image caption:

ਕਿਸਾਨ ਯੂਨੀਅਨਾਂ ਨਾਲ ਗੱਲਬਾਤ ਲਈ ਸਰਕਾਰ ਹਮੇਸ਼ਾਂ ਤਿਆਰ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਕਿਹਾ ਕਿ ਸੰਸਦ ਵੱਲੋਂ ਪਿਛਲੇ ਵਰ੍ਹੇ ਸਤੰਬਰ ਮਹੀਨੇ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਸਬੰਧੀ ਮੁੱਦਿਆਂ ਦੇ ਹੱਲ ਲਈ ਮੁਜ਼ਾਹਰਾ ਕਰ ਰਹੀਆਂ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਲਈ ਸਰਕਾਰ ਹਮੇਸ਼ਾਂ ਤਿਆਰ ਰਹੇਗੀ। ਲੋਕ ਸਭਾ ਵਿੱਚ ਕਿਸਾਨਾਂ ਦੇ ਮੁਜ਼ਾਹਰੇ ਸਬੰਧੀ ਪੁੱਛੇ ਕਈ ਸੁਆਲਾਂ ਦੇ ਲਿਖਤੀ ਜੁਆਬ ਦਿੰਦਿਆਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਰੋਸ ਪ੍ਰਗਟਾ ਰਹੀਆਂ ਕਿਸਾਨ ਯੂਨੀਅਨਾਂ ਨਾਲ ਸਰਕਾਰ ਨੇ ਹੁਣ ਤੱਕ 11 ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਕਿਹਾ, ਸਰਕਾਰ ਕਿਸਾਨ ਯੂਨੀਅਨਾਂ ਨਾਲ ਮੁੱਦਿਆਂ ਦੇ ਹੱਲ ਲਈ ਗੰਭੀਰ, ਸੰਵੇਦਨਸ਼ੀਲ ਤੇ ਭਖਵੀਂ ਗੱਲਬਾਤ ਕਰਦੀ ਰਹੀ ਹੈ। ਗੱਲਬਾਤ ਦੇ ਵੱਖ-ਵੱਖ ਦੌਰਾਂ ਦੌਰਾਨ ਸਰਕਾਰ ਨੇ ਲਗਾਤਾਰ ਕਿਸਾਨ ਯੂਨੀਅਨਾਂ ਨੂੰ ਖੇਤੀ ਕਾਨੂੰਨਾਂ ਦੀਆਂ ਵਿਵਸਥਾਵਾਂ ਬਾਰੇ ਗੱਲਬਾਤ ਕਰਨ ਦੀ ਬੇਨਤੀ ਕੀਤੀ ਤਾਂ ਕਿ ਜੇਕਰ ਕਿਸੇ ਵਿਵਸਥਾ ਸਬੰਧੀ ਕੋਈ ਇਤਰਾਜ਼ ਹੈ ਤਾਂ ਇਸ ਨੂੰ ਦੂਰ ਕਰਨ ਲਈ ਪਹਿਲ ਕੀਤੀ ਜਾ ਸਕੇ, ਪਰ ਯੂਨੀਅਨਾਂ ਨੇ ਹਮੇਸ਼ਾਂ ਖੇਤੀ ਕਾਨੂੰਨ ਵਾਪਸ ਕਰਨ ਦੀ ਮੰਗ ਕੀਤੀ ਹੈ। ਸਰਕਾਰ ਕਿਸਾਨ ਯੂਨੀਅਨਾਂ ਨਾਲ ਚਰਚਾ ਲਈ ਹਮੇਸ਼ਾ ਤਿਆਰ ਰਹੀ ਹੈ ਤੇ ਮਸਲੇ ਦੇ ਹੱਲ ਲਈ ਮੁਜ਼ਾਹਰਾਕਾਰੀ ਕਿਸਾਨਾਂ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ ਰਹੇਗੀ।