image caption: -ਰਜਿੰਦਰ ਸਿੰਘ ਪੁਰੇਵਾਲ

ਦਲਿਤਾਂ ਖ਼ਿਲਾਫ਼ ਭਾਰਤ ਵਿਚ ਵਧ ਰਹੀ ਹਿੰਸਾ

 

ਪਿੱਛੇ ਜਿਹੇ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਪਿੰਡ ਮਲਾੜ ਵਿਚ ਕਥਿਤ ਉੱਚ ਜਾਤੀ ਦੇ ਬੰਦਿਆਂਂ ਵੱਲੋਂ ਪਿੰਡ ਦੇ ਦਲਿਤਾਂ ਉੱਪਰ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਸੀ| ਘਟਨਾ ਤੋਂ 4 ਕੁ ਦਿਨ ਪਹਿਲਾਂ ਉਨ੍ਹਾਂ ਦੇ ਵਿਅਕਤੀਆਂ ਵੱਲੋਂ ਇਕ ਦਲਿਤ ਔਰਤ ਨੂੰ ਖੂਹ ਤੋਂ ਪਾਣੀ ਭਰਨ ਤੋਂ ਰੋਕਿਆ ਗਿਆ ਸੀ ਜਿਸ ਨੂੰ ਪਾਂਡੂਆਂ ਦੇ ਖੂਹ ਨਾਲ ਜਾਣਿਆ ਜਾਂਦਾ ਹੈ| ਇਹ ਤਕਰਾਰ ਵਧਿਆ ਅਤੇ ਭਗਵੇ ਜਾਤੀਵਾਦੀਆਂ ਵਲੋਂ ਦਲਿਤਾਂ ਨੂੰ ਉਨ੍ਹਾਂ ਦੇ ਘਰਾਂ ਦੇ ਅੰਦਰ ਜਾ ਕੇ ਕੁੱਟਿਆ| ਇਸ ਘਟਨਾ ਤੋਂ ਬਾਅਦ ਕੇਸ ਤਾਂ ਦਰਜ ਕਰ ਲਿਆ ਗਿਆ ਪਰ ਐੱਸਸੀ/ਐੱਸਟੀ ਐਕਟ ਦੀਆਂ ਧਾਰਾਵਾਂ ਨਹੀਂ ਲਗਾਈਆਂ ਗਈਆਂ| ਸਦੀਆਂ ਤੋਂਂ ਬਾਹਮਣਵਾਦ ਵਲੋਂ ਦਲਿਤਾਂ ਅਤੇ ਆਦਿਵਾਸੀਆਂ &rsquoਤੇ ਜ਼ੁਲਮ ਕੀਤੇ ਜਾ ਰਹੇ ਹਨ| ਉਹਨਾਂ ਨੂੰ ਹੁਣ ਤਕ ਤਾਂ ਮਨੁੱਖ ਵੀ ਨਹੀਂ ਸਮਝਿਆ ਜਾ ਰਿਹਾ|

ਹੁਣੇ ਜਿਹੇ ਦਿੱਲੀ ਦੀ ਨੌਂ-ਸਾਲਾ ਨਾਬਾਲਗ਼ ਦਲਿਤ ਪਰਿਵਾਰ ਦੀ ਲੜਕੀ ਨਾਲ ਕਥਿਤ ਜਬਰ-ਜਨਾਹ ਅਤੇ ਕਤਲ ਪਿੱਛੋਂ ਪਰਿਵਾਰ ਵਾਲਿਆਂ ਦੀ ਮਰਜ਼ੀ ਦੇ ਖ਼ਿਲਾਫ਼ ਸਸਕਾਰ ਕਰਨ ਦੀ ਘਟਨਾ ਪਿਛਲੇ ਸਾਲ ਸਤੰਬਰ ਵਿਚ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੀ ਘਟਨਾ ਯਾਦ ਕਰਵਾਉਂਦੀ ਹੈ| ਹਾਥਰਸ ਇਲਾਕੇ ਦੀ ਅਨੁਸੂਚਿਤ ਜਾਤੀ ਨਾਲ ਸਬੰਧਿਤ 19 ਸਾਲਾਂ ਦੀ ਲੜਕੀ ਨਾਲ ਜਬਰ-ਜਨਾਹ ਕੀਤਾ ਗਿਆ ਸੀ ਜਿਸ ਦੀ ਦਿੱਲੀ ਦੇ ਹਸਪਤਾਲ ਵਿਚ ਕਈ ਦਿਨਾਂ ਪਿੱਛੋਂ ਮੌਤ ਹੋ ਗਈ| ਪੁਲੀਸ ਦੀ ਮੌਜੂਦਗੀ ਵਿਚ ਅੱਧੀ ਰਾਤ ਨੂੰ ਪਰਿਵਾਰ ਵਾਲਿਆਂ ਨੂੰ ਭਰੋਸੇ ਵਿਚ ਲਏ ਬਿਨਾਂ ਹੀ ਸਸਕਾਰ ਕਰ ਦਿੱਤਾ ਗਿਆ| ਦਿੱਲੀ ਕੈਂਟ ਖੇਤਰ ਦੀ ਛੋਟੀ ਉਮਰ ਦੀ ਬੱਚੀ ਨਾਲ ਹੋਈ ਇਸ ਘਿਨਾਉਣੀ ਘਟਨਾ ਨੇ ਫਿਰ ਇਹੀ ਅਣਮਨੁੱਖੀ ਜ਼ਾਲਮਾਨਾ ਪੱਖ ਸਾਡੇ ਸਾਹਮਣੇ ਲਿਆਂਦਾ ਹੈ| ਕਾਂਗਰਸ ਆਗੂ ਰਾਹੁਲ ਗਾਂਧੀ, ਆਪ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ| ਭਾਜਪਾ ਅਤੇ ਆਪ ਦੇ ਕਾਰਕੁਨ ਇਕ-ਦੂਸਰੇ ਉੱਤੇ ਦੋਸ਼-ਪ੍ਰਤੀ-ਦੋਸ਼ ਵੀ ਲਗਾ ਰਹੇ ਹਨ|

ਘਟਨਾ ਬੀਤੇ ਐਤਵਾਰ ਦੀ ਦੱਸੀ ਜਾਂਦੀ ਹੈ ਜਦੋਂ ਨਾਬਾਲਗ਼ ਲੜਕੀ ਨੇੜਲੇ ਸ਼ਮਸ਼ਾਨਘਾਟ ਵਿਚ ਵਾਟਰ ਕੂਲਰ ਤੋਂ ਪਾਣੀ ਪੀਣ ਗਈ| ਸ਼ਾਮ ਛੇ ਵਜੇ ਤੱਕ ਵਾਪਸ ਨਾ ਆਉਣ ਉੱਤੇ ਸ਼ਮਸ਼ਾਨਘਾਟ ਦੇ ਪੁਜਾਰੀ ਨੇ ਲੜਕੀ ਦੀ ਮਾਤਾ ਨੂੰ ਜਾਣਕਾਰੀ ਦਿੱਤੀ| ਮਾਤਾ ਅਨੁਸਾਰ ਉਸ ਉੱਤੇ ਦਬਾਅ ਪਾ ਕੇ ਪੁਜਾਰੀ ਅਤੇ ਉਸ ਦੇ ਤਿੰਨ ਸਹਿਯੋਗੀਆਂ ਨੇ ਕੁੜੀ ਦਾ ਸਸਕਾਰ ਕਰ ਦਿੱਤਾ| ਪੁਲੀਸ ਨੇ ਚਾਰਾਂ ਖ਼ਿਲਾਫ਼ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ| ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਸਸਕਾਰ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਕੀਤਾ ਗਿਆ ਹੈ| ਹੈਰਾਨੀ ਦੀ ਗਲ ਇਹ ਹੈ ਕਿ ਇਸ ਸਬੰਧ ਵਿਚ ਅਣਗਹਿਲੀ ਦਿਖਾਉਣ ਵਾਲੇ ਪੁਲੀਸ ਅਧਿਕਾਰੀਆਂ ਵਿਰੁਧ ਕੋਈ ਕਾਰਵਾਈ ਨਹੀਂ ਹੋਈ|

ਉੱਤਰ-ਪੱਛਮੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਇਸ ਬਾਰੇ ਪ੍ਰਧਾਨ ਮੰਤਰੀ ਮੋੋੋਦੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਦਿੱਲੀ ਕੈਂਟ ਦੇ ਪੁਰਾਣਾ ਨਾਂਗਲ ਵਿੱਚ 9 ਸਾਲਾਂ ਦੀ ਬੱਚੀ ਦੀ ਸਮੂਹਿਕ ਜਬਰ-ਜਨਾਹ ਮਗਰੋਂ ਕਥਿਤ ਹੱਤਿਆ ਅਤੇ ਜਬਰੀ ਸਸਕਾਰ ਕਰਨ ਦੇ ਮਾਮਲੇ ਬਾਰੇ ਰਿਪੋਰਟ ਦਿੱਤੀ| ਹੰਸ ਨੇ ਵਾਅਦਾ ਕੀਤਾ ਕਿ ਇਸ ਵਾਰਦਾਤ ਦਾ ਹੱਲ ਕਰਕੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ|

ਦਿੱਲੀ ਵਿਚ ਸਾਲ 2020 ਦੇ ਅੰਕੜਿਆਂ ਅਨੁਸਾਰ ਹਰ ਪੰਜ ਘੰਟੇ ਵਿਚ ਜਬਰ-ਜਨਾਹ ਦੀ ਘਟਨਾ ਵਾਪਰਦੀ ਹੈ| ਭਾਰਤ ਦੀ ਰਾਜਧਾਨੀ ਵਿਚ ਔਰਤਾਂ ਦਾ ਸੁਰੱਖਿਅਤ ਨਾ ਹੋਣਾ ਇਕ ਗੰਭੀਰ ਮਾਮਲਾ ਹੈ| ਦਿੱਲੀ ਵਿਚ 2012 ਵਿਚ ਵਾਪਰੇ ਨਿਰਭਯਾ ਕਾਂਡ ਨੇ ਦੇਸ਼ ਹਿਲਾ ਕੇ ਰੱਖ ਦਿੱਤਾ ਸੀ ਕਮੇਟੀ ਵੀ ਬਣੀ ਅਤੇ ਸਿਫ਼ਾਰਸ਼ਾਂ ਵੀ ਸਾਹਮਣੇ ਆਈਆਂ ਪਰ ਹਾਲਾਤ ਵਿਚ ਕੋਈ ਵੱਡਾ ਸੁਧਾਰ ਨਹੀਂ ਹੋਇਆ| ਦਲਿਤ ਔਰਤਾਂ ਦਾ ਇਸ ਤੋਂ ਵੀ ਮਾੜਾ ਹਾਲ ਹੈ|ਉਹਨਾਂ ਦੇ ਮਾਮਲਿਆਂ ਵਿਚ ਤਾਂ ਕੇਸ ਵੀ ਦਰਜ ਨਹੀੰ ਹੁੰਦੇ|

ਦੁਨੀਆ ਵਿਚ ਸ਼ਾਇਦ ਭਾਰਤ ਹੀ ਇਕੱਲਾ ਅਜਿਹਾ ਦੇਸ਼ ਹੈ ਜਿੱਥੇ ਕਿਸੇ ਦੀ ਜਾਤ ਕਾਰਣ ਨਫ਼ਰਤ ਕੀਤੀ ਜਾਂਦੀ ਹੈ| ਅਪ੍ਰੈਲ 2018 ਵਿਚ ਰਾਜਸਥਾਨ ਦੇ ਅਲਵਰ ਵਿਚ ਪੰਜ ਵਿਅਕਤੀਆਂ ਨੇ ਇਕ ਦਲਿਤ ਨੌਜਵਾਨ ਦੇ ਸਾਹਮਣੇ ਉਸ ਦੀ ਨਵੀਂ ਵਿਆਹੀ ਦੁਲਹਨ ਨਾਲ ਜਬਰ-ਜਨਾਹ ਕੀਤਾ| ਪੁਲਿਸ ਨੇ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ| ਮਨੁੱਖੀ ਅਧਿਕਾਰ ਸੰਗਠਨ ਨੇ ਦਖਲ ਦੇ ਕੇ ਇਸ ਮਾਮਲੇ &rsquoਚ ਕਾਰਵਾਈ ਕਰਵਾਈ|

