image caption:

ਭੱਖਦਾ ਮੱਸਲਾ- ਕੋਰੋਨਾ ਸੰਕਟ ਮੌਕੇ ਗੁਰੂ ਕੀ ਗੋਲਕ ਦੀ ਮਹੱਤਤਾ ਅਤੇ ਸਰਬੱਤ ਦਾ ਭਲਾ ਮਿਸ਼ਨ

ਬਘੇਲ ਸਿੰਘ ਧਾਲੀਵਾਲ
ਕਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਨੇ ਭਾਵੇਂ ਪੂਰੀ ਦੁਨੀਆਂ ਤੇ ਹਮਲਾ ਕੀਤਾ ਹੈ ਅਤੇ ਪੂਰੀ ਦੁਨੀਆਂ ਹੀ ਇਸ ਸਮੇ ਦਹਿਸ਼ਤ ਦੇ ਸਾਏ ਹੇਠ ਜਿਉਂ ਰਹੀ ਹੈ, ਪਰ ਭਾਰਤ ਵਰਗੇ ਮੁਲਕ ਦੇ ਹਾਲਾਤ ਕੁੱਝ ਵੱਖਰੇ ਹਨ। ਇੱਥੇ ਭੁੱਖਮਰੀ ਹੈ, ਇੱਥੇ ਵਿਤਕਰੇਬਾਜੀ ਦਾ ਬੋਲਬਾਲਾ ਹੈ, ਇੱਥੇ ਲੋਕ ਧਰਮਾਂ, ਜਾਤਾਂ, ਮਜਹਬਾਂ 'ਚ ਬੁਰੀ ਤਰ੍ਹਾਂ ਵੰਡੇ ਹੋਏ ਹਨ। ਇੱਥੇ ਖੁਸਹਾਲੀ ਨਾਮ ਦੀ ਕੋਈ ਚੀਜ਼ ਨਹੀ ਹੈ। ਇੱਥੇ ਸਿਆਸਤ ਨੇ ਹਮੇਸਾਂ ਲੋਕਾਂ ਨੂੰ ਆਪਸ ਵਿੱਚ ਜਾਤਾਂ, ਧਰਮਾਂ, ਮਜਹਬਾਂ ਦੇ ਨਾਮ ਤੇ ਲੜਾ ਕੇ ਰੱਖਿਆ ਹੈ। ਇਸ ਲਈ ਇੱਥੋ ਦੀਆਂ ਸਮੱਸਿਆਵਾਂ ਬਾਕੀ ਦੁਨੀਆਂ ਤੋ ਕੁੱਝ ਹੱਟ ਕੇ ਹਨ। ਜਿਸ ਦਿਨ ਤੋ ਕਰੋਨਾ ਵਾਇਰਸ ਨਾਮ ਦੀ ਅਲਾਮਤ ਮਹਾਂਮਾਰੀ ਬਣਕੇ ਦੁਨੀਆਂ ਚ ਫੈਲਣੀ ਸ਼ੁਰੂ ਹੋਈ ਹੈ, ਉਸ ਦਿਨ ਤੋ ਹੀ ਭਾਰਤ ਅੰਦਰ ਵੀ ਇਸ ਵਾਇਰਸ ਦੀ ਦਹਿਸ਼ਤ ਬਣੀ ਹੋਈ ਹੈ, ਕਿਉਕਿ ਵੱਡੀ ਗਿਣਤੀ ਵਿੱਚ ਭਾਰਤੀ ਰੋਜੀ ਰੋਟੀ ਲਈ ਉਹਨਾਂ ਮੁਲਕਾਂ 'ਚ ਗਏ ਹੋਏ ਹਨ, ਜਿੰਨ੍ਹਾਂ ਨੂੰ ਇਸ ਬਿਮਾਰੀ ਨੇ ਅਪਣੀ ਲਪੇਟ 'ਚ ਲਿਆ ਹੋਇਆ ਹੈ।
