਨਹੀਂ ਹੈ, ਮੁੱਕੇਬਾਜ਼ ਮੈਰੀਕਾਮ 13 ਮਾਰਚ ਨੂੰ ਵਿਦੇਸ਼ੋਂ ਆਉਂਦੀ ਹੈ ਤੇ ਤਿੰਨ ਦਿਨਾ ਬਾਅਦ ਰਾਸ਼ਟਰਪਤੀ ਵੱਲੋਂ ਦਿੱਤੀ ਪਾਰਟੀ ਵਿੱਚ ਸ਼ਾਮਲ ਹੁੰਦੀ ਹੈ। ਇਨ੍ਹਾਂ ਗੁਨਾਹਾਂ ਲਈ ਕੌਣ ਜ਼ਿੰਮੇਵਾਰ ਹੈ? ਸਾਡੇ ਪੰਜਾਬ ਦੇ ਜਲੰਧਰ ਦਾ ਹਾਲ ਹੀ ਲਓ ਇਸ ਸਮੇਂ ਵਿਦੇਸ਼ਾਂ ਵਿੱਚੋਂ ਆਏ 4885 ਵਿਅਕਤੀ ਬਿਨਾਂ ਸਕਰੀਨਿੰਗ ਦੇ ਘੁੰਮ ਰਹੇ ਹਨ। ਸਰਕਾਰ ਸਿਰਫ਼ 950 ਵਿਅਕਤੀਆਂ ਤੱਕ ਹੀ ਪੁੱਜ ਸਕੀ ਹੈ। ਕਿਹਾ ਜਾ ਰਿਹਾ ਹੈ ਕਿ ਬਾਕੀ ਲੱਭ ਨਹੀਂ ਰਹੇ। ਇਹੋ ਹਾਲ ਹੀ ਬਾਕੀ ਜ਼ਿਲ੍ਹਿਆਂ ਦਾ ਹੈ। ਇਨ੍ਹਾਂ ਵਿਅਕਤੀਆਂ ਦੀ ਸਕਰੀਨਿੰਗ ਹਵਾਈ ਅੱਡਿਆਂ 'ਤੇ ਹੀ ਕਿਉਂ ਨਹੀਂ ਕੀਤੀ ਗਈ।
ਭਾਰਤ ਵਿੱਚ ਕੋਰੋਨਾ ਪ੍ਰਭਾਵਤ ਵਿਅਕਤੀਆਂ ਦੀ ਗਿਣਤੀ 400 ਦੇ ਕਰੀਬ ਪੁੱਜ ਚੁੱਕੀ ਹੈ। ਪਰ ਭਾਰਤ ਸਰਕਾਰ ਜਿਸ ਤਰ੍ਹਾਂ ਦਾ ਰਵੱਈਆ ਅਪਣਾ ਰਹੀ ਹੈ, ਉਸ ਤੋਂ ਤਾਂ ਇਹੋ ਜਾਪਦਾ ਹੈ ਕਿ ਭਾਰਤ ਦੇ ਲੋਕ ਜਲਦੀ ਹੀ ਬਿਮਾਰੀ ਦੇ ਤੀਜੇ ਪੜਾਅ ਵਿੱਚ ਪਹੁੰਚ ਜਾਣਗੇ। ਜੇਕਰ ਅਜਿਹਾ ਹੋਇਆ ਤਾਂ ਇਹ ਮਹਾਂਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ। ਕੁਝ ਸਿਹਤ ਮਾਹਰ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਭਾਰਤ ਜਾਣ-ਬੁੱਝ ਕੇ ਅੰਕੜੇ ਦਬਾ ਰਿਹਾ ਹੈ ਤੇ ਵੱਧ ਤੋਂ ਵੱਧ ਲੋਕਾਂ ਦੀ ਜਾਂਚ ਨਾ ਕਰਕੇ ਮਹਾਂਮਾਰੀ ਨੂੰ ਸੱਦਾ ਦੇ ਰਿਹਾ ਹੈ।
ਅਸਲੀਅਤ ਇਹ ਹੈ ਕਿ ਸਾਡੀਆਂ ਸਿਹਤ ਸੇਵਾਵਾਂ ਹੀ ਇਸ ਮਹਾਂਮਾਰੀ ਵਿਰੁੱਧ ਲੜਨ ਦੇ ਯੋਗ ਨਹੀਂ ਹਨ। ਹਾਲੇ ਤੱਕ ਦੋ ਦੇਸ਼ਾਂ ਚੀਨ ਤੇ ਦੱਖਣੀ ਕੋਰੀਆ ਨੇ ਇਸ ਉੱਤੇ ਕਾਬੂ ਪਾਇਆ ਹੈ। ਇਸ ਬਿਮਾਰੀ ਦੀ ਹਾਲੇ ਤੱਕ ਕੋਈ ਦਵਾਈ ਨਹੀਂ ਹੈ। ਸਿਰਫ਼ ਜਾਂਚ ਰਾਹੀਂ ਪ੍ਰਭਾਵਤ ਵਿਅਕਤੀ ਨੂੰ ਅਲੱਗ ਕਰਕੇ ਹੀ ਇਸ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਭਾਰਤ ਵਿੱਚ 51 ਬੀ ਆਰ ਡੀ ਐੱਲ ਲੈਬਾਰਟਰੀਆਂ ਹਨ, ਪਰ ਇਨ੍ਹਾਂ ਵਿੱਚੋਂ ਵੀ ਬਹੁਤੀਆਂ ਵਿੱਚ ਟੈਸਟਿੰਗ ਨਹੀਂ ਹੋ ਰਹੀ। ਸਿਹਤ ਮੰਤਰਾਲਾ ਨੇ ਹਾਲੇ ਤੱਕ ਇਹ ਵੀ ਸਪੱਸ਼ਟ ਨਹੀਂ ਕੀਤਾ ਕਿ ਉਹ ਟੈਸਟਿੰਗ ਦਾ ਘੇਰਾ ਕਿਉਂ ਨਹੀਂ ਵਧਾ ਰਿਹਾ। ਇਸ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਕੁਝ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਮੁਤਾਬਕ ਇਸ ਸਮੇਂ ਦੇਸ਼ ਵਿੱਚ 84000 ਵਿਅਕਤੀਆਂ ਪਿੱਛੇ ਇੱਕ ਆਈਸੋਲੇਸ਼ਨ (ਵੱਖਰਾ) ਬੈੱਡ ਅਤੇ 11600 ਨਾਗਰਿਕਾਂ ਪਿੱਛੇ 1 ਡਾਕਟਰ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਕੋਰੋਨਾ ਵਾਇਰਸ ਨੂੰ ਕਿਵੇਂ ਕੰਟਰੋਲ ਕਰੇਗੀ? ਜਿੱਥੇ ਗਊ ਭਗਤ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਦੇ ਵਿਗਿਆਨੀ ਤੇ ਡਾਕਟਰ ਬਣੇ ਫਿਰਦੇ ਹੋਣ ਤੇ 'ਅਖੌਤੀ ਪ੍ਰਾਚੀਨ ਵਿਗਿਆਨੀਆਂ ਦੇ ਲੋਕ ਗੀਤ ਗਾਉਂਦੇ ਹੋਣ, ਤੇ ਜਿਹੜੇ ਗਾਂ ਦਾ ਮੂਤ ਪੀ ਕੇ ਬਿਮਾਰੀਆਂ ਭਜਾਉਣ ਦੀ ਗੱਲ ਕਰਦੇ ਹੋਣ, ਉਨ੍ਹਾਂ ਤੋਂ ਕਿੰਝ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਕੋਰੋਨਾ ਵਾਇਰਸ ਤੋਂ ਬਚ ਜਾਣਗੇ। ਇਸ ਨਾਲ ਭਾਰਤ ਸਰਕਾਰ ਦੀਆਂ ਸਿਹਤ ਸਹੂਲਤਾਂ ਦਾ ਮਜ਼ਾਕ ਉਡ ਰਿਹਾ ਹੈ। ਲੋੜ ਹੈ ਕਿ ਇਹੋ ਜਿਹੇ ਲੋਕਾਂ ਉੱਪਰ ਕੇਸ ਚਲਾਏ ਜਾਣ ਜੋ ਇਹੋ ਜਿਹੇ ਉਪਾਅ ਪੇਸ਼ ਕਰਕੇ ਲੋਕਾਂ ਨੂੰ ਹੋਰ ਬਿਮਾਰ ਕਰ ਰਹੇ ਹਨ। ਭਾਰਤ ਸਰਕਾਰ ਨੂੰ ਸਿਹਤ ਸਹੂਲਤਾਂ 'ਤੇ ਵੱਡੀ ਮਾਤਰਾ ਵਿਚ ਬਜਟ ਵਧਾਉਣ ਦੀ ਲੋੜ ਹੈ ਤਾਂ ਜੋ ਨਵੀਂਆਂ ਲੈਬਜ਼ ਖੜੀਆਂ ਕੀਤੀਆਂ ਜਾਣ।

ਰਜਿੰਦਰ ਸਿੰਘ ਪੁਰੇਵਾਲ