1968 ਵਿਚ ਤਾਮਿਲਨਾਡੂ ਦਾ ਕਿਲਵਮੈਨੀ ਹੱਤਿਆਕਾਂਡ, 1985 ਵਿਚ ਆਂਧਰਾ ਪ੍ਰਦੇਸ਼ ਦਾ ਕਰਮਚੰਦ ਹੱਤਿਆਕਾਂਡ, 1996 ਵਿਚ ਬਿਹਾਰ ਦਾ ਬੁਠਾਣੀ ਤੋਲਾ ਹੱਤਿਆਕਾਂਡ, 1997 ਵਿਚ ਬਿਹਾਰ ਦਾ ਲਕਸ਼ਮਣਪੁਰ ਹੱਤਿਆਕਾਂਡ, 2000 ਵਿਚ ਕਰਨਾਟਕਾ &rsquoਚ ਜਾਤ-ਪਾਤ ਆਧਾਰਤ ਹਿੰਸਾ, 2006 ਵਿਚ ਮਹਾਰਾਸ਼ਟਰ ਵਿਚ ਵਾਪਰਿਆ ਖੈਰਾਇਲਾਜੀ ਹੱਤਿਆਕਾਂਡ ਅਤੇ ਸੰਨ 2011 ਵਿਚ ਹਰਿਆਣਾ ਵਿਚ ਵਾਪਰਿਆ ਮਿਰਚੀਪੁਰ ਹੱਤਿਆਕਾਂਡ ,ਰੋਹਿਤ ਬੇਮੁਉਲਾ (2015), ਤਾਮਿਲਨਾਡੂ ਵਿਚ 17 ਸਾਲ ਦੀ ਦਲਿਤ ਲੜਕੀ ਨਾਲ ਗੈਂਗਰੇਪ ਅਤੇ ਹੱਤਿਆ (2016), ਤੇਜ਼ ਮਿਊਜ਼ਿਕ ਕਾਰਨ ਸਹਾਰਨਪੁਰ ਹਿੰਸਾ (2017), ਭੀਮਾ ਕੋਰੇਗਾਓਂ (2018), ਡਾਕਟਰ ਪਾਇਲ ਤੜਵੀ ਹੱਤਿਆ (2019), ਹਾਥਰਸ ਕਾਂਡ ਸਾਨੂੰ ਇਸ ਗੱਲ ਦਾ ਅਹਿਸਾਸ ਕਰਵਾਉਂਦਾ ਹੈ ਕਿ ਭਾਰਤੀ ਸਮਾਜ ਵਿਚ ਕਿੰਨੇ ਜ਼ਾਲਮ, ਅਣਮਨੁੱਖੀ, ਅਸੱਭਿਅਕ ਲੋਕ ਰਹਿੰਦੇ ਹਨ| ਸਭ ਤੋਂ ਵਡੇ ਦਰਿੰਦੇ ਰਾਜਨੀਤਕ ਜਾਤੀਵਾਦੀ ਲੋਕ ਹਨ ਜੋ ਪੁਲੀਸ ਉਪਰ ਦਬਾਅ ਬਣਾਕੇ ਦੋਸ਼ੀਆਂ ਨੂੰ ਬਚਾਉਂਦੇ ਹਨ| ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਕਾਨੂੰਨ ਸਾਹਮਣੇ ਸਾਰੇ ਬਰਾਬਰ ਹਨ ਅਤੇ ਸਭ ਨੂੰ ਬਰਾਬਰ ਹੱਕ ਹਨ| ਆਜ਼ਾਦੀ ਦੇ 74 ਸਾਲ ਬੀਤਣ ਤੋਂ ਬਾਅਦ ਵੀ ਅੱਜ ਦਲਿਤ ਵਰਗ ਆਪਣੇ ਹਕਾਂ ਲਈ ਸੰਘਰਸ਼ ਕਰ ਰਿਹਾ ਹੈ|

ਸੰਨ 2010 ਤੋਂ 2020 ਤਕ ਦਲਿਤਾਂ ਵਿਰੁੱਧ ਜਾਤ ਆਧਾਰਿਤ ਅਪਰਾਧ ਕਰੀਬ 6 ਪ੍ਰਤੀਸ਼ਤ ਵਧੇ ਹਨ| ਪਿਛਲੇ 10 ਸਾਲਾਂ ਵਿਚ ਉਨ੍ਹਾਂ ਵਿਰੁੱਧ ਅਪਰਾਧ ਨਾਲ ਸਬੰਧਤ 3.91 ਲੱਖ ਮੁਕੱਦਮੇ ਦਰਜ ਹੋਏ ਹਨ| ਇਨ੍ਹਾਂ &rsquoਚੋਂ ਕਾਫ਼ੀ ਮੁਕੱਦਮੇ ਕਥਿਤ ਉੱਚੀਆਂ ਜਾਤੀਆਂ ਵੱਲੋਂ ਦਲਿਤ ਔਰਤਾਂ ਖ਼ਿਲਾਫ਼ ਕੀਤੇ ਅਪਰਾਧਾਂ ਦੇ ਹਨ| ਪਿਛਲੇ 5 ਸਾਲਾਂ ਵਿਚ ਅਜਿਹੇ ਕੁੱਲ 205146 ਮੁਕੱਦਮੇ ਦਰਜ ਹੋਏ ਹਨ ਜਿਨ੍ਹਾਂ &rsquoਚੋਂ 41867 ਭਾਵ 21 ਪ੍ਰਤੀਸ਼ਤ ਦਲਿਤ ਔਰਤਾਂ ਵਿਰੁੱਧ ਹੋਏ ਅਪਰਾਧਾਂ ਦੇ ਹਨ| ਭਾਰਤ ਦੇ ਕੁੱਲ ਸੰਸਦ ਮੈਂਬਰਾਂ ਅਤੇ ਵਿਧਾਇਕਾਂ &rsquoਚੋਂ ਲਗਪਗ ਹਰ ਰਾਜ ਦੇ ਸੰਸਦ ਮੈਂਬਰਾਂ ਦਾ 1/3 ਹਿੱਸਾ ਦਲਿਤ ਹਨ| ਉਹ ਵੀ ਪੀੜਤ ਦਲਿਤਾਂ ਦੇ ਹਕ ਵਿਚ ਇਨ੍ਹਾਂ ਅਪਰਾਧਾਂ ਵਿਰੁੱਧ ਵਧੀਆ ਤਰੀਕੇ ਨਾਲ ਆਵਾਜ਼ ਬੁਲੰਦ ਨਹੀਂ ਕਰ ਸਕੇ| ਜਦੋਂਂ ਪੀੜਤਾਂ ਨਾਲ ਇਨਸਾਫ਼ ਨਹੀਂ ਹੁੰਦਾ, ਮੁਲਜ਼ਮਾਂ ਨੂੰ ਜਲਦੀ ਸਜ਼ਾ ਨਹੀਂ ਮਿਲਦੀ ਤਾਂ ਅਪਰਾਧੀਆਂ ਦੇ ਹੌਸਲੇ ਵਧਦੇ ਹਨ| ਦਲਿਤਾਂ ਦਾ ਜ਼ਿਆਦਾ ਹਿੱਸਾ ਆਰਥਿਕ ਪੱਖੋਂ ਕਮਜ਼ੋਰ ਹੈ| ਜਾਤ-ਪਾਤ ਦੀਆਂ ਬੇੜੀਆ ਟੁੱਟਣੀਆਂ ਚਾਹੀਦੀਆ ਹਨ| ਸਮਾਜ ਵਿਚ ਸਮਾਨਤਾ ਆਉਣੀ ਚਾਹੀਦੀ ਹੈ| ਇਸ ਨਾਲ ਹੀ ਭਾਰਤ ਵਿਚ ਸ਼ਾਂਤੀ, ਖ਼ੁਸ਼ਹਾਲੀ, ਸਦਭਾਵਨਾ ਅਤੇ ਤਰੱਕੀ ਵੱਲ ਵਧ ਸਕੇਗਾ|

-ਰਜਿੰਦਰ ਸਿੰਘ ਪੁਰੇਵਾਲ