ਭਾਰਤੀਆਂ ਦਾ ਆਉਣਾ ਜਾਣਾ ਹੀ ਇਸ ਬਿਮਾਰੀ ਦਾ ਭਾਰਤ ਅੰਦਰ ਪ੍ਰਵੇਸ਼ ਦੁਆਰ ਬਣਿਆ ਹੈ, ਜਿਸ ਤੋ ਇਹ ਇੱਕ ਤੋ ਅੱਗੇ ਅੱਗੇ ਫੈਲਦਾ ਗਿਆ ਤੇ ਹਾਲਾਤ ਇੱਥੋ ਤੱਕ ਪੁੱਜ ਗਏ। ਭਾਰਤ ਹੀ ਨਹੀ ਬਲਕਿ ਪੂਰੀ ਦੁਨੀਆਂ ਵਿੱਚ ਹੀ ਇਸ ਵਾਇਰਸ ਦੇ ਫੈਲਣ ਦਾ ਕਾਰਨ ਅੰਤਰਰਾਸ਼ਟਰੀ ਆਵਾਜਾਈ ਹੀ ਬਣੀ ਹੈ। ਜਦੋਂ ਤੱਕ ਇਸ ਦੇ ਦੁਰ ਪਰਭਾਵਾਂ ਦਾ ਪਤਾ ਲੱਗਾ,ਉਦੋ ਤੱਕ ਇਹ ਦੁਨੀਆਂ ਦੇ ਦਰਜਨਾਂ ਮੁਲਕਾਂ ਵਿੱਚ ਅਪਣੇ ਪੈਰ ਪਸਾਰ ਚੁੱਕਾ ਸੀ,ਜਿੰਨਾਂ ਵਿੱਚ ਭਾਰਤ ਵੀ ਸ਼ਾਮਲ ਹੈ। ਸੋ ਭਾਰਤ ਦੀ ਗੱਲ ਜਿਸ ਤਰ੍ਹਾਂ ਉੱਪਰ ਵੀ ਕੀਤੀ ਗਈ ਹੈ ਕਿ ਇੱਥੋ ਦੇ ਹਾਲਾਤ ਕੁੱਝ ਵੱਖਰੇ ਹੋਣ ਕਰਕੇ ਸਮੱਸਿਆਵਾਂ ਵੀ ਵਧੇਰੇ ਹਨ। ਇੱਕ ਤਾਂ ਜਿਸਤਰਾਂ ਕੇਂਦਰ ਸਰਕਾਰ ਨੇ ਇਸ ਬਿਮਾਰੀ ਤੇ ਕਾਬੂ ਪਾਉਣ ਲਈ ਸਾਵਧਾਨੀ ਵਰਤੀ ਹੈ ਤੇ ਜਲਦੀ ਕਾਰਵਾਈ ਕਰਦਿਆਂ ਪੂਰੇ ਦੇਸ਼ ਅੰਦਰ ਲੌਕ ਡਾਉਨ ਦੇ ਹੁਕਮ ਕੀਤੇ ਹਨ, ਭਾਵ ਲੋਕਾਂ ਨੂੰ ਕੰਮ ਕਾਰ ਬੰਦ ਕਰਕੇ ਘਰਾਂ ਦੇ ਅੰਦਰ ਹੀ ਰਹਿਣ ਦੀ ਤਾਕੀਦ ਕੀਤੀ ਹੈ, ਉਹਦੇ ਨਾਲ ਇੱਕ ਨਵੀਂ ਸਮੱਸਿਆ ਹੋਰ ਬਣਦੀ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਜਿਸ ਬੰਦੇ ਨੇ ਦਿਹਾੜੀ ਕਰਕੇ ਸਾਮ ਨੂੰ ਪਰਿਬਾਰ ਲਈ ਰੋਟੀ ਦਾ ਇੰਤਜਾਮ ਕਰਨਾ ਸੀ,ਉਹਨਾਂ ਲੋਕਾਂ ਲਈ ਅੰਦਰ ਬੜਕੇ ਬੈਠਣਾ ਸਖਤ ਸਜ਼ਾ ਤੋ ਵੀ ਬੁਰਾ ਹੈ, ਕਿਉਕਿ ਸਰਕਾਰ ਉਹਨਾਂ ਤੱਕ ਕਿਸੇ ਵੀ ਹਾਲ ਰੋਟੀ ਪੁੱਜਦੀ ਕਰਨ ਵਿੱਚ ਕਾਮਯਾਬ ਹੁੰਦੀ ਦਿਖਾਈ ਨਹੀ ਦਿੰਦੀ।
