image caption: -ਰਜਿੰਦਰ ਸਿੰਘ ਪੁਰੇਵਾਲ

90 ਸਾਲ ਪੁਰਾਣੀ ਗੁਰੂ ਰਾਮਦਾਸ ਸਰਾਂ ਨੂੰ ਢਾਹੁਣ ਦੇ ਫੈਸਲੇ ਤੇ ਸ਼੍ਰੋਮਣੀ ਕਮੇਟੀ ਫਿਰ ਵਿਚਾਰ ਕਰੇ

 90 ਸਾਲ ਪੁਰਾਣੀ ਗੁਰੂ ਰਾਮਦਾਸ ਸਰਾਂ ਨੂੰ ਢਾਹੁਣ ਦੇ ਫੈਸਲੇ ਤੇ ਸ਼੍ਰੋਮਣੀ ਕਮੇਟੀ ਫਿਰ ਵਿਚਾਰ ਕਰੇ

ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਸਮੂਹ ਸਥਿਤ ਲਗਪਗ 90 ਸਾਲ ਪੁਰਾਣੀ ਗੁਰੂ ਰਾਮਦਾਸ ਸਰਾਂ ਦੇ ਨਵ-ਨਿਰਮਾਣ ਦਾ ਫ਼ੈਸਲਾ ਕੀਤਾ ਹੈ, ਜਿਸ ਤਹਿਤ ਇਥੇ ਹੁਣ 800 ਕਮਰੇ, ਕਈ ਹਾਲ ਅਤੇ ਪਾਰਕਿੰਗ ਆਦਿ ਬਣਨਗੇ| ਇਹ ਸਰਾਂ ਇਸ ਵੇਲੇ ਦਰਬਾਰ ਸਾਹਿਬ ਸਮੂਹ ਵਿਚ ਸਭ ਤੋਂ ਪੁਰਾਣੀ ਹੈ| ਇਸ ਦਾ ਨੀਂਹ ਪੱਥਰ 1931 ਵਿਚ ਸਾਧੂ ਸਿੰਘ ਪਟਿਆਲੇ ਵਾਲਿਆਂ ਵੱਲੋਂ ਰੱਖਿਆ ਗਿਆ ਸੀ| ਇੱਥੇ ਫਿਲਹਾਲ 232 ਕਮਰੇ ਅਤੇ 18 ਹਾਲ ਹਨ ਪਰ 125 ਕਮਰੇ ਤੇ ਤਿੰਨ ਹਾਲ ਹੀ ਵਰਤੋਂ ਦੇ ਯੋਗ ਹਨ|

ਇਸ ਸਰਾਂ ਵਿਚ ਠਹਿਰਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਕਿਰਾਇਆ ਨਹੀਂ ਲਿਆ ਜਾਂਦਾ| ਸਮੇਂ ਦੇ ਨਾਲ ਇਸ ਦੀ ਹਾਲਤ ਖਸਤਾ ਹੋ ਰਹੀ ਹੈ, ਕਿਉਂਕਿ ਇਸ ਨੂੰ ਸੰਭਾਲਣ ਲਈ ਉਪਾਅ ਨਹੀਂ ਕੀਤੇ ਗਏ| ਕਈ ਕਮਰਿਆਂ ਵਿਚ ਛੱਤਾਂ ਦਾ ਪਲੱਸਤਰ ਉਤਰਨ ਲਗ ਪਿਆ ਹੈ| ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਵਿਖੇ ਦਰਸ਼ਨਾਂ ਲਈ ਪੁੱਜਦੀ ਸੰਗਤ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਨਵੀਆਂ ਸਰਾਵਾਂ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ| ਇਸੇ ਤਹਿਤ ਗੁਰੂ ਰਾਮਦਾਸ ਸਰਾਂ ਦੇ ਨਵ-ਨਿਰਮਾਣ ਦੀ ਯੋਜਨਾ ਵੀ ਤਿਆਰ ਕੀਤੀ ਗਈ ਹੈ| ਇਥੇ ਹੁਣ 800 ਕਮਰੇ ਤਿਆਰ ਕੀਤੇ ਜਾਣਗੇ| ਇਸ ਦੀ ਬਾਹਰੀ ਦਿੱਖ ਹੂ--ਹੂ ਇਸੇ ਤਰ੍ਹਾਂ ਦੀ ਰੱਖੀ ਜਾਵੇਗੀ| ਜ਼ਿਕਰਯੋਗ ਹੈ ਕਿ ਇਸ ਸਰਾਂ ਦੇ ਨਵ-ਨਿਰਮਾਣ ਲਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਦੋ ਵਾਰ ਪ੍ਰਵਾਨਗੀ ਮਿਲ ਚੁੱਕੀ ਹੈ ਪਰ ਪੰਥਕ ਜਥੇਬੰਦੀਆਂ ਵਲੋਂ ਵਿਰੋਧ ਕਾਰਨ ਪਹਿਲਾਂ ਵੀ ਕੰਮ ਲਟਕ ਗਿਆ ਸੀ|

ਦੂਸਰੇ ਪਾਸੇ ਸਿੱਖ ਸੰਸਥਾਵਾਂ ਨੇ ਪੰਥਕ ਇਕੱਠ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਗੁਰੂ ਰਾਮਦਾਸ ਸਰਾਂ ਦੇ ਨਵ-ਨਿਰਮਾਣ ਵਾਲਾ ਮਤਾ ਰੱਦ ਕਰਨ ਅਤੇ ਪ੍ਰਸ਼ਾਸਨ ਨੂੰ ਅਕਾਲ ਤਖਤ ਦੇੇ ਸਕੱਤਰੇਤ ਨੇੜੇ ਚੱਲ ਰਹੇ ਖੁਦਾਈ ਦਾ ਕੰਮ ਬੰਦ ਕਰਵਾਉਣ ਦੀ ਅਪੀਲ ਕੀਤੀ ਹੈ| ਉਨ੍ਹਾਂ ਚੇਤਾਵਨੀ ਦਿਤੀ ਸੀ ਕਿ ਜੇ ਖੁਦਾਈ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਜਥੇਬੰਦੀ ਦੇ ਕਾਰਕੁਨ ਇਹ ਕੰਮ ਬੰਦ ਕਰਵਾਉਣਗੇ| ਉਨ੍ਹਾਂ ਸੰਗਤਾਂ ਦੇ ਇਕਠ ਵਿਚ ਮਤਾ ਪਾਸ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਗੁਰੂ ਰਾਮਦਾਸ ਸਰਾਂ ਢਾਹੁਣ ਦੀ ਯੋਜਨਾ ਰੱਦ ਕਰ ਕੇ ਇਸ ਦੀ ਮੁਰੰਮਤ ਕਿਸੇ ਯੋਗ ਵਿਅਕਤੀ ਕੋਲੋਂ ਕਰਵਾਉਣ ਦੀ ਅਪੀਲ ਕੀਤੀ| ਉਹ 100 ਸਾਲ ਤੋਂ ਪੁਰਾਣੀ ਅਤੇ ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਦੀ ਨਿਸ਼ਾਨੀ ਵਾਲੀ ਕਿਸੇ ਵੀ ਇਮਾਰਤ ਨੂੰ ਢਾਹੁਣ ਨਹੀਂ ਦੇਣਗੇ|

ਸ੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਇਹ ਕਹਿਣਾ ਗਲਤ ਹੈ ਕਿ ਅਕਾਲ ਤਖਤ ਦੇ ਸਕੱਤਰੇਤ ਨੇੜੇ ਬਣਾਏ ਜਾ ਰਹੇ ਜੋੜਾ ਘਰ ਅਤੇ ਵਹੀਕਲ ਸਟੈਂਡ ਲਈ ਖੁਦਾਈ ਸਮੇਂ ਨਿਕਲੀ ਇਮਾਰਤ ਇਤਿਹਾਸਕ ਨਹੀਂ ਵਿਰਾਸਤੀ ਹੈ| ਸੁਆਲ ਇਹ ਹੈ ਕਿ ਇਹਨਾਂ ਇਮਾਰਤਾਂ ਵਿਚ ਜੂਨ ਚੌਰਾਸੀ ਦਾ ਸਾਕਾ ਵਾਪਰਿਆ ਹੈ ਤਾਂ ਇਹ ਇਤਿਹਾਸਕ ਕਿਉਂ ਨਹੀਂ| ਗਲਿਆਰਾ ਯੋਜਨਾ ਸਮੇਂ ਕਾਂਗਰਸ ਸਰਕਾਰ ਨੇ ਬਹੁਤ ਸਾਰੀਆਂ ਅਜਿਹੀਆਂ ਹੀ ਇਮਾਰਤਾਂ ਹੇਠਾਂ ਦੱਬ ਦਿੱਤੀਆਂ ਗਈਆਂ ਸਨ ਜੋ ਇਤਿਹਾਸਕ ਸਨ|

