image caption:

ਪੰਜਾਬ ਦੀ ਰਾਜਨੀਤੀ ਦਾ ਫਲਾਪ ਸ਼ੋਅ ਤੇ ਕਿਸਾਨੀ

ਪੰਜਾਬ ਦੀਆਂ ਸਿਆਸੀ ਪਾਰਟੀਆਂ ਕੋਲ ਪੰਜਾਬ ਦੇ ਵਿਕਾਸ ਦੇ ਹਿਤ ਵਿਚ ਕੋਈ ਉਸਾਰੂ ਏਜੰਡਾ ਨਹੀਂ ਹੈ| ਪੰਜਾਬ ਹਿਤ ਪਰੋੋੋਗਰਾਮ ਪੇਸ਼ ਕਰਨ ਦੀ ਥਾਂ ਧਰਮ ਤੇ ਜਾਤਾਂ ਦੇ ਏਜੰਡੇ ਪੇਸ਼ ਕਰ ਰਹੀਆਂ ਹਨ ਜਾਂ ਇਕ ਦੂਜੇ ਨੂੰ ਭੰਡਣ ਵਲ ਰੁਚਿਤ ਹਨ| ਹਾਲਾਂਕਿ ਪੰਜਾਬ ਉਜਾੜੇ ਵਲ ਹੈ| ਬੇਰੁਜ਼ਗਾਰੀ ਬੁਰੀ ਤਰਾਂ ਫੈਲੀ ਹੋਈ ਹੈ| ਕਿਸਾਨ ਵੀ ਸਿਆਣਪ ਨਹੀਂ ਕਰ ਰਹੇ ਅੰਨੇਵਾਹ ਕਾਰਪੋਰੇਟ ਦਾ ਵਿਰੋਧ ਕਰਕੇ ਪੰਜਾਬ ਨੂੰ ਹੋਰ ਬੇਰੁਜ਼ਗਾਰ ਕਰ ਰਹੇ ਹਨ| ਪਿਛਲੇ 10 ਮਹੀਨਿਆਂ ਤੋਂ ਕਿਸਾਨਾਂ ਦੇ ਵਿਰੋਧ ਮਗਰੋਂ ਅਡਾਨੀ ਕੰਪਨੀ ਦੇ ਕਾਰੋਬਾਰ ਠੱਪ ਪਏ ਹਨ| ਹਾਲਾਤ ਨੂੰ ਵੇਖਦਿਆਂ ਇਹ ਕੰਪਨੀਆਂ ਪੈਰ ਪਿਛਾਂਹ ਖਿੱਚਣ ਲੱਗੀਆਂ ਹਨ| ਪਤਾ ਲੱਗਾ ਹੈ ਕਿ ਕਿਲ੍ਹਾ ਰਾਏਪੁਰ ਸਥਿਤ ਅਡਾਨੀ ਕੰਪਨੀ ਨੇ ਖ਼ੁਸ਼ਕ ਬੰਦਰਗਾਹ ਦੇ ਗੇਟ ਉੱਪਰ ਲੱਗਿਆ ਆਪਣੇ ਨਾਂ ਦਾ ਬੋਰਡ ਲਾਹ ਦਿੱਤਾ ਹੈ| ਇਸ ਦੇ ਨਾਲ ਹੀ ਉੱਥੇ ਕੰਮ ਕਰਦੇ ਚਾਰ ਦਰਜਨ ਦੇ ਕਰੀਬ ਪੱਕੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ| ਇਸ ਤੋਂ ਚਰਚਾ ਹੈ ਕਿ ਕੀ ਅਡਾਨੀ ਕੰਪਨੀ ਆਪਣਾ ਕਾਰੋਬਾਰ ਠੱਪ ਕਰਨ ਜਾ ਰਹੀ ਹੈ| ਕਿਸਾਨਾਂ ਨੂੰ ਚਾਹੀਦਾ ਕਿ ਕਾਰਪੋਰੇਟ ਦਾ ਵਿਰੋਧ ਕਰਨ ਦੀ ਥਾਂ ਕੇਂਦਰ ਤੋਂ ਮੋਰਚਾ ਜਿਤਣ ਵਲ ਧਿਆਨ ਦੇਣ| ਪੰਜਾਬ ਪਖੀ ਖੇਤੀ ਮਾਡਲ ਦੇਣ ਜਿਸ ਨਾਲ ਪੰਜਾਬ ਬੇਰੁਜ਼ਗਾਰੀ ਤੋਂ ਮੁਕਤ ਹੋ ਸਕੇ ਤੇ ਰਜਕੇ ਰੋਟੀ ਖਾ ਸਕੇ| ਯਾਦ ਰਖਣ ਵਾਲੀ ਗਲ ਇਹ ਹੈ ਕਿ ਹਰੀ ਕ੍ਰਾਂਤੀ ਨੇ ਪੰਜਾਬ ਦੀ ਉਸ ਵੇਲੇ ਦੀ ਖੇਤੀ ਉੱਤੇ ਦੋ ਬੜੇ ਹੀ ਗਹਿਰੇ ਪ੍ਰਭਾਵ ਪਾਏ| ਪਹਿਲਾ ਸੀ, ਪੰਜਾਬ ਵਿਚ ਅੰਨ ਦੀ ਪੈਦਾਇਸ਼ ਪ੍ਰਤੀ ਏਕੜ ਢਾਈ ਗੁਣਾਂ ਹੋ ਗਈ ਅਤੇ ਦੂਸਰਾ, ਖੇਤੀ ਦਾ ਵੱਡੀ ਪੱਧਰ ਉੱਤੇ ਮਸ਼ੀਨੀਕਰਨ ਹੋ ਗਿਆ| ਖੇਤਾਂ ਦੇ ਸਰੂਪ ਬਦਲ ਗਏ| ਮਸਨੂਈ ਸਿੰਜਾਈ ਦਾ ਦੌਰ ਸ਼ੁਰੂ ਹੋ ਗਿਆ| ਇਸ ਕਾਰਣ ਪੰਜਾਬ ਦਾ ਜਮੀਨ ਦੋਜ ਪਾਣੀ ਖਤਮ ਹੁੰਦਾ ਜਾ ਰਿਹਾ ਹੈ| ਸਮਰਥਨ ਮੁੱਲ ਉੱਤੇ ਸਿਰਫ ਕਣਕ ਅਤੇ ਝੋਨੇ ਦੀ ਹੀ ਖਰੀਦ ਹੋਣ ਕਾਰਣ ਫਸਲੀ ਵੰਨ-ਸਵੰਨਤਾ ਖਤਮ ਹੋ ਗਈ ਹੈ| ਇਸ ਪਿਛੇ ਕੇਂਦਰ ਸਰਕਾਰ ਦੀ ਨਾਲਾਇਕੀ ਹੈ| ਖੇਤੀ ਦਾ ਇਹ ਮਾਡਲ ਫੇਲ ਹੋ ਚੁਕਾ ਹੈ| ਕਿਸਾਨਾਂ ਦੀਆਂ ਆਤਮ ਹਤਿਆਵਾਂਂ ਇਸ ਦਾ ਸਬੂਤ ਹਨ| ਭਾਰਤ ਭਰ ਦੇ ਭੰਡਾਰ ਅਨਾਜ ਨਾਲ ਭਰੇ ਜਾ ਚੁੱਕੇ ਸਨ ਤੇ ਹੋਰ ਅਨਾਜ ਦੀ ਲੋੜ ਲਗਭਗ ਖਤਮ ਹੋ ਗਈ ਸੀ|

ਅਸਲ ਵਿਚ ਕਿਸਾਨ ਦਾ ਟੁੱਟਣਾ ਅਤੇ ਮੁਲਕ ਦੀ ਆਰਥਿਕਤਾ ਦਾ ਚਿਤ ਹੋਣਾ, ਇਹ ਦੋਨੋਂ ਘਟਨਾਵਾਂ ਖਤਰਨਾਕ ਹਨ| ਨਰਸਿਮਹਾ ਰਾਓ ਸਰਕਾਰ ਦੇ ਦੌਰ ਦੌਰਾਨ ਭਾਰਤ ਵਿਚ ਕਾਰਪੋਰੇਟ ਸਿਸਟਮ ਪੱਕੇ ਪੈਰੀਂ ਹੋਣ ਲੱਗਾ|
ਭਾਰਤ ਵਿਚ ਖੇਤੀ ਵੱਡਾ ਖੇਤਰ ਹੈ ਜੋ ਮੁਲਕ ਦੇ ਕਰੀਬ 65-70 ਫੀਸਦੀ ਲੋਕਾਂ ਨੂੰ ਰੁਜ਼ਗਾਰ ਅਤੇ 100 ਫੀਸਦ ਆਬਾਦੀ ਨੂੰ ਅਨਾਜ ਤੇ ਹੋਰ ਖਾਧ ਪਦਾਰਥ ਮੁਹੱਈਆ ਕਰਵਾਉਂਦਾ ਹੈ| ਉਤਪਾਦ ਖਰੀਦ ਸਾਂਝੇ ਤੌਰ ਉੱਤੇ ਸਰਕਾਰ ਅਤੇ ਵਪਾਰੀ ਦੇ ਹੱਥ ਹੈ, ਉਤਪਾਦ ਪ੍ਰੋਸੈਸਿੰਗ ਅਤੇ ਉਤਪਾਦ ਤੋਂ ਬਣੀਆਂ ਵਸਤਾਂ ਦੀ ਵਿਕਰੀ ਸਮੁੱਚੇ ਰੂਪ ਵਿਚ ਵਪਾਰੀ ਕੋਲ ਹੈ| ਖੇਤੀ ਲਈ ਲੋੜੀਂਦੇ ਸਾਰੇ ਇਨ-ਪੁਟਸ ਦਾ ਉਤਪਾਦਨ ਅਤੇ ਵਿਕਰੀ ਕਾਰਪੋਰੇਟ ਕਰਦਾ ਹੈ| ਇਹੋ ਕਾਰਨ ਹੈ ਕਿ ਕਿਸਾਨ ਬੇਵਸ ਹੈ ਤੇ ਆਪਣੇ ਉਤਪਾਦ ਦੀ ਲਾਹੇਵੰਦ ਕੀਮਤ ਖੁਦ ਮਿੱਥਣ ਤੋਂ ਅਸਮਰਥ ਹੈ|
ਹੁਣ ਜਦੋਂ ਕੇਂਦਰ ਸਰਕਾਰ ਇਸ ਖੇਤਰ ਦੇ ਸੰਪੂਰਨ ਕਾਰਪੋਰੇਟੀਕਰਨ ਖਾਤਿਰ ਲੋੜੀਂਦੇ ਤਿੰਨ ਕਾਨੂੰਨ ਲੈ ਆਈ ਹੈ ਤਾਂ ਕਿਸਾਨਾਂ ਨੂੰ ਅਪਣੇ ਦੁਖਾਂਤ ਦੀ ਸਮਝ ਪਈ ਹੈ ਅਤੇ ਉਹ ਮਹਿਜ਼ ਆਪਣੀ ਹੋਂਦ ਦੇ ਬਚਾਓ ਲਈ ਹੀ ਦਿੱਲੀ ਦੁਆਲੇ ਧਰਨੇ ਲਾਈ ਬੈਠੇ ਹਨ| ਅਜੇ ਤਕ ਕਿਸਾਨਾਂ ਦੀ ਸਮਸਿਆ ਕੋਈ ਹੱਲ ਨਿਕਲ ਨਹੀਂ ਰਿਹਾ|
ਕਾਰਪੋਰੇਟ ਦਾ ਮੁਕਾਬਲਾ ਕਰਨ ਲਈ ਹਾਲ ਦੀ ਘੜੀ ਕਿਸਾਨਾਂ ਕੋਲ ਇੱਕੋ-ਇੱਕ ਬਦਲ ਸਹਿਕਾਰਤਾ ਹੈ ਜਿਸ ਨੂੰ ਜੇ ਅਫਸਰਸ਼ਾਹੀ ਦੇ ਚੁੰਗਲ ਵਿਚੋਂ ਕੱਢਿਆ ਜਾ ਸਕੇ ਤਾਂ ਇਸ ਨੂੰ ਖੇਤੀ ਦੇ ਨਵੇਂ ਮਾਡਲ ਵਜੋਂ ਉਭਾਰਿਆ ਜਾ ਸਕਦਾ ਹੈ| ਪਰ ਇਹ ਕੋਈ ਬਦਲ ਨਹੀਂ ਕਿ ਕਾਰਪੋਰੇਟ ਦਾ ਅੰਨਾ ਵਿਰੋਧ ਕੀਤਾ ਜਾਵੇ|
ਪੰਜਾਬ ਵਿਚ ਬੇਰੁਜ਼ਗਾਰੀ ਕਾਰਣ ਕਰਾਈਮ ਵੀ ਵਧ ਰਿਹਾ, ਨੌਜਵਾਨ ਨਸ਼ੇ ਕਰ ਰਹੇ ਹਨ|ਆਤਮ ਹਤਿਆਵਾਂਂ ਕਰ ਰਹੇ ਹਨ| ਪੰਜਾਬ ਲਈ ਖਤਰਨਾਕ ਖਬਰ ਇਹ ਵੀ ਹੈ ਅੰਕੜਿਆਂ ਮੁਤਾਬਕ ਬੇਰੁਜ਼ਗਾਰੀ ਕਾਰਣ ਪਿਛਲੇ 5 ਸਾਲਾਂ ਦੌਰਾਨ 2.62 ਲੱਖ ਵਿਦਿਆਰਥੀਆ ਨੇ ਵਿਦੇਸ਼ ਪੜ੍ਹਨ ਲਈ ਪੰਜਾਬ ਨੂੰ ਛੱਡਿਆ ਹੈ| ਇਸ ਸਮੇਂ ਭਾਰਤ ਦੇ ਸੂਬੇ ਆਂਧਰਾ ਪ੍ਰਦੇਸ਼ ਦਾ ਨੰਬਰ ਸਟੱਡੀ ਵੀਜ਼ਾ ਲੈਣ ਵਾਲੇ ਸੂਬਿਆਂ ਵਿਚੋਂ ਪਹਿਲੇ ਨੰਬਰ &rsquoਤੇ ਹੈ ਅਤੇ ਪੰਜਾਬ ਦੂਜੇ ਨੰਬਰ &rsquoਤੇ ਹੈ| ਸਾਲ 2019 ਦੌਰਾਨ ਪੰਜਾਬ ਦਾ ਸਥਾਨ ਪਹਿਲਾ ਸੀ| ਜੇਕਰ ਕੋਵਿਡ ਮਹਾਮਾਰੀ ਨਾ ਆਉਂਦੀ ਤਾਂ ਇਹ ਅੰਕੜਾ ਇਸ ਤੋਂ ਵੀ ਵੱਧ ਹੋਣਾ ਸੀ| ਰੋਜ਼ਾਨਾ ਦੀ ਇਹ ਔਸਤ 140 ਵਿਦਿਆਰਥੀ ਬਣਦੀ ਹੈ| ਉਕਤ ਸਮੇਂ ਦੌਰਾਨ ਭਾਰਤ ਵਿਚੋਂ 21.96 ਲੱਖ ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਗਏ ਸਨ, ਜਿਸ ਵਿਚ 2.62 ਲੱਖ ਇਕੱਲੇ ਪੰਜਾਬ ਦੇ ਹੀ ਹਨ|
ਪੰਜਾਬੀ ਵਿਦਿਆਰਥੀਆ ਲਈ ਪਹਿਲੀ ਪਸੰਦ ਕੈਨੇਡਾ ਬਣਿਆ ਹੋਇਆ ਹੈ| ਇਸ ਤੋਂ ਜਾਹਿਰ ਪੰਜਾਬ ਜਲਦ ਪੰਜਾਬੀਆਂ ਦੀ ਬਹੁਗਿਣਤੀ ਤੋਂ ਖਾਲੀ ਹੋ ਜਾਵੇਗਾ| ਪੰਜਾਬ ਦੀ ਹਾਕਮ ਜਮਾਤ ਦੀ ਗੱਲ ਕਰੀਏ ਤਾਂ ਦੋਵੇਂ ਰਵਾਇਤੀ ਪਾਰਟੀਆਂ ਆਪਣੇ-ਆਪਣੇ ਕਾਰਜਕਾਲ ਦੌਰਾਨ ਲੱਖਾਂ ਨੌਕਰੀਆਂ ਦੇਣ ਦੀਆਂ ਗੱਲਾਂ ਕਰ ਰਹੀਆਂ ਹਨ| ਦੂਜੇ ਪਾਸੇ ਸਰਕਾਰਾਂ ਨੌਕਰੀਆਂ ਮੰਗ ਰਹੇ ਨੌਜਵਾਨਾਂ &rsquoਤੇ ਡਾਂਗ ਫੇਰਨ ਤੋਂ ਗੁਰੇਜ਼ ਨਹੀਂ ਕਰਦੇ| ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਲਈ ਰੁਜਗਾਰ, ਵਿਕਾਸ, ਖੇਤੀ ਮਾਡਲ, ਖੇਤੀ ਇੰਡਸਟਰੀ ਕੋਈ ਏਜੰਡਾ ਨਹੀਂ ਹੈ| ਹਾਲ ਦੀ ਘੜੀ ਰਾਜਨੀਤਕ ਪਾਰਟੀਆਂ ਦੇ ਇਹੀ ਗੈਰ ਉਸਾਰੂ ਰਾਜਨੀਤਕ ਏਜੰਡੇ ਸਬਸਿਡੀਆਂ, ਮੁੁਫਤ ਬਿਜਲੀ ਪਾਣੀ ਜਾਤ-ਪਾਤ ਦੇ ਨਾਂ &rsquoਤੇ ਕੁਰਸੀ-ਵੰਡ ਹਨ| ਪੰਜਾਬ ਦੇ ਵਿਕਾਸ ਬਾਰੇ ਇਹਨਾਂ ਪਾਰਟੀਆਂ ਨੂੰ ਕੋਈ ਫ਼ਿਕਰ ਨਹੀਂ ਹੈ| ਇਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਪੰਜਾਬੀ ਨਿਰਾਸ਼ ਹਨ ਜਿਸ ਕਰਕੇ ਪੰਜਾਬ ਦੀਆਂ ਵਡੀਆਂ ਪਾਰਟੀਆਂ ਦੀ ਰਾਜਨੀਤਕ ਸਥਿਤੀ ਡਾਵਾਂਡੋਲ ਹੈ| ਰਾਜਨੀਤੀ ਉਪਰ ਕਿਸਾਨ ਮੋਰਚੇ ਦਾ ਵੀ ਅਸਰ ਹੋਣ ਦੀ ਪੂਰੀ ਸੰਭਾਵਨਾ ਹੈ ਪਰ ਕਿਸਾਨ ਆਗੂਆਂ ਨੇ ਆਪਣੇ ਪੱਤੇ ਅਜੇ ਨਹੀਂ ਖੋਲ੍ਹੇ ਕਿ ਉਹ ਕਿਸ ਪਾਰਟੀ ਤੋਂ ਸੰਤੁਸ਼ਟ ਹਨ| ਕਿਸਾਨ ਯੂਨੀਅਨ ਲੀਡਰਾਂ ਨੇ ਸਪਸ਼ਟ ਕਰ ਦਿਤਾ ਹੈ ਕਿ ਜਦੋਂ ਤਕ ਕਿਸਾਨ ਮੋਰਚਾ ਚੱਲ ਰਿਹਾ ਹੈ ਉਦੋਂ ਤਕ ਕਿਸਾਨ ਸਿੱਧੇ ਤੌਰ ਉੱਤੇ ਚੋਣਾਂ ਵਿਚ ਹਿੱਸਾ ਨਹੀਂ ਲੈਣਗੇ|
ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜੇ ਤਕ ਕਾਂਗਰਸ ਦੀ ਸਥਿਤੀ ਦੂਜਿਆਂ ਨਾਲੋਂ ਚੰਗੀ ਪ੍ਰਤੀਤ ਹੋ ਰਹੀ ਹੈ ਪਰ ਸਿਧੂ ਤੇ ਕੈਪਟਨ ਦੀ ਫੁਟ ਨਾਲ ਅਗਾਮੀ ਚੋਣਾਂ ਵਿਚ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ| ਰਾਜਨੀਤੀ ਕੋਈ ਵਪਾਰ ਨਹੀਂ ਹੈ ਸਗੋਂ ਲੋਕ ਸੇਵਾ ਹੈ| ਪਰ ਇਸ ਆਦਰਸ਼ ਨੂੰ ਪੰਜਾਬ ਦੇ ਸਿਆਸਤਦਾਨ ਨਹੀਂ ਸਮਝ ਰਹੇ| ਲੋਕਾਂ ਨਾਲ ਝੂਠੇ ਵਾਅਦੇ ਕਰਨ ਦੀ ਥਾਂ ਸੱਚਮੁੱਚ ਲੋਕ ਭਲਾਈ ਦਾ ਕੋਈ ਪ੍ਰੋਗਰਾਮ ਉਲੀਕਿਆ ਜਾਵੇ ਜਿਸ ਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ| ਨਸ਼ੇ ਜਾਂ ਹੋਰ ਲਾਲਚ ਦੇਣ ਵਾਲੇ ਉਮੀਦਵਾਰਾਂ ਤੋਂ ਪੰਜਾਬੀਆਂ ਨੂੰ ਦੂਰ ਰਹਿਣਾ ਚਾਹੀਦਾ|
-ਰਜਿੰਦਰ ਸਿੰਘ ਪੁਰੇਵਾਲ