ਇਹ ਮਹਾਂਮਾਰੀ ਦੇ ਖਤਰਿਆਂ ਤੋ ਵੀ ਮੁਨਕਰ ਹੋਣਾ ਸਿਆਣਪ ਨਹੀ,ਪਰ ਇਹਦੀ ਰੋਕਥਾਮ ਦੇ ਨਾਲ ਨਾਲ ਉਹਨਾਂ ਕਰੋੜਾਂ ਲੋਕਾਂ ਦੀ ਦੋ ਵਖਤ ਦੀ ਪੇਟ ਭਰ ਰੋਟੀ ਦਾ ਇੰਤਜਾਮ ਕਰਨਾ ਵੀ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਭਾਵੇਂ ਬਹੁਤ ਸਾਰੀਆਂ ਸੰਸਥਾਵਾਂ ਨੇ ਉਪਰਾਲੇ ਸ਼ੁਰੂ ਕੀਤੇ ਹੋਏ ਹਨ,ਪਰ ਉਹ ਕਾਫੀ ਨਹੀ ਸਮਝੇ ਜਾ ਸਕਦੇ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਇੱਥੇ ਵੀ ਉਹਨਾਂ ਗਰੀਬ ਲੋਕਾਂ ਦੀ ਕਾਫੀ ਗਿਣਤੀ ਹੈ, ਜਿਹੜੇ ਸਵੇਰੇ ਕੰਮ ਤੇ ਜਾ ਕੇ ਸਾਮ ਨੂੰ ਰਾਸ਼ਨ ਲੈ ਕੇ ਪਰਿਵਾਰ ਪਾਲਦੇ ਹਨ। ਉਹਨਾਂ ਗਰੀਬ ਲੋਕਾਂ ਤੱਕ ਪੇਟ ਭਰ ਖਾਣਾ ਭੇਜਣ ਦੀ ਜ਼ਿੰਮੇਵਾਰੀ ਸਰਕਾਰ ਤੋ ਇਲਾਵਾ ਸਰੋਮਣੀ ਕਮੇਟੀ ਨੇ ਲੈ ਲਈ ਹੈ, ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋ ਜਿੱਥੇ ਵੀ ਜਰੂਰਤ ਹੁੰਦੀ ਹੈ, ਉੱਥੇ ਲੰਗਰ ਭੇਜਿਆ ਜਾ ਰਿਹਾ ਹੈ,ਜਿਸ ਨਾਲ ਉਹਨਾਂ ਲੋਕਾਂ ਨੂੰ ਵੀ ਅਪਣੇ ਆਪ ਉਹਨਾਂ ਦੇ ਬੇਹੂਦੇ ਸੁਆਲਾਂ ਦਾ ਜਵਾਬ ਵੀ ਮਿਲ ਗਿਆ ਹੋਵੇਗਾ, ਜਿਹੜੇ ਗੁਰਦੁਆਰਿਆਂ ਤੇ ਅਕਸਰ ਹੀ ਉਂਗਲਾਂ ਚੁੱਕਦੇ ਰਹਿੰਦੇ ਹਨ,ਗੁਰੂ ਦੀ ਗੋਲਕ ਤੇ ਇਤਰਾਜ਼ ਕਰਦੇ ਹਨ। ਉਹਨਾਂ ਲੋਕਾਂ ਨੂੰ ਗੁਰੂ ਕੀ ਗੋਲਕ ਅਤੇ ਗੁਰੂ ਕੇ ਲੰਗਰਾਂ ਦੀ ਮਹਾਨਤਾ ਹੁਣ ਸਮਝ ਆ ਜਾਣੀ ਚਾਹੀਦੀ ਹੈ। ਇਹ ਸੱਚ ਹੈ  ਕਿ ਸਕੂਲ ਚੰਗੀ ਸਿੱਖਿਆ ਦੇ ਸਕਦੇ ਹਨ, ਬੌਧਿਕ ਪੱਧਰ ਉੱਚਾ ਚੁੱਕ ਸਕਦੇ ਹਨ,ਚੰਗੇ ਹਸਪਤਾਲ ਵਧੀਆ ਸਿਹਤ ਸਹੂਲਤਾਂ ਦੇ ਸਕਦੇ ਹਨ,ਪਰ ਇਹ ਵੀ ਸੱਚ ਹੈ ਕਿ ਅਜਿਹੇ ਹਲਾਤਾਂ ਵਿੱਚ ਭੁੱਖੇ ਨੂੰ ਰੋਟੀ ਸਕੂਲ ਚੋ ਨਹੀ ਮਿਲ ਸਕਦੀ ਹੈ, ਸਿਰਫ ਚੰਗੀ ਸਿੱਖਿਆ ਹੀ ਮਿਲ ਸਕਦੀ ਹੈ,ਇਸੇ ਤਰਾਂ ਹੀ ਹਸਪਤਾਲਾਂ ਚੋ ਚੰਗਾ ਇਲਾਜ ਹੋ ਸਕਦਾ ਹੈ, ਪਰ ਰੋਟੀ ਹਸਪਤਾਲ 'ਚੋਂ ਵੀ ਨਹੀ ਮਿਲ ਸਕਦੀ। ਪੀ ਜੀ ਆਈ ਤੋ ਵੱਡਾ ਹਸਪਤਾਲ ਪੰਜਾਬ,ਹਰਿਆਣ ਅਤੇ ਹਿਮਾਚਲ ਵਿੱਚ ਕੋਈ ਨਹੀ,ਪ੍ਰੰਤੂ ਅਜਿਹੇ ਹਾਲਾਤਾਂ ਵਿੱਚ ਰੋਟੀ ਉਥੇ ਵੀ ਗੁਰਦੁਆਰਾ ਸਾਹਿਬ ਤੋਂ ਹੀ ਜਾਂਦੀ ਹੈ।
ਸੋ ਅਗਲੀ ਗੱਲ ਇਹ ਹੈ ਕਿ ਜਿਲ੍ਹਾ ਹੈਡਕੁਆਰਟਰਾਂ ਤੇ ਸਰਕਾਰ ਨੇ ਹਰ ਲੋੜਵੰਦ ਤੱਕ ਖਾਣਾ ਭੇਜਣ ਦੀਆਂ ਹਦਾਇਤਾਂ ਕੀਤੀਆਂ ਹਨ,ਪਰ ਫਿਰ ਵੀ ਇਹ ਸੰਭਵ ਨਹੀ ਕਿ ਹਰ ਭੁੱਖੇ ਨੂੰ ਪੇਟ ਭਰ ਭੋਜਨ ਮੁਹੱਈਆ ਕਰਵਾਇਆ ਜਾ ਸਕੇ। ਇੱਥੇ ਵੀ ਗੁਰਦੁਅਰਾ ਕਮੇਟੀਆਂ ਨੇ ਇਹ ਕਾਰਜ ਅਰੰਭੇ ਹੋਏ ਹਨ। ਇੱਥੇ ਇਹ ਕਹਿਣਾ ਵੀ ਗਲਤ ਨਹੀ ਹੋਵੇਗਾ ਕਿ ਅੱਜ ਬਹੁਤ ਸਾਰੀਆਂ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਇਸ ਕਾਰਜ ਵਿੱਚ ਲੱਗੀਆਂ ਹੋਈਆਂ ਹਨ,ਪਰ ਉਹਨਾਂ ਨੂੰ ਵੀ ਪਰੇਰਨਾ ਗੁਰੂ ਕੇ ਲੰਗਰ ਦੀ ਮਹਾਨ ਪ੍ਰੰਪਰਾ ਅਤੇ ਸਿੱਖੀ ਦੇ ਸਰਬੱਤ ਦੇ ਭਲੇ ਦੇ ਸੰਕਲਪ ਤੋ ਹੀ ਮਿਲੀ ਹੈ। ਇੱਥੇ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਸਿਰਫ ਕਹਿਣ ਦੀਆਂ ਹੀ ਗੱਲਾਂ ਨਹੀ ਹਨ,ਬਲਕਿ ਹੁਣ ਜਦੋ ਪੂਰੀ ਦੁਨੀਆਂ ਮਹਾਂਮਾਰੀ ਦੀ ਮਾਰ ਝੱਲ ਰਹੀ ਹੈ ਤਾਂ ਇਹ ਗੁਰਦੁਆਰੇ ਹੀ ਹਨ, ਜਿੱਥੋਂ ਅਜਿਹੀਆਂ ਆਫਤਾਂ ਵਿੱਚ ਲੋੜਵੰਦਾਂ ਨੂੰ ਦੋ ਵਖਤ ਦਾ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਹ ਗੁਰੂ ਦੀ ਗੋਲਕ ਦਾ ਹੀ ਪਰਤਾਪ ਹੈ ਕਿ ਹਰ ਭੁੱਖੇ ਨੂੰ ਪੇਟ ਭਰ ਖਾਣਾ ਮਿਲਦਾ ਹੈ। ਰਹਿਣ ਲਈ ਛੱਤ ਮਿਲਦੀ ਹੈ। ਦੁਨੀਆਂ ਦੇ ਕਿਸੇ ਵੀ ਧਰਮ ਦੇ ਹਿੱਸੇ ਇਹ ਵਡਿਆਈ ਨਹੀ ਆਈ ਜੋ ਗੁਰੂ ਸਹਿਬਾਨਾਂ ਨੇ ਸਿੱਖ ਕੌਂਮ ਨੂੰ ਬਖਸ਼ੀ ਹੈ। ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਜਿੱਥੇ ਸਿੱਖ ਵਸਦੇ ਹਨ,ਉਹਨਾਂ ਨੇ ਉਥੇ ਸਭ ਤੋ ਪਹਿਲਾਂ ਗੁਰਦੁਆਰੇ ਬਣਾਏ ਹਨ,ਕੀ ਕੋਈ ਵਿਰੋਧੀ ਸੋਚ ਵਾਲਾ ਇਹ ਦਾਅਵੇ ਨਾਲ ਕਹਿ ਸਕਦਾ ਹੈ ਕਿ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਬਣੇ ਗੁਰਦੁਆਰਾ ਸਾਹਿਬ ਤੋ ਕਦੇ ਕੋਈ ਲੋੜਵੰਦ ਨਿਰਾਸ਼ ਪਰਤਿਆ ਹੋਵੇ, ਹਾਂ ਇਸ ਗੱਲ ਤੋ ਵੀ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਵਕਤੀ ਤੌਰ ਤੇ ਪ੍ਰਬੰਧ ਮਾੜੇ ਲੋਕਾਂ ਕੋਲ ਹੋਣ ਕਰਕੇ ਕੁਰਿਹਤਾਂ ਹੋ ਸਕਦੀਆਂ ਹਨ,ਪਰ ਕਿਸੇ ਵਿਅਕਤੀ ਵਿਸ਼ੇਸ਼ ਦੀਆਂ ਦੀਆਂ ਕੁਰਿਹਤੀ ਗਲਤੀਆਂ ਨੂੰ  ਗੁਰਦੁਆਰੇ,ਗੋਲਕਾਂ ਅਤੇ ਲੰਗਰ ਦੇ ਸੰਕਲਪ ਨੂੰ ਹੀ ਢਾਹ ਲਾਉਣ ਜਾਂ ਝੁਠਲਾਉਣ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕੀਤਾ ਜਾ ਸਕਦਾ। 
99142-58142