image caption:

ਸਿਹਤ ਸਹੂਲਤਾਂ ਤੋਂ ਪੱਛੜੇ ਭਾਰਤ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਡਿੱਗੇਗੀ

ਵਿਸ਼ੇਸ਼ ਰਿਪੋਰਟ
ਪ੍ਰੋ. ਬਲਵਿੰਦਰਪਾਲ ਸਿੰਘ
ਮੋਬ. 9815700916

ਭਾਰਤ ਦੇ ਪ੍ਰਧਾਨ ਮੰਤਰੀ ਮੋਦੀ 'ਮਨ ਕੀ ਬਾਤ' ਭਾਸ਼ਣਾਂ ਦੇ ਨਾਲ 130 ਕਰੋੜ ਲੋਕਾਂ ਨੂੰ ਲੌਕਡਾਊਨ ਦੇ ਕੇ ਖਾਨਾਪੂਰਤੀ ਕਰ ਲਈ ਹੈ। ਪਰ ਇਸ ਨਾਲ ਸਮੁੱਚੇ ਭਾਰਤ ਦੇ ਲੋਕ ਦੁੱਖਾਂ ਵਿਚ ਫਸ ਗਏ ਹਨ। 'ਮਨ ਕੀ ਬਾਤ' ਵਿਚ ਉਨ੍ਹਾਂ ਨੇ ਆਪਣੀ ਮਜ਼ਬੂਰ ਸਰਕਾਰ ਦੇ ਲਈ ਦੇਸ ਦੇ ਲੋਕਾਂ ਤੋਂ ਮਾਫੀ ਮੰਗੀ ਹੈ, । ਪ੍ਰਧਾਨ ਮੰਤਰੀ ਮੋਦੀ ਦੀ ਪਾਰਟੀ ਦੇ ਆਗੂ ਗਊ ਮੂਤਰ ਦੀਆਂ ਪਾਰਟੀ ਕਰ ਰਹੇ ਹਨ ਤੇ ਕੇਂਦਰੀ ਮੰਤਰੀ ਰਾਮਦਾਸ ਆਠਲਵੇ ਤਾਂਤਰਿਕਾਂ ਵਾਂਗ 'ਗੌ ਕਰੋਨਾ ਗੌ' ਅਜੀਬ ਜਿਹੇ ਡਰਾਮੇ ਕਰ ਰਹੇ ਹਨ। ਲੌਕਡਾਊਨ ਦਾ ਫੈਸਲਾ ਭਾਰਤੀ ਅਰਥ ਅਵਸਥਾ ਦੇ ਲਈ ਬਹੁਤ ਭਾਰੀ ਪੈ ਸਕਦਾ ਹੈ। ਇਸ ਲੌਕਡਾਊਨ ਨੇ ਕੋਰੋਨਾ ਸੰਕਟ ਦੌਰਾਨ ਛੋਟੇ ਵੱਡੇ ਕਾਰੋਬਾਰਾਂ ਨੂੰ ਬੁਰੀ ਤਰ੍ਹਾਂ ਠੱਪ ਕਰਕੇ ਰੱਖ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਲੌਕਡਾਊਸ ਬਿਨਾਂ ਤਿਆਰੀ ਦੇ ਕੀਤਾ ਹੈ ਤੇ 21 ਦਿਨਾਂ ਦਾ ਲੌਕਡਾਊਨ ਐਲਾਨ ਕਰਕੇ ਭਾਰਤੀ ਅਰਥ ਵਿਵਸਥਾ ਨੂੰ ਡੂੰਘੀ ਚੋਟ ਪਹੁੰਚਾਈ ਹੈ। ਭਾਵੇਂ ਰਿਜ਼ਰਵ ਬੈਂਕ ਇਸ ਦੇ ਨਤੀਜੇ ਨਾ ਦੱਸੇ, ਪਰ ਦੁਨੀਆਂ ਭਰ ਦੀਆਂ ਸੰਸਥਾਵਾਂ ਤੇ ਅਰਥ ਸ਼ਾਸਤਰੀਆਂ ਦੇ ਵਿਸ਼ਲੇਸ਼ਣ ਦੇ ਅਨੁਮਾਨ ਵਿਸ਼ਵ ਮੀਡੀਆ ਵਿਚ ਪ੍ਰਕਾਸ਼ਿਤ ਹੋ ਰਹੇ ਹਨ। ਵਿਸ਼ਵ ਪ੍ਰਸਿੱਧ ਸੰਸਥਾ ਮੂਡੀਜ਼ ਨੇ ਭਾਰਤ ਦੀ ਜੇਡੀਪੀ ਵਿਚ 2.5 ਫੀਸਦੀ ਦੀ ਗਿਰਾਵਟ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਦਾ ਸਾਫ ਅਰਥ ਹੈ ਕਿ ਭਾਰਤੀ ਅਰਥ ਵਿਵਸਥਾ ਬਹੁਤ ਬੁਰੀ ਤਰ੍ਹਾਂ ਥੱਲੇ ਡਿਗੇਗੀ। ਆਰਗਨੇਜਾਈਜੇਸ਼ਨ ਫਾਰ ਇਕਨਾਮਿਕ ਕੌ-ਅਪ੍ਰੇਸ਼ਨ ਐਂਡ ਡਿਵੈਲਪਮੈਂਟ ਦਾ ਅਨੁਮਾਨ ਹੈ ਕਿ ਗਿਰਾਵਟ 2 ਫੀਸਦੀ ਹੋਵੇਗੀ। ਕ੍ਰੈਡਿਟ ਸਵਿਸ ਦਾ ਮੰਨਣਾ ਹੈ ਕਿ ਲੌਕਡਾਊਨ ਕਾਰਨ ਭਾਰਤ ਦਾ ਕੁੱਲ ਉਤਪਾਦਨ ਦਾ 37 ਫੀਸਦੀ ਹਿੱਸਾ ਠੱਪ ਹੋ ਗਿਆ ਹੈ। 21 ਦਿਨਾਂ ਵਿਚ ਜੀਡੀਪੀ ਦਾ 4 ਫੀਸਦੀ ਗਾਇਬ ਹੋ ਸਕਦਾ ਹੈ। ਕ੍ਰੇਡਿਟ ਸਵਿਸ ਦੇ ਏਸ਼ੀਆ ਪੈਸੀਫਿਕ ਇਕਵਟੀ ਸਟੇਟਜ਼ੀ ਦੇ ਮੁਖੀ ਨੀਲ ਕੰਠ ਮਿਸ਼ਰ ਦਾ ਅਨੁਮਾਨ ਹੈ ਕਿ ਮੰਦੀ ਲੰਬੇ ਸਮੇਂ ਤੱਕ ਫੈਲੇਗੀ, ਜਿਸ ਦਾ ਸਾਡੇ ਨਿਰਯਾਤ 'ਤੇ ਵੀ ਅਸਰ ਹੋਵੇਗਾ। ਇਸ ਦਾ ਕਾਰਨ ਇਹ ਹੈ ਕਿ ਦੁਨੀਆਂ ਦੀ ਆਰਥਿਕ ਗਤੀਵਿਧੀਆਂ ਵਿਚ ਘਾਟ ਆਵੇਗੀ। ਪਰ ਜੋ ਨੁਕਸਾਨ ਮੋਦੀ ਮਹਾਰਾਜ ਦੇ ਪਿਛਲੇ ਦੋ ਕਦਮਾਂ ਨੋਟਬੰਦੀ, ਜੀਐਸਟੀ ਨਾਲ ਹੋਇਆ ਹੈ, ਉਹੀ ਨੁਕਸਾਨ ਇਸ ਲੌਕਡਾਊਨ ਤੋਂ ਵੀ ਹੁੰਦਾ ਨਜ਼ਰ ਆ ਰਿਹਾ ਹੈ। ਪਰ ਇਹ ਨੁਕਸਾਨ ਸਥਾਈ ਕਿਸਮ ਦਾ ਸਥਾਈ ਕਿਸਮ ਦਾ ਜਾਪਦਾ ਹੈ। ਜ਼ਿਆਦਾਤਰ ਛੋਟੇ ਦੁਕਾਨਦਾਰ ਤੇ ਕਾਰੋਬਾਰੀ ਆਰਥਿਕ ਤੌਰ 'ਤੇ ਵੱਡੇ ਸੰਕਟ ਵਿਚ ਫਸੇ ਹੋਏ ਹਨ। ਆਨਲਾਈਨਿੰਗ ਮਾਰਕੀਟਿੰਗ ਇਸ ਸਮੇਂ ਦੌਰਾਨ ਕੀ ਰੁੱਖ ਦਿਖਾਏਗੀ ਤੇ ਕਿੰਨੀ ਬੇਰੁਜ਼ਗਾਰੀ ਫੈਲਦੀ ਹੈ ਇਸ ਦਾ ਨਿਰਣਾ ਕਰਨਾ ਹਾਲ ਦੀ ਘੜੀ ਕਰਨਾ ਅਸੰਭਵ ਹੈ। ਭਾਰਤ ਪਹਿਲਾਂ ਵਾਂਗ ਆਰਥਿਕ ਵਿਕਾਸ ਵਲ ਵਧ ਸਕੇਗਾ, ਇਹ ਕਹਿਣਾ ਹਾਲ ਦੀ ਘੜੀ ਮੁਸ਼ਕਲ ਹੈ। ਟੈਲੀਕਾਮ, ਰੀਅਲ ਅਸਟੇਟ, ਆਟੋ ਮੋਬਾਇਲ ਵਰਗੇ ਖੇਤਰਾਂ 'ਤੇ ਬੁਰੀ ਮਾਰ ਪਈ ਹੈ। ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੀ ਖਪਤ ਪ੍ਰਭਾਵਿਤ ਹੋਈ ਹੈ। ਰੀਅਲ ਅਸਟੇਟ ਸਭ ਤੋਂ ਵੱਧ ਰੁਜ਼ਗਾਰ ਦਿੰਦਾ ਹੈ, ਉਸ ਦੇ ਠੱਪ ਹੋਣ ਨਾਲ ਬੇਰੁਜ਼ਗਾਰੀ ਵਧੇਗੀ। ਆਟੋ ਮੋਬਾਇਲ ਕੰਪਨੀਆਂ ਤੋਂ ਵੀ ਉਤਾਪਦਨ ਵਿਚ ਕਟੌਤੀ ਦੀ ਸੂਚਨਾ ਆ ਰਹੀ ਹੈ। ਇੱਥੋਂ ਤੱਕ ਹਰੇਕ ਰੁਜ਼ਗਾਰ 'ਤੇ ਖਤਰਾ ਮੰਡਰਾ ਰਿਹਾ ਹੈ। ਖੇਤੀ, ਕਿਸਾਨੀ ਦੀ ਸਭ ਤੋਂ ਜ਼ਿਆਦਾ ਮਾੜੀ ਹਾਲਤ ਹੋਈ ਹੈ। ਮੱਛੀ ਪਾਲਣ, ਮੁਰਗੀ ਪਾਲਣ ਤੇ ਦੁੱਧ ਦਾ ਧੰਦਾ ਠੱਪ ਹੋ ਕੇ ਰਹਿ ਗਿਆ ਹੈ। ਬੇਮੌਸਮੀ ਬਰਸਾਤ ਕਾਰਨ ਕਣਕ ਤੇ ਆਲੂ ਦੀ ਫਸਲ ਨੂੰ ਨੁਕਸਾਨ ਪੁੱਜਾ ਹੈ। ਪੰਜਾਬ ਵਰਗੇ ਖੇਤੀ ਪ੍ਰਮੁੱਖ ਰਾਜ ਨੂੰ ਇਸ ਦਾ ਵਧ ਨੁਕਸਾਨ ਹੋਵੇਗਾ। ਉਸ ਨੂੰ ਲੇਬਰ ਸੰਕਟ ਦਾ ਸਾਹਮਣਾ ਵੀ ਕਰਨਾ ਪਵੇਗਾ, ਕਿਉਂਕਿ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਮੁੜ ਰਹੇ ਹਨ। 