6 ਜੂਨ 1984 ਨੂੰ ਸਾਕਾ ਗੁਰੂ ਰਾਮਦਾਸ ਸਰਾਂ ਵਿਚ ਵੀ ਵਾਪਰਿਆ ਸੀ, ਇਸ ਨੂੰ ਸ੍ਹੋਮਣੀ ਕਮੇਟੀ ਕਿਉਂ ਭੁਲ ਰਹੀ ਹੈ| ਗੁਰੂ ਰਾਮਦਾਸ ਸਰਾਂਂ ਵਿਚਲੇ ਫੌਜੀ ਹਮਲੇ ਦੇ ਨਿਸ਼ਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਮੇਂ ਮਿਟਾਏ ਗਏ| ਹੈਰਾਨੀ ਦੀ ਗਲ ਇਹ ਹੈ ਕਿ ਰਾਮਦਾਸ ਸਰਾਂ ਉਪਰ ਜੂਨ ਚੌਰਾਸੀ ਘਲੂਕਾਰੇ ਦੀ ਕੋਈ ਤਖ਼ਤੀ ਵੀ ਨਹੀਂ ਲੱਭਦੀ ਕਿ ਇਸ ਸਰਾਂ ਵਿਚ ਘੱਲੂਘਾਰੇ ਦੌਰਾਨ ਸੰਗਤਾਂ ਉਪਰ ਵੀ ਫੌਜੀ ਹਮਲਾ ਹੋਇਆ ਸੀ| ਇਸ ਬਾਰੇ ਬਹੁਤ ਸਾਰੀਆਂ ਗੱਲਾਂ ਅਖ਼ਬਾਰਾਂ, ਰਸਾਲਿਆਂ ਅਤੇ ਕਿਤਾਬਾਂ ਵਿੱਚ ਲਿਖੀਆਂ ਜਾ ਚੁੱਕੀਆਂ ਨੇ| ਗੁਰੂ ਰਾਮਦਾਸ ਸਰਾਂ ਵਾਲਾ ਕਾਂਡ ਭਾਰਤੀ ਫੌਜ ਵੱਲੋਂ ਆਪਣੇ ਹੀ ਮੁਲਕ ਦੇ ਲੋਕਾਂ ਨਾਲ ਵਰਤਾਇਆ ਗਿਆ ਸੀ ਜੋ ਖਾੜਕੂ ਵੀ ਨਹੀਂ ਸਨ, ਆਮ ਸੰਗਤਾਂ ਸਨ| ਹੁਣ ਪੰਥਕ ਹਲਕਿਆਂ ਨੂੰ ਚਾਹੀਦਾ ਹੈ ਕਿ ਗੁਰੂ ਰਾਮਦਾਸ ਸਰਾਂ ਜਿਥੇ ਜਲਿਆਂ ਵਾਲੇ ਬਾਗ ਵਰਗਾ ਸਾਕਾ ਭਾਰਤੀ ਫੌਜ ਨੇ ਵਰਤਾਇਆ ਹੈ, ਉਹਨੂੰ ਜਲਿਆਂ ਵਾਲੇ ਬਾਗ ਵਾਂਗ ਸੰਭਾਲ ਕੇ ਰੱਖਣ ਲਈ ਸ਼੍ਰੋਮਣੀ ਕਮੇਟੀ ਤੇ ਜ਼ੋਰ ਪਾਉਣ| ਇਹ ਯਾਦਗਾਰ ਸਿੱਖ ਪੰਥ ਲਈ ਇਤਿਹਾਸਕ ਹੈ ਤੇ ਨਵੀਨੀਕਰਨ ਦੇ ਨਾਮ ਉਪਰ ਇਸ ਨੂੰ ਮਿਟਾਉਣਾ ਨਹੀਂ ਚਾਹੀਦਾ| ਰਾਜਸਥਾਨ ਆਪਣੀਆਂ ਸੈਂਕੜੇ ਸਾਲਾਂ ਇਮਾਰਤਾਂ ਸਾਂਭ ਸਕਦਾ ਹੈ ਤਾਂ ਸ਼੍ਰੋਮਣੀ ਕਮੇਟੀ ਇਸ ਫੈਸਲੇ ਤੇ ਫਿਰ ਵਿਚਾਰ ਕਰੇ

-ਰਜਿੰਦਰ ਸਿੰਘ ਪੁਰੇਵਾਲ