image caption:

ਭੱਖਦਾ ਮੱਸਲਾ- ਭਾਰਤ 'ਚ ਕੋਰੋਨਾ ਮਰੀਜ਼ ਘੱਟ ਨੇ ਜਾਂ ਭਾਰਤ ਟੈਸਟ ਕਰਨ ਦੇ ਅਸਮਰੱਥ ਏ


ਰਵੀਸ਼ ਕੁਮਾਰ 
29 ਫਰਵਰੀ ਦੌਰਾਨ ਭਾਰਤ ਵਿਚ ਕੋਰੋਨਾ ਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆਏ ਸਨ। 30 ਮਾਰਚ ਤੱਕ ਇਹ ਗਿਣਤੀ 1251 ਹੋ ਗਈ। 30 ਮਾਰਚ ਦੌਰਾਨ 227 ਨਵੇਂ ਮਾਮਲੇ ਆਏ। ਹੁਣ ਤੱਕ 24 ਘੰਟੇ ਦੇ ਅੰਦਰ ਏਨੀ ਗਿਣਤੀ ਕਦੇ ਨਹੀਂ ਵਧੀ ਸੀ। ਕੀ ਭਾਰਤ ਵਿਚ ਕੋਰੋਨਾ ਵਾਇਰਸ ਘੱਟ ਹੈ ਜਾਂ ਭਾਰਤ ਟੈਸਟ ਘੱਟ ਕਰ ਰਿਹਾ ਹੈ। ਭਾਰਤ ਇਸ ਬਾਰੇ ਟੈਸਟ ਕਿਉਂ ਘੱਟ ਕਰ ਰਿਹਾ ਹੈ? ਕੀ ਭਾਰਤ ਕੋਲ ਟੈਸਟ ਕਿੱਟਾਂ ਦੀ ਘਾਟ ਹੈ? ਕੋਰੋਨਾ ਵਾਇਰਸ ਬਾਰੇ ਜਾਨਣ ਦਾ ਸਹੀ ਢੰਗ ਇਹੀ ਹੈ ਕਿ ਵੱਧ ਤੋਂ ਵੱਧ ਟੈਸਟ ਕੀਤੇ ਜਾਣ ਤਾਂ ਜੋ ਜਾਂਚ ਰਿਪੋਰਟ ਤੋਂ ਪਤਾ ਲੱਗ ਸਕੇ ਕਿ ਭਾਰਤ ਵਿਚ ਕਿੰਨੇ ਮਰੀਜ਼ ਹਨ। ਭਾਰਤ ਨੇ 6 ਮਾਰਚ ਦੌਰਾਨ 3404 ਟੈਸਟ ਕੀਤੇ ਸਨ। 30 ਮਾਰਚ ਤੱਕ 38442 ਟੈਸਟ ਕੀਤੇ ਅਰਥਾਤ 24 ਦਿਨਾਂ ਵਿਚ ਭਾਰਤ ਇਕ ਲੱਖ ਟੈਸਟ ਨਹੀਂ ਕਰ ਸਕਿਆ। ਹੁਣ ਸੁਆਲ ਇਹ ਉਠਦਾ ਹੈ ਕਿ ਕੀ ਭਾਰਤ ਨੂੰ ਇਸ ਵਕਤ ਤੱਕ ਪਤਾ ਵੀ ਹੈ ਕਿ ਕੋਰੋਨਾ ਕਿਸ ਹੱਦ ਤੱਕ ਫੈਲ ਚੁੱਕਾ ਹੈ? ਕੀ ਘੱਟ ਟੈਸਟ ਕਰਕੇ ਅਸੀਂ ਭਾਰਤ ਨੂੰ ਕੋਰੋਨਾ ਵਾਇਰਸ ਤੋਂ ਬਚਾ ਸਕਦੇ ਹਾਂ? ਏਨੇ ਘੱਟ ਟੈਸਟ ਤਾਂ ਕੋਈ ਵੀ ਦੇਸ ਨਹੀਂ ਕਰ ਰਿਹਾ। 16 ਮਾਰਚ ਨੂੰ ਭਾਰਤੀ ਚਿਕਿਤਸਾ ਸੋਧ ਪ੍ਰੀਸ਼ਦ (ਆਈਸੀਐਮਆਰ) ਦੇ ਪ੍ਰਮੁੱਖ ਬਲਰਾਮ ਭਾਰਗਵ ਨੇ ਕਿਹਾ ਕਿ ਭਾਰਤ ਇਕ ਦਿਨ ਵਿਚ 10 ਹਜ਼ਾਰ ਟੈਸਟ ਕਰ ਸਕਦਾ ਹੈ। 24 ਮਾਰਚ ਦੌਰਾਨ ਭਾਰਗਵ ਨੇ ਕਿਹਾ ਕਿ 12 ਹਜ਼ਾਰ ਸੈਂਪਲ ਟੈਸਟ ਕਰ ਸਕਦਾ ਹੈ। ਜੇਕਰ ਭਾਰਤ ਕੋਲ ਅਜਿਹਾ ਸੀ ਤਾਂ ਭਾਰਤ ਅਜੇ ਤੱਕ ਹਰ ਰੋਜ਼ 1500 ਟੈਸਟ ਤੋਂ ਵੀ ਘੱਟ ਟੈਸਟ ਕਿਉਂ ਕਰ ਰਿਹਾ ਹੈ? 