ਕਿੱਥੇ ਖਲੌਤਾ ਹੈ ਹੈਲਥ 'ਚ ਭਾਰਤ
ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਵਿਚ ਪ੍ਰਮੁੱਖ ਭੂਮਿਕਾ ਨਿਭਾਅ ਰਹੇ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਕਰਮਚਾਰੀਆਂ ਤੱਕ ਸੁਰੱਖਿਆ ਉਪਕਰਨ ਪਹੁੰਚਣ ਵਿਚ ਤਕਰੀਬਨ ਇਕ ਮਹੀਨੇ ਤੱਕ ਦੀ ਦੇਰੀ ਹੋ ਸਕਦੀ ਹੈ। ਬੀਤੇ 28 ਮਾਰਚ ਨੂੰ ਸਿਹਤ ਮੰਤਰਾਲੇ ਦੇ ਅਧੀਨ ਇਕ ਸਰਕਾਰੀ ਕੰਪਨੀ ਐਚਐਲਐਲ ਲਾਈਫ ਕੇਅਰ ਨੇ ਦੱਖਣ-ਪੱਛਮ ਰੇਲਵੇ ਦੇ ਮੁੱਖ ਮੈਡੀਕਲ ਡਾਇਰੈਕਟਰ ਨੂੰ ਭੇਜੇ ਇਕ ਈ-ਮੇਲ ਵਿਚ ਨਿੱਜੀ ਸੁਰੱਖਿਆ ਉਪਕਰਣਾਂ ਦੇ ਪਹੁੰਚਣ ਵਿਚ ਦੇਰੀ ਦੀ ਗੱਲ ਸਵੀਕਾਰ ਕੀਤੀ ਹੈ। ਦੱਖਣ-ਪੱਛਮੀ ਰੇਲਵੇ ਨੇ ਰੇਲਵੇ ਹਸਪਤਾਲਾਂ ਦੇ ਲਈ ਐਚਐਲ ਤੋਂ 18 ਹਜ਼ਾਰ ਸੁਰੱਖਿਆ ਉਪਕਰਣ ਮੰਗੇ ਹਨ। ਇਸ ਵਿਚ ਬਾਡੀ ਕਵਰ, ਮਾਸਕ, ਦਸਤਾਨੇ ਤੇ ਐਨਕਾਂ ਸ਼ਾਮਲ ਹਨ। ਇਸ ਦੇ ਜੁਆਬ ਵਿਚ ਐਚਐਲਐਲ ਨੇ ਕਿਹਾ ਹੈ ਕਿ ਇਸ ਸਮੇਂ ਬਾਜ਼ਾਰ ਵਿਚ ਇਸ ਦੀ ਭਾਰੀ ਘਾਟ ਹੈ ਤੇ ਲੌਕਡਾਊਨ ਕਾਰਨ ਇਹ ਚੀਜ਼ਾਂ ਉਨ੍ਹਾਂ ਤੱਕ ਪਹੁੰਚਣ ਵਿਚ 25 ਤੋਂ 30 ਦਿਨ ਦਾ ਸਮਾਂ ਲੱਗ ਸਕਦਾ ਹੈ। ਇਹ ਸਿਰਫ ਰੇਲਵੇ ਵਿਭਾਗ ਦਾ ਮਾਮਲਾ ਨਹੀਂ। ਪੂਰੇ ਭਾਰਤ ਵਿਚ ਵੱਖ-ਵੱਖ ਖੇਤਰਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਹਸਪਤਾਲਾਂ ਵਿਚ ਸੁਰੱਖਿਆ ਉਪਕਰਣਾਂ ਦੀ ਘਾਟ ਹੋਣ ਕਾਰਨ ਡਾਕਟਰ ਆਪਣੀ ਜਾਨ ਖਤਰੇ ਵਿਚ ਪਾ ਕੇ ਇਲਾਜ ਕਰ ਰਹੇ ਹਨ। ਭਾਰਤੀ ਮੰਤਰਾਲੇ ਦਾ ਕਹਿਣਾ ਹੈ ਕਿ 60 ਹਜ਼ਾਰ ਸੁਰੱਖਿਆ ਉਪਕਰਣਾਂ ਦਾ ਸਮਾਨ ਖਰੀਦਿਆ ਹੈ ਤੇ 60 ਲੱਖ ਉਪਕਰਣਾਂ ਦਾ ਆਰਡਰ ਦੇ ਦਿੱਤਾ ਹੈ। ਇਨ੍ਹਾਂ ਵਿਚੋਂ ਅੱਧੇ ਉਪਕਰਣ ਘਰੇਲੂ ਇੰਡਸਟਰੀ ਤੋਂ ਖਰੀਦੇ ਜਾਣਗੇ, ਬਾਕੀ ਸਮਾਨ ਸਿੰਗਾਪੁਰ ਤੇ ਦੱਖਣ ਕੋਰੀਆ ਤੋਂ ਮੰਗਾਇਆ ਜਾਵੇਗਾ। ਪੂਰੇ ਭਾਰਤ ਵਿਚ ਤਕਰੀਬਨ 4 ਲੱਖ ਘਰੇਲੂ ਉਪਕਰਣ ਸਟਾਕ ਵਿਚ ਰੱਖੇ ਗਏ ਹਨ। ਭਾਰਤੀ ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਵਿਦੇਸ਼ਾਂ ਤੋਂ ਮਾਲ ਕਦ ਆਵੇਗਾ। ਐਚਐਲਐਲ ਦੀ ਵੈਬਸਾਈਟ 'ਤੇ ਅਪਲੌਡ ਕਰੋ ਤਾਂ ਪਤਾ ਲੱਗਦਾ ਹੈ ਗਲੋਬਲ ਤੇ ਘਰੇਲੂ ਟਰੇਡਰ ਦੇ ਮੁਤਾਬਕ ਭਾਰਤ ਵਿਚ 20 ਲੱਖ ਬਾਡੀ ਕੰਵਰ, 20 ਲੱਖ ਐਨਕਾਂ, 50 ਲੱਖ ਐਨ-95 ਮਾਸਕ, 4 ਕਰੋੜ ਸਰਜੀਕਲ ਮਾਸਕ ਤੇ 40 ਲੱਖ ਦਸਤਾਨੇ ਤੇ 10 ਲੱਖ ਹੈਂਡ ਸੈਂਟੇਟਾਈਜ਼ਰ ਬੋਤਲ ਦੀ ਮੰਗ ਕੀਤੀ ਹੈ। ਸੁਆਲ ਤਾਂ ਇਹ ਬਣਦਾ ਹੈ ਕਿ ਜਿੰਨਾ ਡਾਕਟਰਾਂ ਨੇ ਭਾਰਤ ਨੂੰ ਕੋਰੋਨਾ ਵਾਇਰਸ ਤੋਂ ਬਚਾਉਣਾ ਹੈ, ਉਨ੍ਹਾਂ ਦੀਆਂ ਜਾਨਾਂ ਖਤਰੇ ਵਿਚ ਹਨ, ਕਿਉਂਕਿ ਉਨ੍ਹਾਂ ਕੋਲ ਮਰੀਜ਼ਾਂ ਦੇ ਇਲਾਜ ਲਈ ਪੂਰਾ ਸਮਾਨ ਨਹੀਂ ਹੈ। ਇਸ ਤੋਂ ਵੱਡੇ ਦੁੱਖ ਦੀ ਗੱਲ ਕਿਹੜੀ ਹੈ?