ਕੀ ਭਾਰਤ ਦੇ ਕੋਲ ਟੈਸਟ ਕਿੱਟਾਂ ਨਹੀਂ ਹਨ? 28 ਮਾਰਚ, 29 ਮਾਰਚ ਤੇ 30 ਮਾਰਚ ਨੂੰ ਆਈਸੀਐਮਆਰ ਦੇ ਵਿਗਿਆਨਕ ਆਰ ਗੰਗਾ ਖੇਡਕਰ ਨੇ ਸਿਹਤ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਵਿਚ ਕਿਹਾ ਹੈ ਕਿ ਭਾਰਤ ਆਪਣੀ ਸਮਰੱਥਾ ਦਾ 30% ਹੀ ਇਸਤੇਮਾਲ ਕਰ ਰਿਹਾ ਹੈ। ਅਰਥਾਤ ਤਿੰਨ ਦਿਨਾਂ ਤੱਕ ਭਾਰਤ ਦੀ ਇਕੋ ਹੀ ਗਤੀ ਹੈ। ਅਜਿਹੀ ਪ੍ਰਸਥਿਤੀ ਵਿਚ ਜੇਕਰ ਅਸੀਂ ਆਪਣੀ 100 ਫੀਸਦੀ ਸਮਰੱਥਾ ਦਾ ਇਸਤੇਮਾਲ ਨਹੀਂ ਕਰਾਂਗੇ ਤਾਂ ਕੱਦ ਕਰਾਂਗੇ। ਪ੍ਰੈਸ ਕਾਨਫਰੰਸ ਵਿਚ ਗੰਗਾ ਖੇਡਕਰ ਨੇ ਪਹਿਲੀ ਵਾਰ ਅੰਕੜਾ ਦਿੱਤਾ ਕਿ ਭਾਰਤ ਦੇ ਕੋਲ ਕਿੰਨੇ ਟੈਸਟ ਕਿੱਟ ਹਨ। ਉਸ ਨੇ ਕਿਹਾ ਕਿ ਭਾਰਤ ਦੇ ਕੋਲ ਇਕ ਲੱਖ ਟੈਸਟ ਕਿੱਟ ਹਨ ਤੇ ਅਮਰੀਕਾ ਤੋਂ ਪੰਜ ਲੱਖ ਟੈਸਟ ਕਿੱਟ ਆ ਚੁੱਕੇ ਹਨ।
ਇਹ ਅੰਕੜਾ ਦੱਸ ਰਿਹਾ ਹੈ ਕਿ ਭਾਰਤ ਦੇ ਕੋਲ 30 ਮਾਰਚ ਤੱਕ ਟੈਸਟ ਕਿੱਟ ਨਾ ਦੇ ਬਰਾਬਰ ਸਨ। ਇਹ ਗਿਣਤੀ ਦੱਸ ਰਹੀ ਹੈ ਕਿ ਟੈਸਟ ਕਿੱਟ ਦੀ ਘਾਟ ਕਾਰਨ ਭਾਰਤ ਕੋਰੋਨਾ ਵਾਇਰਸ ਨਾਲ ਹਮਲਾਵਰ ਢੰਗ ਨਾਲ ਨਹੀਂ ਲੜ ਸਕਿਆ। ਹੁਣ ਜਾ ਕੇ ਪੂਨੇ ਦੀ ਇਕ ਕੰਪਨੀ ਨੇ ਭਾਰਤੀ ਮਾਡਲ ਬਣਾਇਆ ਹੈ। ਵਿਸ਼ਵ ਸਿਹਤ ਸੰਗਠਨ ਨੇ ਫਰਵਰੀ ਵਿਚ ਹੀ ਦੁਨੀਆਂ ਦੇ 70 ਦੇਸਾਂ ਨੂੰ ਆਪਣਾ ਮਾਡਲ ਦੇ ਦਿੱਤਾ ਸੀ। 
ਤੱਦ ਦੱਖਣ ਕੋਰੀਆ ਵਿਚ ਆਪਣੀਆਂ ਕੰਪਨੀਆਂ ਨੂੰ ਬੁਲਾ ਕੇ ਟੈਸਟ ਕਿੱਟ ਬਣਾਉਣ ਦੀ ਰਣਨੀਤੀ ਬਣਾ ਲਈ ਸੀ। ਭਾਰਤ ਨੇ ਇਸ ਸੰਬੰਧੀ ਬਹੁਤ ਦੇਰ ਕਰ ਦਿੱਤੀ। 
ਪੁੱਛਣਾ ਇਹ ਬਣਦਾ ਹੈ ਕਿ ਕੀ ਭਾਰਤ ਕੋਰੋਨਾ ਵਾਇਰਸ ਬਾਰੇ ਟੈਸਟਿੰਗ ਵਧਾਉਣ ਜਾਂ ਰਿਹਾ ਹੈ ਜਾਂ ਬਚਾਅ ਬਚਾਅ ਕੇ ਟੈਸਟ ਕਰੇਗਾ? ਤੁਸੀਂ ਦੇਖੋ ਜਰਮਨੀ ਹਫਤੇ ਵਿਚ ਪੰਜ ਲੱਖ ਟੈਸਟ ਕਰ ਰਿਹਾ ਹੈ ਤੇ ਹੁਣ ਹਰ ਦਿਨ ਇਕ ਲੱਖ ਟੈਸਟ ਕਰਨ ਜਾ ਰਿਹਾ ਹੈ। 30 ਅਪ੍ਰੈਲ ਤੱਕ 2 ਲੱਖ ਟੈਸਟ ਰੋਜ਼ਾਨਾ ਕਰੇਗਾ। ਜਰਮਨੀ ਇਸ ਵਕਤ ਹਰ ਰੋਜ਼ 70 ਹਜ਼ਾਰ ਟੈਸਟ ਕਰ ਰਿਹਾ ਹੈ। ਜਰਮਨੀ ਦੀ ਲੜਾਈ ਦੱਖਣੀ ਕੋਰੀਆ ਦੀ ਤਰ੍ਹਾਂ ਮਿਸਾਲ ਬਣ ਗਈ ਹੈ। ਇੱਥੇ ਕੋਰੋਨਾ ਦੀ ਗਿਣਤੀ ਤਾਂ ਵਧ ਰਹੀ ਹੈ, ਪਰ ਮੌਤ ਦਰ ਘੱਟ ਹੈ। ਖਾਸ ਕਰਕੇ ਸਪੇਨ, ਇਟਲੀ, ਫਰਾਂਸ ਤੇ ਬ੍ਰਿਟੇਨ ਦੇ ਮੁਕਾਬਲੇ। 
ਚੌਥੇ ਨੰਬਰ ਦੀ ਅਰਥ ਵਿਵਸਥਾ ਵਿਚ ਜਰਮਨੀ ਇਕ ਦਿਨ ਵਿਚ 70 ਹਜ਼ਾਰ ਟੈਸਟ ਕਰ ਰਿਹਾ ਹੈ। ਹੁਣ ਇਕ ਲੱਖ ਕਰੇਗਾ। ਇਕ ਹਫਤੇ ਵਿਚ ਪੰਜ ਲੱਖ ਟੈਸਟ ਕਰ ਰਿਹਾ ਹੈ। ਪੰਜਵੇਂ ਨੰਬਰ ਦੀ ਅਰਥ ਵਿਵਸਥਾ ਭਾਰਤ ਇਕ ਦਿਨ ਵਿਚ ਸਿਰਫ 1500 ਟੈਸਟ ਹੀ ਕਰ ਰਿਹਾ ਹੈ। ਕੀ ਅਮਰੀਕਾ ਨੇ ਟੈਸਟ ਕਰਨ ਵਿਚ ਦੇਰੀ ਕਰਕੇ ਗਲਤੀ ਕਰ ਦਿੱਤੀ? ਟੈਸਟ ਕਰਨ ਵਿਚ ਹੀ ਭਾਰਤ ਤੇ ਅਮਰੀਕਾ ਦੋਨਾਂ ਨੇ ਇਕ ਮਹੀਨੇ ਦਾ ਮਹੱਤਵਪੂਰਨ ਸਮਾਂ ਗੁਆ ਦਿੱਤਾ, ਜਿਸ ਦੀ ਸਜ਼ਾ ਆਮ ਲੋਕ ਭੁਗਤਣਗੇ। 
ਭਾਰਤ ਨੇ 6 ਮਾਰਚ ਦੌਰਾਨ 3404 ਟੈਸਟ ਕੀਤੇ ਸਨ। ਅਮਰੀਕਾ ਨੇ 1 ਮਾਰਚ ਤੱਕ 3600 ਟੈਸਟ ਕੀਤੇ ਸਨ। ਜਦ ਕਿ ਉਸ ਦੇ ਕੋਲ 75 ਹਜ਼ਾਰ ਟੈਸਟ ਕਰਨ ਦੀ ਸਮਰੱਥਾ ਹੈ। ਇੱਥੋਂ ਤੱਕ ਦੋਨੋਂ ਦੇਸ ਬਰਾਬਰ ਗਤੀ ਨਾਲ ਚੱਲ ਰਹੇ ਹਨ। 24 ਫਰਵਰੀ ਨੂੰ ਅਹਿਮਦਾਬਾਦ ਵਿਚ ਰਾਸ਼ਟਰਪਤੀ ਟਰੰਪ ਰੈਲੀ ਦੇ ਲਈ ਆਏ ਸਨ। ਜਦ ਕਿ ਦੁਨੀਆਂ ਭਰ ਵਿਚ ਅਪੀਲ ਜਾਰੀ ਕੀਤੀ ਗਈ ਸੀ ਕਿ ਕੋਰੋਨਾ ਵਾਇਰਸ ਕਾਰਨ ਵੱਡੇ ਇਕੱਠ ਨਾ ਕਰੋ। ਬਹੁਗਿਣਤੀ ਦੇਸਾਂ ਨੇ ਆਪਣੇ ਵੱਡੇ ਇਕੱਠ ਰੱਦ ਕਰ ਦਿੱਤੇ ਸਨ। ਅਮਰੀਕਾ ਕੋਲ ਭਾਵੇਂ ਸਿਹਤ ਦਾ ਮਜ਼ਬੂਤ ਹੈਲਥ ਸਿਸਟਮ ਹੈ, ਪਰ ਲੇਕਿਨ ਲਾਹਪ੍ਰਵਾਹੀ ਨੇ ਉਸ ਨੂੰ ਸੰਕਟ ਵਿਚ ਪਾ ਦਿੱਤਾ। ਜਦ ਟੈਸਟਿੰਗ ਨੂੰ ਲੈ ਕੇ ਅਮਰੀਕਾ ਦੀ ਤਿੱਖੀ ਆਲੋਚਨਾ ਹੋਈ ਤੇ ਨਿਊਯਾਰਕ ਵਿਚ ਲੋਕ ਮਰਨ ਲੱਗੇ ਤਦ ਜਾ ਕੇ ਅਮਰੀਕਾ ਨੇ ਟੈਸਟਿੰਗ ਦੀ ਨੀਤੀ ਬਦਲੀ। 30 ਮਾਰਚ ਤੱਕ ਭਾਰਤ ਦੀ ਵੀ ਇਹੀ ਨੀਤੀ ਸੀ, ਜੋ ਕਿ ਬਹੁਤ ਗਲਤ ਸੀ। ਮਜ਼ਬੂਰ ਹੋ ਕੇ ਅਮਰੀਕਾ ਨੂੰ ਸੀਮਤ ਟੈਸਟਿੰਗ ਦੀ ਨੀਤੀ ਬਦਲਣੀ ਪਈ। 1 ਮਾਰਚ ਨੂੰ ਜਿੱਥੇ 3600 ਟੈਸਟ ਹੋਏ ਸਨ, ਉੱਥੇ ਅਮਰੀਕਾ ਨੇ 27 ਮਾਰਚ ਤੱਕ 540718 ਟੈਸਟ ਕੀਤੇ। ਪਰ ਕਾਫੀ ਦੇਰ ਹੋ ਚੁੱਕੀ ਸੀ। ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਦੁਨੀਆਂ ਵਿਚ ਸਭ ਦੇਸਾਂ ਤੋਂ ਜ਼ਿਆਦਾ ਮਰੀਜ਼ ਹੋ ਚੁੱਕੇ ਹਨ। ਹੁਣ ਤੱਕ 164,435 ਕੇਸ ਪਾਜ਼ਿਟਵ ਆਏ ਹਨ ਤੇ 3175 ਲੋਕਾਂ ਦੀ ਮੌਤ ਹੋ ਚੁੱਕੀ ਹੈ।